ਗੁਰਮਤਿ ਵਿਰੋਧੀ ਤਾਕਤਾਂ ਵੱਲੋਂ ਇਕ ਹੋਰ ਸਾਜਿਸ਼...ਰਾਗਮਾਲਾ ਉੱਤੇ "ਮਹਲਾ 5" ਲਿਖਿਆ
-: ਸੰਪਾਦਕ ਖ਼ਾਲਸਾ ਨਿਊਜ਼ 28.07.2021
#KhalsaNews #Raagmala #AntiSikh #DrAnuragSingh #SatinderSingh
ਰਾਗਮਾਲਾ ਦਾ ਰਾਮਰੌਲ਼ਾ ਬਹੁਤ ਦੇਰ ਤੋਂ ਹੈ, ਜਿਸ ਨੂੰ ਹੁਣ ਤੱਕ ਸੁਲਝਾ ਲੈਣਾ ਚਾਹੀਦਾ ਸੀ। ਸਿੱਖ ਰਹਿਤ ਮਰਿਆਦਾ ਬਣਾਉਣ ਵਾਲਿਆਂ ਨੇ ਵੀ ਸਮਝੌਤਾ ਵਾਦੀ ਨੀਤੀ ਅਪਣਾਈ ਤੇ ਰਾਮਰੌਲ਼ਾ ਹੁਣ ਤੱਕ ਜਾਰੀ ਹੈ।
ਇਸ ਰਾਮਰੌਲ਼ੇ ਨੂੰ ਅੱਗੇ ਵਧਾਉਂਦਿਆਂ ਹੋਇਆਂ ਅਖੌਤੀ ਦਸਮ ਗ੍ਰੰਥ ਦੇ ਕੱਟੜ ਸਮਰਥਕ ਤੇ ਆਰ.ਐਸ.ਐਸ. ਦੀਆਂ ਸਿੱਖ ਮਾਰੂ ਨੀਤੀਆਂ ਨੂੰ ਅੱਗੇ ਤੋਰਨ ਲਈ ਡਾ. ਅਨੁਰਾਗ ਸਿੰਘ ਅਤੇ ਉਨ੍ਹਾਂ ਦੇ ਸਾਥੀ ਸਤਿੰਦਰ ਸਿੰਘ ਨੇ ਇੱਕ ਨਕਲੀ ਬੀੜ ਵੀ ਤਿਆਰ ਕਰਵਾਈ ਹੈ, ਜਿਸ ਵਿੱਚ ਰਾਗਮਾਲਾ ਉੱਤੇ "ਮਹਲਾ 5" ਲਿੱਖ ਦਿੱਤਾ ਹੈ, ਜੋ ਕਿ ਸਰਾਸਰ ਬੇਈਮਾਨੀ ਹੈ।
ਜਿੰਨੀਆਂ ਵੀ ਦੁਬਿਧਾਵਾਂ ਸਿੱਖ ਕੌਮ 'ਚ ਹਨ, ਉਹ ਕੋਈ ਬਹੁਤੀਆਂ ਗੁੰਝਲਦਾਰ ਨਹੀਂ, ਜਿੰਨਾਂ ਉਨ੍ਹਾਂ ਨੂੰ ਨਾ ਸੁਲਝਾ ਕੇ ਉਲਝਾਇਆ ਗਿਆ ਹੈ। ਜੇ ਗੁਰਬਾਣੀ ਦੀ ਕਸਵੱਟੀ 'ਤੇ ਪਰਖਿਆ ਜਾਵੇ ਤਾਂ, ਕੋਈ ਵੀ ਐਸੀ ਸਮੱਸਿਆ ਨਹੀਂ, ਜਿਹੜੀ ਸੁਲਝਾਈ ਨਾ ਜਾ ਸਕੇ।
ਗੁਰੂ ਸਾਹਿਬ ਵੱਲੋਂ ਗੁਰਬਾਣੀ ਦਾ ਆਖਰੀ ਸ਼ਬਦ "ਮੁੰਦਾਵਣੀ ਮਹਲਾ ੫ ॥" ਦੇ ਸਿਰਲੇਖ ਹੇਠ ਅੰਕਿਤ ਕੀਤਾ ਹੈ। ਮੁੰਦਾਵਣੀ ਦਾ ਅਖਰੀ ਅਰਥ ਵੀ "ਮੁੰਦੇ ਦੀ ਮੋਹਰ" ਹੈ, ਕਿ ਇਸ ਤੋਂ ਬਾਅਦ ਹੋਰ ਕੁੱਝ ਨਹੀਂ, ਸਮਾਪਤੀ ਹੈ। ਫਿਰ ਕਿਸ ਮੂੰਹ ਨਾਲ ਸਿੱਖ ਰਹਿਤ ਮਰਿਆਦਾ ਦਾ ਖਰੜਾ 14 ਸਾਲ ਲਾ ਕੇ ਵੀ ਪੂਰਾ ਕੰਮ ਕਰੇ ਬਗੈਰ, ਇਕ ਬਹੁਤ ਵੱਡੀ ਉਲਝਨ ਸਿੱਖ ਕੌਮ ਲਈ ਛੱਡ ਗਏ... ਤੇ ਭਲਾ ਹੋਵੇ ਅਕਲੋਂ ਪੈਦਲ ਸਿੱਖ ਅਖਵਾਉਣ ਵਾਲਿਆਂ ਦਾ... ਕੋਈ ਵੀ ਮਸਲਾ ਸੁਲਝਾ ਨਹੀਂ ਸਕੇ।
ਗਿਆਨੀ ਗੁਰਦਿੱਤ ਸਿੰਘ ਜੀ ਦੀ ਇਸ ਬਾਰੇ ਕਿਤਾਬ "ਮੁੰਦਾਵਣੀ" ਬਹੁਤ ਖੋਜ ਭਰਪੂਰ ਹੈ, ਜਿਸਨੂੰ ਪੜਿਆਂ, ਸਾਰੇ ਸੰਕੇ ਦੂਰ ਹੋ ਜਾਂਦੇ ਹਨ। "ਮੁੰਦਾਵਣੀ" ਵਿਸ਼ੇ ਨੂੰ ਅਗਲੇ ਭਾਗ ਵਿੱਚ ਵਿਚਾਰਿਆ ਜਾਵੇਗਾ
ਰਾਗਮਾਲ਼ਾ ਵੀ ਇੱਕ ਐਸੀ ਹੀ ਅਣਸੁਲਝੀ ਤੰਦ ਹੈ। ਜੇ ਇਸਨੂੰ ਇਤਿਹਾਸਿਕ ਨਜ਼ਰੀਏ ਨਾਲ ਨਾ ਵੀ ਦੇਖੀਏ ਤਾਂ, ਕਈ ਸਰਲ ਉਦਾਹਰਣਾਂ ਨਾਲ ਵੀ ਇਸ ਦੁਬਿਧਾ ਤੋਂ ਨਿਕਲਿਆ ਜਾ ਸਕਦਾ ਹੈ। ਜਿਵੇਂ:
ਸਾਰੇ ਗੁਰੂ ਗ੍ਰੰਥ ਸਾਹਿਬ 'ਚ ਦਿੱਤੀ ਗੁਰਬਾਣੀ ਦਾ ਉਪਦੇਸ਼ ਜ਼ਰੂਰ ਹੈ, ਪਰ ਰਾਗਮਾਲਾ ਦਾ ਕੀ ਉਪਦੇਸ਼ ਹੈ, ਕੋਈ ਦੱਸੇਗਾ ?
ਸਾਰੇ ਗੁਰੂ ਗ੍ਰੰਥ ਸਾਹਿਬ 'ਚ ਦਿੱਤੀ ਗੁਰਬਾਣੀ ਦੇ ਸ਼ਬਦਾਂ ਦਾ ਸਿਰਲੇਖ "ਮਹਲਾ... ", ਜਾਂ ਭਗਤਾਂ, ਭੱਟਾਂ, ਗੁਰਸਿੱਖਾਂ ਦੇ ਨਾਮ ਤੋਂ ਸ਼ੁਰੂ ਹੁੰਦਾ ਹੈ, ਤੇ ਸ਼ਬਦ ਦੇ ਅਖੀਰ 'ਤੇ "ਨਾਨਕ" ਜਾਂ ਭਗਤਾਂ, ਭੱਟਾਂ ਦੇ ਨਾਮ ਦੀ ਮੋਹਰ ਹੈ। ਕੋਈ ਦੱਸੇਗਾ ਕਿ ਜੇ ਰਾਗਮਾਲਾ ਗੁਰੂ ਸਾਹਿਬ ਨੇ ਲਿਖੀ ਹੈ ਤਾਂ ਕਿਸ ਗੁਰੂ ਨੇ ਲਿਖੀ ? ਹੈ ਕੋਈ "ਮਹਲਾ..." ਜਾਂ "ਨਾਨਕ" ਦੀ ਮੋਹਰ ?
ਗੁਰਬਾਣੀ 'ਚ ਪਹਿਲਾ ਰਾਗ "ਸਿਰੀਰਾਗ" ਹੈ ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥, ਪਰ ਰਾਗਮਾਲਾ ਦਾ ਪਹਿਲਾ ਰਾਗ ਹੈ ਭੈਰਉ "ਪ੍ਰਥਮ ਰਾਗ ਭੈਰਉ ਵੈ ਕਰਹੀ ॥"
ਜੇ ਇਹ ਰਾਗਮਾਲਾ ਗੁਰੂ ਸਾਹਿਬ ਨੇ ਲਿਖੀ ਹੁੰਦੀ ਤਾਂ, ਇਹ ਗ਼ਲਤੀ ਹੋ ਸਕਦੀ ਸੀ? ਸੋਚੋ !ਸਾਰੇ ਗੁਰੂ ਗ੍ਰੰਥ ਸਾਹਿਬ 'ਚ ਦਿੱਤੀ ਗੁਰਬਾਣੀ 31 ਰਾਗਾਂ ਤੇ 31 ਰਾਗਣੀਆਂ 'ਤੇ ਆਧਾਰਿਤ ਹੈ, ਜਿੰਨਾਂ ਦਾ ਜੋੜ 61 ਬਣਦਾ ਹੈ।
ਉਧਰ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਧੱਕੇ ਨਾਲ ਨੱਥੀ ਕੀਤੀ ਰਾਗਮਾਲਾ ਦੀ ਆਖਰੀ ਪੰਕਤੀ "ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ ॥ ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ॥" ਖਸਟ 6 ਰਾਗ + ਰਾਗਨੀ ਤੀਸ 30 + ਅਠਾਰਹ ਦਸ ਬੀਸ 18+10+20, ਜਿਨ੍ਹਾਂ ਦਾ ਕੁਲ ਜੋੜ 84 ਬਣਦਾ ਹੈ। ਹੈ ਕੋਈ ਤਾਲਮੇਲ?ਸਾਰੇ ਗੁਰੂ ਗ੍ਰੰਥ ਸਾਹਿਬ 'ਚ ਦਿੱਤੀ ਗੁਰਬਾਣੀ ਦੀ ਨੰਬਰ ਪ੍ਰਣਾਲੀ ਬਹੁਤ ਖੂਬ ਹੈ, ਪਰ ਰਾਗਮਾਲਾ 'ਚ ਐਸੀ ਕੋਈ ਤਰਤੀਬ ਨਹੀਂ। ਅਸਲੀ ਰਾਗਮਾਲਾ ਜੋ ਕਿ ਮਾਧਵ ਨਲ ਅਤੇ ਕਾਮ ਕੰਦਲਾ ਦੀ ਪ੍ਰੇਮ ਕਹਾਣੀ 'ਤੇ ਆਧਾਰਿਤ ਹੈ ਵਿੱਚ ਇਹੀ ਰਾਗਮਾਲਾ "34" ਤੋਂ ਲੈਕੇ "38" ਛੰਦ ਤੱਕ ਚਲਦੀ ਹੈ। ਹੈ ਨਾ ਧੋਖਾ!!!
ਹੁਣ ਆ ਜਾਓ... ਇਤਿਹਾਸਿਕ ਨਜ਼ਰੀਏ ਵੱਲ। ਜਿਹੜੇ ਕਹਿੰਦੇ ਹਨ ਕਿ ਰਿਹ ਰਾਗਮਾਲਾ ਗੁਰੂ ਅਰਜਨ ਸਾਹਿਬ ਨੇ ਲਿਖੀ, ਤਾਂ ਉਨ੍ਹਾਂ ਦੀ ਅੱਖਾਂ ਖੋਲਣ ਲਈ ਦੱਸਣਾ ਬਣਦਾ ਹੈ, 1965 'ਚ ਛਪੀ ਸ. ਸ਼ਮਸ਼ੇਰ ਸਿੰਘ ਅਸ਼ੋਕ, ਰਿਸਰਚ ਸਕਾਲਰ ਦੀ ਲਿਖੀ ਪੁਸਤਕ "ਮਾਧਵ ਨਲ ਕਾਮ ਕੰਦਲਾ (ਕ੍ਰਿਤ ਕਵੀ ਆਲਮ) ਤੇ ਰਾਗ ਮਾਲਾ ਨਿਰਣਯ (ਪੜਚੋਲ)" 'ਚ ਉਹ ਲਿਖਦੇ ਹਨ ਕਿ:
"ਇਸ ਰਾਗਮਾਲਾ ਦੀ ਰਚਨਾ 991 ਹਿਜਰੀ ਮੁਤਾਬਕ ਸੰਮਤ 1640 ਬਿਕਰਮੀ ਸੰਮਤ ਵਿੱਚ ਹੋਈ, ਅਰਥਾਤ ਆਦਿ ਗ੍ਰੰਥ ਸਾਹਿਬ ਦੀ ਬੀੜ ਤਿਆਰ ਹੋਣ ਤੋਂ 21 ਸਾਲ ਪਹਿਲਾਂ।
ਸਿੱਖ ਇਤਿਹਾਸ ਦੀਆਂ ਲਿਖ਼ਤਾਂ ਮੁਤਾਬਿਕ ਆਦਿ ਗ੍ਰੰਥ ਸਾਹਿਬ ਦੀ ਪਹਿਲੀ ਬੀੜ 1661 ਬਿ: ਸੰਮਤ ਵਿੱਚ ਤਿਆਰ ਹੋਈ। ਆਲਮ ਕਵੀ ਦੀ ਰਚਨਾ ਸਿੱਖ ਗੁਰੂਆਂ ਦੀ ਰਚਨਾ ਨਾਲ ਨਹੀਂ ਮਿਲਦੀ, ਕਿਉਂਕਿ ਗੁਰੂ ਸਾਹਿਬ ਦੀ ਬਾਣੀ, ਅਕਾਲਪੁਰਖ ਦੀ ਮਹਿਮਾ ਨੂੰ ਪ੍ਰਤਿਪਾਦਨ ਕਰਦੀ ਹੈ, ਤੇ ਆਲਮ ਨਿਰਾ ਇਸ਼ਕੀਆ ਕਵੀ ਹੈ, ਜੋ ਆਪਣੇ ਕਿੱਸੇ ਵਿੱਚ ਸੂਫੀਆਨਾ ਤਰਜ਼ ਨੂੰ ਅਪਣਾਉਂਦਾ ਹੈ।"
ਜਿਸ ਤੋਂ ਸਿੱਧ ਹੁੰਦਾ ਹੈ ਕਿ ਗੁਰਬਾਣੀ ਸਿਰਫ "ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਤੋਂ ਲੈ ਕੇ "ਮੁੰਦਾਵਣੀ .... ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥੧॥" ਪੰਨਾ 1 ਤੋਂ ਲੈਕੇ 1429 ਤੱਕ ਹੀ ਹੈ।