ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਇੱਕ ਪਾਸੜ ਰੋਲ (ਭਾਗ-1)
ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਜਥੇਬੰਦੀਆਂ ਦੀ ਹੋਈ ਮੀਟਿੰਗ ਦੀ ਕਾਰਵਾਈ ਦੀ ਪੜਚੋਲ
ਕਿਰਪਾਲ ਸਿੰਘ ਬਠਿੰਡਾ 88378-13661
ਬਹੁਤ ਲੰਬੇ ਸਮੇਂ ਤੋਂ ਬਾਅਦ ਪੰਥ ਦੇ ਮਸਲੇ ਵਿਚਾਰਨ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੰਥਕ ਜਥੇਬੰਦੀਆਂ ਦੀ ਇੱਕ ਮੀਟਿੰਗ 27 ਜੁਲਾਈ ਨੂੰ ਹੋਈ; ਜੋ ਇੱਕ ਸ਼ੁਭ ਸੰਕੇਤ ਹੋਣੀ ਚਾਹੀਦੀ ਸੀ ਪਰ ਜਿਵੇਂ ਕਿ ਸੱਤਾਧਾਰੀ ਧਿਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਦੀ ਆਈ ਹੈ, ਉਹੀ ਇਸ ਵਾਰ ਹੋਇਆ ਜਿਸ ਕਾਰਨ ਪੰਥਕ ਧਿਰਾਂ ਦੀ ਏਕਤਾ ਵੱਲ ਵਧਣ ਦੀ ਥਾਂ ਇਸ ਦਾ ਉਲਟਾ ਅਸਰ ਵਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਈ ਇਸ ਪਲੇਠੀ ਮੀਟਿੰਗ ਦੇ ਅਸਫਲ ਰਹਿਣ ਦੇ ਹੇਠ ਲਿਖੇ ਕਾਰਨ ਹਨ :
1. ਪਹਿਲੀ ਘਾਟ ਤਾਂ ਮੀਟਿੰਗ ਲਈ ਸੱਦਾ ਦੇਣ ਵਿੱਚ ਹੀ ਵਿਖਾਈ ਦਿੱਤੀ ਕਿਉਂਕਿ ਸੱਦਾ ਕੇਵਲ ਇੱਕ ਧੜੇ ਦੀਆਂ ਸੰਸਥਾਵਾਂ ਨੂੰ ਦਿੱਤਾ ਗਿਆ। ਦੂਸਰੇ ਪੱਖ ਨੂੰ ਪੂਰੀ ਤਰ੍ਹਾਂ ਵਿਸਾਰੇ ਜਾਣ ਕਾਰਨ ਫੁੱਟ ਦੀਆਂ ਦੂਰੀਆਂ ਘਟਣ ਦੀ ਥਾਂ ਵਧਣ ਦਾ ਸੰਕੇਤ ਹੈ।
2. ਜਿਹੜੇ ਸੱਦੇ ਵੀ ਗਏ ਉਨ੍ਹਾਂ ਵਿੱਚੋਂ ਵੀ ਕੁਝ ਸੁਹਿਰਦ ਸੱਜਣਾਂ ਨੇ ਚੰਗੇ ਸੁਝਾਉ ਵੀ ਦਿੱਤੇ ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਗਿਆ। ਮਿਸਾਲ ਦੇ ਤੌਰ ’ਤੇ ਡਾ: ਹਰਸਿਮਰਨਜੀਤ ਸਿੰਘ ਨੇ ਸੁਝਾਉ ਦਿੱਤਾ ਕਿ ਕਿਸੇ ਵੀ ਸਮੱਸਿਆ ਦੇ ਪਹਿਲਾਂ ਕਾਰਨ ਲੱਭਣੇ ਪੈਣਗੇ, ਫਿਰ ਉਸ ਨੂੰ ਦੂਰ ਕਰਨ ਦੇ ਉਪਾਉ ਅਤੇ ਤੀਸਰੇ ਨੰਬਰ ’ਤੇ ਉਨ੍ਹਾਂ ਉਪਾਵਾਂ ਨੂੰ ਵਰਤਣ ਦਾ ਸਹੀ ਤਰੀਕਾ। ਦੂਸਰਾ ਸੁਝਾਉ ਸੀ ਕਿ ਜਦ ਤੱਕ ਸ਼੍ਰੀ ਅਕਾਲ ਤਖ਼ਤ ਸਾਹਿਬ ਕਿਸੇ ਸੰਸਥਾ ਦੇ ਅਧੀਨ ਰਹੇਗਾ ਤਦ ਤੱਕ ਇਹ ਸੁਤੰਤਰ ਰੂਪ ’ਚ ਨਹੀਂ ਆ ਸਕਦਾ ਅਤੇ ਜਦ ਤੱਕ ਇਹ ਸੁਤੰਤਰ ਨਹੀਂ ਤਦ ਤੱਕ ਇਹ ਸਮੁੱਚੇ ਪੰਥ ਨੂੰ ਸਹੀ ਸੇਧ ਦੇਣ ਦੇ ਸਮਰੱਥ ਨਹੀਂ ਹੋ ਸਕਦਾ। ਇਸ ਲਈ ਜਰੂਰੀ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਸੁਤੰਤਰਤਾ ਵਾਲਾ ਰੁਤਬਾ ਬਹਾਲ ਹੋਵੇ।
ਦਮਦਮੀ ਟਕਸਾਲ ਦੇ ਇੱਕ ਧੜੇ ਦੇ ਮੁਖੀ ਭਾਈ ਰਾਮ ਸਿੰਘ ਸੰਗਰਾਂਵਾ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਹੋਏ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਕੋਈ ਵੀ ਧਿਰ ਜਾਂ ਸਿੱਖ ਬਾਗੀ ਨਹੀਂ ਪਰ ਆਮ ਤੌਰ ’ਤੇ ਇੱਥੇ ਤਾਂ ਇੱਕ ਧੜੇ ਨੂੰ ਨੁੰਮਾਇੰਦਗੀ ਦਿੱਤੀ ਜਾ ਰਹੀ ਹੈ। ਜਥੇਦਾਰ ਸਾਹਿਬ ਸਰਬਸਾਂਝੇ ਬਣ ਕੇ ਵਿਖਾਉਣ ਤਾਂ ਕੋਈ ਵੀ ਸਿੱਖ ਬਾਗੀ ਹੋਣ ਦੀ ਜੁਰ੍ਹਤ ਨਹੀਂ ਕਰ ਸਕਦਾ।
ਸੰਤਾ ਤੇਜਾ ਸਿੰਘ ਐੱਮ.ਏ. ਖੁੱਡੇ ਵਾਲੇ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਪਹਿਲੀ ਵਾਰ ਨਹੀਂ ਹੋਈ ਸਗੋਂ ਪਹਿਲਾਂ ਵੀ ਹੁੰਦੀਆਂ ਆਈਆਂ, ਜੋ ਸਾਡੇ ਰਾਜ ’ਚ ਵੀ ਹੋਈਆਂ ਤੇ ਦੂਸਰਿਆਂ ਦੇ ਰਾਜ ਵਿੱਚ ਵੀ। ਅਸੀਂ ਦੂਸਰਿਆਂ ਤੋਂ ਇਨਸਾਫ਼ ਤਾਂ ਮੰਗਦੇ ਹਾਂ ਪਰ ਆਪਣਿਆਂ ਤੋਂ ਕਿਉਂ ਨਹੀਂ !
3. ਸਨਮਾਨਯੋਗ ਉਪ੍ਰੋਕਤ ਤਿੰਨ੍ਹਾਂ ਹੀ ਵਿਅਕਤੀਆਂ ਨੇ ਬਹੁਤ ਹੀ ਨਿੱਗਰ ਸੁਝਾਉ ਦਿੱਤੇ ਜਿਨ੍ਹਾਂ ਵੱਲ ਧਿਆਨ ਦੇਣ ਦੀ ਬਹੁਤ ਲੋੜ ਹੈ ਪਰ ਬਦਕਿਸਮਤੀ ਇਹ ਰਹੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜੰਗੀਰ ਕੌਰ ਸਮੇਤ ਕਿਸੇ ਵੀ ਬੁਲਾਰੇ ਨੇ ਇਨ੍ਹਾਂ ਸੁਝਾਵਾਂ ਦੀ ਪ੍ਰੋੜਤਾ ਕਰਨ ਵੱਲ ਸੰਕੇਤ ਮਾਤ੍ਰ ਨਹੀਂ ਦਿੱਤਾ।
4. ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਮਾਂ ਲੰਘਣ ਤੋਂ ਬਾਅਦ ਹਰ ਧਰਮ ਦੇ ਅਸੂਲਾਂ ’ਤੇ ਕੁਝ ਗਰਦੇ ਦੀ ਧੂੜ ਜੰਮ ਜਾਂਦੀ ਹੈ। ਲੋੜ ਹੁੰਦੀ ਹੈ ਕਿ ਕਿਸੇ ਨਰਮ ਬੁਰਸ਼ ਨਾਲ ਇਹ ਧੂੜ ਸਾਫ਼ ਕੀਤੀ ਜਾਵੇ ਪਰ ਸਾਡੀ ਬਦਕਿਸਮਤੀ ਹੈ ਕਿ ਇੱਕ ਧੜੇ ਨੇ ਤਾਂ ਉਸ ਧੂੜ ਨੂੰ ਹੀ ਧਰਮ ਮੰਨ ਲਿਆ ਤੇ ਉਨ੍ਹਾਂ ਇਸੇ ਨੂੰ ਪੂਜਣਾ ਸ਼ੁਰੂ ਕਰ ਦਿੱਤਾ। ਦੂਸਰੇ ਧੜੇ ਨੇ ਨਰਮ ਬੁਰਸ਼ ਫੜਨ ਦੀ ਥਾਂ ਤਾਰਾਂ ਵਾਲਾ ਬੁਰਸ਼ ਫੜ ਲਿਆ ਤੇ ਆਹ ਵੀ ਗਲਤ, ਓਹ ਵੀ ਗਲਤ, ਇਹ ਸਭ ਕੁਝ ਹੀ ਤਬਾਹ ਕਰਨ ’ਤੇ ਤੁਲੇ ਹੋਏ ਹਨ। ਉਹ ਸਿਰਫ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਮਾੜਾ ਨਹੀਂ ਕਹਿੰਦੇ ਬਲਕਿ ਸਾਡੀਆਂ ਪੁਰਾਤਨ ਸੰਪ੍ਰਦਾਵਾਂ ਤੇ ਉਨ੍ਹਾਂ ਦੇ ਮੁਖੀ ਮਹਾਂ ਪੁਰਸ਼ਾਂ ਨੂੰ ਵੀ ਮਾੜਾ ਕਹਿਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਸਾਡਾ ਆਪਸ ’ਚ ਟਕਰਾਅ ਵਧਦਾ ਗਿਆ । ਇਹੀ ਵੱਡੇ ਨੁਕਸਾਨ ਦਾ ਕਾਰਨ ਹੈ।
5. ਚੰਗਾ ਹੁੰਦਾ ਜੇ ਜਥੇਦਾਰ ਸਾਹਿਬ ਧੂੜ ਅਤੇ ਤਾਰਾਂ ਵਾਲੇ ਬੁਰਸ਼ ਦੀ ਵਿਆਖਿਆ ਵੀ ਕਰ ਦਿੰਦੇ ਪਰ ਬਦਕਿਸਮਤੀ ਇਹ ਰਹੀ ਕਿ ਉਨ੍ਹਾਂ ਨੇ ਇਸ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਸ਼ਾਇਦ ਸਿੱਖੀ ਸਿਧਾਂਤਾਂ ’ਤੇ ਜੰਮੀ ਧੂੜ ਅਤੇ ਤਾਰਾਂ ਵਾਲੇ ਬੁਰਸ਼ ਦੀ ਵਿਆਖਿਆ ਕਰਨੀ ਉਨ੍ਹਾਂ ਦੇ ਏਜੰਡੇ ਵਿੱਚ ਹੀ ਨਹੀਂ ਸੀ। ਜਥੇਦਾਰ ਸਾਹਿਬ ਨੇ ਤਾਂ ਵਿਆਖਿਆ ਨਹੀਂ ਕੀਤੀ ਪਰ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਇਆ ਮੈਂ ਥੋੜਾ ਖੋਲ੍ਹਣ ਦਾ ਯਤਨ ਕੀਤਾ ਹੈ :
(ੳ) ਮਿਸ਼ਨਰੀ ਸੋਚ ਵਾਲੇ ਪ੍ਰਚਾਰਕਾਂ ਦਾ ਮੱਤ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਗਨਨਾਥ ਪੁਰੀ ਦੇ ਪੁਜਾਰੀਆਂ ਵੱਲੋਂ ਥਾਲੀ ਵਿੱਚ ਦੀਵੇ ਅਤੇ ਹੋਰ ਸਮਗਰੀ ਰੱਖ ਕੇ ਮੂਰਤੀ ਦੀ ਆਰਤੀ ਵਿੱਚ ਸ਼ਾਮਲ ਹੋਣ ਦੀ ਬਜਾਏ ਇਸ ਸ਼ਬਦ ਦਾ ਗਾਇਨ ਕੀਤਾ ਸੀ :
“ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ, ਸਗਲ ਬਨਰਾਇ ਫੂਲੰਤ ਜੋਤੀ ॥੧॥”
(ਸੋਹਿਲਾ ਧਨਾਸਰੀ ਮਃ ੧/੧੩)
ਇਹ ਸ਼ਬਦ ਦੀਵਿਆਂ ਵਾਲੀ ਆਰਤੀ ਦਾ ਪ੍ਰਤੱਖ ਖੰਡਨ ਕਰਦਾ ਹੈ ਪਰ ਸਾਡੇ ਦੋ ਤਖ਼ਤਾਂ ਅਤੇ ਬਹੁਤ ਸਾਰੇ ਡੇਰਿਆਂ ’ਚ ਹਿੰਦੂ ਪੁਜਾਰੀਆਂ ਦੀ ਤਰਜ਼ ’ਤੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਹੀ ਦੀਵਿਆਂ ਨਾਲ ਭਰਿਆ ਥਾਲ ਘੁਮਾ ਕੇ ਆਰਤੀ ਕੀਤੀ ਜਾਂਦੀ ਹੈ।
(ਅ) ਸਿੱਖ ਮੱਤ ਦਾ ਦ੍ਰਿੜ ਵਿਸ਼ਵਾਸ਼ ਹੈ ਕਿ ਦੇਵੀ ਦੇਵਤਿਆਂ ਅੱਗੇ ਜਾਨਵਰਾਂ ਦੀ ਬਲੀ ਦੇਣ ਵਾਲੇ ਧਰਮੀ ਨਹੀਂ ਹੋ ਸਕਦੇ। ਬਲੀ ਦੇਣ ਦਾ ਖੰਡਨ ਕਰਦਾ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਪੰਨਾ ਨੰ: ੧੧੦੩ ’ਤੇ ਇਉਂ ਦਰਜ ਹੈ:
“ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ ॥
ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ ॥”
ਪਰ ਇਸ ਪਾਵਨ ਵਚਨ ਨੂੰ ਅਣਡਿੱਠ ਕਰ ਇੱਕ ਤਖ਼ਤ ’ਤੇ ਹੀ ਮਨਮਤਿ ਸ਼ਰੇਆਮ ਹੁੰਦੀ ਵੇਖੀ ਜਾ ਸਕਦੀ ਹੈ।
(ੲ) ਗੁਰੂ ਗ੍ਰੰਥ ਸਾਹਿਬ ਜੀ ਅੰਦਰ ਕਬੀਰ ਸਾਹਿਬ ਜੀ ਦਾ ਸ਼ਬਦ ਦਰਜ ਹੈ :
“ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥
ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥” (੩੩੨)
ਸਦੀਆਂ ਤੋਂ ਇਹ ਸ਼ਬਦ ਪੜ੍ਹਨ ਸੁਣਨ ਵਾਲੇ ਸਾਡੇ ਬਹੁਤੇ ਸਿੱਖ ਆਪਣੇ ਮਰ ਚੁੱਕੇ ਪੁਰਖਿਆਂ ਨੂੰ ਭੋਜਨ ਪਹੁੰਚਾਉਣ ਲਈ ਹਰ ਸਾਲ ਸ਼ਰਾਧ ਕਰਦੇ ਅਤੇ ਸਾਡੇ ਗੁਰਦੁਆਰਿਆਂ ਦੇ ਗ੍ਰੰਥੀ ਸਿੰਘ ਸ਼ਰਾਧ ਛੱਕਣ ਜਾਂਦੇ ਹਨ। ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਹੀ ਆਪਣੇ ਪਿਤਾ ਮਹਿਤਾ ਕਾਲ਼ੂ ਜੀ ਦਾ ਸ਼ਰਾਧ ਕਰਦੇ ਵਿਖਾਇਆ ਗਿਆ ਹੈ।
(ਸ) ਉੱਚੀ ਜਾਤ ਦਾ ਹੰਕਾਰ ਕਰਨ ਵਾਲੇ ਮਨੁੱਖ ਨੂੰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਮੂਰਖ ਕਿਹਾ ਹੈ:
“ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥”
(ਮਹਲਾ ੩/੧੧੨੮)
(ਚਲਦਾ)