ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ
ਗੁਰੂ ਗ੍ਰੰਥ ਸਾਹਿਬ ਜੀ ਵਿਚ ਹੋਰ ਬਹੁਤ ਸਾਰੀਆਂ ਚੀਜ਼ਾਂ,(ਜਿਨ੍ਹਾਂ ਨਾਲ ਬੰਦੇ ਦੀ ਜ਼ਿੰਦਗੀ ਚਲਦੀ ਹੈ) ਨਾਲ ਤਾਂ ਅੰਮ੍ਰਿਤ ਲਫਜ਼ ਲੱਗਾ ਹੈ, ਪਰ ਕਿਸੇ ਇਕ ਸਮੇ ਨਾਲ ਅੰਮ੍ਰਿਤ ਲਫਜ਼ ਦੀ ਵਰਤੋਂ ਨਹੀਂ ਹੋਈ।ਇਹ ਅੰਮ੍ਰਿਤ ਵੇਲਾ, ਕੀ ਚੀਜ਼ ਹੈ ? ਇਸ ਨੂੰ ਵਿਚਾਰਨ ਤੋਂ ਪਹਿਲਾਂ, ਇਕ ਗੱਲ ਵਿਚਾਰਨ ਦੀ ਹੈ ਕਿ ਇਸ ਵਿਚ ਅਤੇ ਕਈ ਹੋਰ ਸ਼ਬਦਾਂ, ਲਫਜ਼ਾਂ,ਅਰਥਾਂ ਅਤੇ ਸਿਧਾਂਤਾਂ ਵਿਚ ਇਹ ਸਾਰੇ ਭੁਲੇਖੇ ਕਿਉਂ ਪਏ ਹਨ ? ਅਤੇ ਕਿਉਂ ਪੈ ਰਹੇ ਹਨ ?
ਅੱਜ ਦੇ ਸਾਡੇ ਵਿਦਵਾਨ, ਜੋ ਅਕਸਰ ਗੁਰਬਾਣੀ ਨੂੰ ਸਾਇੰਸ ਨਾਲ ਮੇਲ ਕੇ ਵਿਚਾਰ ਰੱਖਦੇ ਹਨ, ਉਨ੍ਹਾਂ ਨੂੰ ਨਾ ਤਾਂ ਗੁਰਬਾਣੀ ਬਾਰੇ ਸੋਝੀ ਹੈ ਅਤ ਨਾ ਹੀ ਸਾਇੰਸ ਬਾਰੇ ਸੋਝੀ ਹੈ।ਜੇ ਉਨ੍ਹਾਂ ਨੂੰ ਸਾਇੰਸ ਬਾਰੇ ਸੋਝੀ ਹੁੰਦੀ ਤਾਂ ਉਹ ਸਾਇੰਸ ਦੀ ਇਹ ਥਿਊਰੀ ਵੀ ਜਾਣਦੇ ਹੁੰਦੇ ਕਿ ਸਾਇੰਸ ਦੀਆਂ ਖੋਜਾਂ ਲੜੀਵਾਰ ਇਕ ਖੋਜ ਤੋਂ ਦੂਸਰੀ ਅਤੇ ਉਸ ਤੋਂ ਤੀਸਰੀ ਵੱਲ ਚਲਦੀਆਂ ਹਨ। ਜਿਸ ਬੰਦੇ ਨੂੰ ਪਹਿਲੀ ਖੋਜ ਬਾਰੇ ਕੋਈ ਜਾਣਕਾਰੀ ਨਹੀਂ ਉਹ ਦੂਸਰੀ ਖੋਜ ਕਿਵੇਂ ਕਰ ਸਕਦਾ ਹੈ ? ਇਹ ਵਿਚਾਰੇ ਲੋਕਾਂ ਦੀਆਂ ਲਿਖਤਾਂ ਵਿਚੋਂ ਹੀ ਹਵਾਲੇ ਦੇ ਕੇ ਆਪਣੀ ਲਿਆਕਤ ਜ਼ਾਹਰ ਕਰਦੇ ਰਹਿੰਦੇ ਹਨ, ਜੇ ਉਨ੍ਹਾਂ ਹਵਾਲ਼ਿਆਂ ਦੀ ਬੇਸਿਕ ਜਾਣਕਾਰੀ ਬਾਰੇ ਇਨ੍ਹਾਂ ਨੂੰ ਪੁਛਿਆ ਜਾਵੇ, ਜਾਂ ਇਹ ਪੁਛਿਆ ਜਾਵੇ ਕਿ ਇਸ ਖੋਜ ਦਾ ਅਗਲਾ ਰੂਪ ਕੀ ਹੋਵੇਗਾ ਤਾਂ ਇਨ੍ਹਾਂ ਦੇ ਪੱਲੇ ਕੁਝ ਨਹੀਂ ਹੈ। ਇਹ ਸਿਰਫ ਆਪਣੇ ਪੈਸਿਆਂ ਦੇ ਸਿਰ ਤੇ ਹੀ ਵਿਦਵਾਨ ਬਨਣਾ ਚਾਹੁੰਦੇ ਹਨ, ਪਰ ਵਿਦਵਤਾ ਨਾਲ ਪੈਸੇ ਤਾਂ ਕਮਾਏ ਜਾ ਸਕਦੇ ਹਨ ਪਰ ਪੈਸਿਆਂ ਨਾਲ ਵਿਦਵਤਾ ਨਹੀਂ ਖਰੀਦੀ ਜਾ ਸਕਦੀ।
ਇਵੇਂ ਹੀ ਮੌਜੂਦਾ ਸਮੇ ਵਿਚ ਗੁਰਬਾਣੀ ਨਾਲ ਹੋ ਰਿਹਾ ਹੈ। ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਪੰਨੇ ਅਜਿਹੇ ਰੱਖੇ ਹਨ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਣਾ ਹਰ ਸਿੱਖ ਲਈ ਬਹੁਤ ਜ਼ਰੂਰੀ ਹੈ।ਹਾਲਾਂਕਿ ਗੁਰੂ ਸਾਹਿਬ ਨੇ ਇਨ੍ਹਾਂ ਨੂੰ ਨਿੱਤ ਨੇਮ ਦਾ ਨਾਮ ਨਹੀਂ ਦਿੱਤਾ, ਨਾ ਹੀ ਇਸ ਨੂੰ ਨਿੱਤ ਨੇਮ ਕਿਹਾ ਜਾ ਸਕਦਾ ਹੈ, ਇਨ੍ਹਾਂ ਵਿਚ ਗੁਰਮਤਿ ਦੇ ਸਿਧਾਂਤ ਨੂੰ ਸਮਝਣ ਦੀ ਸਾਰੀ ਸਮਗਰੀ ਹੈ, ਜਿਸ ਬੰਦੇ ਨੇ ਵੀ ਇਸ ਨੂੰ ਚੰਗੀ ਤਰ੍ਹਾਂ ਸਮਝ ਲਿਆ ਉਹ ਕਦੇ ਵੀ ਗੁਰਬਾਣੀ ਦੇ ਅਰਥਾਂ ਵਿਚ ਨਾ ਆਪ ਹੀ ਧੋਖਾ ਖਾਵੇਗਾ ਅਤੇ ਨਾ ਹੀ ਕਿਸੇ ਨੂੰ ਧੋਖਾ ਦੇਵੇਗਾ। ਗੁਰਬਾਣੀ ਵਿਚ ਨਰਸਰੀ ਤੋਂ ਲੈ ਕੇ ਪੀ.ਐਚ.ਡੀ. ਤੱਕ ਦੀ ਪੜ੍ਹਾਈ ਹੈ, ਪਰ ਦਿਡੰਬਣਾ ਇਹ ਹੈ ਕਿ ਇਹ ਧੁਰੰਦਰ ਵਿਦਵਾਨ ਅੱਜ ਤਕ ਗੁਰੂ ਸਾਹਿਬ ਵਲੋਂ ਖਿੱਚੇ ਰੱਬ ਦੇ ਸ਼ਾਬਦਿਕ ਚਿਤਰ (ਜਿਸ ਨੂੰ ਇਨ੍ਹਾਂ ਨੇ ‘ਮੂਲ-ਮੰਤਰ’ ਦਾ ਨਾਮ ਦਿੱਤਾ ਹੈ) ਨੂੰ ਜਿਸ ਆਸਰੇ ਕਿਸੇ ਬਾਰੇ ਵੀ ਸੌਖਿਆਂ ਹੀ ਸਮਝ ਸਕੀਦਾ ਹੈ ਕਿ ਇਹ ਰੱਬ ਹੈ ਜਾਂ ਨਹੀਂ, ਉਸ ਬਾਰੇ ਤਾਂ ਇਹ ਸਮਝ ਨਹੀਂ ਸਕੇ, ਨਰਸਰੀ ਦੀ ਪੜ੍ਹਾਈ, ਪੜ੍ਹ ਨਹੀਂ ਸਕੇ, ਪਰ ਦੂਸਰਿਆਂ ਨੂੰ ਪੀ.ਐਚ.ਡੀ ਦੀ ਪੜ੍ਹਾਈ ਕਰਾਣ ਦਾ ਪਖੰਡ ਕਰਦੇ ਪਏ ਹਨ, ਇਹੀ ਕਾਰਨ ਹੈ ਕਿ ਲੱਖਾਂ ਪਰਚਾਰਕ ਹੋਣ ਤੇ ਵੀ ਗੁਰਬਾਣੀ ਪੱਖੋਂ ਸਿੱਖੀ ਲਗਾਤਾਰ ਨਿਵਾਣ ਵੱਲ ਜਾ ਰਹੀ ਹੈ।
ਇਹ ਤੁਕ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੂਸਰੇ ਪੰਨੇ ਤੇ, ਚੌਥੀ ਪਉੜੀ ਦੇ ਰੂਪ ਵਿਚ ਹੈ। ਆਉ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।
ਪੂਰੀ ਪਉੜੀ ਇਵੇਂ ਹੈ.
ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥
ਗੁਰੂ ਸਾਹਿਬ ਸਮਝਾਉਂਦੇ ਹਨ ਕਿ ਸ੍ਰਿਸ਼ਟੀ ਦੀ ਇਕੋ-ਇਕ ਸਚਾਈ , ਸਦਾ ਕਾਇਮ ਰਹਣ ਵਾਲੀ ਹਸਤੀ , ਅਕਾਲ-ਪੁਰਖ ਹੀ ਹੈ । ਉਸ ਨੂੰ ਹੀ ਸਾਚਾ ਸਾਹਿਬੁ ਕਰ ਕੇ ਬਿਆਨਿਆ ਹੈ , ਮਤਲਬ ਹੈ , ਹਮੇਸ਼ਾ ਕਾਇਮ ਰਹਣ ਵਾਲਾ ਮਾਲਕ , ਸਾਈਂ , ਖਸਮ । ਉਸ ਸੱਚੇ ਦਾ ਨਿਆਂ , ਇਨਸਾਫ ਵੀ ਬਿਲਕੁਲ ਸੱਚਾ ਹੈ , ਉਸ ਵਿਚ ਕਿਸੇ ਦਾ ਲਿਹਾਜ਼ ਨਹੀਂ ਹੁੰਦਾ , ਕਿਸੇ ਦਾ ਪੱਖ ਨਹੀਂ ਪੂਰਿਆ ਜਾਂਦਾ , ਕਿਸੇ ਨਾਲ ਵਿਤਕਰਾ ਨਹੀਂ ਹੁੰਦਾ , ਕਿਸੇ ਨਾਲ ਵੈਰ ਜਾਂ ਅਨਿਆਇ ਨਹੀਂ ਕੀਤਾ ਜਾਂਦਾ । ਇਨਸਾਫ ਦੇ ਉਸ ਰਾਹ ਤੋਂ , ਬਾਦਸ਼ਾਹ ਅਤੇ ਫਕੀਰ , ਧਨੀ ਅਤੇ ਕੰਗਾਲ , ਵਿਦਵਾਨ ਅਤੇ ਮੂਰਖ , ਜਨਾਨੀ ਅਤੇ ਬੰਦੇ ਨੂੰ ਇਕ ਸਮਾਨ ਨਿਕਲਣਾ ਪੈਂਦਾ ਹੈ ।
ਉਸ ਕਰਤਾਰ ਦੀ ਬੋਲੀ ਬੜੀ ਮਿੱਠੀ ਅਤੇ ਉਸ ਦਾ ਪਿਆਰ ਅਪਾਰ ਹੈ , ਉਸ ਦੇ ਪਿਆਰ ਦਾ ਕੋਈ , ਹੱਦ-ਬੰਨਾ ਨਹੀਂ ਹੈ । ਉਹ ਕਦੇ ਕਿਸੇ ਨਾਲ , ਕਰੱਖਤ ਲਹਿਜੇ ਵਿਚ ਗੱਲ ਨਹੀਂ ਕਰਦਾ , ਕਦੇ ਆਪਣੇ ਅੰਦਰ ਝਾਤ ਮਾਰ ਕੇ ਵੇਖੋ , ਉਹ ਬੜੇ ਪਿਆਰ ਨਾਲ ਸਮਝਾਉਂਦਾ ਨਜ਼ਰ ਆ ਜਾਵੇਗਾ । ਬੰਦਾ ਕਿੰਨਾ ਵੀ ਬੁਰਾ ਕੰਮ ਚਿਤਵ ਚੁੱਕਾ ਹੋਵੇ , ਉਸ ਨੂੰ ਪੂਰਾ ਕਰਨ ਜਾ ਰਿਹਾ ਹੋਵੇ , ਪੂਰੀ ਸਮਰਥਾ ਦੇ ਹੁੰਦਿਆਂ ਵੀ , ਅੰਦਰ ਬੈਠਾ ਪ੍ਰਭੂ , ਬੜੇ ਪਿਆਰ ਨਾਲ ਸਮਝਾ ਰਿਹਾ ਹੁੰਦਾ ਹੈ “ ਇਹ ਕੰਮ ਨਾ ਕਰ ”
ਸੰਸਾਰ ਦੇ ਸਾਰੇ ਜੀਵ , ਮੰਗਤੇ ਤੋਂ ਲੈ ਕੇ ਬਾਦਸ਼ਾਹ ਤਕ , ਉਸ ਕੋਲੋਂ ਦਾਤਾਂ ਮੰਗਦੇ ਹਾਂ । ਇਸ ਕਰ ਕੇ ਹੀ ਉਸ ਨੂੰ “ ਦਾਤਾਰੁ ” ਦਾਤਾਂ ਦੇਣ ਵਾਲਾ ਕਿਹਾ ਜਾਂਦਾ ਹੈ । ਸਾਰੇ ਹੀ ਉਸ ਨੂੰ ਆਖਦੇ ਹਾਂ , “ ਹੇ ਪ੍ਰਭੂ , ਸਾਨੂੰ ਆਹ ਦੇਹ , ਸਾਨੂੰ ਔਹ ਦੇਹ ” ਸਾਰੀ ਉਮਰ ਸਾਡਾ ਇਹੀ ਕਰਮ ਚਲਦਾ ਰਹਿੰਦਾ ਹੈ , ਅਸੀਂ ਮੰਗਦੇ ਥੱਕ ਜਾਂਦੇ ਹਾਂ , ਖਤਮ ਹੋ ਜਾਂਦੇ ਹਾਂ , ਪਰ ਦਾਤਾਰ ਕਦੇ ਥੱਕਦਾ ਨਹੀਂ , ਕਦੇ ਅੱਕਦਾ ਨਹੀਂ । ਬੜੇ ਸਹਿਜ-ਸੁਭਾਅ ਸ਼ਾਂਤੀ ਪੂਰਵਕ , ਸਾਡੀਆਂ ਝੋਲੀਆਂ ਭਰਦਾ ਰਹਿੰਦਾ ਹੈ , ਕਿਸੇ ਨਾਲ ਕੋਈ ਵਿਤਕਰਾ ਨਹੀਂ । ਇਹ ਸਾਰੇ ਵਿਤਕਰੇ ਬੰਦੇ ਦੀ ਤ੍ਰਿਸ਼ਨਾ ਦੀ ਹੀ ਉਪਜ ਹਨ ।
ਗੁਰੂ ਸਾਹਿਬ , ਸਵਾਲ ਖੜਾ ਕਰਦੇ ਹਨ ਕਿ , ਜਦ ਸਾਰੀਆਂ ਦਾਤਾਂ , ਉਸ ਦਾਤਾਰ ਦੀਆਂ ਹੀ ਦਿੱਤੀਆਂ ਹੋਈਆਂ ਹਨ , ਫਿਰ ਅਸੀਂ , ਐਸੀ ਕਿਹੜੀ ਵਸਤ ਉਸ ਨੂੰ ਭੇਂਟ ਕਰੀਏ , ਉਸ ਨੂੰ ਅਰਪਣ ਕਰੀਏ ? ਜੋ ਸਾਡੀ ਆਪਣੀ ਹੋਵੇ , ਜਿਸ ਭੇਟਾ ਨੂੰ ਕਬੂਲ ਕਰ ਕੇ , ਉਹ ਸਾਨੂੰ ਆਪਣੇ ਦਰ , ਆਪਣੇ ਦਰਬਾਰ ਬਾਰੇ ਸੋਝੀ ਬਖਸ਼ੇ । ਅਸੀਂ ਮੂੰਹ ਨਾਲ ਕਿਹੜੀ ਅਜਿਹੀ ਬੋਲੀ ਬੋਲੀਏ ? ਜੋ ਉਸ ਨੂੰ ਪਿਆਰੀ ਲੱਗੇ , ਜਿਸ ਨੂੰ ਸੁਣ ਕੇ ਉਹ ਸਾਨੂੰ ਪਿਆਰ ਕਰਨ ਲਗ ਜਾਵੇ।
ਉਸ ਪਰਮਾਤਮਾ ਦੇ ਅੱਗੇ , ਅਸੀਂ ਇਕੋ ਚੀਜ਼ ਭੇਂਟ ਕਰ ਸਕਦੇ ਹਾਂ । ਅੰਮ੍ਰਿਤ ਵੇਲਾ , ਸਾਡੀ ਜ਼ਿੰਦਗੀ ਦਾ ਉਹ ਸਮਾ , ਜਦੋਂ ਅਸੀਂ ਹਮੇਸ਼ਾ ਕਾਇਮ ਰਹਣ ਵਾਲੇ ਅੰਮ੍ਰਿਤ , (ਪਰਮਾਤਮਾ) ਦੇ ਨਾਲ ਜੁੜ ਕੇ , ਉਸ ਦੀ ਵਡਿਆਈ , ਉਸ ਦੇ ਨਾਮ , ਉਸ ਦੀ ਰਜ਼ਾ , ਉਸ ਦੇ ਹੁਕਮ ਬਾਰੇ , ਵਿਚਾਰਿਆ ਹੋਵੇ । ਉਸ ਵਲੋਂ ਸ੍ਰਿਸ਼ਟੀ ਦੇ ਕਾਰ- ਵਿਹਾਰ ਨੂੰ , ਨਿਰ-ਵਿਘਨ ਚਲਦਾ ਰੱਖਣ ਲਈ ਬਣਾਏ , ਨਿਯਮ-ਕਾਨੂਨ (ਜਿਨ੍ਹਾਂ ਆਸਰੇ ਇਸ ਬ੍ਰਹਮੰਡ ਦਾ , ਸਾਰਾ ਕਾਰ-ਵਿਹਾਰ , ਨਿਰ ਵਿਘਨ ਚਲਦਾ ਪਿਆ ਹੈ ) ਨਾਲ ਇਕ ਸੁਰ ਹੁੰਦੇ ਹੋਏ , ਪਰਮਾਤਮਾ ਦੇ ਹੁਕਮ ਵਿਚ ਚਲੇ ਹੋਈਏ । ਅੰਮ੍ਰਿਤ ਬਾਰੇ ਗੁਰਬਾਣੀ ਫੁਰਮਾਨ ਹੈ ,
ਇਕ ਪਰਮਾਤਮਾ ਹੀ , ਆਤਮਕ ਜੀਵਨ ਰੂਪੀ ਅੰਮ੍ਰਿਤ-ਫਲ ਦੇਣ ਵਾਲਾ , ਅੰਮ੍ਰਿਤ ਦਾ ਬੂਟਾ ਹੈ । ਜਦੋਂ ਅਸੀਂ ਅੰਮ੍ਰਿਤ ਰੂਪੀ ਫਲ ਦੇਣ ਵਾਲੇ , ਅੰਮ੍ਰਿਤ ਦੇ ਬੂਟੇ ਨਾਲ ਜੁੜੇ ਹੋਈਏ , ਜ਼ਿੰਦਗੀ ਦੇ ਇਸ ਸਮੇ ਨੂੰ ਹੀ “ਅੰਮ੍ਰਿਤ ਵੇਲਾ ਕਿਹਾ ਗਿਆ ਹੈ ।
ਗੁਰਬਾਣੀ ਵਿਚ ਸਮੇ ਲਈ . “ਕਾਲ” ਲਫਜ਼ ਦੀ ਹੀ ਵਰਤੋਂ ਹੋਈ ਹੈ , ਕਿਸੇ ਸਮੇ ਬਾਰੇ , ਬ੍ਰਾਹਮਣਾਂ ਵਾਙ , ਚੰਗਾ ਜਾਂ ਮਾੜਾ ਹੋਣ ਦੀ ਕੋਈ ਵਿਚਾਰ , ਗੁਰਬਾਣੀ ਵਿਚ ਨਹੀਂ ਹੈ ।
ਇਸ ਨੂੰ ਚੰਗਾ ਜਾਂ ਮਾੜਾ , ਬੰਦੇ ਨੇ ਆਪਣੇ ਕਰਮਾਂ ਨਾਲ ਬਨਾਉਣਾ ਹੈ । ਗੁਰਬਾਣੀ ਵਿਚ , ਇਸ ਆਧਾਰ ਤੇ ਚੰਗੇ ਅਤੇ ਮਾੜੇ ਸਮੇ ਬਾਰੇ ਦੋ ਲਫਜ਼ ਵਰਤੇ ਗਏ ਹਨ । ਜਿਸ ਸਮੇ ਬੰਦਾ , ਪਰਮਾਤਮਾ ਨਾਲ ਜੁੜਿਆ ਹੁੰਦਾ ਹੈ , ਉਸ ਨੂੰ “ ਅੰਮ੍ਰਿਤ ਵੇਲਾ ” ਕਿਹਾ ਗਿਆ ਹੈ । ਅਰਥਾਤ ਅੰਮ੍ਰਿਤ ਨਾਲ ਜੁੜੇ ਹੋਣ ਦਾ ਵੇਲਾ । ਜਿਸ ਸਮੇ ਬੰਦਾ , ਅੰਮ੍ਰਿਤ ਨਾਲੋਂ ਟੁੱਟ ਕੇ , ਮਾਇਆ ਮੋਹ ਵਿਚ ਜੁੜਿਆ ਹੁੰਦਾ ਹੈ , ਉਸ ਸਮੇ ਨੂੰ “ ਮਹਾ ਕਾਲੁ ” (886) , ਭਿਆਨਕ ਸਮਾ , ਕਿਹਾ ਗਿਆ ਹੈ । ਕਿਉਕਿ ਉਸ ਸਮੇ ਵਿਚ ਬੰਦਾ , ਆਤਮਕ ਮੌਤ ਵੱਲ ਵਧ ਰਿਹਾ ਹੁੰਦਾ ਹੈ , ਇਸ ਲਈ ਉਸ ਸਮੇ ਨੂੰ ਬੰਦੇ ਦੀ ਜ਼ਿੰਦਗੀ ਦਾ ਭਿਆਨਕ ਸਮਾ ਕਿਹਾ ਹੇ ।
ਜੇ ਅਸੀਂ ਸਿਰਫ ਸਰਘੀ ਵੇਲੇ ਨੂੰ ਹੀ ਅੰਮ੍ਰਿਤ ਵੇਲਾ ਕਹਾਂਗੇ ਤਾਂ, ਗੁਰੂ ਸਾਹਿਬ ਦੇ ਇਸ ਹੁਕਮ ਦਾ ਕੀ ਹੋਵੇਗਾ ?
ਊਠਤ ਬੈਠਤ ਸੋਵਤ ਧਿਆਈਐ ॥
ਮਾਰਗਿ ਚਲਤ ਹਰੇ ਹਰਿ ਗਾਈਐ ॥1॥ (386)
ਹੇ ਭਾਈ ! ਉਠਦਿਆਂ-ਬਹੰਦਿਆਂ , ਸੌਂਦਿਆਂ-ਜਾਗਦਿਆਂ ਹਰ ਵੇਲੇ ਪਰਮਾਤਮਾ ਨੂੰ ਧਿਆਉਣਾ ਚਾਹੀਦਾ ਹੈ , ਧਿਆਨ ਵਿਚ ਰੱਖਣਾ ਚਾਹੀਦਾ ਹੈ । ਰਸਤੇ ਚਲਦਿਆਂ ਵੀ ਹਰੀ ਦੀ ਸਿਫਤ-ਸਾਲਾਹ ਕਰਨੀ ਚਾਹੀਦੀ ਹੈ , ਉਸ ਦੇ ਗੁਣਾਂ ਦੀ ਵਿਚਾਰ ਕਰਦੇ ਰਹਣਾ ਚਾਹੀਦਾ ਹੈ ।
ਏਵੇਂ ਕਰਨ ਨਾਲ, ਕਰਤਾਰ ਨੂੰ ਅੰਮ੍ਰਿਤ ਵੇਲਾ ਭੇਂਟ ਕਰਨ ਨਾਲ ਬੰਦੇ ਨੂੰ ਦੁਨੀਆਂ ਵਿਚ ਵੀ ਅਤੇ ਪ੍ਰਭੂ ਦੇ ਦਰਬਾਰ ਵਿਚ ਵੀ ਇੱਜ਼ਤ ਮਿਲਦੀ ਹੈ । ਪਰ ਇਹ ਗੱਲ ਵੀ ਸਮਝਣ ਦੀ ਹੈ ਕਿ , ਇਸ ਤਰ੍ਹਾਂ ਬੰਦੇ ਨੂੰ ਵਿਕਾਰਾਂ ਤੋਂ ਤਾਂ ਮੁਕਤੀ ਮਿਲ ਸਕਦੀ ਹੈ , ਪਰ ਆਵਾ-ਗਵਣ ਤੋਂ ਮੁਕਤੀ , ਪਰਮਾਤਮਾ ਦੇ ਕਰਮ (ਬਖਸ਼ਿਸ਼) ਨਾਲ ਹੀ ਮਿਲ ਸਕਦ ਹੈ , ਚੰਗੇ ਕਰਮਾਂ ਨਾਲ ਇੱਜ਼ਤ ਤਾਂ ਮਿਲ ਸਕਦੀ ਹੈ , ਪਰ ਮੁਕਤੀ ਨਹੀਂ , ਕਿਉਂਕਿ ,
ਹੇ ਨਾਨਕ , ਆਖ , ਹੇ ਪ੍ਰਭੂ ਅਸੀਂ ਜੀਵ ਤਾਂ ਖਿਨ-ਖਿਨ , ਛਿਨ-ਛਿਨ ਭੁੱਲਾਂ ਕਰਦੇ ਹਾਂ , ਜੇ ਸਾਡੀਆਂ ਭੁੱਲਾਂ ਦਾ ਲੇਖਾ-ਜੋਖਾ ਹੋਵੇ ਤਾਂ , ਅਸੀਂ ਕਿਸੇ ਤਰ੍ਹਾਂ ਵੀ ਇਸ ਭਾਰ ਤੋਂ ਮੁਕਤ ਨਹੀਂ ਹੋ ਸਕਦੇ । ਹੇ ਬਖਸ਼ਿੰਦ ਕਰਤਾਰ , ਤੂੰ ਆਪ ਹੀ ਸਾਡੀਆਂ ਭੁੱਲਾਂ ਬਖਸ਼ , ਤੇ ਸਾਨੂੰ ਇਸ ਭਵਜਲ ਸੰਸਾਰ ਤੋਂ ਪਾਰ ਲੰਘਾ ।
(ਆਵਾ-ਗਵਣ ਤੋਂ ਮੁਕਤੀ , ਸਿਰਫ ਪਰਮਾਤਮਾ ਦੀ ਨਦਰ , ਰਹਿਮਤ , ਕਰਮ , ਬਖਸ਼ਿਸ਼ ਆਸਰੇ ਹੀ ਮਿਲਣੀ ਹੈ , ਸਿਰਫ ਕਰਮਾਂ ਦੇ ਆਧਾਰ ਤੇ ਇਹ ਮੁਕਤੀ ਨਹੀਂ ਮਿਲ ਸਕਦੀ ।)
ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥4॥
ਹੇ ਨਾਨਕ , ਇਸ ਤਰ੍ਹਾਂ ਇਹ ਸਮਝ ਆ ਜਾਂਦੀ ਹੈ ਕਿ , ਉਹ ਹਮੇਸ਼ਾ ਕਾਇਮ ਰਹਣ ਵਾਲਾ , ਅਕਾਲ ਪੁਰਖ , ਹਰ ਵੇਲੇ , ਹਰ ਥਾਂ , ਸਭ ਕਾਸੇ ਵਿਚ ਆਪ ਹੀ ਭਰਪੂਰ ਰੂਪ ਵਿਚ ਹੈ ।
(ਨਂੋਟ:- ਕਿਸੇ ਚੀਜ਼ ਦੀ ਵਿਆਖਿਆ, ਉਸ ਦੇ ਪੂਰੇ ਪਰਕਰਣ ਨੂੰ ਧਿਆਨ ਵਿਚ ਰੱਖੇ ਬਗੈਰ ਨਹੀਂ ਹੋ ਸਕਦੀ, ਅਤੇ ਪੂਰੇ ਪਰਕਰਣ ਦੀ ਸੋਝੀ ਪੂਰੇ ਸ਼ਬਦ ‘ਚੋਂ ਹੀ ਸਮਝ ਆਉਂਦੀ ਹੈ, ਕਿਸੇ ਇਕ ਤੁਕ ਵਿਚੋਂ ਨਹੀਂ। ਪਰ ਅੱਜ-ਕਲ ਦੁਨੀਆ ਬੜੀ ਤੇਜ਼ ਹੋ ਗਈ ਹੈ, ਲੋਕ ਇਕ ਤੁਕ ਲੈ ਕੇ, ਉਸ ਦਾ ਅਰਥ ਆਪਣੀ ਸੋਚ ਦੇ ਆਧਾਰ ਤੇ ਘੜਦੇ ਹਨ। ਫਿਰ ਉਸ ਦੀ ਪ੍ਰੋੜ੍ਹਤਾ ਲਈ ਦੋ-ਚਾਰ ਲੇਖ ਪੜ੍ਹਦੇ ਹਨ, ਜੇ ਉਨ੍ਹਾਂ ਵਿਚੋਂ ਇਕ-ਅੱਧਾ ਲੇਖ ਵੀ ਪ੍ਰੋੜ੍ਹਤਾ ਸਰੂਪ ਮਿਲ ਜਾਵੇ ਤਾਂ ਉਨ੍ਹਾਂ ਅਰਥਾਂ ਨੂੰ ਸਟੀਕ ਮੰਨ ਕੇ ਸੰਗਤ ਸਾਹਵੇਂ ਪਰੋਸ ਦਿੱਤਾ ਜਾਂਦਾ ਹੈ।
ਅਜਿਹੀ ਸੋਚ ਅਧੀਨ ਹੀ ਸ.ਜੋਗਿੰਦਰ ਸਿੰਘ ਸਪੋਕਸਮੈਨ ਨੇ ਕਹਿ ਦਿੱਤਾ ਸੀ ਕਿ “ਵਿਆਖਿਆ ਦਾ ਕੀ ਹੈ, ਦੋ ਕਤਾਬਾਂ ਲਵੋ, ਵਿਆਖਿਆ ਹੋ ਜਾਂਦੀ ਹੈ। ਏਸੇ ਕਰ ਕੇ ਮੈਂ ਓਥੋਂ ਛੱਡ ਆਇਆ ਸੀ।
ਇਹ ਬਹੁਤ ਬੁਰਾ, ਬਹੁਤ ਗਲਤ ਰੁਝਾਨ ਹੈ ਕਿ ਹਰ ਬੰਦੇ ਵਲੋਂ ਨਾ ਸਹੀ ਹਰ ਸੰਸਥਾ ਵਲੋਂ ਗੁਰਬਾਣੀ ਦਾ ਆਪਣਾ ਉਚਾਰਨ ਹੈ, ਆਪਣੇ ਅਰਥ ਹਨ ਅਤੇ ਆਪਣੇ ਹੀ ਕਰਮ-ਕਾਂਡ ਹਨ। (ਜਿਨ੍ਹਾਂ ਨੂੰ ਉਹ ਰਹਿਤ-ਮਰਯਾਦਾ ਕਹਿੰਦੇ ਹਨ) ਇਸ ਸਭ ਕਾਸੇ ਤੇ ਬਹੁਤ ਛੇਤੀ ਰੋਕ ਲਾਉਣ ਦੀ ਲੋੜ ਹੈ। ਨਹੀਂ ਤਾਂ ਸਭ ਕੁਝ ਬਰਬਾਦ ਹੋ ਜਾਵੇਗਾ।)