ਇਹ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ…
ਇਕਵਾਕ ਸਿੰਘ ਪੱਟੀ
- ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਣ ਬਾਣੀ ਵਿਰੁੱਧ ਭਾਵੇਂ 100 ਕਾਰਜ ਹੋਈ ਜਾਣ...
- ਮਨਮਤੀ ਕਰਮ, ਅਡੰਬਰ, ਕਰਮ ਕਾਂਡ ਕੀਤੇ ਜਾਣ ਜਾਂ ਅਨਮਤੀ ਤਿਓਹਾਰ ਮਨਾਏ ਜਾਣ, ਅਨਮਤੀ ਰਸਮਾਂ ਨੂੰ ਗੁਰਦੁਆਰਿਆਂ ਦੀ ਮਰਯਾਦਾ ਬਣਾ ਕੇ ਨਿਭਾਇਆ ਜਾਂਦਾ ਰਹੇ...
- ਸਿੱਖ ਮਰਯਾਦਾ, ਸਿੱਖ ਪ੍ਰੰਪਰਾ ਦੀਆਂ ਸ਼ਰੇਆਮ ਧੱਜੀਆਂ ਉੱਡਦੀਆਂ ਰਹਿਣ। ਮਨਮਰਜ਼ੀ ਦੀਆਂ ਤਰੀਕਾਂ ਦੇ ਹਿਸਾਬ ਨਾਲ ਗੁਰਪੁਰਬ ਮਨਾਏ ਜਾਂਦੇ ਰਹਿਣ...
- ਦੀਪਮਾਲਾ ਅਤੇ ਫ਼ੁੱਲਾਂ ਦੀ ਸਜਾਵਟ ’ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾਣ...
- ਇਤਿਹਾਸ ਦੇ ਨਾਂ ’ਤੇ ਮਿਥਿਹਾਸਕ ਕਹਾਣੀਆਂ ਦੇ ਆਧਾਰ ਪੁਰ ਗੁਰਦੁਆਰਿਆਂ ਦੀਆਂ ਨਵੀਆਂ ਇਮਾਰਤਾਂ ਹੌਂਦ ਵਿੱਚ ਆਉਂਦੀਆਂ ਰਹਿਣ...
- ਗੁਰਦੁਆਰਿਆਂ ਅੰਦਰ ਸੂਰਜ ਪ੍ਰਕਾਸ਼ ਜਾਂ ਹੋਰ ਮਿਥਿਹਾਸਕ ਗ੍ਰੰਥਾਂ ਦੀਆਂ ਕਥਾਵਾਂ ਹੁੰਦੀਆਂ ਰਹਿਣ...
- ਰਾਗੀ ਜੱਥਿਆਂ ਨੂੰ ਪੂਰੀ ਖੁੱਲ੍ਹ ਹੈ, ਜਿਹੜੀ ਮਨ ਆਈ ਤਰਜ਼ ’ਤੇ ਗੁਰਬਾਣੀ ਗਾਈ ਤੁਰੇ ਜਾਣ, ਰਹਾਉ ਵਾਲੀ ਪੰਗਤੀ ਨੂੰ ਛੱਡ ਕੇ ਮਨ ਮਰਜ਼ੀ ਦੀ ਤੁੱਕ ਨੂੰ ਅਸਥਾਈ ਬਣਾਉਣ...
- ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਿਨ੍ਹਾਂ ਜਿਹੜੇ ਮਰਜ਼ੀ ਗ੍ਰੰਥ ਦਾ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਰਨ...
- ਕਥਾ-ਵਾਚਕ ਜਿਹੜੀ ਮਰਜ਼ੀ ਮਿਥਿਹਾਸਕ/ਕੱਚ-ਘਰੜ ਜਾਂ ਹੋਰਨਾਂ ਅਨਮਤੀ ਗ੍ਰੰਥਾਂ ਵਿੱਚੋਂ ਸਾਖੀਆਂ ਸਣਾਉਣ...
- ਜਿਹੜੇ ਮਰਜ਼ੀ ਸਿੱਖ ਵਿਦਵਾਨ/ਬੁੱਧੀਜੀਵੀ ਜਾਂ ਲੇਖਕ ਵਿਰੁੱਧ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਭੜਾਸ ਕੱਢਣ...
- ਜ਼ਾਤਾਂ-ਪਾਤਾਂ ਦੇ ਨਾਂ 'ਤੇ ਗੁਰਦੁਆਰਿਆਂ ਦੀ ਉਸਾਰੀ ਹੁੰਦੀ ਰਹੇ...
- ਗੋਲਕਾਂ/ਚੌਧਰਾਂ ਪਿੱਛੇ ਲੜਾਈਆਂ ਹੁੰਦੀਆਂ ਰਹਿਣ...
- ਹਿੰਦੂ ਅਵਤਾਰਾਂ ਦੇ ਨਾਂ 'ਤੇ ਗੁਰਦੁਆਰਾ ਸਾਹਿਬ ਬਣਦੇ ਰਹਿਣ (ਇਸ਼ਾਰਾ ਵਿਸ਼ਵਕਰਮਾ ਮੰਦਰ ਵੱਲ ਹੈ)
- ਅਖੌਤੀ ਅਤੇ ਨਾਮਧਰੀਕ ਅੰਮ੍ਰਿਤਧਾਰੀ ਜੇ ਕਕਾਰਾਂ ਦੀ ਬੇਅਦਬੀ ਕਰਦੇ ਹਨ, ਤਾਂ ਕੋਈ ਨਹੀਂ ਗੁਰੂ ਆਪੇ ਦੰਡ ਦੇਵੇਗਾ...
......
ਉਪਰੋਕਤ ਲਿਖੀਆਂ ਗੱਲਾਂ ਵਿੱਚੋਂ ਜੋ ਮਰਜ਼ੀ ਪਿਆ ਹੋਵੇ ਜਾਂ ਇਸ ਤੋਂ ਵੱਧ ਹੋਈ ਜਾਵੇ, ਸਾਨੂੰ ਕੋਈ ਪਰਵਾਹ ਨਹੀਂ। ਇੱਕ ਦਿਨ ਖਾਲਸਾ ਜ਼ਰੂਰ ਰਾਜ ਕਰੇਗਾ।
ਪਰ…
• ਜੇ ਕਿਤੇ ਕਿਸੇ ਨੇ ਸਾਡੇ ਦਰਬਾਰ ਸਾਹਿਬ ਦੀ ਕੋਈ ਨਕਲੀ ਇਮਾਰਤ ਬਣਾਈ, ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ।
• ਜੇ ਕਿਸੇ ਨੇ ਸਾਡੇ ਗੁਰੂ ਸਾਹਿਬਾਨਾਂ ਦੀਆਂ ਨਕਲੀ ਤਸਵੀਰਾਂ ਦੀ ਬੇਅਦਬੀ ਕੀਤੀ, ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ।
• ਜੇ ਕਿਸੇ ਸਿੱਖ ਦੀ ਆਪਸੀ ਨਿੱਜੀ ਲੜਾਈ ਵਿੱਚ ਦਸਤਾਰ ਉੱਤਰ ਗਈ, ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ।
• ਜੇ ਕਿਤੇ ਕਕਾਰਾਂ ਦੀ ਬੇਅਦਬੀ ਹੋਈ, ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ।
......................................
ਟਿੱਪਣੀ:- ਅੱਜ ਤੱਕ ਤਾਂ ਮੈਂ, ਇਹੀ ਸਮਝਦਾ ਸੀ ਕਿ ਮੈਨੂੰ ਰਬ ਨੇ ਏਨੀ ਅਕਲ ਨਹੀਂ ਦਿੱਤੀ ਕਿ ਮੈਂ, ਸਿੱਖ ਵਿਦਵਾਨਾਂ ਦੀ ਲਿਖਤ ਨੂੰ ਸਮਝ ਸਕਾਂ, ਪਰ ਇਸ ਵੀਰ, ਇਕਵਾਕ ਸਿੰਘ ਪੱਟੀ ਨੂੰ ਤਾਂ ਮੈਂ ਜਾਣਦਾ ਹਾਂ, ਅੱਛਾ ਖਾਸਾ ਗੁਰਸਿੱਖ ਬੰਦਾ ਸੀ, ਅੱਜ ਬੜੇ ਦਿਨਾਂ ਮਗਰੋਂ ਉਸ ਦਾ ਲੇਖ ਪੜ੍ਹਿਆ, ਉਹ ਵੀ ਮੇਰੀ ਸਮਝ ਨਹੀਂ ਆਇਆ, ਬੜਾ ਸੌਖਾ ਸੀ ਕਿ ਮੈਂ ਇਸ ਲੇਖ ਨੂੰ ਅਣਗੌਲਿਆਂ ਕਰ ਜਾਂਦਾ, ਪਰ ਮੈਂ ਇਹ ਜਾਨਣਾ ਚਾਹੁੰਦਾ ਹਾਂ ਕਿ ਵੀਰ ਇਕਵਾਕ ਸਿੰਘ ਪੱਟੀ ਜੀ ਵੀ ਵਿਦਵਾਨ ਹੋ ਗਏ ਹਨ, ਜਾਂ ਸਾਰੇ ਸਿੱਖਾਂ ਦੀ ਹਾਲਤ ਹੀ ਅਜਿਹੀ ਹੋ ਗਈ ਹੈ ? ਇਸ ਲਈ ਇਸ ਲੇਖ ਨੂੰ ਪੇਸਟ ਕਰ ਰਿਹਾ ਹਾਂ, ਤਾਂ ਜੋ ਕੋਈ ਵੀ ਪਾਠਕ ਮੈਨੂੰ ਇਹ ਸਮਝਾਅ ਸਕੇ ਕਿ ਅਸਲੀਅਤ ਕੀ ਹੈ? ਸਮਝਾਉਣ ਵਾਲੇ ਦਾ ਧਨਵਾਦੀ ਹੋਵਾਂਗਾ।
ਅਮਰ ਜੀਤ ਸਿੰਘ ਚੰਦੀ