ਅਕਾਲ ਤਖਤ, ਇਸ ਦੇ ਜਥੇਦਾਰ ਅਤੇ ਸਿੰਘ ਸਾਹਿਬ !
ਅਕਾਲ ਤਖਤ,
ਜਦੋਂ ਸਿੱਖਾਂ ਤੇ ਜ਼ੁਲਮ ਦੀ ਹੱਦ ਹੋ ਗਈ, ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹੀਦ ਕਰ ਦਿੱਤਾ ਗਿਆ, ਗੁਰੂ ਹਰਿਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਬੰਦ ਕਰ ਦਿੱਤਾ ਗਿਆ, ਤਾਂ ਸਿੱਖਾਂ ਨੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਆਦਿ ਦੀ ਅਗਵਾਈ ਥੱਲੇ, ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ, ਜਿਨ੍ਹਾਂ ਵਿਚੋਂ, ਜਥਿਆਂ ਦੇ ਰੂਪ ਵਿਚ ਗਵਾਲੀਅਰ ਜਾਣਾ, ਸ਼ਬਦ ਪੜ੍ਹਦੇ ਹੋਏ, ਕਿਲ੍ਹੇ ਦੀ ਪਰਕਰਮਾ ਕਰ ਕੇ ਵਾਪਸ ਆਉਣਾ, ਜਿਸ ਨਾਲ ਲੋਕਾਂ ਵਿਚ ਜਾਗ੍ਰਤੀ ਪੈਦਾ ਹੋ ਰਹੀ ਸੀ। ਸਾਂਈਂ ਮੀਆਂ ਮੀਰ ਜੀ, ਬੇਗਮ ਨੂਰ-ਜਹਾਂ ਅਤੇ ਕਿਲ੍ਹੇ ਦਾ ਦਰੋਗਾ ਆਦਿ ਲੋਕਾਂ ਦੀ ਮਾਰਫਤ, ਜਹਾਂਗੀਰ ਤਕ ਵੀ ਪਹੁੰਚ ਕੀਤੀ ਗਈ। ਸਿੱਟੇ ਵਜੋਂ ਗੁਰੂ ਹਰਿਗੋਬਿੰਦ ਜੀ ਨੂੰ ਰਿਹਾਅ ਕਰ ਦਿੱਤਾ ਗਿਆ, ਗੁਰੂ ਜੀ ਨੇ ਆਪਣੀ ਨੀਤੀ ਨਾਲ ਕਿਲ੍ਹੇ ਵਿਚ ਨਜ਼ਰ-ਬੰਦ ੫੨ ਹਿੰਦੂ ਰਾਜਿਆਂ ਨੂੰ ਵੀ ਰਿਹਾਅ ਕਰਵਾਇਆ, ਉਸ ਦਿਨ ਨੂੰ ਬੰਦੀ-ਛੋੜ ਦਿਵਸ ਕਰ ਕੇ ਜਾਣਿਆ ਜਾਂਦਾ ਹੈ।
ਗੁਰੂ ਜੀ ਕਾਫੀ ਸਮਾ ਬਾਦਸ਼ਾਹ ਜਹਾਂਗੀਰ ਦੇ ਨਾਲ ਰਹੇ, ਜਿਸ ਕਰ ਕੇ ਜਹਾਂਗੀਰ ਨੂੰ ਗੁਰੂ ਜੀ ਬਾਰੇ ਅਤੇ ਸਿੱਖਾਂ ਬਾਰੇ ਬਹੁਤ ਕੁਝ ਜਾਨਣ ਦਾ ਮੌਕਾ ਮਿਲਿਆ। ਓਧਰ ਗੁਰੂ ਜੀ ਨੂੰ ਵੀ ਪਰਜਾ ਬਾਰੇ, ਖਾਸ ਕਰ ਕੇ ਮੁਸਲਮਾਨਾਂ ਬਾਰੇ ਜਾਨਣ ਦਾ ਮੌਕਾ ਮਿਲਿਆ, ਇਹ ਵੀ ਪਤਾ ਲੱਗਾ ਕਿ ਬਹੁਤ ਸਾਰੇ ਮੁਸਲਮਾਨ ਵੀ ਸਿੱਖੀ ਦੇ ਕਾਫੀ ਨੇੜੇ ਹਨ।
ਗੁਰੂ ਜੀ ਨੇ ਰਹਾਈ ਮਗਰੋਂ ਸਿੱਖਾਂ ਦੀ ਸੁਰੱਖਿਆ ਬਾਰੇ ਕੀਰਤ ਪੁਰ ਵਾਲੀ ਥਾਂ ਨੂੰ ਚੁਣਿਆ ਅਤੇ ਅੰਮ੍ਰਿਤਸਰ ਵਿਚ ਇਕ ਥਾਂ ਚੁਣ ਕੇ ਉਸ ਥਾਂ ਤੇ ਮੈਦਾਨ ਅਤੇ ਆਪਣੇ ਬੈਠਣ ਲਈ ਇਕ ਥੜਾ ਬਣਾਇਆ। ਉਸ ਮੈਦਾਨ ਵਿਚ ਸਿੱਖ ਸ਼ਸਤਰ-ਵਿਦਿਆ ਦਾ ਅਭਿਆਸ ਕਰਦੇ ਸਨ, ਥੜੇ ਤੋਂ ਢਾਡੀ, ਵਾਰਾਂ ਗਾ ਕੇ ਸਿੱਖਾਂ ਵਿਚ ਜੋਸ਼ ਭਰਿਆ ਕਰਦੇ ਸਨ ਅਤੇ ਗੁਰੂ ਜੀ ਦੋਵਾਂ ਦੀ ਕਾਰਗੁਜ਼ਾਰੀ ਵੇਖਿਆ ਕਰਦੇ ਸੀ। ਇਸ ਥੜੇ ਨੂੰ ਮਗਰੋਂ ਅਕਾਲ ਦਾ ਤਖਤ ਕਿਹਾ ਜਾਣ ਲੱਗਾ। ਜਿਸ ਬਾਰੇ ਇਹ ਮਸ਼ਹੂਰ ਹੋਇਆ ਕਿ ਇਹ ਦਿੱਲੀ ਦੇ ਤਖਤ ਨਾਲੋਂ ਉੱਚਾ ਹੈ। ਗੁਰਬਾਣੀ ਤਾਂ ਇਹ ਕਹਿੰਦੀ ਹੀ ਹੈ ਕਿ, ਅਕਾਲ ਦਾ, ਰੱਬ ਦਾ, ਪਰਮਾਤਮਾ ਦਾ ਤਖਤ ਹਮੇਸ਼ਾ ਕਾਇਮ ਰਹਣ ਵਾਲਾ ਹੈ, ਜਦ ਕਿ ਦੁਨਿਆਵੀ ਤਖਤ ਤਾਂ ਕੁਝ ਸਮੇ ਲਈ ਹੀ ਹੁੰਦੇ ਹਨ।
ਸਿੱਖਾਂ ਦੀ ਮਾਨਸਿਕਤਾ ਤੇ ਇਸ ਦਾ ਬਹੁਤ ਅਸਰ ਪਿਆ। ਇਹ ਸੀ ਅਕਾਲ ਤਖਤ ਦੀ ਮੁੱਢਲੀ ਗਾਥਾ।
ਅਕਾਲ ਤਖਤ ਦਾ ਜਥੇਦਾਰ ਕਦੋਂ ਬਣਿਆ ?
ਜੇ ਆਪਾਂ ਖੋਜ-ਪੜਤਾਲ ਦੀ ਗੱਲ ਛੱਡ ਕੇ ਚਲਦੇ ਇਤਿਹਾਸ ਦੀ ਗੱਲ ਕਰੀਏ ਤਾਂ, ਇਹ ਤੇ ਸਾਮ੍ਹਣੇ ਨਹੀਂ ਆਉਂਦਾ ਕਿ ਅਕਾਲ ਤਖਤ ਦਾ ਪਹਿਲੀ ਵਾਰ ਜਥੇਦਾਰ ਕੌਣ ਬਣਿਆ, ਮਿਸਲਾਂ ਵੇਲੇ ਜਦੋਂ ਸਾਰੀਆਂ ਮਿਸਲਾਂ ਨੇ ਅੰਮ੍ਰਿਤਸਰ ਵਿਚ ਆਪਣੇ ਬੁੰਗੇ ਬਣਾਏ ਤਾਂ ਗੁਰੂ ਹਰਿਗੋਬਿੰਦ ਜੀ ਵਲੋਂ ਬਣਾਏ ਥੜੇ ਵਾਲੀ ਥਾਂ ਤੇ, ਇਕ ਸਾਂਝਾ ਬੁੰਗਾ ਬਣਾਇਆ, ਜਿਸ ਨੂੰ ਅਕਾਲ-ਬੁੰਗਾ ਕਿਹਾ ਜਾਂਦਾ ਸੀ। ਸਰਬੱਤ-ਖਾਲਸਾ ਦਾ ਇਕੱਠ, ਇਸ ਬੁੰਗੇ ਵਿਚ ਹੋਇਆ ਕਰਦਾ ਸੀ। ਉਸ ਵੇਲੇ ਇਸ ਦਾ ਕੋਈ ਜਥੇਦਾਰ ਨਹੀਂ ਸੀ, ਸਰਬੱਤ-ਖਾਲਸਾ ਦੇ ਇਕੱਠ ਵੇਲੇ, ਮੀਟਿੰਗ ਦੀ ਪ੍ਰਧਾਨਗੀ ਕਰਨ ਲਈ ਇਕ ਬੰਦਾ ਚੁਣਿਆ ਜਾਂਦਾ, ਜੋ ਸਾਰੀ ਕਾਰਵਾਈ ਚਲਾਉਂਦਾ, ਅਤੇ ਮੀਟਿੰਗ ਵਿਚ ਪਾਸ ਹੋਏ ਮਤਿਆਂ ਨੂੰ ਪੂਰੇ ਦਲ-ਖਾਲਸਾ ਲਈ ਜਾਰੀ ਕਰਦਾ, ਇਵੇਂ ਸਾਰੀਆਂ ਮਿਸਲਾਂ ਵਲੋਂ ਕੀਤਾ ਫੈਸਾਲਾ, ਦਲ ਖਾਲਸਾ ਦੇ ਸਾਰੇ ਮੈਂਬਰਾਂ ਤਕ ਪਹੁੰਚ ਜਾਂਦਾ ‘ਤੇ ਦਲ ਖਾਲਸਾ ਵਾਲੇ ਆਪਣਾ ਫਰਜ਼ ਸਮਝਦੇ ਹੋਏ, ਉਸ ਮਤੇ ਨੂੰ ਲਾਗੂ ਕਰਦੇ।
ਇਸ ਤੋਂ ਅਗਾਂਹ ਚੱਲ ਕੇ, ਮਹਾਂਰਾਜਾ ਰਣਜੀਤ ਸਿੰਘ ਵੇਲੇ, ਅਕਾਲੀ ਫੂਲਾ ਸਿੰਘ ਜੀ ਦਾ ਜ਼ਿਕਰ, ਅਕਾਲ ਤਖਤ ਦੇ ਜਥੇਦਾਰ ਵਜੋਂ ਆਉਂਦਾ ਹੈ, ਇਕ ਕਹਾਵਤ ਹੈ ਕਿ ਅਕਾਲੀ ਫੂਲਾ ਸਿੰਘ ਜੀ ਨੇ, ਇਕ ਗਲਤੀ ਬਦਲੇ ਮਹਾਂਰਾਜਾ ਰਣਜੀਤ ਸਿੰਘ ਨੂੰ ਅਕਾਲ ਤਖਤ ਤੇ ਸੱਦ ਕੇ, ਕੋੜੇ ਮਾਰਨ ਦੀ ਤਨਖਾਹ ਲਾਈ, ਤੇ ਦਰੱਖਤ ਨਾਲ ਬੰਨ੍ਹ ਕੇ ਕੋੜੇ ਵੀ ਮਾਰੇ। (ਇਹ ਗੱਲ ਮੰਨਣ ਯੋਗ ਨਹੀਂ ਜਾਪਦੀ) ਇਸ ਮਗਰੋਂ ਵੀ ਅਕਾਲ ਤਖਤ ਦੇ ਕਿਸੇ ਜਥੇਦਾਰ ਦਾ ਜ਼ਿਕਰ ਨਹੀਂ ਮਿਲਦਾ। ਗੱਲ ਪਹੁੰਚ ਜਾਂਦੀ ਹੈ, ਮਹਾਂਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਣ ਮਗਰੋਂ, ਅੰਗਰੇਜ਼ਾਂ ਵਲੋਂ ਬਣਾਏ ਇੰਚਾਰਜ ਦੀ, ਜਿਸ ਨੂੰ ਸਰਬਰਾਹ ਕਿਹਾ ਗਿਆ ਹੈ, ਜਥੇਦਾਰ ਨਹੀਂ। ਉਸ ਵੇਲੇ ਸਾਰੇ ਗੁਰਦਵਾਰੇ, ਮਹੰਤਾਂ ਦੇ ਕਬਜ਼ੇ ਵਿਚ ਸਨ। ਇਸ ਮਗਰੋਂ ਗੱਲ ਪਹੁੰਚ ਜਾਂਦੀ ਹੈ, ਨਨਕਾਣਾ ਸਾਹਿਬ ਸਾਕੇ ਤੇ। ਲਛਮਣ ਸਿੰਘ ਦੀ ਸ਼ਹਾਦਤ ਮਗਰੋਂ, ਜਿਸ ਜਥੇ ਨੇ ਗੁਰਦਵਾਰੇ ਦਾ ਚਾਰਜ ਲਿਆ, ਉਸ ਜਥੇ ਦੇ ਸਰਦਾਰ ਨੂੰ ਜਥੇਦਾਰ ਕਿਹਾ ਗਿਆ ਅਤੇ ਜਥੇਦਾਰ ਲਫਜ਼ ਅਕਾਲ ਤਖਤ ਨਾਲ ਜਾ ਜੁੜਿਅਆ।
ਅਜੇ ਕੱਲ ਦੀ ਗੱਲ ਹੈ ਅਤੇ ਸ਼੍ਰੋਮਣੀ ਕਮੇਟੀ ਦਾ ਬਜਟ ਅਰਬਾਂ ਤੋਂ ਟੱਪ ਕੇ ਖਰਬਾਂ ਤੱਕ ਪਹੁੰਚ ਗਿਆ ਹੈ, ਪਰ ਅੱਜ ਤੱਕ ਅਕਾਲ ਤਖਤ ਦੇ ਇਤਿਹਾਸ ਬਾਰੇ ਕੋਈ ਖੋਜ ਨਹੀਂ ਕੀਤੀ ਗਈ। ਖੋਜ ਤਾਂ ਪੂਰੇ ਪੰਥ ਦੇ ਇਤਿਹਾਸ ਦੀ ਹੋਣੀ ਚਾਹੀਦੀ ਹੈ। ਰੱਬ ਹੀ ਕਿਰਪਾ ਕਰੇ, ਬਾਦਲ ਦਾ ਢਿਡ ਭਰ ਜਾਵੇ ਅਤੇ ਪੰਥ ਦੇ ਦਸਵੰਧ ਦਾ ਪੈਸਾ ਪੰਥ ਦੀਆਂ ਲੋੜਾਂ ਤੇ ਲੱਗਣਾ ਸ਼ੁਰੂ ਹੋ ਜਾਵੇ।
ਜਥੇਦਾਰ ਦਾ ‘ਸਿੰਘ-ਸਾਹਿਬ’ ਬਣਨਾ
ਗੱਲ ਤਾਂ ਅੰਗਰੇਜ਼ਾਂ ਵੇਲੇ ਹੀ ਬਹੁਤ ਵਿਗੜ ਚੁੱਕੀ ਸੀ, ਸਿੱਖਾਂ ਦੇ ਲੀਡਰ ਅਕਸਰ ਅੰਗਰੇਜ਼ਾਂ ਦੇ ਝੋਲੀ-ਚੁੱਕ ਹੁੰਦੇ , ਸਿੱਖੀ ਦਾ ਸਿਰ ਬਦਲ ਕੇ ਅੰਗਰੇਜ਼ਾਂ ਦਾ “ਸਰ” ਬਣ ਚੁੱਕਾ ਸੀ। ਅੰਗਰੇਜ਼ਾਂ ਦੇ ਜਾਣ ਮਗਰੋਂ ਲੀਡਰ ਕਾਂਗਰਸ ਦੇ ਝੋਲੀ-ਚੁੱਕ ਬਣ ਕੇ ਨੈਹਰੂ-ਗਾਂਧੀ ਦੀ ਪਾਲਿਸੀ ਤੇ ਚੱਲ ਪਏ, ਅਤੇ ਅੱਜ ਤਾਂ ਪੂਰੇ “ਰਾਜਪੂਤ” (ਜਿਸ ਦਾ ਰਾਜ, ਉਸ ਦੇ ਹੀ ਪੁੱਤ) ਬਣ ਚੁੱਕੇ ਹਨ। ਅਤੇ ਸਿੱਖੀ ਵਿਰੋਧੀ ਕੰਮ ਕਰਨ ਵਾਲਿਆਂ ਨੂੰ “ਫਕਰੇ-ਖਾਲਸਾ” ਆਦਿ ਵਰਗੇ ਖਿਤਾਬ ਦਿੱਤੇ ਜਾਂਦੇ ਹਨ। ਗੱਲ ਚਲ ਰਹੀ ਹੈ ‘ਸਿੰਘ-ਸਾਹਿਬ’ ਦੀ, ੧੯੮੪ ਵਿਚ ਜਦ ਭਾਰਤੀ ਫੌਜ ਨੇ , ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਦਰਬਾਰ ਸਾਹਿਬ ਦਾ ਬਹੁਤ ਨੁਕਸਾਨ ਹੋਇਆ, ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਪੁਰਬ ਹੋਣ ਕਰ ਕੇ ਬੰਦੇ ਵੀ ਬਹੁਤ ਮਾਰੇ ਗਏ, ਜਿਨ੍ਹਾਂ ਵਿਚ ਰਿਕਸ਼ਾ ਵਾਲੇ ਅਤੇ ਮਜ਼ਦੂਰ ਜ਼ਿਆਦਾ ਸੀ। ਇਹ ਸਾਰਾ ਕੁਝ ਹੋਣ ਮਗਰੋਂ ਅਕਾਲ-ਤਖਤ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਨੇ ਰੇਡੀਉ ਤੇ ਬਿਆਨ ਦਿੱਤਾ ਕਿ “ਕੋਠਾ ਸਾਹਿਬ, ਬਿਲਕੁਲ ਠੀਕ ਹੈ, ਉਸ ਦਾ ਕੋਈ ਨੁਕਸਾਨ ਨਹੀਂ ਹੋਇਆ,” ਬਜਾਏ ਇਸ ਦੇ ਕਿ ਉਸ ਦੀ ਲਾਨ੍ਹਤ-ਮੁਲਾਮਤ ਕੀਤੀ ਜਾਂਦੀ, ਸਰਕਾਰ ਦੀ ਪਾਲਸੀ ਮੁਤਾਬਕ ਉਸ ਨੂੰ “ਸਿੰਘ-ਸਾਹਿਬ” ਕਿਹਾ ਜਾਣ ਲੱਗਾ। ਅਤੇ ਦਰਬਾਰ ਸਾਹਿਬ ਦੀ ਫੈਕਟਰੀ, ਹੁਣ ਤੱਕ ਹਜ਼ਾਰਾਂ “ਸਿੰਘ-ਸਾਹਿਬ” ਬਣਾ ਚੁੱਕੀ ਹੈ। ਇਨ੍ਹਾਂ ਸਿੰਘ ਸਾਹਿਬਾਂ ਨੇ ਕਿਸੇ ਵੇਲੇ ਦੇ, ਬੇਦੀਆਂ ਦੀ ‘ਸਿੱਖੀ ਸੇਵਕੀ’ ਯਾਦ ਕਰਾ ਦਿੱਤੀ।
ਕੋਈ ਵੀ ਬੰਦਾ ਅੱਜ ਸਿੱਖ ਅਖਵਾ ਕੇ ਰਾਜ਼ੀ ਨਹੀਂ, ਜੋ ਬੰਦੇ ਆਪਣੇ ਆਪ ਨੂੰ ਸਿੱਖਾਂ ਤੋਂ ਉੱਚਾ ਵਿਖਾਉਣ ਲਈ ‘ਸਿੰਘ ਜੀ’ ਅਖਵਾਉਂਦੇ , ਉਹ ਵੀ ਅੱਜ ਸਿੰਘ ਜੀ ਅਖਵਾਉਣਾ ਛੱਡ ਗਏ ਹਨ, ਕਿਉਂਕਿ ਉਹ ਆਪਣੇ ਆਪ ਨੂੰ ‘ਸਿੰਘ ਸਾਹਿਬ’ ਦੇ ਸਾਮ੍ਹਣੇ ਨੀਵਾਂ ਮਹਿਸੂਸ ਕਰਦੇ ਹਨ।
ਇਹ ਹੈ ਇਤਿਹਾਸ ਕਿ ਕਿਵੇਂ ਕਿਸੇ ਜਥੇ ਤੋਂ ਬਗੈਰ ਅਕਾਲ ਤਖਤ ਦੇ ਜਥੇਦਾਰ ਬਣ ਗਏ ਅਤੇ ਫਿਰ ਸਿੰਘਾਂ ਤੋਂ ਬਗੈਰ ‘ਸਿੰਘ-ਸਾਹਿਬ’ ਹੁੰਦੇ ਜਾ ਰਹੇ ਹਨ ਅਤੇ ਆਮ ਸਿੱਖ, ਘਟਦੇ ਜਾ ਰਹੇ ਹਨ।
ਅਮਰ ਜੀਤ ਸਿੰਘ ਚੰਦੀ