ਸਿੱਖਾਂ ਦੀ ਜ਼ਿੱਮੇਵਾਰੀ ਅਤੇ ਉਨ੍ਹਾਂ ਦੇ ਕੰਮ! (ਭਾਗ 1)
ਗੁਰੂ ਨਾਨਕ ਜੀ ਨੇ ਸੰਸਾਰ ਵਿਚ ਚੱਲ ਰਹੀ ਆਤਮਕ ਸਿਖਿਆ ਨੂੰ ਵੇਖਦੇ ਹੋਏ, ਪ੍ਰਚਲਤ ਦੋਵਾਂ ਧਰਮਾਂ ਨੂੰ ਨਕਾਰਦੇ ਹੋਏ, ਕੁਦਰਤ ਅਨੁਸਾਰੀ ਧਰਮ ਦੀ ਸਚਾਈ ਨੂੰ ਪ੍ਰਗਟ ਕੀਤਾ , ਅਤੇ ਦੁਨੀਆ ਨੂੰ ਧਰਮ ਦੇ ਨਾਮ ਤੇ ਕੀਤੇ ਜਾਂਦੇ ਕਰਮ-ਕਾਂਡਾਂ ਤੋਂ ਪਾਸਾ ਵੱਟ ਕੇ ਨਿਰਾਕਾਰ ਪਰਮਾਤਮਾ ਨਾਲ ਜੁੜਨ ਦਾ ਸੱਦਾ ਦਿੱਤਾ,
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥1॥
ਅਰਥ:- ਸਭ ਤੋਂ ਪਹਿਲਾਂ ਖੁਦਾ ਦਾ ਨੂਰ ਹੀ ਹੈ, ਜਿਸ ਨੇ ਸਾਰਾ ਜਗਤ ਪੈਦਾ ਕੀਤਾ ਹੈ, ਇਹ ਸਾਰੇ ਜੀਅ ਜੰਤ, ਰਬ ਦੀ ਕੁਦਰਤ ਦੇ ਹੀ ਬਣਾਏ ਹੋਏ ਹਨ। ਇਕ ਰੱਬ ਦੀ ਜੋਤ ਤੋਂ ਹੀ ਸਾਰਾ ਜਗਤ ਪੈਦਾ ਹੋਇਆ ਹੈ। ਫਿਰ ਦੁਨੀਆ ਦੇ ਲੋਕਾਂ ਵਲੋਂ ਬਣਾਏ ਜਾਤਾਂ ਗੋਤਾਂ ਦੇ ਅਧਾਰ ਤੇ, ਕਿਸੇ ਨੂੰ ਚੰਗਾ ਅਤੇ ਮੰਦਾ ਨਹੀਂ ਆਖਣਾ ਚਾਹੀਦਾ॥1॥
ਲੋਗਾ ਭਰਮਿ ਨ ਭੂਲਹੁ ਭਾਈ ॥
ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥1॥ਰਹਾਉ॥ (1349-50)
ਹੇ ਭਾਈ, ਰੱਬ ਦੀ ਹਸਤੀ ਬਾਰੇ ਕਿਸੇ ਭੁਲੇਖੇ ਵਿਚ ਪੈ ਕੇ ਖੁਆਰ ਨਾ ਹੋਵੋ। ਉਹ ਰੱਬ ਹੀ ਸਾਰੀ ਖਲਕਤ ਨੂੰ ਪੈਦਾ ਕਰਨ ਵਾਲਾ ਹੈ ਤੇ ਸਾਰੀ ਖਲਕਤ ਵਿਚ ਸਾਰੀਆਂ ਥਾਵਾਂ ਤੇ ਭਰਪੂਰ ਰੂਪ ਵਿਚ ਮੌਜੂਦ ਹੈ ॥1॥ਰਹਾਉ॥
ਜਿਸ ਅਨੁਸਾਰ ਪਰਮਾਤਮਾ ਦੇ ਪੈਦਾ ਕੀਤੇ ਹੋਏ, ਸਾਰੇ ਬੰਦੇ ਇਕ ਸਮਾਨ ਹਨ, ਕੋਈ ਵੀ ਉੱਚਾ ਜਾਂ ਨੀਵਾਂ ਨਹੀਂ। ਕੀਤੇ ਜਾਂਦੇ ਸਾਰੇ ਪਾਖੰਡ, ਦੁਨੀਆ ਵਿਚਲੇ ਲੋਕਾਂ ਨੂੰ ਲੁੱਟਣ ਲਈ ਬਣਾਏ ਹਨ, ਰੱਬ ਨੇ ਕਿਸੇ ਵਿਚ ਕੋਈ ਫਰਕ ਨਹੀਂ ਕੀਤਾ। ਜੇ ਕੋਈ ਬੰਦਾ, ਕੋਈ ਆਤਮਕ ਕੋਤਾਹੀ ਕਰਦਾ ਹੈ ਤਾਂ ਉਸ ਨੂੰ ਸਜ਼ਾ ਦੇਣ ਦਾ ਹੱਕਦਾਰ ਪ੍ਰਭੂ ਹੈ, ਹੋਰ ਕੋਈ ਨਹੀਂ, ਕਿਉਂਕਿ ਆਤਮਕ ਗੱਲਾਂ ਸਿਰਫ ਮਨ ਅਤੇ ਰੱਬ ਦੇ ਵਿਚਾਲੇ ਦੀਆਂ ਗੱਲਾਂ ਹਨ ਅਤੇ ਉਨ੍ਹਾਂ ਦਾ ਲੇਖਾ-ਜੋਖਾ ਹਰ ਮਨ ਨੇ ਆਪ ਦੇਣਾ ਹੈ, ਉਸ ਵਿਚ ਹੋਰ ਕਿਸੇ ਦੀ ਕੋਈ ਭਾਈ-ਵਾਲੀ ਨਹੀਂ ਹੈ।
ਮਨ ਕੀ ਬਿਰਥਾ ਮਨੁ ਹੀ ਜਾਨੈ ਕੈ ਬੂਝਲ ਆਗੈ ਕਹੀਐ ॥
ਅੰਤਰਜਾਮੀ ਰਾਮੁ ਰਵਾਂਈ ਮੈ ਡਰੁ ਕੈਸੇ ਚਹੀਐ ॥1॥ (1350)
ਦੁਖੀਏ ਦੇ ਦਰਦ ਬਾਰੇ, ਦੁਖੀਏ ਦਾ ਮਨ ਹੀ ਜਾਣਦਾ ਹੈ, ਜੇ ਦੁੱਖ ਬਾਰੇ ਕੁਝ ਦੱਸਣਾ ਹੋਵੇ ਤਾਂ, ਉਸ ਅੰਤਰਜਾਮੀ ਅੱਗੇ ਆਖਣਾ ਚਾਹੀਦਾ ਹੈ, ਜੋ ਸਾਰਿਆਂ ਬਾਰੇ ਜਾਣਦਾ ਹੈ। ਮੈਨੂੰ ਤਾਂ ਹੁਣ ਦੁੱਖਾਂ ਦਾ ਡਰ ਰਿਹਾ ਹੀ ਨਹੀਂ, ਕਿਉਂਕਿ ਜੋ ਅੰਤਰਜਾਮੀ ਸਾਰਿਆਂ ਦਾ ਦੁੱਖ ਜਾਣਦਾ ਹੈ, ਮੈਂ ਉਸ ਨੂੰ ਹੀ ਸਿਮਰਦਾ ਹਾਂ॥1॥
ਅਤੇ ਕੁਦਰਤ ਅਨੁਸਾਰੀ ਧਰਮ ਕੀ ਹੈ ?
ਸਰਬ ਧਰਮ ਮਹਿ ਸ੍ਰੇਸਟ ਧਰਮੁ ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥
ਸਗਲ ਕ੍ਰਿਆ ਮਹਿ ਊਤਮ ਕਿਰਿਆ ॥
ਸਾਧਸੰਗਿ ਦੁਰਮਤਿ ਮਲੁ ਹਿਰਿਆ ॥
ਸਗਲ ਉਦਮ ਮਹਿ ਉਦਮੁ ਭਲਾ ॥
ਹਰਿ ਕਾ ਨਾਮੁ ਜਪਹੁ ਜੀਅ ਸਦਾ ॥
ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥
ਹਰਿ ਕੋ ਜਸੁ ਸੁਨਿ ਰਸਨ ਬਖਾਨੀ ॥
ਸਗਲ ਥਾਨ ਤੇ ਓਹੁ ਊਤਮ ਥਾਨੁ ॥
ਨਾਨਕ ਜਿਹ ਘਟਿ ਵਸੈ ਹਰਿ ਨਾਮੁ ॥8॥3॥ (266)
ਅਰਥ:- ਹੇ ਮਨ, ਪ੍ਰਭੂ ਦਾ ਨਾਮ ਜਪ ਅਤੇ ਪਵਿੱਤ੍ਰ ਆਚਰਣ ਬਣਾ, ਇਹ ਧਰਮ ਸਾਰੇ ਧਰਮਾਂ ਵਿਚੋਂ ਚੰਗਾ ਧਰਮ ਹੈ।
ਸਤਸੰਗ ਵਿਚ ਜੁੜ ਕੇ, ਭੈੜੀ ਮੱਤ ਰੂਪੀ ਮੈਲ ਦੂਰ ਕੀਤੀ ਜਾਵੇ, ਇਹ ਕੰਮ ਹੋਰ ਸਾਰੀਆਂ ਧਾਰਮਿਕ ਰਸਮਾਂ ਨਾਲੋਂ ਉੱਤਮ ਰਸਮ ਹੈ।
ਹੇ ਮਨ ਸਦਾ ਪ੍ਰਭੂ ਦਾ ਨਾਮ ਜਪ, ਇਹ ਉੱਦਮ, ਹੋਰ ਸਾਰੇ ਉੱਦਮਾਂ ਨਾਲੋਂ ਭਲਾ ਹੈ।
ਹੇ ਮਨ, ਪ੍ਰਭੂ ਦਾ ਜੱਸ ਸੁਣ ਕੇ ਮਨ ਨਾਲ ਉਸ ਨੂੰ ਯਾਦ ਕਰ, ਆਤਮਕ ਜੀਵਨ ਦੇਣ ਵਾਲੀ ਬਾਣੀ, ਹੋਰ ਸਾਰੀਆਂ ਬਾਣੀਆਂ ਨਾਲੋਂ ਅੰਮ੍ਰਿਤ ਮਈ, ਅਮਰ ਕਰ ਦੇਣ ਵਾਲੀ ਬਾਣੀ ਹੈ।
ਹੇ ਨਾਨਕ, ਜਿਸ ਹਿਰਦੇ ਵਿਚ ਪ੍ਰਭੂ ਦਾ ਨਾਮ ਵਸਦਾ ਹੈ , ਉਹ ਹਿਰਦਾ ਰੂਪੀ ਥਾਂ, ਹੋਰ ਸਾਰੇ ਤੀਰਥ ਸਥਾਨਾਂ ਨਾਲੋਂ ਪਵਿੱਤ੍ਰ ਥਾਂ ਹੈ॥8॥3॥
(ਚਲਦਾ) ਅਮਰ ਜੀਤ ਸਿੰਘ ਚੰਦੀ