ਵਿਚਾਰਾਂ ਦਾ ਵਿਕਾਰ ਬਣ ਜਾਣਾ
ਗੁਰਦੇਵ ਸਿੰਘ ਸੱਧੇਵਾਲੀਆ
ਵਿਚਾਰ ਤੋਂ ਵਿਕਾਰ ਬਣਿਆ ਵਿਚਾਰ ਓਸ ਬੇਹੀ ਕੜ੍ਹੀ ਵਰਗਾ ਹੈ ਜਿਹੜਾ ਢੱਕਣ ਚੁਕੇ ਤੇ ਆਲਾ- ਦੁਆਲਾ ਪ੍ਰਦੂਸ਼ਤ ਕਰ ਸੁੱਟਦਾ ਹੈ।
ਜਿਵੇਂ ਗਰਮੀ ਵਿੱਚ ਰਖੀ ਚੀਜ ਤਕਰਦੀ ਬਹੁਤ ਛੇਤੀ ਹੈ ਇਵੇਂ ਤੁਸੀਂ ਵਿਚਾਰ ਅਪਣੇ ਨੂੰ ਜਦ ਬਹੁਤੇ ਗਿਆਨਵਾਨ ਹੋਣ ਦੀ ਗਰਮੀ ਵਿਚ ਰਖਦੇ ਓਂ ਤਾਂ ਉਸ ਵਿਚਲਾ ਤਰਕਿਆ ਹੋਇਆ ਵਿਚਾਰ, ਵਿਕਾਰ ਬਣ ਜਾਂਦਾ ਅਤੇ ਅਜਿਹਾ ਵਿਕਾਰ ਸਮਾਜ ਵਿਚ ਫੈਲ ਕੇ ਉਸ ਨੂੰ ਇਨਾ ਪ੍ਰਦੂਸ਼ਿਤ ਕਰ ਸੁਟਦਾ ਕਿ ਸਾਹ ਲੈਣਾ ਔਖਾ।
ਵਿਚਾਰ ਦੀ ਪਓੜੀ ਚੜਕੇ ਬੰਦਾ ਵਿਕਾਸ ਦੀ ਮੰਜਲ ਵੰਨੀ ਵਧਦਾ ਪਰ ਹੁਣ ਵਾਲੇ ਮਨੁੱਖ ਦੇ ਹੰਕਾਰ ਨੇ ਵਿਚਾਰ ਨੂੰ ਵਿਕਾਰ ਵਿੱਚ ਬਦਲ ਕੇ ਰੱਖ ਦਿਤਾ ਅਤੇ ਉਸ ਵਿਕਾਰ ਦੀ ਕਸਵੱਟੀ ਇਹ ਬਣ ਕੇ ਰਹਿ ਗਈ ਕਿ ਉਸ ਦਾ ਗਿਆਨ ਕਿੰਨਾ ਕੁ ਤਰਕਿਆ ਹੋਇਆ ਹੈ। ਜਿੰਨਾ ਜਿਆਦਾ ਤਰਕਿਆ ਹੋਇਆ ਓਨਾ ਓਹ ਅਗਾਂਹ ਵਧੂ, ਅਜ ਦੇ ਜੁਗ ਦਾ ਹਾਣੀ, ਨਵੀ ਦੁਨੀਆਂ ਵਿਚ ਜਿਓਂ ਰਿਹਾ, ਸਭਿਅਕ ਮਨੁੱਖ, ਵਿਗਿਆਨ ਦੀਆਂ ਬਾਤਾਂ ਪਾਓਂਣ ਵਾਲਾ ਅਤੇ ਖੁਦ ਦਾ ਰੱਬ ਬਹੁਤੇ ਤਰਕੇ ਗਿਆਨ ਦੀਆਂ ਬੇਸਿਕ ਗਲਾਂ ਇਓਂ ਕੁ ਹੁੰਦੀਆਂ ਕਿ ਓਹ ਨੰਗੀਆਂ ਗੱਲਾਂ ਖੁਲ ਕੇ ਕਰ ਲੈਂਦਾ, ਓਹ ਸ਼ਰਾਬ ਵਿੱਚੋਂ ਮਸਤੀ ਲਭ ਲੈਂਦਾ ਅਤੇ ਬੀੜੀਆਂ ਦੇ ਧੂੰਏ ਵਿਚੋਂ ਸਕੂਨ, ਓਹ ਰਬ ਨੂੰ ਗਾਹਲਾਂ ਕਢ ਸਕਦਾ ਅਤੇ ਕਿਸੇ ਧਰਮ ਧੁਰਮ ਤੋਂ ਬਾਗੀ ਹੋ ਸਕਦਾ। ਉਸ ਦੇ ਤਰਕੇ ਵਿਚਾਰ ਦੀ ਬਹਾਦਰੀ ਦੇ ਇਹ ਆਮ ਜਿਹੇ ਪੈਮਾਨੇ ਨੇ ਅਤੇ ਓਹ ਜਿੰਨਾ ਇਨਾ ਤੇ ਖਰਾ ਉਤਰਦਾ ਓਨੀ ਵਾਹ ਵਾਹ ਦਾ ਹੱਕਦਾਰ ਹੈ ਯਾਣੀ ਮਹਾਨ ਮਨੁੱਖ।
ਵਿਚਾਰ ਦੇ ਨਾਂ 'ਤੇ ਪੈਦਾ ਹੋ ਚੁਕੇ "ਵਿਕਾਰ" ਨੂੰ ਓਹ "ਵਿਚਾਰਾਂ ਦੀ ਆਜ਼ਾਦੀ" ਆਖ ਉਚੀ ਸੁਰ ਕਰ ਲੈਣ ਦਾ ਹੱਕ ਰਖਦਾ ਅਤੇ ਬਾਕੀਆਂ ਨੂੰ ਕੀੜੇ ਮਕੌੜੇ ਸਮਝ ਮਖੌਲ ਉਡਾਓਣਾ ਉਸ ਦਾ ਸ਼ੁਗਲ ਅਤੇ ਇਨਾ ਸ਼ੁਗਲਾਂ ਦਾ ਨੋਟਿਸ ਲੈਣ ਵਾਲਾ ਵਿਚਾਰਾਂ ਦੀ ਅਜਾਦੀ ਉਪਰ ਹਮਲਾ ਕਰਨ ਵਾਲਾ ਅਬਦਾਲੀ।
ਨੱਚਣ ਗਾਓਂਣ ਵਾਲਿਆਂ ਨੂੰ ਸਟਾਰ ਅਤੇ ਸੁਲਫੇ ਬੀੜੀਆਂ ਫੂਕਣ ਵਾਲਿਆਂ ਨੂੰ ਸਾਂਈ ਬਣਾ ਕੇ ਪੇਸ਼ ਕਰਨ ਤਰਾਂ ਬੰਦੇ ਨੇ ਅਪਣੇ ਵਿਕਾਰਾਂ ਨੂੰ ਵਿਚਾਰਾਂ ਦਾ ਨਾਂ ਦੇ ਦਿਤਾ ਹੋਇਆ ਅਤੇ ਹੁਣ ਓਹ ਇਨਾ ਵਿਕਾਰਾਂ ਨੂੰ ਵਿਚਾਰਾਂ ਦੀ ਅਜਾਦੀ ਦਸ ਕੇ ਜੋ ਮੂੰਹ ਆਇਆ ਬੋਲੀ ਜਾ ਰਿਹਾ ਹੈ। ਨਾ ਉਸ ਨੂੰ ਅਜਾਦੀ ਦੇ ਮਾਇਨੇ ਪਤਾ ਨਾ ਵਿਚਾਰਾਂ ਦੇ।
ਬੰਦੇ ਨੇ ਜਿਵੇਂ ਸਾਰੇ ਵਿਗਾੜਾਂ ਨੂੰ ਸੁਧਰੇ ਅਤੇ ਲਿੰਬੇ ਪੋਚੇ ਨਾਮ ਦੇ ਰਖੇ ਨੇ ਉਵੇਂ ਉਸਨੇ ਅਪਣੇ "ਵਿਕਾਰਾਂ" ਨੂੰ "ਵਿਚਾਰਾਂ" ਦਾ ਨਾਮ ਦੇ ਲਿਆ ਹੈ।
ਵਿਚਾਰਵਾਨ ਹੋਣ ਦੇ ਨਾਂ 'ਤੇ ਓਹ ਇਨਾ ਅਗੇ ਵੱਧ ਜਾਂਦਾ ਕਿ ਜਿਵੇਂ ਕਹਾਵਤਾਂ ਨੇ ਕਿ ਨਾਮ ਸ਼ੇਰ ਸਿੰਘ ਡਰੀ ਕੁਤੇ ਤੋਂ ਜਾਂਦਾ, ਨਾਮ ਮਖਣ ਸਿੰਘ ਪੀਣ ਨੂੰ ਘੁੱਟ ਲਸੀ ਨਹੀਂ, ਨਾਮ ਹੀਰਾ ਸਿੰਘ ਜੇਬ ਵਿਚ ਕੌਡੀ ਨਹੀਂ... ਤਰਾਂ ਖੁਦ ਛੜਾ ਅਤੇ ਘਰ ਬਾਰ ਛਡ ਕੇ ਦੌੜਿਆ ਬੰਦਾ ਨਿਆਣੇ ਖਿਡਾਉਣੇ ਅਤੇ ਘਰ ਵਸਾਓਂਣੇ ਦਸ ਰਿਹਾ ਅਤੇ ਸਕੂਲ ਨੇੜਿਓਂ ਕੱਟਾ ਲੈ ਕੇ ਨਾ ਲੰਘਣ ਵਾਲਾ ਬਾਬੇ ਤੋਤੇ ਵਰਗਾ ਵਿਗਿਆਨ ਪੜਾ ਰਿਹਾ ਲੋਕਾਂ ਨੂੰ।
ਅਜਿਹੇ ਬੰਦਿਆਂ ਦਾ ਵਿਚਾਰ ਹੰਕਾਰ ਵਿਚੋਂ ਦੀ ਹੋ ਕੇ ਜਦ ਆਉਂਦਾ ਤਾਂ ਓਹ ਵਿਕਾਰ ਬਣਕੇ ਸਮਾਜ ਵਿਚ ਬਦਅਮਨੀ ਪੈਦਾ ਕਰਦਾ ਕਿਓਂਕਿ ਓਹ ਵਿਚਾਰ ਹੁੰਦਾ ਹੀ ਨਹੀਂ ਪਰ ਕਰਨ ਵਾਲੇ ਨੂੰ ਪਤਾ ਹੀ ਕਦ ਲਗਦਾ ਕਿ ਜੋ ਮੈਂ ਪਰੋਸ ਰਿਹਾਂ ਇਹ ਹਾਸੋਹੀਣਾ ਬਣ ਚੁਕਾ ਹੋਇਆ ਵਿਕਾਰ ਹੈ। ਮੈਂ ਓਹ ਕਹਿ ਹੁੰਦਾ ਜੋ ਮੈਂ ਜਾਣਦਾ ਨਹੀਂ ਅਤੇ ਜੋ ਮੈ ਜਾਣਦਾ ਹੁੰਨਾ ਹੰਕਾਰ ਮੈਨੂੰ ਕਹਿਣ ਨਹੀਂ ਦਿੰਦਾ ਕਿਓਂਕਿ ਅਗਾਂਹ ਵਧੂ ਹੋਣ ਵਾਲਾ ਮਹਾਨ ਮਨੁੱਖ ਖੁਸਣ ਦਾ ਖਦਸ਼ਾ ਰਹਿੰਦਾ ਜਿਹੜਾ ਕਿ ਮੈਂ ਗਵਾਓਂਣਾ ਨਹੀਂ ਚਾਹੁੰਦਾ।
ਸੁਲਫਿਆਂ ਵਾਲੇ ਮਾਨ ਨੇ ਆਪਣੇ ਵਲੋਂ ਤਾਂ ਵਿਚਾਰ ਹੀ ਦਿੱਤਾ ਸੀ, ਪਰ ਓਹ ਵਿਕਾਰ ਕਿਓਂ ਸਾਬਤ ਹੋਇਆ ਕਿਓਂਕਿ ਝੂਠ ਅਤੇ ਬੇਈਮਾਨੀ ਵਿਚੋਂ ਆ ਰਿਹਾ ਵਿਚਾਰ ਦਰਅਸਲ ਵਿਚਾਰ ਹੁੰਦਾ ਹੀ ਨਹੀਂ।
ਨਿਊਜੀਲੈਂਡ ਵਾਲਾ ਵੀ ਤਾਂ ਵਿਚਾਰ ਹੀ ਦੇ ਰਿਹਾ ਸੀ, ਪਰ ਵੱਢ ਕਿਓਂ ਹੋਇਆ?
ਰੁਲਦੇ ਨੇ ਅਪਣੀ ਤਰਫੋਂ ਤਾਂ ਵਿਚਾਰ ਹੀ ਦਿੱਤੇ ਸਨ, ਪਰ ਨਤੀਜਾ?
ਕਾਮਰੇਡ ਵੀ ਤਾਂ ਵਿਚਾਰ ਦੇਣ ਦਾ ਹੀ ਦਾਅਵਾ ਕਰਦੇ ਪਰ ਨਿੱਤ ਦੀ ਤੋਇ ਤੋਇ ਕਿਓਂ ਹੁੰਦੀ।
ਦਰਅਸਲ ਓਹ ਵਿਚਾਰ ਹੁੰਦੇ ਹੀ ਨਹੀਂ... ਬਲਕਿ ਤਰਕ ਕੇ ਵਿਕਾਰ ਬਣ ਚੁਕੇ, ਹੁੰਦੇ ਜਿਹੜੇ ਨਫਰਤ ਵਿਚੋਂ ਆਉਂਦੇ ਅਤੇ ਵਿਕਾਰਾਂ ਦੇ ਵਿਰੋਧ ਵਿੱਚ ਲੋਕ ਜਦ ਖੜੋਂਦੇ ਤਾਂ ਇਸ ਨੂੰ ਵਿਚਾਰਾਂ ਦੀ ਆਜ਼ਾਦੀ ਉਪਰ ਹਮਲਾ ਕਹਿਕੇ ਇਕ "ਵੱਡਾ ਝੂਠ: ਬੋਲਿਆ ਜਾਂਦਾ ਲੋਕਾਂ ਨਾਲ। ਨਹੀਂ?