ਕਿਸ ਕਿਸ ਦਾ ਲਿਹਾਜ਼ ਕੀਤਾ ਜਾ ਸਕਦਾ ਹੈ ? (ਭਾਗ 1)
ਮਸਲ੍ਹਾ ਬਹੁਤ ਗੰਭੀਰ ਹੈ, ਪਰ ਮੋਦੀ ਸਰਕਾਰ ਭਾਰਤ ਨੂੰ ਬਰਬਾਦ ਕਰਨ ਤੇ ਤੁੱਲੀ ਹੋਈ ਹੈ।
ਆਉ ਵਿਚਾਰ ਕਰਦੇ ਹਾਂ ਕਿ ਭਾਰਤ ਨੂੰ ਬਚਾਉਣ ਦੀ ਜ਼ਿਮੇਵਾਰੀ ਕਿਸ ਕਿਸ ਦੀ ਹੈ ਅਤੇ ਉਹ ਲੋਕ ਕਰ ਕੀ ਰਹੇ ਹਨ ?
ਸਰਕਾਰ ਬਣਾਈ ਹੀ ਇਸ ਕਰ ਕੇ ਜਾਂਦੀ ਹੈ ਕਿ ਉਹ ਦੇਸ਼ ਨੂੰ ਸੁਚੱਜੇ ਢੰਗ ਨਾਲ ਚਲਾਅ ਕੇ ਦੇਸ਼ ਦਾ ਵਿਕਾਸ ਕਰੇ ਗੀ, ਅਤੇ ਜਨਤਾ ਦੇਸ਼ ਦੇ ਵਿਕਾਸ ਲਈ ਟੈਕਸ ਦੇਵੇਗੀ। ਇਹ ਤਾਂ ਕਿਸੇ ਤਰ੍ਹਾਂ ਵੀ ਸੋਚਿਆ ਨਹੀਂ ਜਾ ਸਕਦਾ ਕਿ ਸਰਕਾਰ, ਦੇਸ਼ ਵਾਸੀਆਂ ਦੇ ਟੈਕਸ ਦੇ ਪੈਸੇ ਬਰਬਾਦ ਕਰ ਕੇ, ਦੇਸ਼ ਹੀ ਵੇਚ ਦੇਵੇਗੀ, ਪਰ ਹੋ ਅਜਿਹਾ ਹੀ ਰਿਹਾ ਹੈ। (ਜਦ ਕਿ ਨਾਅਰੇ ਲਗ ਰਹੇ ਹਨ, ‘ਮੈਂ ਦੇਸ਼ ਨਹੀਂ ਬਿਕਨੇ ਦੂੰਗਾ’
ਨੋਟ-ਬੰਦੀ ਰਾਹੀਂ ਦੇਸ਼ ਵਾਸੀਆਂ ਦੀਆਂ ਜੇਭਾਂ ਖਾਲੀ ਕਰਨ ਮਗਰੋਂ, ਸਾਮ੍ਹਣੇ ਆਇਆ ਕਾਲਾ ਧਨ ਕਿੱਥੇ ਗਿਆ ? ਯਕੀਨਨ ਪਹਿਲੀਆਂ ਸਰਕਾਰਾਂ ਵਲੋਂ ਇਕੱਠਾ ਕੀਤਾ ਕਾਲਾ ਧਨ, ਵੰਡੀਆਂ ਵਿਚ ਵੰਡਿਆ ਗਿਆ, ਅਤੇ ਮੋਦੀ ਸਰਕਾਰ ਜੰਮਦਿਆਂ ਹੀ ਕਾਲੇ ਧਨ ਨਾਲ ਮਾਲਾ ਮਾਲ ਹੋ ਗਈ, ਇਸ ਸਕੀਮ ਦਾ ਜਨਮ ਦਾਤਾ ਅਰੁਨ ਜੈਟਲੀ ਸੀ, ਜਿਸ ਨਾਲ ਦੇਸ਼ ਦੀ ਅਰਥ-ਵਿਵਸਥਾ ਦਾ ਦਿਵਾਲਾ ਨਿੱਕਲ ਗਿਆ, ਕਾਰਪੋਰੇਟਾਂ ਦੇ ਰਾਹ ਵਿਚਲੇ ਛੋਟੀਆਂ ਫੈਕਟਰੀਆਂ ਦੇ ਦਿਵਾਲੇ ਨਿਕਲ ਗਏ। ਕੁਛ ਦਰਮਿਆਨੀਆਂ ਫੈਕਟਰੀਆਂ, ਸਰਕਾਰ ਨਾਲ ਰਲ ਕੇ ਆਪਣੀ ਹੋਂਦ ਬਚਾ ਰਹੀਆਂ ਹਨ, ਕੁਛ ਨਵ-ਜੰਮੇ ਕਾਰਪੋਰੇਟਾਂ ਦੀ ਸ਼ਰਨ ਲੈ ਰਹੇ ਹਨ।
ਮੈਂ ਪੁਰਾਣੀਆਂ ਦੋ ਹੱਡ-ਬੀਤੀਆਂ ਦੱਸ ਰਿਹਾ ਹਾਂ ਸੁਣੋ,
(1) ਸਾਡੇ ਫਾਰਮ ਤੋਂ ਸੜਕ ਦੇ ਦੂਸਰੇ ਪਾਸੇ, ਸ, ਹਰਭਜਨ ਸਿੰਘ ਜੀ ਦਾ ਫਾਰਮ ਹੈ।
(ਹਰਭਜਨ ਸਿੰਘ ਜੀ ਤਾਂ 8/9 ਸਾਲ ਪਹਿਲਾਂ ਰੱਬ ਨੂੰ ਪਿਆਰੇ ਹੋ ਗਏ ਹਨ)
ਇਹ ਗੱਲ 1960 ਕਰੀਬ ਦੀ ਹੈ, ਚੋਣਾਂ ਦਾ ਸੀਜ਼ਨ ਸੀ, ਚੋਣਾਂ ਲਈ ਚੰਦਾ ਇਕੱਠਾ ਕੀਤਾ ਜਾ ਰਿਹਾ ਸੀ,(ਉਸ ਵੇਲੇ ਦੇ ਸਿਆਸੀ ਲੀਡਰ ਚੰਦੇ ਦੇ ਨਾਲ ਹੀ ਚੋਣ ਲੜਿਆ ਕਰਦੇ ਸੀ) ਸ, ਹਰਭਜਨ ਸਿੰਘ ਜੀ ਵੀ ਚੰਦਾ ਦੇਣ ਗਏ ਸੀ, ਅਤੇ ਵਾਪਸੀ ਵਿਚ ਉਨ੍ਹਾਂ ਜੋ ਲਢਜ਼ ਕਹੇ, ਉਹ ਇਵੇਂ ਸਨ, “ਮੈਂ ਅੱਜ ਤੱਕ ਏਨਾ ਪੈਸਾ ਇਕੱਠਾ ਨਹੀਂ ਵੇਖਿਆ” ਜਦ ਕਿ ਉਹ ਸਰਦੇ ਪੁੱਜਦੇ ਬੰਦੇ ਸੀ, ਉਨ੍ਹਾਂ ਦਾ ਸੰਯੁਕਤ ਫਾਰਮ 5/6 ਸੌ ਏਕੜ ਦਾ ਸੀ।
ਪਹਿਲਾਂ ਸਿਆਸੀ ਲੋਕਾਂ ਕੋਲ ਇਵੇਂ ਪੈਸੇ ਇਕੱਠੇ ਹੋਏ।
(2) ਜਦੋਂ ਬੰਦੇ ਕੋਲ ਪੈਸੇ ਇਕੱਠੇ ਹੋ ਜਾਂਦੇ ਹਨ, ਤਾਂ ਉਸ ਨੂੰ ਕਮਾਈ ਦੇ ਹੋਰ ਵੀ ਵੱਲ ਆ ਜਾਂਦੇ ਹਨ। ਸਾਡੇ ਇਲਾਕੇ ਵਿਚ ਦੋ ਲੀਡਰ ਸਨ, ਵਿਧਾਨ ਸਭਾ ਲਈ ਨਾਰਾਇਣ ਦੱਤ ਤਿਵਾੜੀ ਅਤੇ ਲੋਕ ਸਭਾ ਲਈ ਕੇ,ਸੀ, ਪੰਤ। ਦੋਵੇਂ ਪਹਾੜੀ ਇਲਾਕੇ ਦੇ ਸੀ। ਉਨ੍ਹਾਂ ਨੇ ਪਹਾੜੀਆਂ ਨੂੰ ਰੱਜ ਕੇ ਬੈਂਕਾਂ ਤੋਂ ਕਰਜ਼ਾ ਦਿਵਾਇਆ। ਪਹਾੜੀਆਂ ਨੇ ਪੈਸਾ ਵਾਪਸ ਨਹੀਂ ਦਿੱਤਾ ਤਾਂ ਬੈਂਕਾਂ ਵਾਲੇ ਉਨ੍ਹਾਂ ਨੂੰ ਤੰਗ ਕਰਨ ਲੱਗੇ, ਉਨ੍ਹਾਂ ਨੇ ਦੋਵਾਂ ਲੀਡਰਾਂ ਨੂੰ ਗੁਹਾਰ ਲਗਾਈ, ਤਾਂ ਲੀਡਰਾਂ ਨੇ ਬੈਂਕਾਂ ਵਾਲਿਆਂ ਨਾਲ ਸੌਦਾ ਕਰਵਾ ਦਿੱਤਾ ਕਿ ਜਿਸ ਦਾ ਪੰਜ ਹਜ਼ਾਰ ਹੈ, ਉਸ ਨੂੰ ਦਸ ਹਜ਼ਾਰ ਦਾ ਕਰਜ਼ਾ ਪਾਸ ਕਰਵਾ ਦਿਉ ਅਤੇ ਉਨ੍ਹਾਂ ਦਾ ਕਰਜ਼ਾ ਕੱਟ ਕੇ ਬਾਕੀ ਉਨ੍ਹਾਂ ਨੂੰ ਦੇ ਦੇਵੋ। ਇਕ ਅੱਧੀ ਵਾਰ ਹੋਰ ਇਵੇਂ ਕਰਵਾਇਆ ਅਤੇ ਫਿਰ ਉਹ ਕਰਜ਼ਾ, ਨਾ ਵਸੂਲ ਹੁੰਦਾ ਕਹਿ ਕੇ ਮੁਆਫ ਕਰ ਦਿੱਤਾ ਗਿਆ।
ਸ਼ੁਰੂ ਤੋਂ ਹੀ ਦੇਸ਼ ਦੇ ਭਲੇ ਬਾਰੇ ਸੋਚਣ ਦੀ ਥਾਂ, ਹਰ ਕਿਸੇ ਨੇ ਆਪਣਾ-ਆਪਣਾ ਦਾਅ ਲਾਉਣਾ ਸ਼ੁਰੂ ਕੀਤਾ ਹੋਇਆ ਸੀ, ਕਾਰਪੋਰੇਟ ਘਰਾਨੇ, ਪਹਿਲਾਂ ਨੇਤਿਆਂ ਨੂੰ ਚੋਣਾਂ ਵਿਚਲੇ ਚੰਦੇ ਦੇ ਬਹਾਨੇ ਪੈਸੇ ਦੇ ਕੇ ਆਪਣੇ ਹੱਕ ਵਿਚ ਕਰੀ ਰਖਦੇ ਸਨ, ਫਿਰ ਕੁਛ ਨੇਤੇ ਕਾਰਪੋਰੇਟਾਂ ਦੇ ਹੀ ਹੋ ਗਏ ਅਤੇ ਕੁਛ ਨੇਤੇ ਕਾਰਪੋਰੇਟਾਂ ਨੇ ਨਵੇਂ ਪੈਦਾ ਕਰ ਲਏ, ਕੁਛ ਨੇਤੇ ਆਪ ਹੀ ਪੂੰਜੀਪਤੀ ਹੋ ਗਏ, ਇਵੇਂ ਆਮ ਲੋਕ ਜੋ ਨੇਤੇ ਚੁਣਦੇ ਸੀ, ਉਹ ਖਤਮ ਹੋ ਗਏ, ਚੰਦੇ ਦਾ ਸਿਸਟਮ ਖਤਮ ਹੋ ਗਿਆ, ਚੋਣਾਂ ਏਨੀਆਂ ਮਹਿੰਗੀਆਂ ਹੋ ਗਈਆਂ ਕੇ ਜੋ ਲੋਕ ਇਸ ਪਿੜ ਵਿਚ ਸੀ, ਓਹੀ ਚੋਣ ਲੜਨ ਜੋਗੇ ਰਹਿ ਗਏ, ਨਵੇਂ ਬੰਦੇ ਦਾ ਚੋਣ ਲੜਨਾ ਅਸੰਭਵ ਹੋ ਗਿਆ ਅਤੇ ਨੇਤੇ ਤੇ ਕਾਰਪੋਰੇਟ ਇਕ-ਮਿਕ ਹੋ ਗਏ। ਜਿਸ ਆਸਰੇ ਸਾਡਾ ਅੱਜ ਦਾ ਲੋਕ-ਤੰਤ੍ਰ ਬਣਿਆ।
ਇਸ ਹਿਸਾਬ ਨਾਲ ਭਾਰਤ ਵਿਚ ਕੋਈ ਇਕ/ਦੋ ਪਾਰਟੀਆਂ, ਜਿਨ੍ਹਾਂ ਦਾ ਇਕ ਇਕ ਸੂਬੇ ਵਿਚ ਰਾਜ ਹੈ, ਉਹ ਭਾਵੇਂ ਦੇਸ਼ ਨੂੰ ਬਚਾਉਣ ਦਾ ਸੋਚ ਸਕਣ, ਪੁਰਾਣੀਆਂ ਪਾਰਟੀਆਂ ਵਿਚੋਂ ਕੋਈ ਅਜਿਹੀ ਨਹੀਂ ਹੈ, ਜੋ ਵਿਕਦੇ ਦੇਸ਼ ਨੂੰ ਬਚਾਅ ਸਕੇ। ਇਹ ਹੈ ਚੁਣੀ ਹੋਈ ਸਰਕਾਰ ਦਾ ਹਾਲ। ਜਾਂ ਚੁਣੀਆਂ ਜਾਣ ਵਾਲੀਆਂ ਸਰਕਾਰਾਂ ਦਾ ਹਾਲ।
ਅਮਰ ਜੀਤ ਸਿੰਘ ਚੰਦੀ, (ਚਲਦਾ)