ਇਸ ਘਰ ਕੋ ਅਗ ਲਗੀ ਘਰ ਕੇ ਹੀ ਚਿਰਾਗ ਸੇ
ਗੁਰਦੇਵ ਸਿੰਘ ਸੱਧੇਵਾਲੀਆ
ਚਵਾਤੀਆਂ ਦੀ ਕੀ ਔਕਾਤ ਸੀ ਮੇਰਾ ਘਰ ਫੂਕ ਦਿੰਦੀਆਂ! ਚੰਗਾੜਿਆਂ ਦੀ ਕੀ ਪਾਇਆ ਸੀ ਮੇਰੇ ਘਰ ਵੰਨੀ ਅੱਖ ਭਰ ਵੀ ਦੇਖ ਜਾਂਦੇ! ਮੇਰਾ ਘਰ ਲੂਹਣ ਲਈ ਤਾਂ ਮੇਰੇ ਅਪਣੇ ਹੀ ਚਿਰਾਗ ਨਿਕਲੇ। ਪੰਡੀਏ ਕਿਆਂ ਦੀਆਂ ਫੌਜਾਂ ਦੇ ਡੌਲਿਆਂ ਵਿੱਚ ਦੰਮ ਕਾਹਨੂੰ ਸੀ ਕਿ ਮੇਰੀਆਂ ਮੌਰਾਂ ਲਾ ਜਾਂਦੇ, ਢਾਹਿਆ ਤਾਂ ਮੈਨੂੰ ਮੇਰੇ ਖੁਦ ਦਿਆਂ ਹੀ।
ਮੈਂ ਖੈਬਰਾਂ ਤੀਕ ਧਮਕਾਂ ਪਾਓਂਣ ਵਾਲੇ ਸ੍ਰ. ਹਰੀ ਸਿੰਘ ਨਲੂਆ ਬਾਰੇ ਦੱਸਣ ਲਗਦਾਂ ਦੁਸ਼ਮਣ ਮੇਰਾ ਸੁੱਖਾ ਅਮਲੀ ਕੱਢ ਕੇ ਮੂਹਰੇ ਰੱਖ ਧਰਦਾ।
ਮੈਂ ਸ੍ਰ. ਜਸਾ ਸਿੰਘ ਆਹਲੂਵਾਲੀਆ ਦੀ ਗਲ ਕਰਨ ਲਗਦਾਂ ਓਹ ਖੁਰਕ ਖਾਧਾ ਕੈਪਟਨ ਮੇਰੇ ਮੂਹਰੇ ਧਰ ਦਿੰਦੇ।
ਮੈਂ ਅਪਣੇ ਨਿਆਣਿਂਆ ਨੂੰ ਜੋਧੇ ਅਕਾਲੀ ਫੂਲਾ ਸਿੰਘ ਦੀ ਗਾਥਾ ਸੁਣਾਉਂਣ ਤੁਰਦਾਂ ਓਹ ਗਲੀਆਂ ਸੜੀਆਂ ਲਾਸ਼ਾਂ ਯਾਣੀ ਹੁਣ ਵਾਲੇ 'ਜਥੇਦਾਰ' ਮੇਰੇ ਮੂਹਰੇ ਲਿਆ ਰਖਦੇ।
ਮੈਂ ਮਾਣ ਕਰਨ ਲਗਦਾਂ ਕਿ ਮੇਰੇ ਪੁਰਖਿਆਂ ਦੀ ਤਲਵਾਰ ਦਾ ਲੋਹਾ ਦੁਸ਼ਮਣ ਯਾਣੀ ਕਾਜੀ ਨੂਰ ਮੁਹੰਮਦ ਵਰਗੇ ਵੀ ਮੰਨ ਗਏ ਓਹ ਮੇਰੇ ਅਗੇ ਮੇਰੇ ਤਖਤ ਦੀਆਂ ਲਾਸ਼ਾਂ ਮੂਹਰੇ ਕਰ ਦਿੰਦੇ ਜਿੰਨਾ ਦੀਆਂ ਤਲਵਾਰਾਂ ਦੇ ਹੁੰਦਿਆਂ ਓਨਾ ਦੇ ਗੁਰੂ ਘਰ ਵਿਚ ਅਗਲੇ ਬੀੜੀ ਦਾ ਧੂੰਆਂ ਮਾਰ ਕੇ ਔਹ ਗਏ ਯਾਣੀ ਪੂਰੀ ਕੌਮ ਦੇ ਮੂੰਹ ਤੇ ਥੁਕ ਕੇ ਅਤੇ ਲਾਸ਼ਾਂ ਦੇਖਦੀਆਂ ਰਹਿ ਗਈਆਂ।
ਕਿਸੇ ਟਿੱਪਣੀ ਕੀਤੀ ਸੀ ਕਿ ਸਾਹਵੇਂ ਲਿਸ਼ਕਦੀਆਂ ਕਿਰਪਾਨਾਂ ਦਿਖਾਓਂਣ ਨੂੰ ਰੱਖੀਆਂ ਚੱਕ ਕੇ ਬਾਹਰ ਮਾਰੋ ਜੇ ਇਓਂ ਈ ਗੁਰਦੁਆਰੇ ਬੈਠ ਕੇ ਬੀੜੀਆਂ ਦੇ ਧੂੰਏ ਖਾਣੇ।
ਮੈਂ ਸੋਚਿਆ ਇਹ ਚਿਰਾਗ ਚਾਨਣ ਦੇਣ ਲਈ ਨੇ, ਪਰ ਓਹ ਚਿਰਾਗ ਬਾਦਲਾਂ ਦੀਆਂ ਰੈਲੀਆਂ ਤੋਂ ਮੁੜਦੇ ਭੁਜੀਆ ਅਤੇ ਸ਼ਰਾਬਾਂ ਚੁੱਕੀ ਫਿਰ ਰਹੇ ਸਨ ਗਡੀਆਂ ਵਿੱਚ।
ਪੂਰੀ ਕੌਮ ਸ਼ਰਮਸਾਰ ਹੋਈ ਜੱਦ ਮੁੰਡੇ ਕਹਿ ਰਹੇ ਸਨ ਆਹਾ ਜਥੇਦਾਰ, ਆਹਾ ਦਾਹੜੀਆਂ ਵਾਲੇ, ਆਹਾ ਗਾਤਰਿਆਂ ਵਾਲੇ। ਮੁੰਡੇ ਠੀਕ ਹੀ ਤਾਂ ਕਹਿ ਰਹੇ ਸਨ ਕਿ ਇਨ੍ਹਾਂ ਚਿਰਾਗਾਂ ਕਰਕੇ ਅਸੀਂ ਸੜਕਾਂ 'ਤੇ ਸੜ ਰਹੇ ਹਾਂ ਤੇ ਇਹ ਠੰਢੀਆਂ ਹਵਾਵਾਂ ਵਿੱਚ ਬੈਠੇ ਸਾਡਾ ਤਮਾਸ਼ਾ ਦੇਖ ਰਹੇ ਸਨ।
ਯਾਦ ਰਹੇ ਦਸਤਾਰ ਓਦੋਂ ਤਕ ਦਸਤਾਰ ਜਦ ਤੱਕ ਸਿਰ 'ਤੇ ਬੱਧੀ ਵਾਲੇ ਨੇ ਉਸ ਦਾ ਮਾਣ ਰਖਿਆ ਹੋਵੇ ਜਦ ਦਸਤਾਰ ਦਾ ਮਾਣ ਟੁੱਟਦਾ ਹੈ ਤਾਂ ਦੋ ਗਜ ਸਾਫੇ ਤੋਂ ਸਿਵਾਏ ਕੱਖ ਨਹੀਂ ਰਹਿ ਜਾਂਦੀ ਦਸਤਾਰ।
ਇਹ ਗਲ ਢੁਕਵੀਂ ਸੀ ਕਿ ਇਨਾ ਸਾਫਿਆਂ ਨਾਲ ਹੀ ਬੰਨ ਕੇ ਇਨਾ ਨੂੰ ਗੱਡੀਆਂ ਮਗਰ ਬੰਨ ਕੇ ਧੂਹਿਆ ਜਾਂਦਾ।
ਇਨਾਂ ਚਿਰਾਗਾਂ ਮੇਰਾ ਘਰ ਲੂਹ ਸੁਟਿਆ ਹੈ ਜਦ ਕੇ ਮੈਂ ਜਗਾਏ ਤਾਂ ਚਾਨਣ ਦੇਣ ਲਈ ਸਨ। ਇਸ ਤੋਂ ਪਹਿਲਾਂ ਕੇ ਇਹ ਮੇਰੇ ਬਚਦੇ ਤਖਤੇ ਅਤੇ ਚੁਗਾਠਾਂ ਵੀ ਫੂਕ ਸੁੱਟਣ ਬੁਝਾ ਦਿਓ ਇਨਾ ਨੂੰ ਜੇ ਬੁੱਝਦੇ ਨਹੀ ਤਾਂ ਕੌਮ ਮੇਰੀ ਅਪਣੀ ਮਿਟਦੀ ਹਸਤੀ ਦੀ ਰਾਖ ਦਾ ਤਮਾਸ਼ਾ ਦੇਖਣ ਲਈ ਬਰਤਿਆਰ ਰਹੇ। ਨਹੀਂ?