ਸਿੱਖਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਨੂੰ IAS, IPS, IFS ਵਿੱਚ ਭੇਜਣ ਲਈ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਸਨ
ਸਰਬਜੀਤ ਸਿੰਘ ਐਡਵੋਕੇਟ, ਨਵੀਂ ਦਿੱਲੀ
ਸਿੱਖ ਅਖਵਾਉਣ ਵਾਲੇ ‘ਲੀਡਰ’ ਅਤੇ ਉਨ੍ਹਾਂ ਦੇ ਸਮਰਥਕ, ਕੁਝ ਕੁ ਗੁਰਦੁਆਰਿਆਂ ਅਤੇ ਸਕੂਲ-ਕਾਲਜਾਂ ਦਾ ਪ੍ਰਬੰਧ ਕਰਨ ਵਾਲੀ ਕਮੇਟੀ ’ਤੇ ਕਾਬਿਜ ਹੋਣ ਲਈ, ਦੇਸ਼/ਰਾਜਧਾਨੀ ਦੀ ਸੱਤਾ ’ਤੇ ਕਾਬਿਜ ਸਿੱਖੀ ਤੋਂ ਖਾਰ ਖਾਂਦੀਆਂ ਤਾਕਤਾਂ ਅਧੀਨ ਚੱਲ ਰਹੀਆਂ ਸਰਕਾਰਾਂ ਅਤੇ ਉਨ੍ਹਾਂ ਸਰਕਾਰਾਂ ਦੇ ਸਰਕਾਰੀ ਨੌਕਰਾਂ ਰਾਹੀਂ ਤੋੜ-ਮਰੋੜ ਵਾਲੇ (Manipulated) ਨਤੀਜੇ ਪ੍ਰਦਾਨ ਕਰਨ ਵਾਲੀਆਂ ਕਥਿਤ ‘ਆਮ ਚੋਣਾਂ’ ਵਿਚ ਕਈ ਮਹੀਨਿਆਂ ਤੋਂ ਆਪਣੀ ਸਾਰੀ ਊਰਜਾ ਅਤੇ ਲੱਖਾਂ-ਕਰੋੜਾਂ ਰੁਪਏ ਖਚਿੱਤ ਕਰ ਰਹੇ ਹਨ ਜਦਕਿ ‘ਬਿਹਾਰੀ’ ਕਹਿ ਕੇ ਦੁਰਕਾਰੇ ਜਾਂਦੇ ਤਬਕੇ ਦੇ ਲੋਕ, ਆਪਣੀ ਮਿਹਨਤ ਅਤੇ ਸਖਤ ਇੱਛਾ-ਸ਼ਕਤੀ ਨਾਲ ਚੰਗੀ ਪੜ੍ਹਾਈ ਕਰਨ ਉਪਰੰਤ ਸਿਵਿਲ ਸਰਵਿਸਜ਼ ਸੇਵਾਵਾਂ (UPSC) ਵਿਚ ਅਵੱਲ ਦਰਜੇ ਪ੍ਰਾਪਤ ਕਰਕੇ ਸਮੁੱਚੇ ਦੇਸ਼ ਦੇ ਪ੍ਰਬੰਧ ’ਤੇ ਕਾਬਿਜ ਹੋ ਰਹੇ ਹਨ, ਜਿਸ ਕਾਰਨ ਸਾਲ 2020 ਦੇ ਯੂ.ਪੀ.ਐਸ.ਸੀ. ਇਮਤਿਹਾਨ ਦੇ ਕੱਲ ਜਾਰੀ ਨਤੀਜਿਆਂ ਵਿਚ ਨੰਬਰ 1 ’ਤੇ ਆਉਣ ਵਾਲੇ ਉਮੀਦਵਾਰ ਸਮੇਤ, 10 ਅਵੱਲ ਉਮੀਦਵਾਰਾਂ ਵਿੱਚੋਂ 3 ਬਿਹਾਰੀ ਹਨ (ਅਵੱਲ ਆਏ ਪਹਿਲੇ 20-25 ਨਾਵਾਂ ਵਿਚ ਇਕ ਵੀ ਨਾਮ ਕਿਸੇ ਸਿੱਖ ਉਮੀਦਵਾਰ ਦਾ ਨਹੀਂ)।
IAS, IPS, IFS ਅਤੇ ਇਸ ਕਿਸਮ ਦੀਆਂ ਹੋਰਨਾਂ ਸਰਕਾਰੀ ਸੇਵਾਵਾਂ ਵਿਚ ਪ੍ਰਸ਼ਾਸਨਿਕ ਅਹੁਦਿਆਂ ’ਤੇ ਬਿਰਾਜਮਾਨ ਹੋਣ ਉਪਰੰਤ, ਇਨ੍ਹਾਂ ਲੋਕਾਂ ਵੱਲੋਂ ਚੁੱਕੇ ਗਏ ਕਦਮ ਹੀ ਜਨਤਾ, ਖਾਸਕਰ ਸਿੱਖਾਂ ਵਰਗੇ ਅਤਿ-ਪੱਖਪਾਤ ਦੇ ਸ਼ਿਕਾਰ ਵਰਗਾਂ, ਪ੍ਰਤੀ ਸਰਕਾਰੀ ਤਾਕਤਾਂ ਅਤੇ ਨੀਤੀਆਂ ਦਾ ਫੈਸਲਾ ਕਰਦੇ ਹਨ (ਜਿਸਦੀ ਇਕ ਛੋਟੀ ਜਿਹੀ ਮਿਸਾਲ ਪਿਛਲੇ ਦਿਨੀਂ ਹਰਿਆਣਾ ਵਿਚ ਇਕ ਐਸ.ਡੀ.ਐਮ., ਜੋ ਇਸੇ ਤਰ੍ਹਾਂ ਦੇ ਇਮਤਿਹਾਨ ਰਾਹੀਂ ਪ੍ਰਾਪਤ ਕੀਤਾ ਗਿਆ ਅਹੁਦਾ ਹੈ, ਵੱਲੋਂ ਕਿਸਾਨਾਂ ਦੇ ਸਿਰ ਫਾੜ ਦੇਣ ਦਾ ਆਦੇਸ਼ ਦੇਣ ਵਾਲੇ ਵੀਡੀਓ ਤੋਂ ਜਾਹਿਰ ਹੋਈ ਸੀ)।
ਇਸ ਲਈ ਸਿੱਖਾਂ ਵਰਗੀ ਘੱਟ-ਗਿਣਤੀ ਕੌਮ ਦੀ ਧਾਰਮਕ ਲੀਡਰਸ਼ਿਪ ਨੂੰ, ਸਿੱਖਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਜਿਹੀਆਂ ਸੇਵਾਵਾਂ ਵਿਚ ਭੇਜਣ ਲਈ ਕਈ ਦਹਾਕੇ ਪਹਿਲਾਂ ਹੀ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਸਨ। ਪਰ ਜਿਹੜੇ ਪਗੜੀਧਾਰੀ ਲੋਕ ਅੱਜ ਵੀ ਫਿਰਕੂ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਤਲਵੇ ਚੱਟ ਕੇ, ਗੁਰਦੁਆਰਾ ਕਮੇਟੀਆਂ ’ਤੇ ਕਾਬਿਜ ਹੋ ਜਾਣ ਨੂੰ ਹੀ ਆਪਣੀ ਜਿੰਦਗੀ ਦਾ ਇਕ-ਮਾਤਰ ਮਕਸਦ ਬਣਾਈ ਬੈਠੇ ਹਨ ਅਤੇ ਉਸ ਤੋਂ ਵੱਧ ਨਾ ਤਾਂ ਉਨਾਂ ਦੀ ਕੋਈ ਸੋਚ ਹੈ, ਨਾ ਇੱਛਾ-ਸ਼ਕਤੀ, ਉਨ੍ਹਾਂ ਨੇ ਆਪਣੇ ਸਿਆਸੀ ਆਕਾਵਾਂ ਨੂੰ ਨਰਾਜ ਕਰਨ ਵਾਲੇ ਅਜਿਹੇ ਕਦਮ ਕਿਉਂ ਚੁੱਕਣੇ ਹਨ? ਵਿਚਾਰਨਾ ਤਾਂ ਉਨ੍ਹਾਂ ‘ਬੁੱਧੀਜੀਵੀ’ ਸਿੱਖਾਂ ਨੂੰ ਚਾਹੀਦਾ ਹੈ, ਜਿਹੜੇ ਖੁਦ ਬਾਰੇ ਕਿਸੇ ਵੀ ਸਿਆਸੀ ਪਾਰਟੀ / ਆਗੂ ਦੇ ਪਿਛਲੱਗੂ ਨਾ ਹੋਣ ਦਾ ਦਾਅਵਾ ਕਰਦੇ ਹਨ, ਪਰ ਕੌਮ ਨੂੰ ਅਜਿਹੇ ਅਹਿਮ ਮੁੱਦਿਆਂ ਬਾਰੇ ਸੁਚੇਤ ਕਰਨ ਦੀ ਬਜਾਏ, ਖੁਦ ਵੀ ਗੁਰਦੁਆਰਾ ਕਮੇਟੀ ਦੀਆਂ ਸਰਕਾਰੀ ਚੋਣਾਂ ਦੇ ਸਰਕਾਰੀ ਨਤੀਜਿਆਂ ਦੇ ਜੋੜ-ਤੋੜ / ਲਿਖਤੀ ਇਮਤਿਹਾਨ / ਲਾਟਰੀ ਆਦਿਕ ਦਾਅ-ਪੇਚਾਂ ਦੀ ਖੇਡ ਵਿਚ ਹੀ ਉਲਝ ਕੇ ਰਹਿ ਗਏ ਹਨ।
…………………
ਟਿੱਪਣੀ :- ਵੀਰ ਜੀ, ਤੁਸੀਂ ਤਾਂ ਆਪ ਹੀ ਬਹੁਤ ਕੁਝ ਕਹਿ ਗਏ ਹੋ, ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ, ਸਿੱਖਾਂ ਦੇ ਦਸਵੰਧ ਦਾ ਪੈਸਾ, ਜੋ ਗਰੀਬ ਸਿੱਖਾਂ ਦੀ ਭਲਾਈ ਤੇ ਲੱਗਣਾ ਸੀ, ਉਸ ਵਿਚੋਂ ਖਰਬਾਂ ਰੁਪਏ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਪਟਨਾ ਕਮੇਟੀ, ਹਜ਼ੂਰ ਸਾਹਿਬ ਕਮੇਟੀ, ਨਾਨਕ ਮਤਾ ਕਮੇਟੀ, ਹੇਮ-ਕੁੰਡ ਕਮੇਟੀ, ਹਜ਼ਾਰਾਂ ਸੰਤ ਸਮਾਜ ਡੇਰੇ, ਹਜ਼ਾਰਾਂ ਕਾਰ ਸੇਵਾ ਡੇਰੇ, ਲੱਖਾਂ ਸਿੰਘ ਸਭਾਵਾਂ, ਦੇ ਵਿਖਾਵੇ ਦੀ ਭੇਂਟ ਚੜ੍ਹ ਚੜ੍ਹ ਜਾਂਦਾ ਹੈ। ਬਚਿਆ ਸਿਆਸਤ ਰਾਹੀਂ ਬਾਦਲ ਦੀ ਟੋਲੀ ਅਤੇ ਕੈਪਟਨ ਦੀ ਟੋਲੀ ਖਾ ਜਾਂਦੀਆਂ ਹਨ। ਤੁਸੀਂ ਦੱਸ ਸਕਦੇ ਹੋ ਕਿ ਇਨ੍ਹਾਂ ਸਾਰੀਆਂ ਵਿਚੋਂ ਕੋਈ ਇਕ ਵੀ ਹੈ, ਜੋ ਸਿੱਖੀ ਦਾ ਭਲਾ ਲੋਚਦਾ ਹੋਵੇ। ਤੁਹਾਡੇ ਦੱਸੇ ਕੰਮ ਪੈਸੇ ਨਾਲ ਹੀ ਹੋਣੇ ਹਨ, ਕੋਈ ਅਜਿਹੀ ਸੰਸਥਾ ਜੋ ਇਕ ਕੋਚਿੰਗ ਅਕੈਡਮੀ ਬਣਾ ਕੇ ਪ੍ਰਸ਼ਾਸਨਿਕ ਸੇਵਾਵਾਂ ਲਈ 200 ਕਰੀਬ ਮੁੰਡੇ ਕੁੜੀਆਂ ਤਿਆਰ ਕਰਨ, ਜਿਨ੍ਹਾਂ ਦਾ ਸਾਰਾ ਖਰਚਾ ਰਹਾਇਸ਼ ਤੋਂ ਪੜਾਈ ਤੱਕ ਦਾ, ਸਿੱਖਾਂ ਦੇ ਦਸਵੱਧ ਨਾਲ ਚੱਲੇ, ਪਰ ਇਸ ਬਾਰੇ ਕੌਣ ਸੋਚੇ ? ਜਿਹੜੇ ਕੁਝ ਪੜ੍ਹੇ ਲਿਖੇ ਹੁੰਦੇ ਹਨ ਉਨ੍ਹਾਂ ਨੂੰ ਸਰਕਾਰੀ ਯੂਨੀਵਰਸਿਟੀਆਂ ਚੁਗ ਲੈਂਦੀਆਂ ਹਨ, ਉਨ੍ਹਾਂ ਨੂੰ ਸਰਕਾਰੀ ਲੋੜ ਅਨੁਸਾਰ ਅਤੇ ਸਿੱਖੀ ਦੇ ਨੁਕਸਾਨ ਲਈ ਵਰਤਿਆ ਜਾਂਦਾ ਹੈ।
ਮੈਂ ਸ਼ਾਇਦ ਇਹ ਨਾ ਲਿਖਦਾ, ਜੇ ਤੁਸੀਂ ਉਨ੍ਹਾਂ ਲੋਕਾਂ ਨੂੰ ਨਾ ਵੰਗਾਰਿਆ ਹੁੰਦਾ, ਜਿਹੜੇ ਖੁਦ ਬਾਰੇ ਕਿਸੇ ਵੀ ਸਿਆਸੀ ਪਾਰਟੀ / ਆਗੂ ਦੇ ਪਿਛਲੱਗੂ ਨਾ ਹੋਣ ਦਾ ਦਾਅਵਾ ਕਰਦੇ ਹਨ, ਪਰ ਕੌਮ ਨੂੰ ਅਜਿਹੇ ਅਹਿਮ ਮੁੱਦਿਆਂ ਬਾਰੇ ਸੁਚੇਤ ਕਰਨ ਦੀ ਥਾਂ ਆਪ ਹੀ ਦਾਅ ਪੇਚਾਂ ਦੀ ਖੇਡ ਵਿਚ ਉਲਝ ਕੇ ਰਹਿ ਗਏ ਹਨ।
ਵੀਰ ਜੀ ਮੈਂ 12/13 ਸਾਲਾਂ ਦਾ ਆਪਣੀ ਵੈਬਸਾਇਟ ਚਲਾ ਰਿਹਾ ਹਾਂ, ਜਿਸ ਵਿਚ ਵੈਬਸਾਇਟ ਦੇ ਸਾਰੇ ਖਰਚੇ, ਕੰਪਿਊਟਰ ਦੇ ਸਾਰੇ ਖਰਚੇ ਆਪਣੀ ਜੇਭ ਵਿਚੋਂ ਚਲਾ ਰਿਹਾ ਹਾਂ, ਇਸ ਦਾ ਸਾਰਾ ਕੰਮ ਵੀ ਆਪ ਹੀ ਕਰਦਾ ਹਾਂ, ਇਕ ਦੋਸਤ ਤੋਂ ਇਲਾਵਾ, ਕਿਸੇ ਤੋਂ ਇਕ ਪੈਸਾ ਵੀ ਨਹੀਂ ਲਿਆ, (ਜੇ ਲਿਆ ਹੋਵੇ ਤਾਂ ਉਹ ਪਬਲਿਕ ਵਿਚ ਜ਼ਾਹਰ ਕਰ ਦੇਵੇ)
ਗੁਰਬਾਣੀ ਦੀ ਸਰਲ ਵਿਆਖਿਆ, ਪੰਥਿਕ ਮਸਲ੍ਹੇ, ਦੁਨੀਆ ਦੀਆਂ ਖਬਰਾਂ ਉਸ ਵਿਚ ਹੁੰਦੀਆਂ ਹਨ। ਕਿਸੇ ਗੁਰਦਵਾਰੇ ਦਾ ਪ੍ਰਧਾਨ/ਸੈਕਟਰੀ ਨਹੀਂ ਹਾਂ, ਕਿਸੇ ਸਿਆਸੀ ਪਾਰਟੀ ਵਿਚ ਨਹੀਂ ਹਾਂ। ਮੈਂ ਉਮੀਦ ਕਰਦਾ ਹਾਂ ਕਿ ਹੁਣ ਤੁਸੀਂ ਮੈਨੂੰ ਦੱਸੋਂਗੇ ਕਿ ਸੇਵਾ ਏਵੇਂ ਨਹੀਂ ਏਵੇਂ ਕਰੀਦੀ ਹੈ ?
ਬਹੁਤ ਧੰਨਵਾਦੀ ਹੋਵਾਂਗਾ।
ਅਮਰ ਜੀਤ ਸਿੰਘ ਚੰਦੀ
Email:- < chandiajsingh@gmail.com >