ਖੇਲਾ 2 ਮਿੰਟ ਦਾ, ਗੁੰਡਿਆਂ ਦੀਆਂ ਕਾਰਾਂ ਅਤੇ ਕਿਰਤੀ ਲੋਕਾਂ ਵਿਚਾਲੇ ਆ ਗਈ ਰੱਬ ਦੀ ਬੱਸ
(ਭਾਗ 1)
ਗੱਲ ਸ਼ੁਰੂ 2 ਮਿੰਟ ਦੇ ਖੇਲਾ ਤੋਂ ਹੀ ਹੁੰਦੀ ਹੈ: ਅਜੈ ਮਿਸਰਾ (ਕੇਂਦਰੀ ਹੋਮ (ਰਾਜ) ਮੰਤ੍ਰੀ) ਨੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਇਹ ਲੋਕ (ਕਿਸਾਨ) ਨਹੀਂ ਜਾਣਦੇ ਕਿ ਮੰਤ੍ਰੀ ਬਣਨ ਤੋਂ ਪਹਿਲਾਂ ਮੈਂ ਕੀ ਸੀ? ਇਹ ਲੋਕ ਸੁੱਧਰ ਜਾਣ, ਨਹੀਂ ਤਾਂ ਇਨ੍ਹਾਂ ਨੂੰ ਸੁਧਾਰਨਾ, ਮੇਰਾ ਦੋ ਮਿੰਟ ਦਾ ਕੰਮ ਹੈ।
ਉਸ ਵੇਲੇ ਤੱਕ ਲੋਕੀਂ ਨਹੀਂ ਜਾਣਦੇ ਸੀ ਕਿ ਮੰਤ੍ਰੀ ਬਣਨ ਤੋਂ ਪਹਿਲਾਂ ਉਹ ਕੀ ਸੀ, ਉਹ ਤਾਂ ਭਲਾ ਹੋਵੇ ਅੱਜ ਦੀ ‘ਤਕਨਾਲਿਜੀ’ ਦਾ, ਜਿਸ ਨੇ ਕੁਝ ਚਿਰ ਵਿਚ ਹੀ ਨੰਗਾ ਕਰ ਦਿੱਤਾ ਕਿ ਉਹ ਵੀ ਅੱਜ ਦੇ 40% ਵਿਧਾਨ ਸਭਾ ਅਤੇ ਰਾਜ ਸਭਾ ਮੈਂਬਰਾਂ ਵਾਙ, ਇਕ ਹਿਸਟਰੀ ਸ਼ੀਟਰ, ਯਾਨੀ ਕਿ ਗੁੰਡਾ ਹੈ। ਤਾਂ ਫਿਰ ਇਹ ਸਮਝਦਿਆਂ ਦੇਰ ਨਾ ਲੱਗੀ ਕਿ ਇਹ ਵੀ ਗੁੰਡਿਆਂ ਦੇ ਰਿਜ਼ਰਵ ਕੋਟੇ ਵਿਚਲਾ ਮੰਤਰੀ ਹੈ। ਅਤੇ ਕਿਸਾਨਾਂ ਨੂੰ ਉਸ ਤੋਂ ਡਰਨਾ ਚਾਹੀਦਾ ਹੈ। ਪਰ ਸਮਾ ਬੜਾ ਬਲਵਾਨ ਹੁੰਦਾ ਹੈ, ਇਸ ਤੋਂ ਪਹਿਲਾਂ ਕਿ ਮੈਂ ਕਿਸਾਨਾਂ ਨੂੰ ਇਸ ਬਾਰੇ ਸਮਝਾਉਂਦਾ, ਇਹ ਦੋ ਮਿੰਟ ਦਾ ਖੇਲਾ ਹੋ ਗਿਆ।
ਗੁੰਡਿਆਂ ਦਾ ਖੇਲਾ !
ਬੜੀ ਸੋਚ ਸਮਝ ਨਾਲ ਚਾਰੇ ਪਾਸੇ ਵਿਚਾਰ ਕੇ, ਗੁੰਡਿਆਂ ਨੇ ਖੇਲੇ ਦੇ ਸਾਰੇ ਰੂਲ-ਰੈਗੂਲੇਸ਼ਨ ਮਿੱਥ ਲਏ। ਖੇਲੇ ਦਾ ਕੈਪਟਨ ਮੰਤ੍ਰੀ ਜੀ ਦਾ ਸਪੁੱਤ੍ਰ ਬਣਿਆ, ਤਿੰਨ ਗੱਡੀਆਂ ਅਤੇ ਹਥਿਆਰ ਲੈ ਕੇ ਕਿਸਾਨਾਂ ਤੇ ਹੱਲਾ ਬੋਲ ਦਿੱਤਾ। ਪਹਿਲੀ ਸੂਹ ਇਹ ਮਿਲੀ ਕਿ ਕਿਸਾਨ ਅਜੇ ਵੇਹਲੇ ਨਹੀਂ ਹੋਏ, ਹੱਲਾ ਕੁਝ ਸਮੇ ਲਈ ਟਾਲ ਦਿੱਤਾ।
ਫਿਰ ਸੂਹ ਮਿਲੀ ਕਿ ਕਿਸਾਨ ਸੜਕ ਤੱਕ ਪਹੁੰਚ ਗਏ ਹਨ, ਪੰਜ ਮਿੰਟ ਦਾ ਤਾਂ ਸਫਰ ਸੀ, ਪੂਰੀ ਤਿਆਰੀ ਨਾਲ ਕਿਸਾਨਾਂ ਤੇ ਹੱਲਾ ਬੋਲ ਦਿੱਤਾ। ਸੜਕ ਦੇ ਕਿਨਾਰੇ ਜਾਂਦੇ ਕਿਸਾਨਾਂ ਤੇ ਪਿਛਿਉਂ ਗੱਡੀਆਂ ਚੜ੍ਹਾ ਦਿੱਤੀਆਂ, ਨਿਸ਼ਾਨਾ ਤੇਜਿੰਦਰ ਸਿੰਘ ਵਿਰਕ ਸੀ, ਪਰ ਉਹ ਇਕੱਲਾ ਤਾਂ ਸੀ ਨਹੀਂ, ਉਸ ਦੇ ਨਾਲ ਦੇ ਪੰਜ (ਇਕ ਮੀਡੀਆ ਕਰਮੀ ਸਮੇਤ) ਸ਼ਹੀਦ ਕਰ ਦਿੱਤੇ ਗਏ। ਜਦ ਦੁਨਿਆਵੀ ਅਦਾਲਤਾਂ, ਗੁੰਡਿਆਂ ਦੇ ਹੱਕ ਵਿਚ ਭੁਗਤਦੀਆਂ ਹਨ ਤਾਂ, ਕਿਸਾਨਾਂ ਦਾ ਮਾਲਕ ਵੀ ਕਿਸਾਨਾਂ ਦੇ ਹੱਕ ਵਿਚ ਭੁਗਤਦਾ ਹੈ, ਉਸ ਨੇ ਵੀ ਆਪਣਾ, ਦੋ ਮਿੰਟ ਦਾ ਖੇਲਾ ਕਰ ਦਿੱਤਾ।
ਕਿਸਾਨਾਂ ਦੇ ਮਾਲਕ (ਰੱਬ) ਦਾ ਖੇਲਾ !
ਨਿਸ਼ਾਨਾ ਤੇਜਿੰਦਰ ਸਿੰਘ ਵਿਰਕ ਸੀ, ਜੋ ਸਭ ਤੋਂ ਮੂਹਰੇ ਸੀ। ਪਰ ਰੱਬ ਦੇ ਖੇਲੇ ਨੇ, ਗੁੰਡਿਆਂ ਦੇ ਹਮਲੇ ਨੂੰ ਦੋ ਮਿੰਟ ਲੇਟ ਕਰ ਦਿੱਤਾ, ਜਿਸ ਨਾਲ ਵਿਰਕ ਤਿਰਾਹੇ ਦੇ ਮੋੜ ਤੋਂ 10/15 ਕਦਮ ਅਗਾਂਹ ਨਿਕਲ ਗਿਆ, ਉਸ ਦੇ ਅਤੇ ਗੁੰਡਿਆਂ ਦੀਆਂ ਗੱਡੀਆਂ ਵਿਚਾਲੇ ਕਈ ਸਾਰੇ ਬੰਦੇ ਆ ਗਏ, ਨਤੀਜੇ ਵਜੋਂ ਵਿਰਕ ਬਚ ਗਿਆ।
ਦੂਸਰਾ:- ਏਸੇ ਦੌਰਾਨ (ਰੱਬ ਦੀ) ਇਕ ਬੱਸ ਨੂੰ ਉਸ ਦਾ ਡਰਾਈਵਰ ਸੜਕ ਤੇ ਖੜੀ ਕਰ ਕੇ ਕਿਸਾਨਾਂ ਨੂੰ ਵੇਖਣ ਲਈ ਥੱਲੇ ਉਤਰ ਗਿਆ। ਇਸ ਨਾਲ ਕਿਸਾਨਾਂ ਨੂੰ ਕੁਚਲਣ ਵਾਲੀ ਜੀਪ ਦੇ ਡਰਾਈਵਰ ਨੂੰ ਹੋਸ਼ ਹੀ ਤਦ ਆਈ, ਜਦ ਉਸ ਦੀ ਗੱਡੀ ਬੱਸ ਵਿਚ ਵੱਜ ਕੇ, ਖਤਾਨਾਂ ਵਿਚ ਵੜ ਗਈ, ਏਨੇ ਜ਼ੋਰ ਦੀ ਟੱਕਰ ਸੀ ਕਿ ਜੀਪ ਦੇ ਪਰਖਚੇ ਉੜ ਗਏ ਅਤੇ ਪਿੱਛੇ ਬੈਠੇ ਸਾਰੇ ਬੰਦੇ ਅਤੇ ਦਰਾਈਵਰ, ਰੱਬ ਨੂੰ ਪਿਆਰੇ ਹੋ ਗਏ, ਅਸ਼ੀਸ਼ ਮਿਸ਼ਰਾ ਬਚ ਗਿਆ, ਜਿਸ ਨੂੰ ਸਾਈਡ ਵਾਲੇ ਡੋਰ ਥਾਣੀ ਉਤਰਦਾ ਵੇਖਿਆ ਜਾ ਸਕਦਾ ਹੈ। ਬੱਸ ਦੇ ਕਈ ਟੁਕੜੇ ਵੀ ਮੌਕੇ ਤੈ ਵਿਖਰੇ ਦੇਖੇ ਗਏ। ਬਸ ਕਿਸ ਦੀ ਸੀ? ਅਤੇ ਉਸ ਨੂੰ ਇਸ ਹਾਲਤ ਵਿਚ ਕਿਸ ਨੇ ਹਟਾਇਆ ?
ਇਹ ਪੁਲਸ ਤੋਂ ਵੱਧ ਕੌਣ ਜਾਣ ਸਕਦਾ ਹੈ, ਜਿਸ ਨੇ ਅਸ਼ੀਸ਼ ਮਿਸਰਾ ਨੂੰ ਮੌਕੇ ਤੋਂ ਭੱਜਣ ਵਿਚ ਪੂਰੀ ਮਦਦ ਕੀਤੀ। (ਇਹ ਜਾਂਚ ਦਾ ਵਿਸ਼ਾ ਹੈ)
ਇਹ ਸੀ ਦੋ ਮਿੰਟ ਦਾ ਖੇਲਾ, ਜਿਸ ਕਾਰਨ ਅੱਜ ਸਭ ਕੁਝ ਸਾਮ੍ਹਣੇ ਹੈ, ਰੱਬ ਦਾ ਖੇਲਾ ਨਾ ਵਰਤਦਾ ਤਾਂ ਗੁੰਡਿਆਂ ਦੀ ਸਕੀਮ ਪੂਰੀ ਸੀ, ਹਾਲਾਂਕਿ ਅੱਜ ਵੀ ਓਹੀ ਕੁਝ ਪਰਚਾਰਿਆ ਜਾ ਰਿਹਾ ਹੈ ਕਿ ਮੰਤ੍ਰੀ-ਪੁਤਰ ਅਸ਼ੀਸ਼ ਮਿਸਰਾ ਤਾਂ ਮੌਕੇ ਵਾਲੀ ਥਾਂ ਤੋਂ ਤਿੰਨ/ ਚਾਰ ਕਿਲੋ ਮੀਟਰ ਦੂਰ ਚੱਲ ਰਹੇ ਇਕ ਪ੍ਰੋਗਰਾਮ ਵਿਚ ਸੀ ਅਤੇ ਓਥੋਂ ਕਿਤੇ ਗਿਆ ਵੀ ਨਹੀਂ, ਜਿਸ ਦੀ ਗਵਾਹੀ ਹਜ਼ਾਰਾਂ ਬੰਦੇ ਦੇ ਸਕਦੇ ਹਨ। ਅਤੇ ਹੋਰ ਵੀ ਬਹੁਤ ਕੁਝ, ਜਿਸ ਬਾਰੇ ਅਗਲੀਆਂ ਕਿਸਤਾਂ ਵਿਚ ਵਿਚਾਰਾਂਗੇ।
ਮੁਕਦੀ ਗੱਲ ਇਹ ਹੈ ਕਿ ਜੇ ਰੱਬ ਦਾ ਖੇਲਾ ਨਾ ਹੁੰਦਾ, ਤਾਂ ਕਿਸਾਨਾਂ ਨੂੰ ਤਾਂ ਇਹ ਵੀ ਪਤਾ ਨਹੀਂ ਲੱਗਣਾ ਸੀ ਕਿ ਕੌਣ, ਕਿਧਰੋਂ ਆਇਆ ਅਤੇ ਮਾਰ ਕੇ ਕਿੱਧਰ ਚਲੇ ਗਿਆ ?
ਅਮਰ ਜੀਤ ਸਿੰਘ ਚੰਦੀ (ਚਲਦਾ)