ਇਨਸਾਫ ਪਸੰਦ-ਅਮਨ ਪਸੰਦ
ਗੁਰਦੇਵ ਸਿੰਘ ਸੱਧੇਵਾਲੀਆ
ਕਾਫੀ ਚਿਰ ਪਹਿਲਾਂ ਮੈਂ ਅਪਣੇ ਕੁੱਤੇ ਦੀ ਕਹਾਣੀ ਲਿਖੀ ਸੀ ਕਿ ਓਹ ਹਾਈਪਰ ਬਹੁਤ ਹੁੰਦਾ ਸੀ ਯਾਣੀ ਸਿਧਾ ਗਲ ਨੂੰ ਚੜਦਾ ਸੀ। ਤਾਂ ਇਕ ਦਿਨ ਮਿਲਣ ਆਇਆ ਗੁਆਂਢੀ ਗੋਰਾ ਕਹਿੰਦਾ ਖੱਸੀ ਕਰਵਾ ਦੇਹ ਇਸਨੂੰ ਟਿੱਕ ਜਾਊ ਕਿਓਂਕਿ ਓਹਦੇ ਵਾਲਾ ਟਿਕਿਆ ਹੋਇਆ ਸੀ।
ਮੇਰੀ ਕੌਮ ਦੇ ਬਹੁਤੇ ਅਗਾਂਹ ਵਧੂ ਵਿਦਵਾਨ ਕਾਮਰੇਡਾਂ ਤਰਾਂ ਟਿਕ ਗਏ ਹੋਏ ਨੇ। ਬੰਦੂਕ ਦੀ ਨਾਲੀ ਵਿਚੋਂ ਇਨਕਲਾਬ ਕਢਣ ਵਾਲੇ ਕਾਮਰੇਡ ਇਨੇ ਟਿਕੇ ਹੋਏ ਨੇ ਕਿ ਪਰਾਂ ਦੂਰ ਸਾਈਕਲ ਦੇ ਫਟੇ ਟਾਇਰ 'ਤੇ ਵੀ ਬਿਆਨ ਦੇਣ ਤਕ ਜਾਂਦੇ ਕਿ ਇਸ ਫਟੇ ਟਾਇਰ ਨਾਲ ਸਾਡਾ ਕੋਈ ਸਬੰਧ ਨਹੀਂ ਅਤੇ ਇਨਾ ਦੇ ਯਾਰ ਯਾਣੀ ਸਾਡੇ ਵਾਲੇ ਵਿਦਵਾਨ ਸੁਪਨੇ ਵਿਚ ਵੀ ਬੋਲੀ ਜਾਂਦੇ ਕਿ ਮੈਂ ਇਸ ਘਟਨਾ ਦੀ ਨਿਖੇਧੀ ਕਰਦਾ ਹਾਂ। ਜਿਵੇਂ ਘਰੇ ਕੋਈ ਪੁੱਛਣ ਗਿਆ ਹੋਵੇ ਕਿ ਜੀ ਤੁਸੀਂ ਵੀ ਅਪਣੀ ਨਿਖੇਧੀ ਦੀ ਮੁੱਠ ਭਰ ਦਾ ਯੋਗਦਾਨ ਪਾ ਦਿੰਦੇ ਤਾਂ ਭਲਾ ਹੁੰਦਾ।
ਸਰਕਾਰੀ ਜਬਰ ਦਾ ਫਿਕਰ ਵਾਲੇ 'ਦਾਨਸ਼ਮੰਦ' ਇਨੇ ਵੀ ਅਕਲੋਂ ਪੈਦਲ ਹੋ ਗਏ ਹੋਏ ਨੇ ਕਿ ਓਹਨਾ ਨੂੰ ਲਗਾਤਾਰ ਹੋ ਰਿਹਾ ਸਰਕਾਰੀ ਜਬਰ ਦਿਸਦਾ ਹੀ ਨਹੀਂ ਰਿਹਾ। ਚਿੱਟੇ-ਕਾਲੇ ਨਸ਼ਿਆਂ ਨਾਲ ਵਿਛੇ ਪੰਜਾਬ ਦੇ ਸਥਰ ਸ਼ਾਇਦ ਸਰਕਾਰੀ ਜਬਰ ਲਗਦੇ ਹੀ ਨਾ ਹੋਣ ਅਤੇ ਇਸ ਖਮੋਸ਼ ਜਬਰ ਵਿਰੁਧ ਯੋਜਨਾਬੱਧ ਸਿਰ ਵਰਤਣ ਵਾਲੀ ਕੋਈ ਅਗਵਾਈ ਕੀਤੀ ਹੋਵੇ ਇਨੀ ਕੌਮ ਦੀ ਸਿਵਾਏ ਬਾਹਰ ਆ ਕੇ ਲੋਕਾਂ ਨੂੰ ਜੁੰਡਿਓ ਜੁੰਡੀ ਕਰਾਉਣ ਤੋਂ।
ਬੰਦੇ ਦੀ ਨਸਬੰਦੀ ਉਸ ਨੂੰ ਇਨਾ 'ਸਿਆਣਾ' ਅਤੇ 'ਦਾਨਸ਼ਮੰਦ' ਕਰ ਦਿੰਦੀ ਕਿ ਉਸ ਨੂੰ ਅਪਣੇ ਹੀ ਲੋਕਾਂ ਵਲੋਂ ਅੱਕ ਕੇ ਹਥੀਂ ਲਿਆ ਇਨਸਾਫ ਵੀ ਜਬਰ ਲਗਣ ਲਗ ਜਾਂਦਾ।
ਕਿਹੜੇ ਲੋਹ ਦਾ ਗ੍ਰੰਥ ਸੀ ਇਹ ਗਲ ਔਜੜੇ ਪਾਓਂਣ ਵਾਲੀ ਹੈ, ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਪਾੜਨ ਗਿਆ ਬੰਦਾ ਕੋਈ ਆਹਲਾ ਪੰਡਤ ਨਾ ਸੀ ਕਿ ਉਸ ਨੂੰ ਗ੍ਰੰਥਾਂ ਦਾ ਬਹੁਤਾ ਗਿਆਨ ਹੁੰਦਾ ਕਿ ਕਿਹੜਾ ਲੋਹੇ ਦਾ ਜਾਂ ਲਕੜ ਦਾ।
ਇਹ ਨਖੇਧੀਆਂ ਵਾਲੇ 'ਦਾਨਸ਼ਮੰਦ' ਕੋਈ ਨਵੇਂ ਨਹੀਂ ਬਾਬੇ ਜਰਨੈਲ ਸਿੰਘ ਵੇਲੇ ਵੀ ਇਹ ਪਟਾਕਾ ਪਏ ਤੇ ਨਖੇਧੀਆਂ ਦੀ ਝੜੀ ਲਾ ਦਿੰਦੇ ਸਨ ਅਤੇ ਅਗਲੇ ਦਿਨ ਅਖਬਾਰਾਂ ਵਿੱਚ ਅਪਣੀਆਂ ਹੀ ਨਖੇਧੀਆਂ ਦੀ ਬਣਾਈ ਚਟਣੀ ਖੁਦ ਹੀ ਸਵਾਦ ਲੈ ਲੈ ਚਟ ਰਹੇ ਹੁੰਦੇ ਸਨ ਅਤੇ ਸਿਆਣੇ ਬਣਨ ਦਾ ਭਰਮ ਪਾਲ ਹੁੰਦੇ ਸਨ, ਜਿਵੇਂ ਹੁਣ ਸਵੇਰੇ ਸਵੇਰ ਉਠ ਕੇ ਫੇਸਬੁਕ ਚਟ ਰਹੇ ਹੁੰਦੇ।
ਓਧਰ ਸਾਹਿਬਾਂ ਦਾ ਮਿਰਜਾ ਬੱਕੀ ਆਵਦੀ ਨੂੰ ਅਡੀ ਲਾਈ ਫਿਰਦਾ ਲਾਲੋ ਲਾਲ ਹੋਇਆ ਪਿਆ। ਅੰਨੇ ਵਾਹ ਕਿੱਕਰਾਂ ਵਿਚ ਹੀ ਤੀਰ ਛਡੀ ਜਾਂਦਾ ਕਿ ਨਿਹੰਗ ਗੁੰਡੇ ਨੇ, ਬਦਮਾਸ਼ ਨੇ ਅਤੇ ਮਗਰੇ ਮਿਰਜੇ ਕੀ ਮੰਡੀਰ ਹਲਾਅ ਹਲਾਅ ਕਰਦੀ ਮੁੜਕੋ ਮੁੜਕੀ ਹੋਈ ਧੂੜ 'ਚ ਟਟੂ ਭਜਾਈ ਤੁਰੀ ਮਿਟੀਓ ਘੱਟਾ ਹੋਈ ਫਿਰਦੀ ਬਿਨਾ ਇਹ ਜਾਣੇ ਕਿ ਜਦ ਕੋਈ ਤੁਹਾਡੇ ਘਰ ਹੀ ਆ ਗਿਆ ਤੁਹਾਡੀ ਪੱਗ ਨੂੰ ਹੱਥ ਪਾਓਂਣ ਤਾਂ ਪੁੱਠਾ ਟੰਗੇ ਜਾਣਾ ਤਾਂ ਓਹ ਅਪਣਾ ਹੱਕ ਲੈ ਕੇ ਤੁਰਿਆ ਸੀ।
ਇਨਸਾਫ ਪਸੰਦ, ਅਮਨ ਪਸੰਦ, ਪਤਵੰਤਾਂ ਸਜਣ, ਸਿਆਣਾ ਅਤੇ ਸਮਝਦਾਰ ਹੋ ਜਾਂਦਾ ਬੰਦਾ ਜਿਸ ਦੀਆਂ ਹਕੂਮਤਾਂ ਨਸਬੰਦੀ ਕਰ ਦਿੰਦੀਆਂ ਸੋ ਭਾਈ ਇਨਾ ਦੀ ਚਿੰਤਾ ਦੀ ਲੋੜ ਨਹੀਂ ਇਹ ਵੱਢਣ ਜੋਗੇ ਨਹੀਂ, ਪਰ ਇਨਾ ਦਾ ਨਖੇਧੀਆਂ ਦਾ ਜਨਮ ਸਿੱਧ ਅਧਿਕਾਰ ਨਹੀਂ ਤੁਸੀਂ ਖੋਹ ਸਕਦੇ। ਕਿ ਸਕਦੇ?