ਕੀ ਰੱਬ ਹੈ ? ਜੇ ਹੈ ਤਾਂ ਕਿੱਥੇ ਹੈ ! (ਭਾਗ 2)
ਗੁਰੂ ਨਾਨਕ ਜੀ ਨੇ ਸਿਰਫ ਇਕ ਰੱਬ ਦੀ ਗੱਲ ਕੀਤੀ ਹੈ, ਪਰ ਅੱਜ ਸਿੱਖਾਂ ਦੇ ਕਿੰਨੇ ਰੱਬ ਹਨ ?
ਸਿੱਖਾਂ ਲਈ ਹਰ ਡੇਰੇਦਾਰ ਇਕ ਰੱਬ ਹੈ, ਜਿਸ ਤੋਂ ਉਸ ਨੂੰ ਉਹ ਸਾਰੀਆਂ ਚੀਜ਼ਾਂ ਮਿਲਦੀਆਂ ਹਨ, ਜੋ ਉਸ ਨੂੰ ਰੱਬ ਕੋਲੋਂ ਨਹੀਂ ਮਿਲੀਆਂ। ਜੇ ਅਜਿਹਾ ਨਾ ਹੋਵੇ ਤਾਂ ਡੇਰਿਆਂ ਵਿਚ ਏਨੀ ਭੀੜ ਨਾ ਹੋਵੇ। ਡੇਰੇ ਪੁਰਾਤਨ ਕਿਲ੍ਹਿਆਂ ਨਾਲੋਂ ਜ਼ਿਆਦਾ ਸ਼ਾਨਦਾਰ ਨਾ ਹੁੰਦੇ, ਕਮਾਈ ਕਿੱਥੋਂ ਹੁੰਦੀ ਹੈ, ਉਨ੍ਹਾਂ ਦੇ ਕਿਹੜੇ ਹਲ ਵਗਦੇ ਹਨ?
ਉਨ੍ਹਾਂ ਦੀਆਂ ਕਿਹੜੀਆਂ ਫੈਕਟਰੀਆਂ ਚਲਦੀਆਂ ਹਨ ?
ਗਰੀਬ ਕਿਰਤੀ ਸਿੱਖਾਂ ਦੀ, ਰੱਬ ਦੀ ਆੜ ਵਿਚ ਲੁੱਟ ਹੁੰਦੀ ਹੈ। ਸੰਤਾਨ ਦੇ ਚਾਹਵਾਨ ਹਰ ਬੰਦੇ ਨੂੰ ਲਿਖਤ ਭਰੋਸਾ ਦਿੱਤਾ ਜਾਂਦਾ ਹੈ, ਅਤੇ ਸਾਰਿਆਂ ਨੂੰ ਤਸੱਲੀ ਹੁੰਦੀ ਹੈ, ਕਿਵੇਂ ?
ਜੋ ਗੰਦ ਬਾਬੇ ਨਾਨਕ ਨੇ ਦੂਸਰੇ ਧਰਮਾਂ ਵਿਚੋਂ ਕੱਢਣ ਦਾ ਉਪਰਾਲਾ ਕੀਤਾ ਸੀ, ਉਹੀ ਗੰਦ ਸਿੱਖੀ ਦੇ ਵੇਹੜੇ ਵਿਚ ਪਾ ਕੇ। ਲਿਖ ਕੇ ਦਿੱਤਾ ਜਾਂਦਾ ਹੈ “ਮੁੰਡਾ ਨਾ ਕੁੜੀ” ਅਤੇ ਕਿਹਾ ਜਾਂਦਾ ਹੈ, ਇਸ ਪਰਚੀ ਨੂੰ ਸਾਂਭ ਕੇ ਰਖੌ, ਖੋਲ੍ਹਣੀ ਨਹੀਂ। ਜਦੋਂ ਕੁਝ ਹੋਵੇ ਤਾਂ ਇਸ ਪਰਚੀ ਨੂੰ ਲੈ ਕੇ ਆਉਣਾ, ਸਾਰਿਆਂ ਦੇ ਸਾਮ੍ਹਣੇ ਖੋਲਾਂਗੇ।
ਇਸ ਦੇ ਮਗਰੋਂ ਦਾ ਡਰਾਮਾ, ਵਾਕਿਆ ਹੀ ਰੱਬ ਨੂੰ ਵੀ ਚੱਕਰ ਵਿਚ ਪਾਉਣ ਵਾਲਾ ਹੁੰਦਾ ਹੈ।
ਜੇ ਕਿਸੇ ਦੇ ਮੁੰਡਾ ਹੋ ਜਾਂਦਾ ਹੈ, (ਜਿਸ ਦੀ ਸੰਭਾਵਨਾ 40 % ਤੋਂ ਵੱਧ ਹੁੰਦੀ ਹੈ) ਉਹ ਦੁਨੀਆਂ ਭਰ ਦਾ ਸਮਾਨ ਲੈ ਕੇ ਆਉਂਦਾ ਹੈ। ਸਾਰਿਆਂ ਦੇ ਸਾਮ੍ਹਣੈ ਪਰਚੀ ਖੋਲੀ ਜਾਂਦੀ ਹੈ ਤਾਂ ਡੇਰੇਦਾਰ ਦਾ ਚੇਲਾ ਪੜ੍ਹ ਕੇ ਸੁਣਾਉਂਦਾ ਹੈ,
‘ਦੇਖੋ ਸਾਫ ਲਿਖਿਆ ਹੈ, ‘ ਮੁੰਡਾ ਨਾ ਕੁੜੀ’
ਜੇ ਕਿਸੇ ਦੇ ਕੁੜੀ ਹੋ ਜਾਂਦੀ ਹੈ, ਤਾਂ ਉਹ ਵੀ ਇਸ ਆਸ ਨਾਲ ਕਿ ਅਗਾਂਹ ਮੁੰਡਾ ਹੋਵੇਗਾ, ਕਈ ਕੁਝ ਲਿਆਉਂਦਾ ਹੈ। ਸਾਰਿਆਂ ਦੇ ਸਾਮ੍ਹਣੇ ਪਰਚੀ ਖੋਲ੍ਹੀ ਜਾਂਦੀ ਹੈ, ਡੇਰੇਦਾਰ ਦਾ ਚੇਲਾ ਪੜ੍ਹ ਕੇ ਸੁਣਾਉਂਦਾ ਹੈ, ‘ਦੇਖੋ ਸਾਫ ਲਿਖਆ ਹੈ, ‘ਮੁੰਡਾ ਨਾ ਕੁੜੀ’
(ਇਸ ਦੀ ਸੰਭਾਵਨਾ ਵੀ 40 % ਤੋਂ ਵੱਧ ਹੁੰਦੀ ਹੈ)
ਡੇਰੇਦਾਰ ਕਿਸੇ ਨੂੰ ਨਹੀਂ ਬਖਸ਼ਦਾ, ਉਸ ਦੇ ਦਲਾਲ ਪੈਸੇ ਵਾਲੇ ਹੁੰਦੇ ਹਨ, ਆਪਣੀ ਵਾਹ ਵਾਹੀ ਲਈ।
ਜਿਸਦੇ ਕੁਝ ਵੀ ਨਹੀਂ ਹੁੰਦਾ, ਉਸ ਨੂੰ ਵੀ ਸੱਦਿਆ ਜਾਂਦਾ ਹੈ, ਕਿ ਪਰਚੀ ਲੈ ਕੇ ਆਉ। ਪਰਚੀ ਆਉਂਦੀ ਹੈ ਅਤੇ ਸਾਰਿਆਂ ਦੇ ਸਾਮ੍ਹਣੈ ਖੋਲ੍ਹ ਕੇ ਡੇਰੇਦਾਰ ਦਾ ਚੇਲਾ ਪੜ੍ਹ ਕੇ ਸੁਣਾਉਂਦਾ ਹੈ, ‘ਦੇਖੋ ਸਾਫ ਲਿਖਿਆ ਹੈ, ‘ ਮੁੰਡਾ ਨਾ ਕੁੜੀ’ ‘ਅਰਥਾਤ ਨਾ ਮੁੰਡਾ ਨਾ ਕੁੜੀ’ ਜਿਸ ਬੰਦੇ ਦੇ, ਬਿਨਾ ਇਕ ਪੈਸਾ ਖਰਚੇ, 100% ਗਾਹਕ ਸੰਤੁਸ਼ਟ ਹੋਣ, ਉਸ ਤੋਂ ਵੱਡਾ ਕਿਹੜਾ ਰੱਬ ਹੋ ਸਕਦਾ ਹੈ? ਇਹੋ ਜਿਹੇ ਪਤਾ ਨਹੀਂ ਕਿੰਨੇ ਪਖੰਡ, ਡੇਰੇਦਾਰ ਕਰਦੇ ਹਨ, ਉਨ੍ਹਾਂ ਦੇ ਚੇਲੇ, ਉਨ੍ਹਾਂ ਦੀ ਮਸ਼ਹੂਰੀ ਲਈ ਦਿੰਨ ਵਿਚ ਕਿੰਨੀ ਵਾਰੀ ਝੂਠ ਬੋਲਦੇ ਹਨ। ਇਹ ਹੈ ਅੱਜ-ਕਲ ਦੇ ਸਿੱਖਾਂ ਅਤੇ ਸਿੱਖੀ ਦੇ ਰੱਬਾਂ ਦਾ ਇਕ ਨਮੂਨਾ। ਜਿਸ ਬਾਰੇ ਪਰਚਾਰ ਤੇ ਵੀ ਇਕ ਪੈਸਾ ਨਹੀਂ ਲਗਦਾ, ਹਰ ਉਹ ਜਨਾਨੀ , ਜਿਸ ਦੇ ਆਂਢ-ਗੁਆਂਢ ਵਿਚ ਵੀ ਕੋਈ ਅਜਿਹਾ ਚਮਤਕਾਰ ਹੋ ਗਿਆ ਹੋਵੇ, ਉਹ ਉਸ ਬਾਬੇ ਦੇ 100 ਸ਼ਕਾਰ ਜ਼ਰੂਰ ਬਣਾਵੇਗੀ, ਕੀ ਸਿੱਖ ਇਸ ਬਾਰੇ ਵੀ ਕਦੀ ਕੁਝ ਸੋਚਣਗੇ ?
ਹੋਰ ਵੀ ਅਜਿਹੇ ਬਹੁਤ ਸਾਰੇ ਉਪਰਾਲੇ, ਗੁਰਦਵਾਰਿਆਂ ਵਿਚ ਅਤੇ ਹੋਰ ਧਾਰਮਿਕ ਅਸਥਾਨਾਂ ਤੇ ਕੀਤੇ ਜਾਂਦੇ ਹਨ, ਜਿਸ ਵਿਚ ਦਸਵੰਧ ਦੀ ਮਾਇਆ ਦਾ ਬਹੁਤ ਵੱਡਾ ਰੋਲ ਹੁੰਦਾ ਹੈ।
ਕੀ ਇਸ ਹਾਲਤ ਵਿਚ ਸਿੱਖਾਂ ਦਾ ਰੱਬ ਵਲੋਂ ਮੁਨਕਿਰ ਹੋ ਜਾਣਾ ਸੁਭਾਵਿਕ ਨਹੀਂ ?
ਅਮਰ ਜੀਤ ਸਿੰਘ ਚੰਦੀ (ਚਲਦਾ)