ਕੀ ਰੱਬ ਹੈ ? ਜੇ ਹੈ ਤਾਂ ਕਿੱਥੇ ਹੈ ! (ਭਾਗ 3)
ਸਿੱਖ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਨ, ਅਤੇ ਗੁਰੂ ਗ੍ਰੰਥ ਸਾਹਿਬ ਵਿਚ ਸਾਫ ਲਿਖਿਆ ਹੈ,
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥
ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸੁ ਦੀ ਵਡਿਆਈ ॥
ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ॥
ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ॥27॥ (6)
ਅਰਥ:- ਜਿਸ ਅਕਾਲ-ਪੁਰਖ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਐਸ ਵੇਲੇ ਵੀ ਮੌਜੂਦ ਹੈ, ਸਦਾ ਰਹੇਗਾ, ਨਾ ਉਹ ਜੰਮਿਆ ਹੈ ਅਤੇ ਨਾ ਹੀ ਮਰੇਗਾ। ਉਹ ਅਕਾਲ-ਪੁਰਖ ਸਦਾ ਥਿਰ ਹੈ, ਉਹ ਮਾਲਕ ਹੀ ਸੱਚਾ ਹੈ, ਉਸ ਦੀ ਵਡਿਆਈ ਵੀ ਸਦਾ ਅਟੱਲ ਹੈ।
ਜਿਸ ਅਕਾਲਪੁਰਖ ਨੇ ਕਈ ਰੰਗਾਂ, ਕਿਸਮਾਂ ਅਤੇ ਜਿਣਸਾਂ ਦੀ ਮਾਇਆ ਰਚ ਦਿੱਤੀ ਹੈ, ਉਸ ਦੀ ਇਹ ਵਡਿਆਈ ਹੀ ਹੈ ਕਿ ਉਹ ਜਿਵੇਂ ਉਸ ਦੀ ਰਜ਼ਾ ਹੈ, ਓਵੇਂ ਹੀ ਉਹ ਆਪਣੇ ਪੈਦਾ ਕੀਤੇ, ਸਾਰੇ ਜੀਵਾਂ ਦੀ ਸੰਭਾਲ ਵੀ ਕਰਦਾ ਹੈ।
ਜੋ ਕੁਝ ਅਕਾਲ-ਪੁਰਖ ਨੂੰ ਭਾਉਂਦਾ ਹੈ, ਉਹ ਉਹੀ ਕੁਝ ਕਰੇਗਾ, ਕਿਸੇ ਜੀਵ ਦੀ ਇਹ ਔਕਾਤ ਨਹੀਂ ਕਿ ਉਹ ਰੱਬ ਅੱਗੇ ਹੁਕਮ ਕਰ ਸਕੇ। ਅਕਾਲ-ਪੁਰਖ ਪਾਤਿਸ਼ਾਹ ਹੈ, ਪਾਤਿਸ਼ਾਹਾਂ ਦਾ ਵੀ ਪਾਤਿਸ਼ਾਹ ਹੈ।
ਹੇ ਨਾਨਕ, ਜੀਵਾਂ ਦਾ ਇਹੀ ਫਰਜ਼ ਹੈ ਕਿ ਉਹ ਪ੍ਰਭੂ ਦੀ ਰਜ਼ਾ ਵਿਚ ਰਹਿਣ।
ਗੁਰਬਾਣੀ ਦੀ ਇਸ ਸੇਧ ਮਗਰੋਂ ਕਿਸੇ ਗੁਰਮੁਖਿ ਦੀ ਤਾਂ ਹਿੱਮਤ ਨਹੀਂ ਕਿ ਉਹ ਰੱਬ ਵਲੋਂ ਹੀ ਬੇਮੁਖਿ ਹੋ ਸਕੇ। ਪਰ ਜੋ ਇਹ ਕੁਝ ਕਰ ਰਹੇ ਹਨ, ਉਹ ਵੀ ਸਿੱਖ ਭੇਸ ਵਿਚ ਹੀ ਹਨ, ਅਤੇ ਵਿਦਵਾਨਾਂ ਵਿਚੋਂ ਉਨ੍ਹਾਂ ਦੀ ਬਹੁ-ਗਿਣਤੀ ਵੀ ਹੈ, ਇਸ ਲਈ ਇਸ ਵਿਸ਼ੇ ਤੇ ਹੋਰ ਵੀ ਬਹੁਤ ਕੁਝ ਵਿਚਾਰਿਆ ਜਾਵੇਗਾ, ਤਾਂ ਜੋ ਕੋਈ ਊਣਤਾਈ ਨਾ ਰਹਿ ਜਾਵੇ।
ਸਿੱਖਾਂ ਨੂੰ ਹੱਕ ਹੈ ਕਿ ਉੁਹ ਇਸ ਬਾਰੇ ਤਸੱਲੀ ਨਾਲ ਵਿਚਾਰ ਕਰ ਲੈਣ। ਤਾਂ ਜੋ ਈਸਾਈਆਂ ਵਾਙ ਸਮਾ ਬੀਤ ਜਾਣ ਮਗਰੋਂ ਪਛਤਾਉਣ ਦੀ ਲੋੜ ਨਾ ਪਵੇ।
ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗੁਰੂ ਹਨ ਅਤੇ ਗੁਰੂ ਗ੍ਰੰਥ ਸਾਹਬ ਵਿਚ ਲਿਖਿਆ ਹੈ,
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥ (61)
ਅਰਥ:- ਇਸ ਮਾਇਆਵੀ ਦੁਨੀਆਂ ਵਿਚ ਗੁਰੂ ਅਤੇ ਕਰਤਾਰ ਤੋਂ ਇਲਾਵਾ ਸਭ ਭੁਲੇਖਾ ਖਾ ਜਾਂਦੇ ਹਨ, ਕਰਤਾਰ ਅਤੇ ਗੁਰੂ ਤੇ ਮਾਇਆ ਦਾ ਅਸਰ ਨਹੀਂ ਪੈਂਦਾ, ਗੁਰੂ ਦੇ ਕਹੇ ਚੱਲ ਕੇ, ਪਰਮਾਤਮਾ ਨਾਲ ਮਿਲਣਾ ਚਾਹਦਾ ਹੈ।
ਨੋਟ:- ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖੋ, ਗੁਰਮੁਖਿ ਵੀਰੋ ਆਉ ਆਪਾਂ ਆਪਣੇ ਗੁਰੂ ਕੋਲੋਂ ਇਸ ਬਾਰੇ ਪੁਛੀਏ, ਮੈਨੂੰ ਪੂਰਨ ਭਰੋਸਾ ਹੈ ਕਿ ਗੁਰੂ ਸਾਹਿਬ ਆਪਾਂ ਨੂੰ ਕਦੇ ਨਿਰਾਸ ਨਹੀਂ ਕਰਨਗੇ।
ਆਪਣੇ ਮਨ ਦੇ ਸਿੱਖੋ, ਮਨਮੁਖੋ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਨਹੀਂ ਹੈ, ਇਸ ਲਈ ਤੁਸੀਂ ਇਸ ਵਿਚ ਆਪਣਾ ਸਮਾ ਬਰਬਾਦ ਨਾ ਕਰਿਉ।
ਅਮਰ ਜੀਤ ਸਿੰਘ ਚੰਦੀ (ਚਲਦਾ)