ਕੀ ਰੱਬ ਹੈ ? ਜੇ ਹੈ ਤਾਂ ਕਿੱਥੇ ਹੈ ! (ਭਾਗ 4)
ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖੋ, ਗੁਰਮੁਖਿ ਵੀਰੋ ਆਉ ਆਪਾਂ ਆਪਣੇ ਗੁਰੂ ਕੋਲੋਂ ਇਸ ਬਾਰੇ ਪੁਛੀਏ, ਮੈਨੂੰ ਪੂਰਨ ਭਰੋਸਾ ਹੈ ਕਿ ਗੁਰੂ ਸਾਹਿਬ ਆਪਾਂ ਨੂੰ ਕਦੇ ਨਿਰਾਸ ਨਹੀਂ ਕਰਨਗੇ।
ਆਪਣੇ ਮਨ ਦੇ ਸਿੱਖੋ, ਮਨਮੁਖੋ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਨਹੀਂ ਹੈ, ਇਸ ਲਈ ਤੁਸੀਂ ਇਸ ਵਿਚ ਆਪਣਾ ਸਮਾ ਬਰਬਾਦ ਨਾ ਕਰਿਉ।
ਕੀ ਰੱਬ ਹੈ ?
ਜਦੋਂ ਤੋਂ ਦੁਨੀਆ ਬਣੀ ਹੈ, ਬੰਦਾ ਕਿਸੇ ਨਾ ਕਿਸੇ ਰੂਪ ਵਿਚ ਰੱਬ ਨਾਲ ਜੁੜਿਆ ਰਿਹਾ ਹੈ, ਭਾਵੇ ਉਸ ਨੂੰ ਇਸ ਬਾਰੇ ਜਾਣਕਾਰੀ, ਨਾ ਵੀ ਹੋਵੇ ਕਿ ਕੁਦਰਤ ਵਿਚ ਹੀ ਰੱਬ ਵਸਦਾ ਹੈ।
ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥8॥ (141)
ਹੌਲੀ ਹੌਲੀ ਸ਼ਾਤਰ ਬੰਦਿਆਂ ਨੇ ਆਪਣੇ ਸਵਾਰਥ ਲਈ, ਰੱਬ ਦੀ ਆੜ ਵਿਚ ਧਰਮ ਬਨਾਉਣੇ ਸ਼ੁਰੂ ਕੀਤੇ । ਜਿਨ੍ਹਾਂ ਦਾ ਮਕਸਦ ਭੋਲੇ-ਭਾਲੇ ਲੋਕਾਂ ਨੂੰ ਭੁਲੇਖੇ ਵਿਚ ਪਾ ਕੇ ਲੁੱਟਣਾ ਸੀ, ਰੱਬ ਦੀ ਆੜ ਵਿਚ ਬਣਾਏ ਇਨ੍ਹਾਂ ਧਰਮਾਂ ਦੇ ਗ੍ਰੰਥਾਂ ਵਿਚ ਕਿਤੇ ਵੀ ਰੱਬ ਬਾਰੇ ਕੋਈ ਜਾਣਕਾਰੀ ਨਹੀਂ ਹੈ, ਜਿਵੇਂ ਇਸਲਾਮ ਅਤੇ ਈਸਾਈ ਧਰਮ ਦੀਆਂ ਧਾਰਮਿਕ ਪੁਸਤਕਾਂ, ਕੁਰਾਨ ਸ਼ਰੀਫ ਅਤੇ ਬਾਈਬਲ ਵਿਚ ਰੱਬ ਦਾ ਸਿਰਫ ਏਨਾ ਹੀ ਵੇਰਵਾ ਹੈ ਕਿ ਕਿਆਮਤ ਵਾਲੇ ਦਿਨ ਤੁਸੀਂ ਕਬਰਾਂ ਵਿਚੋਂ ਉਠੋਗੇ, ਅਲ੍ਹਾ ਅਤੇ ਗਾਡ ਦੀ ਕਚ੍ਹਰੀ ਵਿਚ ਪੇਸ਼ ਹੋਵੋਗੇ, ਤੇ ਮੁਸਲਮਾਨਾਂ ਦੀ ਸਿਫਾਰਸ਼ ਰੱਬ ਕੋਲ ਹਜ਼ਰਤ ਮੁਹੱਮਦ ਸਾਹਿਬ ਕਰ ਦੇਣਗੇ ਅਤੇ ਅਲ੍ਹਾ ਉਨ੍ਹਾਂ ਨੂੰ ਜੰਨਤ ਵਿਚ ਭੇਜ ਦੇਵੇਗਾ ਜਿੱਥੇ ਉਨ੍ਹਾਂ ਨੂੰ ਸ਼ਹਦ ਦੀਆਂ ਨਹਰਾਂ ਅਤੇ ਖਜੂਰਾਂ ਦੇ ਢੇਰਾਂ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਮਿਲੇਗਾ। ਇਵੇਂ ਹੀ ਈਸਾਈਆਂ ਦੀ ਸਿਫਾਰਸ਼ ਗਾਡ ਕੋਲ ਈਸਾ ਜੀ ਕਰ ਦੇਣਗੇ ਅਤੇ ਗਾਡ ਉਨ੍ਹਾਂ ਨੂੰ ਹੈਵਨ ਵਿਚ ਭੇਜ ਦੇਵੇਗਾ।
ਇਸ ਤੋਂ ਇਲਾਵਾ ਮੂਰਤੀਆਂ ਦੀ ਪੂਜਾ ਕਰਨ ਵਾਲਿਆਂ ਨੂੰ ਤਾਂ ਰੱਬ ਨਾਲ ਕੋਈ ਵਾਹ ਹੀ ਨਹੀਂ ਹੈ। ਬਸ ਉਨ੍ਹਾਂ ਧਰਮਾਂ ਮੁਤਾਬਕ ਰੱਬ ਨੂੰ ਖੁਸ਼ ਕਰਨ ਅਤੇ ਮੁਰਾਦਾਂ ਪੂਰੀਆਂ ਕਰਨ ਲਈ ਕੀਤੇ ਜਾਣ ਵਾਲੇ ਕਰਮ ਕਾਂਡਾਂ ਦੀ ਭਰਮਾਰ ਹੈ। ਕੁਝ ਸਮੇਂ ਵਿਚ ਹੀ, ਇਹ ਮਹਿਸੂਸ ਕੀਤਾ ਗਿਆ ਕਿ ਖਾਲੀ ਲਾਲਚ ਨਾਲ ਹੀ ਕੰਮ ਚੱਲਣ ਵਾਲਾ ਨਹੀਂ, ਤਾਂ ਰੱਬ ਦੀ ਕਰੋਪੀ ਦੇ ਕੁਝ ਕਿੱਸੇ ਘੜੇ ਗਏ। ਜਿਸ ਨਾਲ ਇਕ ਧਰਮ ਨੂੰ ਛੱਡ ਕੇ ਦੂਸਰੇ ਧਰਮ ਵਿਚ ਜਾਣਾ ਮੁਸ਼ਕਿਲ ਹੋ ਗਿਆ, ਅੱਜ ਤੱਕ ਵੀ ਇਹ ਸਾਰੇ ਕੰਮ ਚਲਦੇ ਹਨ। ਧਰਮ ਅਣਗਿਣਤ ਬਣ ਗਏ ਹਨ।
ਗੁਰੂ ਨਾਨਕ ਜੀ ਦੇ ਆਗਮਨ ਦੇ ਨਾਲ ਹੀ ਲੋਕਾਂ ਵਿਚ ਕੁਝ ਜਾਗ੍ਰਤੀ ਆਈ, ਇਸ ਨੂੰ ਭਾਈ ਗੁਰਦਾਸ ਜੀ ਨੇ ਇਨ੍ਹਾਂ ਲਫਜ਼ਾਂ ਵਿਚ ਜ਼ਾਹਰ ਕੀਤਾ ਹੈ।
ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ, ਜਗ ਚਾਨਣ ਹੋਇਆ।
ਸਿੰਘ ਬੁਕੇ, ਮਿਰਗਾਵਲੀ ਭੰਨੀ ਜਾਇ, ਨਾ ਧੀਰ ਧਰੋਇਆ।
ਇਸ ਤੋਂ ਸਾਬਤ ਹੁੰਦਾ ਹੈ ਕਿ ਧਰਮਾਂ ਵਿਚ ਧੁੰਦ ਵਾਲੀ ਹਾਲਤ. ਜਿਸ ਵਿਚ ਕੁਝ ਵੀ ਸਾਫ ਨਹੀਂ, ਹੁਣ ਹੀ ਨਹੀਂ ਪੈਦਾ ਹੋਈ, ਸ਼ੁਰੂ ਤੋਂ ਹੀ ਹੈ।
ਗੁਰੂ ਨਾਨਕ ਜੀ ਨੇ ਸਭ ਤੋਂ ਪਹਿਲਾ ਕੰਮ ਇਹੀ ਕੀਤਾ ਕਿ ਰੱਬ ਬਾਰੇ ਪੂਰੀ ਸੋਝੀ ਦਿੱਤ, ਜਿਸ ਤੋਂ ਗੁਰੂ ਗ੍ਰੰਥ ਸਾਹਿਬ ਸ਼ੁਰੂ ਹੁੰਦੇ ਹਨ।
ੴਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਅਰਥ:- ਪਰਮਾਤਮਾ ਇਕ ਤੇ ਸਿਰਫ ਇਕ ਹੈ, ਇਹ ਜੋ ਸਾਰਾ ਦਿਸਦਾ ਪਸਾਰਾ, ਜਿਸ ਨੂੰ ਕੁਦਰਤ ਕਿਹਾ ਜਾਂਦਾ ਹੈ, ਇਹ ਉਸ ਦਾ ਆਪਣਾ ਹੀ ਆਕਾਰ, ਆਪਣਾ ਹੀ ਰੂਪ ਹੈ, ਉਹ ਸਦੀਵੀ ਸੱਚ ਹੈ, ਉਸ ਦਾ ਨਾਮੁ, ਉਸ ਦਾ ਹੁਕਮ ਵੀ ਸਿਰਫ ਇਕੋ ਹੀ ਹੈ, ਉਹ ਵੀ ਅਟੱਲ ਹੈ, ਸਭ ਕੁੱਛ ਕਰਨ ਵਾਲਾ, ਕਰਤਾ ਵੀ ਉਹ ਆਪ ਹੀ ਹੈ। ਉਹ ਨਿਰਭਉ, ਡਰ ਰਹਿੱਤ ਹੈ, ਕਿਸੇ ਕੋਲੋਂ ਡਰਨ ਵਾਲਾ ਨਹੀਂ ਹੈ। ਉਹ ਨਿਰਵੈਰੁ ਹੈ, ਕਿਸੇ ਨਾਲ ਵੈਰ ਰੱਖਣ ਵਾਲਾ ਨਹੀਂ ਹੈ, ਸਭ ਨਾਲ ਇਕੋ ਜਿਹਾ ਪਿਆਰ ਕਰਦਾ ਹੈ। ਉਸ ਦੀ ਮੂਰਤ, ਹੋਂਦ / ਕਾਲ, ਸਮੇ ਦੇ ਪ੍ਰਭਾਵ ਤੋਂ ਬਾਹਰ ਹੈ। ਉਸ ਤੇ ਸਮੇ ਦਾ ਕੋਈ ਅਸਰ ਨਹੀਂ ਪੈਂਦਾ। ਉਹ ਅਜੂਨੀ ਹੈ, ਜੂਨਾਂ ਵਿਚ ਨਹੀਂ ਆਉਂਦਾ। ਉਹ ਸੈਭੰ ਹੈ, ਉਹ ਆਪਣੇ ਆਪ ਹੀ ਨਿਰਗੁਣ ਤੋਂ ਸਰਗੁਣ ਬਣਿਆ ਹੈ।
ਉਸ ਬਾਰੇ ਸੋਝੀ, ਗੁਰ, ਸ਼ਬਦ ਗੁਰੂ ਦੀ ਕਿਰਪਾ ਆਸਰੇ ਹੀ ਹੁੰਦੀ ਹੈ। ਇਸ ਮਗਰੋਂ ਹੀ,॥ਜਪ॥ ਹੈ,
ਜਿਸ ਦਾ ਅਰਥ ਹੈ ਕਿ ਜਦ ਪਰਮਾਤਮਾ ਦੀਆਂ ਇਹ ਸਾਰੀਆਂ ਸਿਫਤਾਂ, ਮਨੁੱਖ ਦੇ ਕਰਮ-ਇੰਦਰਿਆਂ ਤੋਂ ਬਾਹਰੀਆਂ ਹਨ ਤਾਂ ਬੰਦੇ ਨੇ ਜਪ ਕਿਸ ਦਾ ਕਰਨਾ ਹੈ ? ਸਿਮਰਨ ਕਿਸ ਦਾ ਕਰਨਾ ਹੈ ? ਨਾਲ ਹੀ ਸਮਝਾਇਆ ਹੈ,
ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥1॥
ਬੰਦੇ ਨੇ ਜਪ, ਉਸ ਦਾ ਕਰਨਾ ਹੈ, ਜੋ ਇਹ ਦੁਨਿਆਵੀ ਪਸਾਰਾ ਸ਼ੁਰੂ ਹੋਣ ਤੋਂ ਪਹਿਲਾਂ ਵੀ ਹੋਂਦ ਵਾਲਾ ਸੀ, ਦੁਨੀਆਂ ਦਾ ਪਸਾਰਾ ਹੋਣ ਵੇਲੇ ਵੀ ਹੋਂਦ ਵਾਲਾ ਸੀ, ਇਸ ਵੇਲੇ ਵੀ ਹੋਂਦ ਵਾਲਾ ਹੈ ਅਤੇ ਭਵਿੱਖ ਵਿਚ ਵੀ ਹੋਂਦ ਵਾਲਾ ਹੋਵੇਗਾ। ਇਵੇਂ ਗੁਰੂ ਨਾਨਕ ਜੀ ਨੇ ਸਾਫ ਕਰ ਦਿੱਤਾ ਸੀ ਕਿ ਜਿਸ ਵਿਚ ਇਹ ਸਾਰੇ ਗੁਣ ਨਾ ਹੋਣ ਉਹ ਰੱਬ ਨਹੀਂ ਹੋ ਸਕਦਾ। ਆਤਮਕ ਖੇਤਰ ਵਿਚ ਇਹ ਬਹੁਤ ਵੱਡਾ ਇਨਕਲਾਬ ਸੀ। ਹੁਣ ਕਿਸੇ ਵੀ ਬੰਦੇ ਜਾਂ ਚੀਜ਼ ਨੂੰ ਰੱਬ ਨਹੀਂ ਬਣਾਇਆ ਜਾ ਸਕਦਾ ਸੀ, ਜਿਸ ਨਾਲ ਪੁਜਾਰੀਆਂ ਨੂੰ ਬਹੁਤ ਦਿੱਕਤ ਹੋ ਗਈ।
ਅਮਰ ਜੀਤ ਸਿੰਘ ਚੰਦੀ (ਚਲਦਾ)