ਸ੍ਰ. ਕਰਤਾਰ ਸਿੰਘ ਸਰਾਭਾ ਨੂੰ ਯਾਦ ਕਰਦਿਆਂ
ਗੁਰਦੇਵ ਸਿੰਘ ਸੱਧੇਵਾਲੀਆ
ਮੁਗਲ ਹੋਣ ਅਬਦਾਲੀ ਚਾਹੇ ਅੰਗਰੇਜ ਕੌਮ ਮੇਰੀ ਹਿੱਕਾਂ ਡਾਹ ਕੇ ਭਿੜੀ। ਇਨੇ ਸ਼ਹੀਦ ਪੈਦਾ ਕੀਤੇ ਇਸ ਨੇ ਕਿ ਸ਼ਾਇਦ ਤਾਂ ਹੀ ਕੌਮ ਮੇਰੀ ਦਾ ਸ਼ਹੀਦਾਂ ਤੋਂ ਮੂੰਹ ਹੀ ਮੁੜ ਗਿਆ ਅਤੇ ਓਹ ਅਪਣੇ ਸੂਰਬੀਰਾਂ ਦੇ ਨਾਂ ਤੇ ਯਾਦ ਕੀ ਰਖਣੇ ਸਨ ਗੁਰੂ ਸਹਿਬਾਨਾਂ ਦੇ ਨਾਂ ਤੱਕ ਵੀ ਭੁੱਲ ਬੈਠੀ। ਇਹ ਗਲ ਵਾਇਰਲ ਹੋ ਰਹੀ ਇਕ ਵੀਡੀਓ ਤੋਂ ਸਾਬਤ ਹੋ ਰਹੀ ਸੀ ਜਿਥੇ ਚਿੱਟੀਆਂ ਦਾਹੜੀਆਂ ਵਾਲੇ ਵੀ ਕੈਮਰੇ ਤੋਂ ਮੂੰਹ ਲੁਕਾਉਂਦੇ ਨਜ਼ਰ ਆਏ।
ਕਦੇ ਸੋਚਦਾਂ ਸ੍ਰ. ਸਰਾਭਿਆ ਤੂੰ ਵੀ ਕਿਤੇ ਆਰੀਆ ਸਮਾਜੀ ਹੀ ਹੁੰਦਾ ਜਾਂ ਨਾਸਤਿਕ ਹੋਣ ਦੀ ਕੋਈ ਕਿਤਾਬ ਹੀ ਲਿਖ ਛੱਡਦਾ ਘੱਟੋ ਘੱਟ ਝੂਠੇ ਮੂਠੇ ਹੀ ਸਹੀਂ ਤੇਰੀ ਮੂਰਤੀ 'ਤੇ ਵੀ ਕੋਈ ਫੁੱਲ ਤਾਂ ਚੜ ਰਹੇ ਹੁੰਦੇ। ਇਨੀ ਛੋਟੀ ਉਮਰੇ ਬੰਦਾ ਹਿੱਕ ਡਾਹ ਕੇ ਫਾਹੇ ਲਗਾ ਅਤੇ ਇਨੀ ਤੇਜੀ ਨਾਲ ਫੌਜਾਂ ਵਿਚ ਘੁਸਪੈਠ ਕਰ ਗਿਆ, ਸ੍ਰ. ਸਰਾਭਾ ਕਿ ਥੋੜਾ ਚਿਰ ਹੋਰ ਰਹਿ ਜਾਂਦਾ ਹੇਠਲੀ ਉਤੇ ਕਰ ਮਾਰਦਾ, ਪਰ ਉਸ ਦੀ ਫੋਟੋ ਸੁੰਨੀ।
ਅਜ ਦੇ ਦਿਨ 7 ਬੰਦਿਆਂ ਨਾਲ ਸ੍ਰ ਸਰਾਭਾ ਫਾਂਸੀ ਚੜਿਆ ਜਿਸ ਵਿਚੋਂ ਤਿੰਨ ਬੰਦੇ ਮੇਰੇ ਪਿੰਡ ਦੇ ਸਨ ਦੋਨੋ ਸੁਰੈਣ ਸਿੰਘ ਅਤੇ ਸ੍ਰ. ਬਖਸ਼ੀਸ਼ ਸਿੰਘ ਸਾਡੇ ਬਜੁਰਗਾਂ ਵਿਚੋਂ।
ਸ੍ਰ. ਸਰਾਭਾ ਦੀ ਕਮਾਂਡ ਹੇਠ ਚੱਬੇ ਵਿੱਚ ਪਏ ਡਾਕੇ ਵਿਚ ਸਾਡਾ ਬਰੁਜਗ ਬਾਬਾ ਵਸਾਵਾ ਸਿੰਘ ਜਰਮਨ ਵੀ ਸ਼ਾਮਲ ਸੀ, ਜਿਹੜਾ ਬਾਅਦ ਕਾਲਾ ਪਾਣੀ ਕੱਟ ਕੇ ਆਇਆ, ਪਰ ਤੁਹਾਨੂੰ ਪਿੰਡ ਅਪਣੇ ਦਾ ਦੁਖਾਂਤ ਦਸਾਂ ਕਿ ਸ਼ਾਇਦ ਹੀ ਕਿਸੇ ਨੂੰ ਅੱਜ ਦਾ ਦਿਨ ਯਾਦ ਹੋਵੇ ਯਾਣੀ ਪਿੰਡ ਦੇ ਸ਼ਹੀਦਾਂ ਦਾ ਪਤਾ ਹੋਵੇ ਜਦ ਕਿ ਮੇਰੇ ਪਿੰਡ ਨੂੰ ਰੱਜ ਕੇ ਗਾਹਲ ਵਾਹੁਣ ਵਾਲੇ ਹੋ ਚੁਕੇ ਇਕ ਨੰਗ ਜਿਹੇ ਬਾਬੇ ਜਸ ਦਾ ਮੇਲਾ ਲਾਓਂਣਾ ਮੇਰਾ ਪਿੰਡ ਕਦੇ ਨਹੀਂ ਭੁਲਦਾ।
ਮੇਰੇ ਪਿੰਡ ਨੂੰ ਇਸ ਗਲ ਦਾ ਕੋਈ ਇਤਰਾਜ ਨਹੀਂ ਕਿ ਉਸ ਦੇ ਗੇਟ ਉਪਰ ਲਿਖੇ ਗਏ ਤਿੰਨੋਂ ਸ਼ਹੀਦਾਂ ਦਾ ਨਾਮ ਪੂੰਝ ਕੇ ਕਿਸੇ ਬਾਬੇ ਦਾ ਨਾਮ ਲਿਖ ਦਿਤਾ ਗਿਆ ਹੈ।
ਮੇਲਿਆਂ ਵਿਚ ਗੁਆਚੀ ਮੇਰੀ ਕੌਮ ਅਪਣੇ ਸੂਰਬੀਰ ਸਰਦਾਰਾਂ ਨੂੰ ਭੁਲ ਚੁਕੀ ਹੋਈ ਹੈ, ਜਿਹੜੀ ਕਿਸੇ ਮਲੰਗ ਦਾ ਮੇਲਾ ਤਾਂ ਲਾ ਸਕਦੀ, ਪਰ ਅਪਣੇ ਪੁਰਖਿਆਂ ਦੇ ਦਿਨ ਨੂੰ ਯਾਦ ਨਹੀਂ ਰਖ ਸਕਦੀ। ਕਿ ਸਕਦੀ?