ਗੁਰਬਾਣੀ ਅਤੇ ਇਤਿਹਾਸ ਵਿਗੜਨ ਨਹੀਂ ਦੇਵਾਂਗਾ (ਭਾਗ 1)
ਸਿੱਖੀ ਵਿਚੋਂ ਕਰਮ ਕਾਂਡ ਅਤੇ ਵਹਿਮ-ਭਰਮ ਦੂਰ ਕਰਨ ਦਾ ਹੀਲਾ
ਪਹਿਲਾਂ ਤਾਂ ਸਾਡਾ ਇਤਿਹਾਸ ਲਿਖਣ ਵਾਲੇ ਪਰਾਏ ਸਨ, ਉਨ੍ਹਾਂ ਨੇ ਤਾਂ ਸਾਡਾ ਇਤਿਹਾਸ ਵਿਗਾੜਨਾ ਹੀ ਸੀ ਪਰ ਅੱਜ!
ਅੱਜ ਕਲ ਬੜੇ ਜ਼ੋਰ ਸ਼ੋਰ ਨਾਲ ਪਰਚਾਰ ਹੋ ਰਿਹਾ ਹੈ ਕਿ “ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ” ਜਦ ਕਿ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਹੈ, ਉਸ ਵੇਲੇ ਗੁਰੂ ਅਰਜਨ ਪਾਤਸ਼ਾਹ ਨੇ ਗੁਰਬਾਣੀ ਦੀ ਸੰਪਾਦਨਾ ਕਰ ਕੇ, ਭਾਈ ਗੁਰਦਾਸ ਜੀ ਤੋਂ ਉਸ ਦੀ ਲਿਖਾਈ ਦੀ ਸੇਵਾ ਕਰਵਾਈ ਸੀ, ਉਸ ਦਾ ਨਾਮ “ਗ੍ਰੰਥ” ਨਹੀ ਸੀ ਉਸ ਵੇਲੇ ਉਸ ਦਾ ਨਾਮ ‘ਪੋਥੀ’ “ਪੋਥੀ ਪਰਮੇਸਰ ਕਾ ਥਾਨ” ਸੀ।ਮਗਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪੋਥੀ ਵਿਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਲ ਕਰ ਕੇ ਉਸ ਨੂੰ ਸੰਪੂਰਨ ਕੀਤਾ, ਇਸ ਦੀ ਲਿਖਾਈ ਦੀ ਸੇਵਾ ਭਾਈ ਮਨੀ ਸਿੰਘ ਜੀ ਤੋਂ ਕਰਵਾਈ ਅਤੇ ਇਸ ਦਾ ਨਾਮ ‘ਗ੍ਰੰਥ’ ਹੋਇਆ।
ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਨੰਦੇੜ ਵਿਖੇ ਸ਼ਖਸੀ ਗੁਰਿਆਈ ਖਤਮ ਕਰ ਕੇ ‘ਸ਼ਬਦ ਗੁਰੂ’ ਨੂੰ ਗੁਰਿਆਈ ਸੌਂਪੀ ਤਾਂ ਇਸ ਦਾ ਨਾਮ “ਗੁਰੂ ਗ੍ਰੰਥ” ਹੋਇਆ, ਸਤਿਕਾਰ ਨਾਲ ਇਸ ਨੂੰ “ਗੁਰੂ ਗ੍ਰੰਥ ਜੀ” ਕਿਹਾ ਜਾਣ ਲੱਗਾ।ਪਰ ਜਾਣੇ ਕਿਨ੍ਹਾਂ ਲੋਕਾਂ ਨੇ ਇਸ ਨੂੰ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਬਣਾ ਕੇ ਇਸ ਦਾ ਵਿਖਾਵੇ ਦਾ ਸਤਿਕਾਰ ਤਾਂ ਵਧਾ ਦਿੱਤਾ ਪਰ ਗੁਰੂ ਨਾਨਕ ਜੀ ਵਲੋਂ ਇਸ ਵਿਚ ਪਾਈ ਪਿਆਰ ਦੀ ਚਾਸਨੀ, ਜਿਸ ਆਸਰੇ ਉਹ ਪਰਮਾਤਮਾ ਨੂੰ ‘ਤੂੰ’ ਦੇ ਆਪਣੇ-ਪਨ ਨਾਲ ਸੰਬੋਧਿਤ ਕਰਦੇ ਹਨ, ਉਸ ਦਾ ਰਸ ਫਿੱਕਾ ਕਰ ਦਿੱਤਾ।ਜਿਸ ਨੇ ਅੱਜ ਦੇ ਸਿੱਖਾਂ ਨੂੰ ਗੁਰਬਾਣੀ ਤੇ ਕਿੰਤੂ-ਪ੍ਰੰਤੂ ਕਰਨ ਦਾ ਮੌਕਾ ਦੇ ਦਿੱਤਾ। ਖੈਰ ਗੱਲ ਚਲ ਰਹੀ ਸੀ ਇਤਿਹਾਸ ਦੀ, ਕਿਸ ਨੇ ਕਿਉਂ ਗਲਤ ਕੀਤਾ, ਇਸ ਬਾਰੇ ਸਿੱਖਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਇਹ ‘ਸ੍ਰੀ’ ਕੀ ਚੀਜ਼ ਹੈ, ਜੋ ਹਰ ਧਾਰਮਿਕ ਵਸਤ ਨਾਲ ਲਾਉਣੀ ਜ਼ਰੂਰੀ ਹੈ। ਅਤੇ ‘ਸਾਹਿਬ’ ਤਾਂ ਹੈ ਹੀ ਰੱਬ, ਜਿਸ ਬਾਰੇ ਗੁਰਬਾਣੀ ਸਾਫ ਕਰਦੀ ਹੈ,
ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥1॥ਰਹਾਉ॥ (350)
ਯਾਨੀ ਮੇਰਾ ਸਾਹਿਬ, ਮੇਰਾ ਮਾਲਕ ਇਕੋ ਹੈ, ਅਤੇ ਉਹ ਏਕੋ ਤਾਂ ਸਿਰਫ ਪਰਮਾਤਮਾ ਹੀ ਹੈ।
ਇਸ ਏਕੋ ਦਾ ਅਸੀਂ ਕੀ ਬਣਾ ਦਿੱਤਾ, ਹਰ ਪਿੰਡ, ਹਰ ਥੇਹ, ਹਰ ਥਾਂ, ਜਿੱਥੇ ਕੋਈ ਸਿੱਖਾਂ ਨੂੰ ਕੁਰਾਹੇ ਪਾਉਣ ਵਾਲਾ ਬੈਠ ਗਿਆ, ਉਹ ਥਾਂ ਹੀ ਸਿੱਖਾਂ ਦਾ ਸਾਹਿਬੁ ਬਣ ਗਿਆ।
1984 ਵਿਚ ਜਦੋਂ ਭਾਰਤ ਸਰਕਾਰ ਨੇ ਦਰਬਾਰ ਸਾਹਿਬ ਤੇ ਫੌਜ ਚਾੜ੍ਹ ਦਿੱਤੀ ਤਾਂ ਗਿਆਨੀ ਕਿਰਪਾਲ ਸਿੰਘ (ਜੋ ਪਹਿਲਾਂ ਅਕਾਲ ਤਖਤ ਦਾ ਜਥੇਦਾਰ ਸੀ, ਉਸ ਨੇ ਰੇਡੀਉ ਤੇ ਬਿਆਨ ਦਿੱਤਾ ਕਿ “ਕੋਠਾ ਸਾਹਿਬ” ਬਿਲਕੁਲ ਠਕਿ ਹੈ, ਤਾਂ ਇਸ ਝੂਠ ਬੋਲਣ ਦੇ ਇਨਾਮ ਵਜੋਂ, ਦੂਸਰੇ ਦਿਨ ਹੀ ਉਹ “ਸਿੰਘ ਸਾਹਿਬ” ਹੋਗਿਆ, ਅਤੇ ਇਹ ਫਸਲ ਏਨੀ ਤੇਜ਼ੀ ਨਾਲ ਵਧੀ ਕਿ ਅੱਜ ਸਿੱਖਾਂ ਵਿਚ ਹਜ਼ਾਰਾਂ ਨਹੀਂ ‘ਲੱਖਾਂ’ ਸਿੰਘ ਸਾਹਿਬ ਹਨ। ਇਵੇਂ ਹੀ ਕਿੱਨੇ ਡੇਰੇ, ਕਿੰਨੇ ਠਾਠ ਅੱਜ ਸਾਹਿਬ ਹੋ ਗਏ ਹਨ। ਕਿਉਂ ? ਕਿਸੇ ਨੇ ਪੁਛਿਆ?
ਸਿੱਖੀ ਦੁਨੀਆ ਦਾ ਸਭ ਤੋਂ ਨਵਾਂ ਧਰਮ ਹੈ, ਜਿਸ ਨੂੰ ਧਰਮ ਨਾ ਕਹਿ ਕੇ ‘ਪੰਥ’ ਰਾਹ, ਪਗਡੰਡੀ, ਅਤੇ ‘ਗੁਰਮਤਿ ਗਾਡੀ ਰਾਹ’ ਜਰਨੈਲੀ ਸੜਕ ਵੀ ਕਿਹਾ ਜਾਂਦਾ ਹੈ, ਇਸ ਦੇ ਸਿਧਾਂਤ ਕੁਦਰਤ ਦੇ ਨਿਯਮਾਂ ਅਨੁਸਾਰੀ ਹਨ। ਇਸ ਵਿਚ ਕਿਸੇ ਕਰਾਮਾਤ ਲਈ ਕੋਈ ਥਾਂ ਨਹੀਂ ਹੈ, ਇਸ ਵਿਚ ਧਰਮ ਦੀ ਵਿਆਖਿਆ ਇਵੇਂ ਹੈ,
ਸਰਬ ਧਰਮ ਮਹਿ ਸ੍ਰੇਸਟ ਧਰਮੁ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ (266)
ਅਰਥ:- ਦੁਨੀਆ ਦੇ ਸਾਰੇ ਧਰਮਾਂ ਵਿਚੋਂ ਸਿਰਫ ਇਕ ਹੀ ਧਰਮ ਸ੍ਰੇਸਟ, ਸਭ ਤੋਂ ਵਧੀਆ ਹੈ। ਕਿ ਪਰਮਾਤਮਾ ਦਾ ਇਕੋ-ਇਕ ਨਾਮ ਜਪਦਿਆਂ, ਉਸ ਦੇ ਹੁਕਮ ਵਿਚ ਚਲਦਿਆਂ, ਇਕੋ-ਇਕ ਨਿਰਮਲ ਕਰਮ, ਪ੍ਰਭੂ ਨਾਲ ਪਿਆਰ ਕਰਨ ਦਾ ਕੰਮ ਕੀਤਾ ਜਾਵੇ । ਕੀ ਦੁਨੀਆ ਦੇ ਧਰਮਾਂ ਵਿਚੋਂ ਕੋਈ ਧਰਮ ਅਜਿਹਾ ਹੈ, ਜਿਸ ਵਿਚ ਇਹ ਕਰਮ ਕੀਤਾ ਜਾਂਦਾ ਹੋਵੇ ?
ਇਸ ਲਈ ਹੀ ਇਹ ਸਾਰੇ ਧਰਮ, ਧਰਮ ਨਾ ਹੋ ਕੇ ਬੰਦਿਆਂ ਨੂੰ ਲੁੱਟਣ ਲਈ ਬਣਾਏ ਹੋਏ ਅੱਡੇ ਹਨ, ਜਿਨ੍ਹਾਂ ਵਿਚਲੀਆਂ ਰਖੀਆਂ ਜਾਂਦੀਆਂ ਭੇਡਾਂ ਦੀ ਉੰਨ ਲਾਹੁਣ ਦਾ ਅਧਿਕਾਰ ਉਸ ਵਾੜੇ, ਦੇ ਮਾਲਕਾਂ, ਅਰਥਾਤ ਧਾਰਮਿਕ ਆਗੂਆਂ ਦਾ ਹੈ। ਇਨ੍ਹਾਂ ਵਾੜਿਆਂ ਦੇ ਨਿਯਮਾਂ ਅਨੁਸਾਰ ਉਸ ਵਾੜੇ ਵਿਚੋਂ ਨਿਕਲ ਕੇ ਕੋਈ ਭੇਡ, ਦੂਸਰੇ ਵਾੜੇ ਵਿਚ ਨਹੀਂ ਜਾ ਸਕਦੀ। ਇਨ੍ਹਾਂ ਭੇਡਾਂ ਪਿੱਛੇ ਕਦੇ ਕਦੇ ਬਹੁਤ ਵੱਡੀਆਂ ਲੜਾਈਆਂ ਹੋਈਆਂ ਹਨ, ਭਾਰਤ ਵਿਚ ਅੱਜ ਵੀ ਹੁੰਦੀਆਂ ਹਨ, ਇਹੀ ਨਹੀਂ ਦੂਸਰੇ ਵਾੜੇ ਦੀਆਂ ਭੇਡਾਂ ਦੀ ਗਿਣਤੀ ਜ਼ਿਆਦਾ ਹੁੰਦੀ ਵੇਖ ਕੇ, ਸਰਕਾਰ ਦੀ ਮਦਦ ਨਾਲ ਆਪਣੀਆਂ ਭੇਡਾਂ ਨੂੰ ਭੜਕਾ ਕੇ, ਦੂਸਰੇ ਵਾੜੇ ਦੀਆਂ ਭੇਡਾਂ ਦਾ ਕਤਲੇਆਮ ਕੀਤਾ ਜਾਂਦਾ ਹੈ, ਕੀ ਇਨ੍ਹਾਂ ਨੂੰ ਧਰਮ ਕਿਹਾ ਜਾ ਸਕਦਾ ਹੈ ? ਹੁਣ ਤਾਂ ਸਿੱਖੀ ਦੇ ਠੇਕੇਦਾਰਾਂ ਨੇ ਸਿੱਖੀ ਨੂੰ ਵੀ ਉਸ ਧਰਮਾਂ ਦੇ ਸਮੂਹ ਵਿਚ ਸ਼ਾਮਲ ਕਰ ਲਿਆ ਹੈ ਅਤੇ ਅਕਸਰ ਹੀ “ਸਰਵ ਧਰਮ ਸੰਮੇਲਨ” ਹੁੰਦੇ ਰਹਿੰਦੇ ਹਨ।
ਸਿੱਖੀ ਨੂੰ ਧਰਮ ਨਹੀਂ ਮੰਨਿਆ ਗਿਆ, ਬਲਕਿ ਸਿੱਖਾਂ ਨੂੰ ਉਪਰ ਦੱਸੇ ਧਰਮ ਅਨੁਸਾਰ ਚੱਲਣ ਦੀ ਹਦਾਇਤ ਹੈ। ਇਵੇਂ ਸਿੱਖੀ ਨੂੰ ਇਸ ਧਰਮ ਤੇ ਚੱਲਣ ਦਾ ਰਾਹ ਮੰਨਿਆ ਗਿਆ ਹੈ। ਕਿਉਂਕਿ ਸਿੱਖੀ ਤਾਂ ਹੈ ਹੀ ਅਕਾਲਪੁਰਖ ਦੇ ਨਿਯਮਾਂ ਅਨੁਸਾਰ ਚੱਲਣ ਵਾਲਿਆਂ ਦਾ ਇਕੱਠ।
ਅਮਰ ਜੀਤ ਸਿੰਘ ਚੰਦੀ, (ਚਲਦਾ)
ਅਮਰਜੀਤ ਸਿੰਘ ਚੰਦੀ
ਗੁਰਬਾਣੀ ਅਤੇ ਇਤਿਹਾਸ ਵਿਗੜਨ ਨਹੀਂ ਦੇਵਾਂਗਾ (ਭਾਗ 1)
Page Visitors: 1829