ਆਉ ਪ੍ਰਣ ਕਰੀਏ ਕਿ ਗੁਰਬਾਣੀ ਅਤੇ ਇਤਿਹਾਸ ਵਿਗੜਨ ਨਹੀਂ ਦੇਵਾਂਗੇ (ਭਾਗ 2)
ਸਿੱਖੀ ਵਿਚੋਂ ਕਰਮ ਕਾਂਡ ਅਤੇ ਵਹਿਮ-ਭਰਮ ਦੂਰ ਕਰਨ ਦਾ ਹੀਲਾ
ਗੁਰਬਾਣੀ ਵਿਚ ਗਰਾਮਰ ਦੀ ਲੋੜ!
ਜਿਵੇਂ ਕਿਸੇ ਵੀ ਭਾਸ਼ਾ ਨੂੰ ਲੈ-ਬੱਧ ਲਿਖਣ ਅਤੇ ਬੋਲਣ ਲਈ ਗਰਾਮਰ ਦੀ ਲੋੜ ਹੁੰਦੀ ਹੈ ਓਸੇ ਤਰ੍ਹਾਂ ਹੀ ਗੁਰਬਾਣੀ ਵਿਚ ਵੀ ਹੈ, ਪ੍ਰੋ, ਸਾਹਿਬ ਸਿੰਘ ਜੀ ਨੇ ਸਾਰੀ ਉਮਰ ਅਣਥੱਕ ਮਿਹਨਤ ਕਰ ਕੇ ਗੁਰਬਾਣੀ ਵਿਚੋਂ ਗਰਾਮਰ ਦੀ ਖੋਜ ਵੀ ਕੀਤੀ, ਉਸ ਅਨੁਸਾਰ ਸੰਪੂਰਨ ਗੁਰਬਾਣੀ ਦੇ ਅਰਥ ਵੀ ਕੀਤੇ। ਉਸ ਤੋਂ ਅਗਾਂਹ ਦੀ ਲੋੜ ਸੀ ਕਿ ਗਰਾਮਰ ਨੂੰ ਧਿਆਨ ਵਿਚ ਰਖਦੇ, ਪ੍ਰੋ, ਸਾਬਿ ਸਿੰਘ ਜੀ ਦੇ “ਗੁਰੂ ਗ੍ਰੰਥ ਸਾਹਿਬ ਦਰਪਣ” ਤੋਂ ਸੇਧ ਲੈ ਕੇ ਗੁਰਬਾਣੀ ਸ਼ਬਦਾਂ ਦੀ ਸਰਲ ਵਿਆਖਿਆ ਕੀਤੀ ਜਾਂਦੀ, ਪਰ ਅਜਿਹਾ ਬਹੁਤ ਘੱਟ ਹੋਇਆ ਹੈ। ਸੰਤ ਸਮਾਜ ਨੇ ਤਾਂ ਗਰਾਮਰ ਨੂੰ ਬਿਲਕੁਲ ਨਕਾਰਦੇ ਹੋਏ, ਆਪਣੇ ਮਹਾਂ-ਪੁਰਖਾਂ ਦਾ ਢੰਗ ਹੀ ਚਾਲੂ ਰੱਖਿਆ, ਜਿਸ ਮੁਤਾਬਕ,
ਅਖਰ ਲਿਖੇ ਸੇਈ ਗਾਵਾ ਅਵਰ ਨਾ ਜਾਣਾ ਬਾਣੀ ॥1॥ਰਹਾਉ॥ (1171)
ਅਸਲੀ ਅਰਥ:- ਹੇ ਪ੍ਰਭੂ ਜੀ, ਜਨਮਾਂ ਜਨਮਾਂ ਦੇ ਕੀਤੇ ਕਰਮਾਂ ਅਨੁਸਾਰ, ਜੋ ਸੰਸਕਾਰ ਮੇਰੇ ਮਨ ਤੇ ਉੱਕਰੇ ਪਏ ਹਨ, ਮੈਂ ਉਨ੍ਹਾਂ ਨੂੰ ਹੀ ਗਾਉਂਦੀ, ਮੁੜ ਮੁੜ Eਹੋ ਜਿਹੇ ਕਰਮ ਹੀ ਕਰਦੀ ਜਾ ਰਹੀ ਹਾਂ, ਮੈਂ ਕੋਈ ਐਸੇ ਕੰਮ ਨਹੀਂ ਜਾਣਦੀ, ਜਿਨ੍ਹਾਂ ਨਾਲ ਮੇਰੇ ਅੰਦਰੋਂ ਮਾਇਆ ਦੇ ਮੋਹ ਦੇ ਸੰਸਕਾਰ ਖਤਮ ਹੋ ਜਾਣ।
ਪਰ ਚੇਲਿਆਂ ਵਲੋਂ ਸਥਾਪਤ ਕੀਤੇ “ਮਹਾਂ-ਪੁਰਖ” ਇਹੀ ਅਰਥ ਕਰੀ ਜਾਂਦੇ ਹਨ ਕਿ, ਗੁਰੂ ਗ੍ਰੰਥ ਸਾਹਿਬ ਵਿਚ ਜੋ ਕੁਝ ਵੀ ਲਿਖਿਆ ਹੋਇਆ ਹੈ ਅਸੀਂ ਉਹ ਕੁਝ ਓਵੇਂ ਹੀ ਗਾ ਰਹੇ ਹਾਂ, ਜਿਹੜੇ ਏਦਾਂ ਨਹੀਂ ਕਰਦੇ, ਉਹ ਗੁਰਬਾਣੀ ਦੀ ਬੇਅਦਬੀ ਕਰ ਰਹੇ ਹਨ। ਇਸ ਤੋਂ ਪਹਿਲੀ ਤੁਕ ,
ਮੇਰੇ ਸਾਹਿਬਾ ਹਉ ਆਪੇ ਭਰਮਿ ਭੁਲਾਣੀ ॥
ਅਸਲੀ ਅਰਥ:- ਹੇ ਮੇਰੇ ਮਾਲਕ, ਮੇਰੇ ਪ੍ਰਭੂ ਜੀ, ਮੈਂ ਅਕਲ ਦੀ ਵਰਤੋਂ ਕੀਤੇ ਬਗੈਰ, ਮਾਇਆ ਦੇ ਮੋਹ ਵਿਚ ਫਸ ਕੇ ਜੀਵਨ ਦੇ ਸਹੀ ਰਸਤੇ ਤੋਂ ਖੁੰਝੀ ਹੋਈ ਹਾਂ ।
ਆਉ ਵਿਚਾਰ ਕਰਦੇ ਹਾਂ,
ਸ਼ਬਦ ਹੈ,
ਗੁਰਾ ਇਕ ਦੇਹਿ ਬੁਝਾਈ॥
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥5॥ (2)
ਕਿਸੇ ਗੱਲ ਨੂੰ ਵੀ ਸਮਝੇ ਬਗੈਰ ਰਟੀ ਜਾਣਾ ਅਕਲ-ਮੰਦੀ ਨਹੀਂ ਹੈ, ਜੋ ਅਸੀਂ ਪੜ੍ਹ ਰਹੇ ਹਾਂ ਉਸ ਦਾ ਮਤਲਬ ਬਣਦਾ ਹੈ। ਹੇ ਗੁਰੂ (ਗੁਰਾ) ਮੈਨੂੰ ਇਕ ਗੱਲ ਸਮਝਾਅ ਦੇਹ, ਕਿ ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਪਰਮਾਤਮਾ ਹੀ ਹੈ, ਮੈਂ ਉਸ ਨੂੰ ਕਦੇ ਭੁੱਲ ਨਾ ਜਾਵਾਂ।
ਇਸ ਵਿਚ ਅਸੀਂ ਜਾਣਦੇ ਹਾਂ ਕਿ ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਹੀ ਦਾਤਾ ਹੈ, ਸਾਨੂੰ ਉਸ ਨੂੰ ਭੁੱਲਣਾ ਨਹੀਂ ਚਾਹੀਦਾ। ਪਰ ਇਸ ਬੋਲੀ ਵਿਚ ਅਸੀਂ ਗੁਰੂ ਨੂੰ ਸਮਝਾਅ ਰਹੇ ਹਾਂ ਕਿ ਹੇ ਗੁਰੂ (ਗੁਰਾ) ਮੈਨੂੰ ਇਕ ਗੱਲ ਸਮਝਾਅ ਦੇਹ, ਕਿ ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਪਰਮਾਤਮਾ ਹੀ ਹੈ, ਮੈਂ ਉਸ ਨੂੰ ਕਦੇ ਭੁੱਲ ਨਾ ਜਾਵਾਂ। (ਯਾਨੀ ਅਸੀਂ ਗੁਰੂ ਨੂੰ ਡਿਕਟੇਸ਼ਨ ਦੇ ਰਹੇ ਹਾਂ)
ਜੇ ਇਹੋ ਹੀ ਅਸੀਂ ਇਸ ਤਰ੍ਹਾਂ ਬੋਲਦੇ ,
ਗੁਰਾਂ ਇਕ ਦੇਹਿ ਬੁਝਾਈ॥
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥5॥ (2)
ਤਾਂ ਅਰਥ ਬਣ ਜਾਂਦਾ , ਗੁਰੂ ਨੇ (ਗੁਰਾਂ) ਮੈਨੂੰ ਇਕ ਗੱਲ ਸਮਝਾਅ ਦਿੱਤੀ ਕਿ, ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਦਾਤਾ ਹੀ ਹੈ, ਸੋ ਮੈਂ ਉਸ ਨੂੰ ਕਦੀ ਭੁੱਲ ਨਾ ਜਾਵਾਂ।
(ਇਹ ਗਰਾਮਰ ਦੀ ਗੱਲ ਹੈ, ਜੋ ਸੰਤ-ਮਹਾਂ ਪੁਰਸ਼ ਬੋਲਣਾ ਨਹੀਂ ਚਾਹੁੰਦੇ ਭਾਵੇਂ ਅਰਥ ਕੁਛ ਵੀ ਹੋ ਜਾਣ)
ਇਵੇਂ ਹੀ,
ਮਾਧੋ ਕੈਸੀ ਬਨੈ ਤੁਮ ਸੰਗੇ ॥
ਆਪਿ ਨ ਦੇਹੁ ਤ ਲੇਵਉ ਮੰਗੇ॥ਰਹਾਉ॥ (656)
90 % ਤੋਂ ਵੱਧ ਰਾਗੀ ਪੜ੍ਹਦੇ ਹਨ,
ਮਾਧੋ ਕੈਸੀ ਬਨੇ ਤੁਮ ਸੰਗੇ[
ਆਪ ਨ ਦੇਹੋ ਤ ਲੇਵੌ ਮੰਗੇ[
ਅਰਥ ਬਣਦੇ ਹਨ, ਹੇ ਪ੍ਰਭੂ ਜੀ ਮੇਰੀ, ਤੇਰੇ ਨਾਲ ਕਿਵੇਂ ਨਿਭ ਸਕਦੀ ਹੈ ? ਜੇ ਤੂੰ ਮੈਨੂੰ ਨਹੀਂ ਦੇਂਦਾ ਤਾਂ ਮੇਰੇ ਕੋਲੋਂ (ਲੇਵੌ ਜਾਂ ਲੇਵੋ) ਮੰਗ ਲਵੋ।
ਜੇ ਅਸੀਂ ਇਸ ਨੂੰ ਇਵੇਂ ਪੜ੍ਹ ਲੈਂਦੇ ,
ਮਾਧੋ ਕੈਸੀ ਬਨੈ ਤੁਮ ਸੰਗੇ ॥
ਆਪਿ ਨ ਦੇਹੁ ਤ ਲੇਵਉਂ ਮੰਗੇ॥ਰਹਾਉ॥ (656)
ਤਾਂ ਅਰਥ ਬਣਦੇ,
ਹੇ ਪ੍ਰਭੂ ਜੀ, ਮੇਰੀ, ਤੇਰੇ ਨਾਲ ਕਿਵੇਂ ਨਿਭ ਸਕਦੀ ਹੈ ? ਜੇ ਤੂੰ ਮੈਨੂੰ ਨਹੀਂ ਦਿੰਦਾ ਤਾਂ ਮੈਂ ਤੇਰੇ ਕੋਲੋਂ ਮੰਗ ਕੇ ਲੈ ਲਵਾਂ। ਪਰ
,(ਇਹ ਗਰਾਮਰ ਦੀ ਗੱਲ ਹੈ, ਜੋ ਸੰਤ-ਮਹਾਂ ਪੁਰਸ਼ ਬੋਲਣਾ ਨਹੀਂ ਚਾਹੁੰਦੇ ਭਾਵੇਂ ਅਰਥ ਕੁਛ ਵੀ ਹੋ ਜਾਣ)
ਇਵੇਂ ਹੀ ਹੋਰ ਵੀ ਬਹੁਤ ਕੁਝ ਹੈ, ਜਿਸ ਲਈ ਹਰ ਸਿੱਖ ਨੂੰ ਸੁਧਰਨਾ ਪੈਣਾ ਹੈ। ਇਸ ਵਿਚ ਸ਼ਰਮ ਕੈਸੀ ? ਗਲਤ ਅਰਥਾਂ ਵਾਲੀ ਗੁਰਬਾਣੀ ਪੜ੍ਹਨ ਨਾਲੋਂ ਤਾਂ ਸੁਧਰ ਜਾਣਾ ਬਹੁਤ ਚੰਗਾ ਹੈ, ਜੇ ਗੁਰਬਾਣੀ ਗੁਰੂ ਹੈ ਅਤੇ ਤੁਸੀਂ ਉਸ ਗੁਰਬਾਣੀ ਦੇ ਸਿੱਖ ਹੋ ਤਾਂ ਤੁਸੀਂ ਜ਼ਰੂਰ ਸੁਧਰ ਜਾਵੋਗੇ, ਪਰ ਜੇ ਤੁਹਾਡੇ ਚੇਲਿਆਂ ਨੇ ਤੁਹਾਨੂੰ ਏਨੀ ਫੂਕ ਭਰੀ ਹੋਈ ਹੈ, ਕਿ ਤੁਸੀਂ ਸੰਗਤ ਸਾਮ੍ਹਣੇ ਲਿਫਣਾ ਨਹੀਂ ਚਾਹੁੰਦੇ ਤਾਂ ਫਿਰ ਤੁਹਾਡਾ ਰੱਬ ਵੀ ਰਖਵਾਲਾ ਨਹੀਂ ਹੋ ਸਕਦਾ।
ਅਮਰ ਜੀਤ ਸਿੰਘ ਚੰਦੀ, (ਚਲਦਾ)