ਆਉ ਪ੍ਰਣ ਕਰੀਏ ਕਿ ਗੁਰਬਾਣੀ ਅਤੇ ਇਤਿਹਾਸ ਵਿਗੜਨ ਨਹੀਂ ਦੇਵਾਂਗੇ (ਭਾਗ 4)
ਸਿੱਖੀ ਵਿਚੋਂ ਕਰਮ ਕਾਂਡ ਅਤੇ ਵਹਿਮ-ਭਰਮ ਦੂਰ ਕਰਨ ਦਾ ਹੀਲਾ
ਬਹੁਤ ਘੱਟ ਸਿੱਖਾਂ ਨੇ ਗੁਰਬਾਣੀ ਨੂੰ ਸੁਣਿਆ ਹੈ !
ਇਸ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਆਪਾਂ ਇਸ ਗੱਲ ਨੂੰ ਸਮਝੀਏ ਕਿ, “ਸੁਣਨਾ” ਹੈ ਕੀ ?
ਵੈਸੇ ਤਾਂ ਇਹ ਮੰਨਿਆ ਜਾ ਸਕਦਾ ਹੈ ਕਿ ਕਿਸੇ ਵਿਰਲੇ ਨੂੰ ਛੱਡ ਕੇ ਬਾਕੀ ਸਾਰੇ,’ਬੋਲੇ’ ਨਹੀਂ ਹਨ ਉਨ੍ਹਾਂ ਨੂੰ ਸੁਣਦਾ ਹੈ, ਪਰ ਕਈ ਵਾਰ ਅਸੀਂ ਆਪਸ ਵਿਚ ਗੱਲ ਕਰਦੇ ਕਹਿ ਦਿੰਦੇ ਹਾਂ, ਯਾਰ ਕੀ ਆਖਿਆ ? ਤਾਂ ਇਸ ਦਾ ਕੀ ਇਹ ਮਤਲਬ ਹੈ ਕਿ ਸਾਡੇ ਕੰਨਾਂ ਨੇ, ਉਸ ਦੀ ਉਹ ਗੱਲ ਨਹੀਂ ਸੁਣੀ? ਨਹੀਂ ਐਸਾ ਸੰਭਵ ਨਹੀਂ ਹੈ, ਕੰਨਾਂ ਨੇ ਆਪਣਾ ਕੰਮ ਕੀਤਾ ਹੈ, ਪਰ ਉਸ ਵੇਲੇ ਦਮਾਗ ਅਤੇ ਕੰਨ ਇਕ ਸੁਰ ਨਹੀਂ ਸਨ। ਹਰ ਉਹ ਆਵਾਜ਼, ਜੋ ਕੰਨਾਂ ਕੋਲ ਦੀ ਲੰਘੇ, ਉਹ ਕੰਨ ਜ਼ਰੂਰ ਸੁਣਦੇ ਹਨ, ਪਰ ਸਾਡਾ ਧਿਆਨ ਕਿਸੇ ਹੋਰ ਪਾਸੇ ਹੋਣ ਕਰ ਕੇ ਕੰਨਾਂ ਦੀ ਆਵਾਜ਼ ਸਾਡੇ ਦਿਮਾਗ ਨੇ ਨਹੀਂ ਫੜੀ।ਉਹ ਸਾਡੇ ਮਨ ਤੱਕ ਨਹੀਂ ਪਹੁੰਚੀ। ਜਦੋਂ ਅਸੀਂ ਪਾਠ ਕਰਦੇ ਹਾਂ, ਤਾਂ ਸਾਡਾ ਦਿਮਾਗ ਕਿਸੇ ਹੋਰ ਥਾਂ ਹੋਣ ਕਰ ਕੇ, ਆਵਾਜ਼ ਮਨ ਤੱਕ ਨਹੀਂ ਪਹੁੰਚਦੀ, ਗੁਰੂ ਸਾਹਿਬ ਇਨ੍ਹਾਂ ਨੂੰ ਇਕ ਸੁਰ ਰੱਖਣ ਲਈ, ਹਰ ਸ਼ਬਦ ਵਿਚ (ਕੁਝ ਨੂੰ ਛੱਡ ਕੇ) ਰਹਾਉ ਦਾ ਹੁਕਮ ਦਿੱਦੇ ਹਨ।
ਇਹ ਜ਼ਰੂਰੀ ਹੈ ਕਿ ਗੁਰਬਾਣੀ ਦੀ ਹਰ ਤੁਕ ਸੁਣਨ ਅਤੇ ਸਮਝਣ ਲਈ, ਕੰਨ, ਦਿਮਾਗ ਅਤੇ ਮਨ ਇਕ ਸੁਰ ਹੋਣ, ਗੁਰਬਾਣੀ ਹੈ ਹੀ ਮਨ ਲਈ।ਜੇ ਉਹ ਤੁਕਾਂ ਦਿਮਾਗ ਰਾਹੀਂ ਸਮਝ ਕੇ ਸਾਡੇ ਮਨ ਤੱਕ ਨਹੀਂ ਪਹੁੰਚਣ ਗੀਆਂ ਤਾਂ ਉਹ ਗੁਰਬਾਣੀ ਸਾਡੇ ਕਿਸੇ ਕੰਮ ਦੀ ਨਹੀਂ। ਗੁਰਬਾਣੀ ਸਾਡੇ ਦਿਮਾਗ ਦੇ ਸਮਝਣ ਮਗਰੋਂ, ਅਮਲ ਕਰਨ ਲਈ ਮਨ ਤੱਕ ਜਾਂਦੀ ਹੈ। ਇਵੇਂ ਹੀ ਦਿਮਾਗ, ਗਿਆਨ ਇੰਦਰਿਆਂ ਰਾਹੀਂ ਹਾਸਲ ਕੀਤੇ ਗਿਆਨ ਨੂੰ ਸਮਝ ਕੇ ਲੋੜੀਂਦੇ ਕਰਮ ਇੰਦਰੇ ਨੂੰ ਭੇਜ ਦਿੰਦਾ ਹੈ, ਇਵੇਂ ਹੀ ਮਨ ਨਾਲ ਸਬੰਧਿਤ ਗਿਆਨ ਉਹ ਮਨ ਤੱਕ ਪਹੁੰਚਾ ਦਿੰਦਾ ਹੈ।ਕਈ ਵਾਰੀ ਜਦੋਂ ਅਸੀਂ ਆਪ ਪੜ੍ਹ ਰਹੇ ਹੋਈਏ, ਤਾਂ ਸੁਣਨ ਦਾ ਕੰਮ ਕੰਨ ਨਹੀਂ ਕਰਦੇ, ਕਿਉਂਕਿ ਅੱਖਾਂ ਰਾਹੀਂ ਪੜ੍ਹਿਆ ਦਿਮਾਗ ਤੱਕ ਸਿੱਧਾ ਪਹੁੰਚ ਜਾਂਦਾ ਹੈ। ਇਹ ਅਮਲ ਪੂਰਾ ਨਾ ਹੋਣ ਕਰ ਕੇ ਹੀ, ਬਹੁਤਿਆਂ ਦੀ ਸ਼ਿਕਾਇਤ ਹੁੰਦੀ ਹੈ ਕਿ ਪਾਠ ਵਿਚ ਮਨ ਨਹੀਂ ਲਗਦਾ।
ਆਉ ਵਿਚਾਰਦੇ ਹਾਂ ਕਿ ਅਸੀਂ ਕੀ ਕੀਤਾ ਹੈ, ਕੀ ਮਾਨਤਾਵਾਂ ਬਣਾਈਆਂ ਹਨ ਅਤੇ ਉਨ੍ਹਾਂ ਮਾਨਤਾਵਾਂ ਆਸਰੇ ਅਸੀਂ ਕਰਦੇ ਕੀ ਹਾਂ ?
. ਗੁਰਬਾਣੀ ਸਾਨੂੰ ਰੱਬ ਨਾਲ ਜੁੜਨ ਦੀ ਪ੍ਰੇਰਨਾ ਦਿੰਦੀ ਹੈ ਅਤੇ ਰੱਬ ਨਾਲ ਮਿਲਣ ਦਾ ਰਾਹ ਦੱਸਦੀ ਹੈ।
ਗੁਰਬਾਣੀ ਨੂੰ ਪੜ੍ਹਨਾ, ਸਮਝਣਾ, ਵੱਖਰਾ ਕੰਮ ਹੈ, ਅਤੇ ਰੱਬ ਨਾਲ ਜੁੜਨ ਦਾ ਉਪਰਾਲਾ ਕਰਨਾ, ਵਖਰੀ ਗੱਲ ਹੈ। ਇਹ ਕੰਮ ਸਮਝੀ ਹੋਈ ਗੁਰਬਾਣੀ ਅਨੁਸਾਰ ਜੀਵਨ ਢਾਲ ਕੇ ਹੁੰਦਾ ਹੈ।
ਅਸੀਂ ਗੁਰਦਵਾਰੇ ਵਿਚ ਕੰਮ ਕਰਨ ਵਾਲਿਆਂ ਨੂੰ ਬ੍ਰਾਹਮਣ ਦੀ ਤਰਜ਼ ਤੇ ਆਪਣਾ ਉਸਤਾਦ ਹੀ ਨਹੀਂ ਸਮਝਿਆ, ਬਲਕਿ ਉਨ੍ਹਾਂ ਨੂੰ ਗੁਰੂ ਦਾ ਵਜ਼ੀਰ ਅਤੇ ਸ਼ਬਦ ਗੁਰੂ ਦਾ ਵਚੋਲਾ ਵੀ ਮਿੱਥ ਲਿਆ। ਜਿਸ ਨਾਲ ਅਸੀਂ ਸ਼ਬਦ ਗੁਰੂ ਸਬੰਧੀ ਅਤੇ ਰੱਬ ਸਬੰਧੀ, ਗੁਰਦਵਾਰੇ ਵਿਚਲੇ ਵਿਚੋਲਿਆਂ ਦੇ ਮੁਹਤਾਜ ਹੋ ਗਏ। ਇਨ੍ਹਾਂ ਦੋਵਾਂ ਸਬੰਧੀ ਹਰ ਕੰਮ ਪੈਸੇ ਦੇ ਕੇ ਕਰਵਾਉਣ ਲਗ ਪਏ, ਇਵੇਂ ਅਸੀਂ ਬਹੁਤ ਸਾਰੀਆਂ ਕੁਰੀਤੀਆਂ ਸ਼ੁਰੂ ਕੀਤੀਆਂ।
ਗੁਰਬਾਣੀ ਸੇਧ ਹੈ,
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ॥1॥
ਬੋਲਹੁ ਭਾਈ ਹਰਿ ਕੀਰਤਿ ਹਰਿ ਥਾਇ ਭਵਜਲ ਤੀਰਥਿ ॥
ਹਰਿ ਦਰਿ ਤਿਨ ਕੀ ਊਤਮ ਬਾਤ ਹੈ ਸੰਤਹੁ ਹਰਿ ਕਥਾ ਜਿਨ ਜਨਹੁ ਜਾਨੀ ॥ਰਹਾਉ॥
ਆਪੇ ਗੁਰੁ ਚੇਲਾ ਹੈ ਆਪੇ ਆਪੇ ਹਰਿ ਪ੍ਰਭੁ ਚੋਜ ਵਿਡਾਨੀ ॥
ਜਨ ਨਾਨਕ ਆਪਿ ਮਿਲਾਏ ਸੋਈ ਹਰਿ ਮਿਲਸੀ ਅਵਰ ਸਭ ਤਿਆਗਿ ਓਹਾ ਹਰਿ ਭਾਨੀ॥2॥5॥11॥ (669)
ਅਰਥ:-
ਬੋਲਹੁ ਭਾਈ ਹਰਿ ਕੀਰਤਿ ਹਰਿ ਥਾਇ ਭਵਜਲ ਤੀਰਥਿ ॥
ਹਰਿ ਦਰਿ ਤਿਨ ਕੀ ਊਤਮ ਬਾਤ ਹੈ ਸੰਤਹੁ ਹਰਿ ਕਥਾ ਜਿਨ ਜਨਹੁ ਜਾਨੀ ॥ਰਹਾਉ॥
ਹੇ ਭਾਈ! ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲੇ ਤੀਰਥ,ਸਤਸੰਗਤ ਦੀ ਸਰਨੀ ਪੈ ਕੇ,ਪਰਮਾਤਮਾ ਦੀ ਸਿਫਤ ਸਾਲਾਹ ਕਰਿਆ ਕਰੋ।ਪਰਮਾਤਮਾ ਦੇ ਦਰ ਤੇ, ਉਨ੍ਹਾਂ ਮਨੁੱਖਾਂ ਦੀ ਚੰਗੀ ਸੋਭਾ ਹੁੰਦੀ ਹੈ, ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਸਿਫਤ ਸਾਲਾਹ ਨਾਲ ਡੂੰਘੀ ਸਾਂਝ ਪਾਈ ਹੈ।ਰਹਾਉ।
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ॥1॥
ਹੇ ਭਾਈ! ਸੇਵਕ ਅਤੇ ਸਿੱਖ ਅਖਵਾਉਣ ਵਾਲੇ ਸਾਰੇ ਬੰਦੇ, ਗੁਰੂ ਦੇ ਦਰ ਤੇ ਪ੍ਰਭੂ ਦੀ ਭਗਤੀ ਕਰਨ ਲਈ ਇਕੱਠੇ ਹੁੰਦੇ ਹਨ ਅਤੇ ਪਰਮਾਤਮਾ ਦੀ ਸਿਫਤ ਸਾਲਾਹ ਨਾਲ ਭਰਪੂਰ ਸ੍ਰੇਸ਼ਟ ਗੁਰਬਾਣੀ ਗਾਉਂਦੇ ਹਨ।ਪਰ ਪਰਮਾਤਮਾ ਉਨ੍ਹਾਂ ਮਨੁੱਖਾਂ ਦਾ ਬਾਣੀ ਗਾਉਣਾ ਅਤੇ ਸੁਣਨਾ ਕਬੂਲ ਕਰਦਾ ਹੈ, ਜਿਨ੍ਹਾਂ ਗੁਰੂ ਦੇ ਹੁਕਮ ਨੂੰ ਬਿਲਕੁਲ ਸੱਚ ਜਾਣ ਕੇ, ਉਸ ਉੱਤੇ ਅਮਲ ਕੀਤਾ ਹੈ ।1। (ਜਦ ਕਿ ਸਾਰਿਆਂ ਕੋਲ ਇਕੋ ਬਾਣੀ ਹੁੰਦੀ ਹੈ)
ਆਪੇ ਗੁਰੁ ਚੇਲਾ ਹੈ ਆਪੇ ਆਪੇ ਹਰਿ ਪ੍ਰਭੁ ਚੋਜ ਵਿਡਾਨੀ ॥
ਜਨ ਨਾਨਕ ਆਪਿ ਮਿਲਾਏ ਸੋਈ ਹਰਿ ਮਿਲਸੀ ਅਵਰ ਸਭ ਤਿਆਗਿ ਓਹਾ ਹਰਿ ਭਾਨੀ॥2॥
ਹੇ ਭਾਈ! ਪ੍ਰਭੂ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਪ੍ਰਭੂ ਆਪ ਹੀ ਅਸਚਰਜ ਤਮਾਸ਼ੇ ਕਰਨ ਵਾਲਾ ਹੈ।
ਹੇ ਦਾਸ ਨਾਨਕ! ਆਖ ਉਹੀ ਮਨੁੱਖ ਪਰਮਾਤਮਾ ਨੂੰ ਮਿਲ ਸਕਦਾ ਹੈ, ਜਿਸ ਨੂੰ ਪਰਮਾਤਮਾ ਆਪ ਮਿਲਾਂਦਾ ਹੈ। ਹੇ ਭਾਈ! ਹੋਰ ਸਾਰਾ ਓਟ-ਆਸਰਾ ਛੱਡ, ਗੁਰੂ ਦੀ ਆਗਿਆ ਵਿਚ ਤੁਰ ਕੇ ਪ੍ਰਭੂ ਦੀ ਸਿਫਤ ਸਾਲਾਹ ਕਰਿਆ ਕਰ, ਪ੍ਰਭੂ ਨੂੰ ਉਹ ਸਿਫਤ ਸਾਲਾਹ ਹੀ ਪਿਆਰੀ ਲਗਦੀ ਹੈ।2।5।11। (669)
ਆਪਾਂ ਵੇਖਿਆ ਹੈ ਕਿ ਸਾਰੇ ਸੇਵਕਾਂ, ਸਾਰੇ ਸਿੱਖਾਂ ਦਾ ਇਕੋ ਗੁਰੂ ਹੈ, ਸਾਰੇ ਇਕੋ ਗੁਰਬਾਣੀ ਅਨੁਸਾਰ ਹੀ ਇਕੋ ਪ੍ਰਭੂ ਦੀ ਸਿਫਤ ਸਾਲਾਹ ਕਰਦੇ ਹਨ। ਪਰ ਪਰਮਾਤਮਾ ਕਿਉਂਕਿ ਹਰ ਕਿਸੇ ਦੇ ਮਨ ਦੀ ਜਾਨਣ ਵਾਲਾ ਹੈ, ਇਸ ਲਈ ਉਹ ਜਾਣਦਾ ਹੈ ਕਿ ਕਿਹੜਾ ਬੰਦਾ ਗੁਰੂ ਦੀ ਬਾਣੀ ਨੂੰ ਸੱਚ ਜਾਣਕੇ, ਉਸ ਅਨੁਸਾਰ ਅਮਲ ਕਰਦਾ ਹੈ, ਉਸ ਦਾ ਹੀ, ਬਾਣੀ ਗਾਉਣਾ ਅਤੇ ਸੁਣਨਾ ਕਬੂਲ ਕਰਦਾ ਹੈ।
ਇਸ ਹਾਲਤ ਵਿਚ ਜਦੋਂ ਅਸੀਂ ਆਪ ਪੜ੍ਹਦੇ ਹੀ ਨਹੀਂ, ਸੁਣਦੇ ਵੀ ਨਹੀਂ, ਤਾਂ ਉਸ ਨੂੰ ਸਮਝਾਂਗੇ ਕਿਵੇਂ, ਇਹ ਫੈਸਲਾ ਕਿਵੇਂ ਕਰਾਂਗੇ ਕਿ ਬਾਣੀ ਸੱਚੀ ਹੈ ਜਾਂ ਬਨਾਵਟੀ, ਜਿਸ ਨੇ ਜੋ ਕਹਿ ਦਿੱਤਾ ਉੁਸ ਪਿੱਛੇ ਹੀ ਲੱਗ ਗਏ, ਤਾਂ ਸਾਡਾ ਦੂਸਰਿਆਂ ਕੋਲੋਂ ਪਾਠ ਕਰਵਾਏ ਦਾ ਕੀ ਫਾਇਦਾ ? ਪਾਠ ਤਾਂ ਹੈ ਸਾਡੀ ਜ਼ਿੰਦਗੀ ਸੁਧਾਰਨ ਲਈ, ਦੂਸਰੇ ਦੇ ਪਾਠ ਕਰਨ ਨਾਲ ਸਾਡੀ ਜ਼ਿੰਦਗੀ ਕਿਵੇਂ ਸੌਰ ਜਾਵੇਗੀ ? ਇਹ ਸਧਾਰਨ ਪਾਠ, ਅਖੰਡ ਪਾਠ ਅਤੇ ਸੰਪਟ ਪਾਠ (ਜੋ ਦੁਨੀਆ ਦਾ ਬਹੁਤ ਵੱਡਾ ਧੰਦਾ ਬਣ ਚੁੱਕਾ ਹੈ) ਸਾਡੈ ਕਿਸ ਕੰਮ ? ਸਵਾਏ ਇਸ ਦੇ ਕਿ ਉਹ ਪਾਠ ਕਰਨ ਵਾਲੇ ਸਾਨੂੰ ਕੁਰਾਹੇ ਪਾ ਕੇ ਅਖੰਡ ਪਾਠ ਕਰਵਾਉਣ ਲਈ ਪ੍ਰੇਰਨਗੇ, ਜਿਸ ਦਾ ਗੁਰਮਤਿ ਅਨੁਸਾਰ ਕੋਈ ਲਾਭ ਨਹੀਂ।
ਅਮਰ ਜੀਤ ਸਿੰਘ ਚੰਦੀ (ਚਲਦਾ)