ਆਉ ਪ੍ਰਣ ਕਰੀਏ ਕਿ ਗੁਰਬਾਣੀ ਅਤੇ ਇਤਿਹਾਸ ਵਿਗੜਨ ਨਹੀਂ ਦੇਵਾਂਗੇ (ਭਾਗ 5)
ਸਿੱਖੀ ਵਿਚੋਂ ਕਰਮ ਕਾਂਡ ਅਤੇ ਵਹਿਮ-ਭਰਮ ਦੂਰ ਕਰਨ ਦਾ ਹੀਲਾ
ਇਹ ਅਖੰਡ-ਪਾਠਾਂ ਦਾ ਚੱਕਰ ਕਦ ਅਤੇ ਕਿਉਂ ਚਲਾਇਆ ਗਿਆ ਹੈ ? ਇਸ ਬਾਰੇ ਇਤਿਹਾਸ ਵਿਚ ਕੋਈ ਠੋਸ ਗਵਾਹੀ ਨਹੀਂ ਮਿਲਦੀ, ਨਾ ਹੀ ਇਸ ਦੀ ਕੋਈ ਉਪਯੋਗਤਾ ਹੀ ਨਜ਼ਰ ਪੈਂਦੀ ਹੈ। ਪਰ ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਇਸ ਦੇ ਸਿਧਾਂਤ ਦਾ, ਗੁਰਮਤਿ ਸਿਧਾਂਤ ਨਾਲ, ਦੂਰ ਦਾ ਵੀ ਕੋਈ ਮੇਲ ਨਹੀਂ ਹੈ।
ਇਹ ਸਾਰਾ ਕੁਝ ਗੁਰਦਵਾਰਿਆਂ ਵਿਚ ਹੀ ਕੀਤਾ ਜਾਂਦਾ ਹੈ, ਦਰਬਾਰ ਸਾਹਿਬ ਤਾਂ ਲੁੱਟ ਹੀ ਪਈ ਹੋਈ ਹੈ, ਅਲੱਗ ਅਲੱਗ ਥਾਂ ਤੇ ਅਖੰਡ ਪਾਠ ਕਰਵਾਉਣ ਦਾ ਅਲੱਗ ਅਲੱਗ ਫਲ ਅਤੇ ਅਲੱਗ ਅਲੱਗ ਭੇਟਾ। ਦੁੱਖ-ਭੰਜਣੀ ਬੇਰੀ ਥੱਲੇ ਅਖੰਡ ਪਾਠ ਕਰਵਾਉਣ ਲਈ ਤਾਂ 12/14 ਸਾਲ ਪਹਿਲਾਂ ਪੈਸੇ ਜਮ੍ਹਾ ਕਰਵਾਏ ਜਾਂਦੇ ਹਨ। ਸਿਫਾਰਸ਼ਾਂ ਵੀ ਚਲਦੀਆਂ ਹਨ, ਹੇਰਾ-ਫੇਰੀਆਂ ਵੀ ਹੁੰਦੀਆਂ ਹਨ। ਜੇ ਕਿਸੇ ਬੰਦੇ ਨੂੰ ਇਹ ਹੋਵੇ ਕਿ ਏਨੇ ਸਾਲ ਤਾਂ ਮੈਂ ਜਿਊਂਦੇ ਨਹੀਂ ਰਹਣਾ, ਤਾਂ ਉਸ ਨੂੰ ਇਹ ਤਾਂਙ ਹੁੰਦੀ ਹੈ ਕਿ ਮੇਰੇ ਜਿਊਂਦੇ ਜੀਅ ਹੀ ਅਖੰਡ ਪਾਠ ਦਾ ਹੁਕਮ ਨਾਮਾ ਆ ਜਾਵੇ, ਤਾਂ ਜੋ ਮੈਂ ਉਸ ਦਾ ਫਲ ਨਾਲ ਲੈ ਕੇ ਹੀ ਜਾਵਾਂ।
ਇਸ ਛੇਤੀ ਵਿਚ ਉਹ ਬੰਦਾ, ਕੁਝ ਬੰਦਿਆਂ ਦੀਆਂ ਸਫਾਰਸ਼ਾਂ ਵੀ ਪਵਾਉਂਦਾ ਹੈ, ਰਿਸ਼ਵਤ ਦੇਣ ਦੀ ਵੀ ਕੋਸ਼ਿਸ਼ ਕਰਦਾ ਹੈ, ਮੁਰਗਾ ਫਸਿਆ ਵੇਖ ਕੇ ਗੁਰਦਵਾਰੇ ਦੇ ਕਰਮਚਾਰੀ ਅਤੇ ਪ੍ਰਬੰਧਕ ਆਪਣਾ ਆਪਣਾ ਜ਼ੋਰ ਲਾਉਂਦੇ ਹਨ, ਹਰ ਕੋਈ ਉਸ ਨੂੰ ਪਟਾਉਣ ਦੀ ਕੋਸ਼ਿਸ਼ ਕਰਦਾ ਹੈ। ਯਾਰ ਏਨੀ ਛੇਤੀ ਤਾਂ ਪਾਠ ਨਹੀਂ ਹੋ ਸਕਦਾ, ਇਕ ਗੱਲ ਹੋ ਸਕਦੀ ਹੈ, ਮੈਂ ਵੇਖਦਾ ਹਾਂ, ਜੇ ਕਿਸੇ ਦਾ ਪਾਠ ਹੋਇਆ ਪਿਆ ਹੈ ਤਾਂ ਉਸ ਨਾਲ ਬਦਲ ਲੈਂਦੇ ਹਾਂ। ਫਿਰ ਪਾਠ ਬਦਲਣ ਦੇ ਪੈਸੇ, ਪਰਕਰਮਾ ਦੇ ਕਿਸੇ ਕਮਰੇ ਵਿਚ ਕੀਤੇ ਪਾਠ ਨੂੰ ‘ਦੁਖ-ਭੰਜਣੀ’ ਬੇਰੀ ਥੱਲੇ ਕੀਤਾ ਪਾਠ ਦੱਸ ਕੇ ਵੱਧ ਤੋਂ ਵੱਧ ਪੈਸੇ ਲਏ ਜਾਂਦੇ ਹਨ, ਜਾਂ ਬਿਨਾ ਪਾਠ ਕੀਤੇ, ਹੁਕਮ-ਨਾਮਾ ਘੱਲ ਕੇ ਪਾਠ ਦੇ ਪੈਸੇ ਵਸੂਲ ਲਏ ਜਾਂਦੇ ਹਨ। ਅਜਿਹਾ ਸਾਰਾ ਕੁਝ ਕਰਨ ਵਾਲੇ, ਕੀ ਮੰਨਣਗੇ ਕਿ ਰੱਬ ਕਿਤੇ ਹੈ?
ਕੀ ਇਸ ਢੰਗ ਨਾਲ ਕੀਤੇ ਜਾਂ ਕਰਵਾਏ ਪਾਠ ਦਾ ਵੀ ਕੋਈ ਫੱਲ ਮਿਲ ਸਕਦਾ ਹੈ?
ਮ: 3॥
ਸਚਾ ਨਾਮੁ ਧਿਆਈਐ ਸਭੌ ਵਰਤੈ ਸਚੁ॥
ਨਾਨਕ ਹੁਕਮੁ ਬੁਝਿ ਪਰਵਾਣੁ ਹੋਇ ਤਾ ਫਲ ਪਾਵੈ ਸਚੁ॥
ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲਿ ਨ ਬੁਝਈ ਅੰਧਾ ਕਚੁ ਨਿਕਚੁ॥2॥ (509)
ਅਰਥ;-
ਜੋ ਸਦਾ ਕਾਇਮ ਰਹਣ ਵਾਲਾ ਪਰਮਾਤਮਾ ਹਰ ਥਾਂ ਵਸਦਾ ਹੈ, ਉਸ ਦਾ ਨਾਮ ਸਿਮਰਨਾ ਚਾਹੀਦਾ ਹੈ, ਹੇ ਨਾਨਕ, ਜੇ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਸਮਝੇ ਤਾਂ ਉਸ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ, ਤੇ ਸਦਾ ਟਿਕੇ ਰਹਣ ਵਾਲਾ ਫਲ ਪ੍ਰਾਪਤ ਕਰਦਾ ਹੈ।
ਪਰ ਜੋ ਮਨੁੱਖ ਨਿਰੀਆਂ ਮੂੰਹ ਦੀਆਂ ਕਰਦਾ ਫਿਰਦਾ ਹੈ, ਪ੍ਰਭੂ ਦੀ ਰਜ਼ਾ ਨੂੰ ਉੱਕਾ ਹੀ ਨਹੀਂ ਸਮਝਦਾ, ਉਹ ਅਨ੍ਹਾ ਹੈ ਤੇ ਨਿਰੀਆਂ ਕੱਚੀਆਂ ਗੱਲਾਂ ਕਰਨ ਵਾਲਾ ਹੈ।
ਇਹ ਤਾਂ ਸੀ ਉਨ੍ਹਾਂ ਦੀ ਗੱਲ ਜੋ ਖਾਲੀ ਮੂੰਹ ਨਾਲ ਹੀ ਗੱਲਾਂ ਕਰਦੇ ਹਨ, ਪ੍ਰਭੂ ਦੀ ਰਜ਼ਾ ਨੂੰ ਸਮਝਣ ਦੀ ਗੱਲ ਨਹੀਂ ਕਰਦੇ, ਉਹ ਅਗਆਨੀ, ਕੱਚੀਆਂ ਗੱਲਾਂ ਕਰਨ ਵਾਲੇ ਹਨ, ਜੋ ਆਪਣੇ ਮੂੰਹ ਨਾਲ ਵੀ ਗੱਲ ਨਹੀਂ ਕਰਦੇ, ਉਨ੍ਹਾਂ ਦੀ ਕੀ ਹਾਲਤ ਹੋਵੇਗੀ ? ਅਤੇ
ਸਲੋਕ ਮ: 3॥
ਸਤਿਗੁਰ ਸਿਉ ਚਿਤੁ ਨਾ ਲਾਇਓ ਨਾਮੁ ਨ ਵਸਿਓ ਮਨਿ ਆਇ ॥
ਧ੍ਰਿਗੁ ਇਵੇਹਾ ਜੀਵਿਆ ਕਿਆ ਜੁਗ ਮਹਿ ਪਾਇਆ ਆਇ ॥
ਮਾਇਆ ਖੋਟੀ ਰਾਸਿ ਹੈ ਏਕ ਚਸੈ ਮਹਿ ਪਾਜੁ ਲਹਿ ਜਾਇ ॥
ਹਥਹੁ ਛੁੜਕੀ ਤਨੁ ਸਿਆਹੁ ਹੋਇ ਬਦਨੁ ਜਾਇ ਕੁਮਲਾਇ ॥
ਜਿਨ ਸਤਿਗੁਰ ਸਿਉ ਚਿਤੁ ਲਾਇਆ ਤਿਨ ਸੁਖੁ ਵਸਿਆ ਮਨਿ ਆਇ ॥
ਹਰਿ ਨਾਮੁ ਧਿਆਵਹਿ ਰੰਗ ਸਿਉ ਹਰਿ ਨਾਮਿ ਰਹੇ ਲਿਵ ਲਾਇ ॥
ਨਾਨਕ ਸਤਿਗੁਰ ਸੋ ਧਨੁ ਸਉਪਿਆ ਜਿ ਜੀਅ ਮਹਿ ਰਹਿਆ ਸਮਾਇ ॥
ਰੰਗ ਤਿਸੈ ਕਉ ਅਗਲਾ ਵੰਨੀ ਚੜੈ ਚੜਾਇ ॥1॥ (510)
ਅਰਥ:-
ਜੇ ਗੁਰੂ (ਸ਼ਬਦ) ਨਾਲ ਚਿੱਤ ਨਾ ਲਾਇਆ ਤੇ ਪ੍ਰਭੂ ਦਾ ਨਾਮ ਮਨ ਵਿਚ ਨਾਂਹ ਵਸਿਆ, ਤਾਂ ਫਿੱਟੇ ਮੂੰਹ ਇਸ ਜੀਊਣ ਨੂੰ, ਮਨੁੱਖਾ ਜਨਮ ਵਿਚ ਆ ਕੇ ਕੀ ਖੱਟਿਆ ? ਮਾਇਆ ਤਾਂ ਖੋਟੀ ਪੂੰਜੀ ਹੈ, ਇਸ ਦਾ ਪਾਜ ਤਾਂ ਇਕ ਪਲ ਵਿਚ ਲਹਿ ਜਾਂਦਾ ਹੈ, ਜੇ ਇਹ ਗੁਆਚ ਜਾਏ, ਇਸ ਦੇ ਗਮ ਨਾਲ ਸਰੀਰ ਕਾਲਾ ਹੋ ਜਾਂਦਾ ਹੈ ਤੇ ਮੂੰਹ ਕੁਮਲਾ ਜਾਂਦਾ ਹੈ।
ਜਿਨ੍ਹਾਂ ਮਨੁੱਖਾਂ ਨੇ ਗੁਰੂ ਨਾਲ ਚਿੱਤ ਜੋੜਿਆ, ਉਨ੍ਹਾਂ ਦੇ ਮਨ ਵਿਚ ਸ਼ਾਂਤੀ ਆ ਵਸਦੀ ਹੈ, ਉਹ ਪਿਆਰ ਨਾਲ ਪ੍ਰਭੂ ਦਾ ਨਾਮ ਸਿਮਰਦੇ ਹਨ, ਪ੍ਰਭੂ ਦੀ ਰਜ਼ਾ ਵਿਚ ਚਲਦੇ ਹਨ।
ਹੇ ਨਾਨਕ, ਇਹ ਨਾਮ-ਧਨ ਪ੍ਰਭੂ ਨੇ ਸਤਿਗੁਰ, ਸ਼ਬਦ ਗੁਰੂ ਨੂੰ ਸੌਂਪਿਆ ਹੈ, ਇਹ ਧਨ ਗੁਰੂ ਦੀ ਆਤਮਾ, ਸ਼ਬਦ ਵਿਚ ਸਮਾਇਆ ਹੋਇਆ ਹੈ, ਜੋ ਮਨੁੱਖ ਸ਼ਬਦ ਚੋਂ ਪ੍ਰਭੂ ਦੇ ਹੁਕਮ ਬਾਰੇ ਸੋਝੀ ਲੈਂਦਾ ਹੈ, ਉਸ ਨੂੰ ਪ੍ਰਭੂ ਦੀ ਰਜ਼ਾ ਦਾ ਰੰਗ ਬਹੁਤ ਚੜ੍ਹਦਾ ਹੈ, ਤੇ ਇਹ ਰੰਗ ਸਦਾ ਦੂਣਾ ਚੌਣਾ ਹੁੰਦਾ ਹੈ।1।
ਇਹ ਉਨ੍ਹਾਂ ਦਾ ਹਾਲ ਹੈ, ਜੋ ਸ਼ਬਦ ਗੁਰੂ ਨਾਲ ਜੁੜ ਕੇ ਪ੍ਰਭੂ ਦਾ ਨਾਮ ਸਮਰਦੇ ਹਨ, ਉਸ ਦੀ ਰਜ਼ਾ ਵਿਚ ਚਲਦੇ ਹਨ। ਜਿਨ੍ਹਾਂ ਨੇ ਇਹ ਸਾਰਾ ਕੰਮ ਪੈਸੇ ਦੇ ਕੇ ਦੂਸਰਿਆ ਤੋਂ ਕਰਵਾਉਣਾ ਹੈ, ਉਹ ਸ਼ਬਦ ਗੁਰੂ ਨਾਲ ਕਦ ਜੁੜਨਗੇ ?
ਅਤੇ ਪ੍ਰਭੂ ਦੀ ਰਜ਼ਾ ਬਾਰੇ ਕਦ ਜਾਣਨਗੇ ?
ਅਤੇ ਉਸ ਦੀ ਰਜ਼ਾ ਵਿਚ ਕਦ ਚੱਲਣਗੇ ?
ਦੁੱਖ-ਭੰਜਣੀ ਬੇਰੀ ਨੂੰ ਹੀ ਸਾਰਾ ਕੁਝ ਸਮਝਣ ਵਾਲਾ ਬੰਦਾ ਛੇਤੀ ਵਿਚ ਕੁਝ ਬੰਦਿਆਂ ਦੀਆਂ ਸਫਾਰਸ਼ਾਂ ਵੀ ਪਵਾਉਂਦਾ ਹੈ, ਰਿਸ਼ਵਤ ਦੇਣ ਦੀ ਵੀ ਕੋਸ਼ਿਸ਼ ਕਰਦਾ ਹੈ, ਮੁਰਗਾ ਫਸਿਆ ਵੇਖ ਕੇ ਗੁਰਦਵਾਰੇ ਦੇ ਕਰਮਚਾਰੀ ਅਤੇ ਪ੍ਰਬੰਧਕ ਆਪਣਾ ਆਪਣਾ ਜ਼ੋਰ ਲਾਉਂਦੇ ਹਨ, ਹਰ ਕੋਈ ਉਸ ਨੂੰ ਪਟਾਉਣ ਦੀ ਕੋਸ਼ਿਸ਼ ਕਰਦਾ ਹੈ। ਯਾਰ ਏਨੀ ਛੇਤੀ ਤਾਂ ਪਾਠ ਨਹੀਂ ਹੋ ਸਕਦਾ, ਇਕ ਗੱਲ ਹੋ ਸਕਦੀ ਹੈ, ਮੈਂ ਵੇਖਦਾ ਹਾਂ, ਜੇ ਕਿਸੇ ਦਾ ਪਾਠ ਹੋਇਆ ਪਿਆ ਹੈ ਤਾਂ ਉਸ ਨਾਲ ਬਦਲ ਲੈਂਦੇ ਹਾਂ। ਫਿਰ ਪਾਠ ਬਦਲਣ ਦੇ ਪੈਸੇ, ਪਰਕਰਮਾ ਦੇ ਕਿਸੇ ਕਮਰੇ ਵਿਚ ਕੀਤੇ ਪਾਠ ਨੂੰ ‘ਦੁਖ-ਭੰਜਣੀ’ ਬੇਰੀ ਥੱਲੇ ਕੀਤਾ ਪਾਠ ਦੱਸ ਕੇ ਵੱਧ ਤੋਂ ਵੱਧ ਪੈਸੇ ਲਏ ਜਾਂਦੇ ਹਨ, ਜਾਂ ਬਿਨਾ ਪਾਠ ਕੀਤੇ, ਹੁਕਮ-ਨਾਮਾ ਘੱਲ ਕੇ ਪਾਠ ਦੇ ਪੈਸੇ ਵਸੂਲ ਲਏ ਜਾਂਦੇ ਹਨ। ਅਜਿਹਾ ਸਾਰਾ ਕੁਝ ਕਰਨ ਵਾਲੇ, ਕੀ ਮੰਨਣਗੇ ਕਿ ਰੱਬ ਕਿਤੇ ਹੈ ?
ਕੀ ਇਸ ਢੰਗ ਨਾਲ ਕੀਤੇ ਜਾਂ ਕਰਵਾਏ ਪਾਠ ਦਾ ਵੀ ਕੋਈ ਫੱਲ ਮਿਲ ਸਕਦਾ ਹੈ?
ਗੁਰੂ ਸਾਹਬ ਤਾਂ ਇਨ੍ਹਾਂ ਮਾਇਆ ਭਗਤਾਂ ਬਾਰੇ, (ਭਾਵੇਂ ਉਹ ਪੈਸੇ ਦੇ ਕੇ ਪਾਠ ਕਰਵਾਉਣ ਵਾਲੇ ਹੋਣ ਜਾਂ ਪੈਸੇ ਲੈ ਕੇ ਪਾਠ ਕਰਨ ਵਾਲੇ ਹੋਣ) ਸਮਝਾਉਂਦੇ ਹਨ,
ਮ:3॥
ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ ॥
ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ ॥
ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ ॥
ਨਾਨਕ ਸੇਈ ਉਬਰੇ ਜਿ ਸਚਿ ਰਹੇ ਲਿਵ ਲਾਇ ॥2॥ (510)
ਅਰਥ:-
ਮਾਇਆ ਸੱਪਣੀ ਬਣੀ ਹੋਈ, ਜਗਤ ਵਿਚ ਹਰੇਕ ਜੀਵ ਨੂੰ ਚੰਬੜੀ ਹੋਈ ਹੈ, ਜੋ ਇਸ ਦਾ ਗੁਲਾਮ ਬਣਦਾ ਹੈ, ਓਸੇ ਨੂੰ ਇਹ ਮਾਰ ਮੁਕਾਉਂਦੀ ਹੈ।
ਕੋਈ ਵਿਰਲਾ ਗੁਰਮੁਖ ਹੁੰਦਾ ਹੈ, ਜੋ ਇਸ ਮਾਇਆ ਸੱਪਣੀ ਦੇ ਜ਼ਹਿਰ ਦਾ ਮੰਤ੍ਰ ਜਾਣਦਾ ਹੈ, ਉਸ ਨੇ ਇਸ ਨੂੰ ਚੰਗੀ ਤਰ੍ਹਾਂ ਮਲ ਕੇ ਪੈਰਾਂ ਹੇਠ ਸੁੱਟ ਲਿਆ ਹੈ।
ਹੇ ਨਾਨਕ ! ਇਸ ਮਾਇਆ ਸੱਪਣੀ ਤੋਂ ਉਹੀ ਬਚੇ ਹੋਏ ਹਨ, ਜੋ ਸੱਚੇ ਪ੍ਰਭੂ ਵਿਚ ਸੁਰਤਿ ਜੋੜਦੇ ਹਨ ।2।
ਬੜਾ ਸਪੱਸ਼ਟ ਕੀਤਾ ਹੈ ਕਿ ਇਹ ਮਾਇਆ ਦੇ ਸਾਰੇ ਗੁਲਾਮ, ਮਾਇਆ ਹੱਥੋਂ ਹੀ ਮਾਰੇ ਜਾਣਗੇ, ਇਸ ਕੋਲੋਂ ਉਹੀ ਬਚਣਗੇ, ਜਿਨ੍ਹਾਂ ਦੀ ਸੁਰਤ ਪ੍ਰਭੂ ਵਿਚ ਜੁੜੀ ਹੋਈ ਹੈ।
ਫਿਰ ਇਹ ਮਾਇਆ ਆਸਰੇ ਪਾਠ ਕਰਵਾ ਕੇ, ਇਸ ਮਾਇਆ ਤੋਂ ਕਿਵੇਂ ਬਚਣਗੇ। ਜਦ ਮਾਇਆ ਤੋਂ ਹੀ ਨਹੀਂ ਬਚਣਗੇ ਤਾਂ ਪ੍ਰਭੂ ਦੀ ਰਜ਼ਾ ਵਿਚ ਕਿਵੇਂ ਚੱਲਣਗੇ ਅਤੇ ਕਰਤਾਰ ਦੇ ਦਰਬਾਰ ਵਿਚ ਕਿਵੇਂ ਸੁਰਖਰੂ ਹੋਣਗੇ ?
ਅਮਰ ਜੀਤ ਸਿੰਘ ਚੰਦੀ (ਚਲਦਾ)