ਕੀ ਰੱਬ ਹੈ ? ਜੇ ਹੈ ਤਾਂ ਕਿੱਥੇ ਹੈ ! (ਭਾਗ 9)
ਰਾਗੁ ਮਾਰੂ ਕਾਫੀ ਲੰਮੀ ਬਾਣੀ ਹੈ, ਇਸ ਦਾ ਵਿਸ਼ਾ ਵੀ ਕਰੀਬ ਕਰੀਬ ਰੱਬ ਬਾਰੇ ਹੀ ਹੈ, ਰੱਬ ਬਾਰੇ ਜਾਨਣ ਦੇ ਚਾਹਵਾਨ, ਇਸ ਵਿਚੋਂ ਬਹੁਤ ਕੁਝ ਖੋਜ ਸਕਦੇ ਹਨ। ਪਹਿਲੇ ਨਾਨਕ ਜੀ ਇਵੇਂ ਵੀ ਸੇਧ ਦਿੰਦੇ ਹਨ,
ਮਾਰੂ ਮਹਲਾ 1 ॥
ਹਰਿ ਧਨੁ ਸੰਚਹੁ ਰੇ ਜਨ ਭਾਈ ॥ ਸਤਿਗੁਰ ਸੇਵਿ ਰਹਹੁ ਸਰਣਾਈ ॥
ਤਸਕਰੁ ਚੋਰੁ ਨ ਲਾਗੈ ਤਾ ਕਉ ਧੁਨਿ ਉਪਜੈ ਸਬਦਿ ਜਗਾਇਆ ॥1॥
ਤੂ ਏਕੰਕਾਰੁ ਨਿਰਾਲਮੁ ਰਾਜਾ ॥ ਤੂ ਆਪਿ ਸਵਾਰਹਿ ਜਨ ਕੇ ਕਾਜਾ ॥
ਅਮਰੁ ਅਡੋਲੁ ਅਪਾਰ ਅਮੋਲਕੁ ਹਰਿ ਅਸਥਿਰ ਥਾਨਿ ਸੁਹਾਇਆ ॥2॥
ਦੇਹੀ ਨਗਰੀ ਊਤਮ ਥਾਨਾ ॥ ਪੰਚ ਲੋਕ ਵਸਹਿ ਪਰਧਾਨਾ ॥
ਊਪਰਿ ਏਕੰਕਾਰੁ ਨਿਰਾਲਮੁ ਸੁੰਨ ਸਮਾਧਿ ਲਗਾਇਆ ॥3॥
ਦੇਹੀ ਨਗਰੀ ਨਉ ਦਰਵਾਜੇ ॥ ਸਿਰਿ ਸਿਰਿ ਕਰਣੈਹਾਰੈ ਸਾਜੇ ॥
ਦਸਵੈ ਪੁਰਖੁ ਅਤੀਤੁ ਨਿਰਾਲਾ ਆਪੇ ਅਲਖੁ ਲਖਾਇਆ ॥4॥
ਪੁਰਖੁ ਅਲੇਖੁ ਸਚੇ ਦੀਵਾਨਾ ॥ ਹੁਕਮਿ ਚਲਾਏ ਸਚੁ ਨੀਸਾਨਾ ॥
ਨਾਨਕ ਖੋਜਿ ਲਹਹੁ ਘਰੁ ਅਪਨਾ ਹਰਿ ਆਤਮ ਰਾਮ ਨਾਮੁ ਪਾਇਆ ॥5॥
ਸਰਬ ਨਿਰੰਜਨ ਪੁਰਖੁ ਸੁਜਾਨਾ ॥ ਅਦਲੁ ਕਰੇ ਗੁਰ ਗਿਆਨ ਸਮਾਨਾ ॥
ਕਾਮੁ ਕ੍ਰੋਧੁ ਲੈ ਗਰਦਨਿ ਮਾਰੇ ਹਉਮੈ ਲੋਭੁ ਚੁਕਾਇਆ ॥6॥
ਸਚੈ ਥਾਨਿ ਵਸੈ ਨਿਰੰਕਾਰਾ ॥ ਆਪਿ ਪਛਾਣੈ ਸਬਦੁ ਵੀਚਾਰਾ ॥
ਸਚੈ ਮਹਲਿ ਨਿਵਾਸੁ ਨਿਰੰਤਰਿ ਆਵਣ ਜਾਣੁ ਚੁਕਾਇਆ ॥7॥
ਨਾ ਮਨੁ ਚਲੈ ਨ ਪਉਣੁ ਉਡਾਵੈ ॥ ਜੋਗੀ ਸਬਦੁ ਅਨਾਹਦੁ ਵਾਵੈ ॥
ਪੰਚ ਸਬਦ ਧੁਣਕਾਰੁ ਨਿਰਾਲਮੁ ਪ੍ਰਭਿ ਆਪੇ ਵਾਇ ਸੁਣਾਇਆ ॥8॥
ਹਰਿ ਧਨੁ ਸੰਚਹੁ ਰੇ ਜਨ ਭਾਈ ॥ ਸਤਿਗੁਰ ਸੇਵਿ ਰਹਹੁ ਸਰਣਾਈ ॥
ਤਸਕਰੁ ਚੋਰੁ ਨ ਲਾਗੈ ਤਾ ਕਉ ਧੁਨਿ ਉਪਜੈ ਸਬਦਿ ਜਗਾਇਆ ॥1॥
ਅਰਥ:-
ਹੇ ਭਾਈ ਜਨੋ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰੋ, ਇਹ ਧਨ ਸ਼ਬਦ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਮਿਲਦਾ ਹੈ, ਸੋ ਗੁਰੂ ਦੀ ਸ਼ਰਨ ਵਿਚ ਰਹਿ ਕੇ ਉਸ ਦੇ ਸ਼ਬਦ ਦੀ ਵਿਚਾਰ ਕਰਿਆ ਕਰੋ। ਜੋ ਬੰਦਾ ਇਹ ਆਤਮਕ ਰਾਹ ਫੜਦਾ ਹੈ, ਉਸ ਨੂੰ ਕੋਈ ਵਿਕਾਰ ਨਹੀਂ ਲਗਦਾ, ਕੋਈ ਚੋਰ ਉਸ ਨੂੰ ਪ੍ਰੇਸ਼ਾਨ ਨਹੀਂ ਕਰ ਸਕਦਾ, ਕਿਉਂਕਿ ਗੁਰੂ ਨੇ ਆਪਣੇ ਸ਼ਬਦ ਦੀ ਰਾਹੀਂ ਉਸ ਨੂੰ ਜਗਾ ਦਿੱਤਾ ਹੈ ਅਤੇ ਉਸ ਦੇ ਅੰਦਰ ਸਿਮਰਨ ਦੀ ਰੌਂ ਪੈਦਾ ਹੋਈ ਰਹੰਦੀ ਹੈ।1।
ਤੂ ਏਕੰਕਾਰੁ ਨਿਰਾਲਮੁ ਰਾਜਾ ॥ ਤੂ ਆਪਿ ਸਵਾਰਹਿ ਜਨ ਕੇ ਕਾਜਾ ॥
ਅਮਰੁ ਅਡੋਲੁ ਅਪਾਰ ਅਮੋਲਕੁ ਹਰਿ ਅਸਥਿਰ ਥਾਨਿ ਸੁਹਾਇਆ ॥2॥
ਹੇ ਪ੍ਰਭੂ! ਤੂੰ ਹਰ ਥਾਂ ਆਪ ਹੀ ਆਪ ਹੈਂ, ਤੈਨੂੰ ਕਿਸੇ ਸਹਾਰੇ ਦੀ ਲੋੜ ਨਹੀਂ ਹੈ, ਤੂੰ ਸਾਰੀ ਸ੍ਰਿਸ਼ਟੀ ਦਾ ਰਾਜਾ ਹੈਂ, ਆਪਣੇ ਸੇਵਕਾਂ ਦੇ ਕੰਮ ਤੂੰ ਆਪ ਹੀ ਸਵਾਰਦਾ ਹੈਂ। ਹੇ ਹਰੀ, ਤੂੰ ਅਮਰ ਹੈਂ, ਤੈਨੂੰ ਮਾਇਆ ਡੁਲਾ ਨਹੀਂ ਸਕਦੀ, ਤੂੰ ਬੇਅੰਤ ਹੈਂ, ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ, ਤੂੰ ਐਸੇ ਸਥਾਨ ਤੇ ਸ਼ੋਭ ਰਿਹਾ ਹੈਂ, ਜੋ ਸਦਾ ਕਾਇਮ ਰਹਣ ਵਾਲਾ ਹੈ।2।
ਦੇਹੀ ਨਗਰੀ ਊਤਮ ਥਾਨਾ ॥ ਪੰਚ ਲੋਕ ਵਸਹਿ ਪਰਧਾਨਾ ॥
ਊਪਰਿ ਏਕੰਕਾਰੁ ਨਿਰਾਲਮੁ ਸੁੰਨ ਸਮਾਧਿ ਲਗਾਇਆ ॥3॥
ਮਨੁੱਖਾ ਸਰੀਰ, ਮਾਨੋ, ਇਕ ਸ਼ਹਿਰ ਹੈ, ਜਿਹੜਾ ਪਰਮਾਤਮਾ ਸਭ ਜੀਵਾਂ ਦੇ ਸਿਰ ਤੇ ਰਾਖਾ ਹੈ, ਜਿਹੜਾ ਆਪਣੇ ਵਰਗਾ, ਆਪ ਹੀ ਹੈ, ਉਹ ਰੱਬ ਮਾਨੋ, ਉਸ ਸਰੀਰ ਵਿਚ ਐਸੀ ਸਮਾਧੀ ਲਾਈ ਬੈਠਾ ਹੈ, ਜਿਸ ਵਿਚ ਕੋਈ ਮਾਇਕ ਫੁਰਨੇ ਨਹੀਂ ਉਠਦੇ। ਉਸ ਸਰੀਰ ਵਿਚ ਰਹਣ ਵਾਲੇ ਲੋਕ ਮੰਨੇ ਪਰਮੰਨੇ, ਪਰਮਾਤਮਾ ਦੇ ਭਗਤ ਹੁੰਦੇ ਹਨ।3।
ਦੇਹੀ ਨਗਰੀ ਨਉ ਦਰਵਾਜੇ ॥ ਸਿਰਿ ਸਿਰਿ ਕਰਣੈਹਾਰੈ ਸਾਜੇ ॥
ਦਸਵੈ ਪੁਰਖੁ ਅਤੀਤੁ ਨਿਰਾਲਾ ਆਪੇ ਅਲਖੁ ਲਖਾਇਆ ॥4॥
ਸਿਰਜਣਹਾਰ ਪ੍ਰਭੂ ਨੇ ਹਰੇਕ ਸਰੀਰ ਸ਼ਹਿਰ ਨੂੰ ਨੌਂ ਨੌਂ ਦਰਵਾਜੇ ਲਾ ਦਿੱਤੇ ਹਨ। ਇਨ੍ਹਾਂ ਦਰਵਾਜ਼ਿਆਂ ਦੀ ਰਾਹੀਂ, ਸਰੀਰ ਸ਼ਹਿਰ ਵਿਚ ਵੱਸਣ ਵਾਲਾ ਜੀਵਆਤਮਾ, ਬਾਹਰਲੀ ਦੁਨੀਆ ਨਾਲ ਆਪਣਾ ਸੰਬੰਧ ਬਣਾਈ ਰੱਖਦਾ ਹੈ। ਇਕ ਦਸਵਾਂ ਦਰਵਾਜ਼ਾ ਵੀ ਹੈ, ਜਿਸ ਦੀ ਰਾਹੀਂ, ਪਰਮਾਤਮਾ ਅਤੇ ਜੀਵਾਤਮਾ ਦਾ ਮੇਲ ਹੁੰਦਾ ਹੈ, ਉਸ ਵਿਚ ਪਰਮਾਤਮਾ ਆਪ ਵਸਦਾ ਹੈ, ਜੋ ਸਰਬਵਿਆਪਕ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਜੋ ਨਿਰਲੇਪ ਤੇ ਅਦ੍ਰਸ਼ਟ ਹੈ, ਪਰ ਜੀਵ ਨੂੰ ਉਹ ਆਪਣਾ ਆਪ, ਆਪ ਹੀ ਵਿਖਾਉਂਦਾ ਹੈ।4।
ਪੁਰਖੁ ਅਲੇਖੁ ਸਚੇ ਦੀਵਾਨਾ ॥ ਹੁਕਮਿ ਚਲਾਏ ਸਚੁ ਨੀਸਾਨਾ ॥
ਨਾਨਕ ਖੋਜਿ ਲਹਹੁ ਘਰੁ ਅਪਨਾ ਹਰਿ ਆਤਮ ਰਾਮ ਨਾਮੁ ਪਾਇਆ ॥5॥
ਹਰੇਕ ਸਰੀਰ ਸ਼ਹਿਰ ਵਿਚ ਰਹਿਣ ਵਾਲਾ ਪਰਮਾਤਮਾ ਐਸਾ ਹੈ ਕਿ, ਉਸ ਦਾ ਕੋਈ ਚਿਤ੍ਰ ਨਹੀਂ ਬਣਾ ਸਕਦਾ, ਉਹ ਸਦਾ-ਥਿਰ ਰਹਣ ਵਾਲਾ ਹੈ, ਅਤੇ ਉਸ ਸਦਾ-ਥਿਰ ਪ੍ਰਭੂ ਦਾ ਦਰਬਾਰ ਵੀ ਸਦਾ-ਥਿਰ ਹੈ। ਜਗਤ ਦੀ ਸਾਰੀ ਕਾਰ, ਉਹ ਆਪਣੇ ਹੁਕਮ ਵਿਚ ਚਲਾ ਰਿਹਾ ਹੈ, ਉਸ ਦੇ ਹੁਕਮ ਦਾ ਪਰਵਾਨਾ ਅਟੱਲ ਹੈ।
ਹੇ ਨਾਨਕ! ਉਹ ਸਰਬ-ਵਿਆਪਕ ਪ੍ਰਭੂ ਹਰੇਕ ਸਰੀਰ ਘਰ ਵਿਚ ਮੌਜੂਦ ਹੈ, ਆਪਣਾ ਹਿਰਦਾ ਘਰ ਖੋਜ ਕੇ ਉਸ ਨੂੰ ਲੱਭ ਲਵੋ। ਜਿਸ ਕਿਸੇ ਨੇ ਵੀ ਇਹ ਖੋਜ ਭਾਲ ਕੀਤੀ ਹੈ, ਉਸ ਨੇ ਉਸ ਸਰਬ-ਵਿਆਪਕ ਪ੍ਰਭੂ ਦਾ ਨਾਮ ਧਨ, ਹਾਸਲ ਕਰ ਲਿਆ ਹੈ।5।
ਸਰਬ ਨਿਰੰਜਨ ਪੁਰਖੁ ਸੁਜਾਨਾ ॥ ਅਦਲੁ ਕਰੇ ਗੁਰ ਗਿਆਨ ਸਮਾਨਾ ॥
ਕਾਮੁ ਕ੍ਰੋਧੁ ਲੈ ਗਰਦਨਿ ਮਾਰੇ ਹਉਮੈ ਲੋਭੁ ਚੁਕਾਇਆ ॥6॥
ਉਹ ਸੁਜਾਨ ਪ੍ਰਭੂ, ਸਭ ਸਰੀਰਾਂ ਵਿਚ ਵਿਆਪਕ ਹੁੰਦਾ ਹੋਇਆ ਵੀ, ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਤੇ ਹਰੇਕ ਗੱਲ ਵਿਚ ਨਿਆਂ ਕਰਦਾ ਹੈ। ਜਿਹੜਾ ਮਨੁੱਖ, ਗੁਰੂ ਦੇ ਬਖਸ਼ੇ ਇਸ ਗਿਆਨ ਵਿਚ ਆਪਣੇ ਆਪ ਨੂੰ ਲੀਨ ਕਰਦਾ ਹੈ, ਉਹ ਆਪਣੇ ਅੰਦਰੋਂ ਕਾਮ ਤੇ ਕ੍ਰੋਧ ਨੂੰ ਉੱਕਾ ਹੀ ਮਾਰ ਲੈਂਦਾ ਹੈ, ਉਸ ਨੇ ਹਉਮੈ ਅਤੇ ਲੋਭ ਨੂੰ ਮੁਕਾ ਲਿਆ ਹੈ।6।
ਸਚੈ ਥਾਨਿ ਵਸੈ ਨਿਰੰਕਾਰਾ ॥ ਆਪਿ ਪਛਾਣੈ ਸਬਦੁ ਵੀਚਾਰਾ ॥
ਸਚੈ ਮਹਲਿ ਨਿਵਾਸੁ ਨਿਰੰਤਰਿ ਆਵਣ ਜਾਣੁ ਚੁਕਾਇਆ ॥7॥
ਉਹ ਪਰਮਾਤਮਾ, ਜਿਸ ਦਾ ਕੋਈ ਖਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਇਕ ਐਸੇ ਥਾਂ ਤੇ ਰਹਿੰਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ। ਉਹ ਆਪ ਹੀ ਆਪਣੇ ਹੁਕਮ ਨੂੰ ਵਿਚਾਰਦਾ ਹੈ ਤੇ ਆਪ ਹੀ ਸਮਝਦਾ ਹੈ।
ਜਿਸ ਜੀਵ ਨੇ ਉਸ ਸਦਾ-ਥਿਰ ਪ੍ਰਭੂ ਦੇ ਚਰਨਾਂ (ਮਹਿਲ) ਵਿਚ ਆਪਣਾ ਟਿਕਾਣਾ ਸਦਾ ਲਈ ਬਣਾ ਲਿਆ (ਜੋ ਮਨੁੱਖ, ਸਦਾ ਉਸ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ) ਪਰਮਾਤਮਾ ਉਸ ਦਾ ਜੰਮਣ-ਮਰਨ ਦਾ ਗੇੜ ਖਤਮ ਕਰ ਦਿੰਦਾ ਹੈ।7।
ਨਾ ਮਨੁ ਚਲੈ ਨ ਪਉਣੁ ਉਡਾਵੈ ॥ ਜੋਗੀ ਸਬਦੁ ਅਨਾਹਦੁ ਵਾਵੈ ॥
ਪੰਚ ਸਬਦ ਧੁਣਕਾਰੁ ਨਿਰਾਲਮੁ ਪ੍ਰਭਿ ਆਪੇ ਵਾਇ ਸੁਣਾਇਆ ॥8॥
ਉਸ ਮਨੁੱਖ ਦਾ ਮਨ ਮਾਇਆ ਦੀ ਖਾਤਰ ਨਹੀਂ ਭਟਕਦਾ, ਮਾਇਆ ਦੀ ਤ੍ਰਿਸ਼ਨਾ, ਉਸ ਨੂੰ ਥਾਂ ਥਾਂ ਨਹੀਂ ਦੌੜਾਈ ਫਿਰਦੀ। ਪ੍ਰਭੂ ਚਰਨਾਂ ਵਿਚ ਜੁੜਿਆ, ਉਹ ਮਨੁੱਖ ਆਪਣੇ ਅੰਦਰ ਪ੍ਰਭੂ ਦੀ ਸਿਫਤ-ਸਾਲਾਹ ਦਾ ਵਾਜਾ, ਇਕ ਰਸ ਵਜਾਂਦਾ ਰਹਿੰਦਾ ਹੈ, ਜਿਸ ਦੀ ਬਰਕਤ ਨਾਲ ਉਸ ਦੇ ਅੰਦਰ, ਮਾਨੋ, ਇਕ ਰਸ, ਮਿਠਾ ਮਿਠਾ ਰਾਗ ਵੱਜ ਰਿਹਾ ਹੁੰਦਾ ਹੈ, ਜਿਵੇਂ ਪੰਜਾਂ ਕਿਸਮਾਂ ਦੇ ਸਾਜਾਂ ਦੇ ਇਕੱਠੇ ਵੱਜਣ ਨਾਲ ਪੈਦਾ ਹੁੰਦਾ ਹੈ, ਉਸ ਰਾਗ ਨੂੰ ਬਾਹਰੋਂ ਕਿਸੇ ਸਾਜ ਦੇ ਆਸਰੇ ਦੀ ਲੋੜ ਨਹੀਂ ਪੈਂਦੀ। ਇਹ ਰਾਗ, ਅੰਦਰ ਵਸਦੇ ਪ੍ਰਭੂ ਨੇ ਆਪ ਹੀ ਵਜਾ ਕੇ ਉਸ ਨੂੰ ਸੁਣਾਇਆ ਹੈ।8।
ਅਮਰ ਜੀਤ ਸਿੰਘ ਚੰਦੀ (ਚਲਦਾ)