ੴ ਸਤਿ ਗੁਰ ਪ੍ਰਸਾਦਿ
ਨਾਮੁ ਕੀ ਹੈ ? ?
ਬਚਪਨ ਤੋਂ ਹੀ ਸੁਣਦਾ ਆ ਰਿਹਾ ਸਾਂ “ਫਲਾਨਾ ਬੰਦਾ , ਫਲਾਨੇ ਡੇਰੇ ਤੋਂ ਨਾਮ ਲੈਣ ਗਿਆ ਹੈ” “ਅਮਕਾ ਬੰਦਾ , ਅਮਕੇ ਡੇਰੇ ਤੋਂ ਨਾਮ ਲੈ ਕੇ ਆਇਆ ਹੈ “ ਜਾਂ “ ਉਸ ਬੰਦੇ ਨੇ , ਨਰੰਕਾਰੀਆਂ ਕੋਲੋਂ,ਜਾਂ ਰਾਧਾ ਸਵਾਮੀਆਂ ਕੋਲੋਂ, ਜਾਂ ਨਾਮਧਾਰੀਆਂ ਕੋਲੋਂ ਜਾਂ ਹੋਰ ਬਹੁਤ ਸਾਰੇ ਡੇਰਿਆਂ ,ਟਕਸਾਲਾਂ ਜਿਨ੍ਹਾਂ ਦੇ ਨਾਮ ਯਾਦ ਰੱਖਣੇ ਵੀ ਮੁਸ਼ਕਿਲ ਹਨ, ਕੋਲੋਂ ਨਾਮ ਲਿਆ ਹੈ। ਪਰ ਇਹ ਕਦੀ ਸਮਝ ਨਾ ਆਈ ਕਿ ਇਹ ਨਾਮ ਹੈ ਕੀ ਚੀਜ਼ ? ਇਵੇਂ ਹੀ ਸਿੱਖੀ ਵਿਚ ਕੀਰਤਨ , ਸਿਮਰਨ ਅਤੇ ਜਪ ਦੀ ਵੀ ਬਹੁਤ ਮਾਨਤਾ ਹੈ , ਪਰ ਅੱਜ ਤਕ ਕਿਸੇ ਕੀਰਤਨੀਏ , ਕਿਸੇ ਸੰਤ , ਕਿਸੇ ਮਹਾਂਪੁਰਸ਼ , ਕਿਸੇ ਬ੍ਰਹਮਗਿਆਨੀ ਨੇ ਇਨ੍ਹਾਂ ਸ਼ਬਦਾਂ ਦੀ ਵਿਆਖਿਆ ਨਹੀਂ ਕੀਤੀ , ਬਲਕਿ ਮੇਰੇ ਵੇਖਦੇ ਵੇਖਦੇ ਇਨ੍ਹਾਂ ਲਫਜ਼ਾਂ ਦੇ ਕਈ ਰੂਪ ਸਾਮ੍ਹਣੇ ਆਏ । ਹਰ ਰੂਪ ਇਨ੍ਹਾਂ ਦੀਆਂ ਗੁੰਝਲਾਂ ਨੂੰ ਸੁਲਝਾਉਣ ਦੀ ਥਾਂ ਇਨ੍ਹਾਂ ਗੁੰਝਲਾਂ ਵਿਚ ਹੋਰ ਵਾਧੇ ਦਾ ਕਾਰਨ ਬਣਦਾ ਰਿਹਾ ।
ਨੌਜਵਾਨ ਪੀੜ੍ਹੀ ਤੇ ਇਲਜ਼ਾਮ ਲਾਇਆ ਜਾਂਦਾ ਹੈ ਕਿ ਉਹ , ਸਿੱਖੀ ਨਾਲੋਂ ਟੁੱਟ ਰਹੇ ਹਨ । ਜਦ ਇਨ੍ਹਾਂ ਆਮ ਪਰਚਲਤ ਲਫਜ਼ਾਂ ਦੇ ਅਰਥ ਸਮਝਾਉਣ ਵਾਲਾ ਹੀ ਕੋਈ ਨਹੀਂ , ਤਾਂ ਗੁਰਬਾਣੀ ਸਿਧਾਂਤ ਦੀਆਂ ਗੱਲਾਂ ਕੌਣ ਸਮਝਾਏ ? ਜਦ ਮੋੜ-ਘੇੜ ਕੇ ਗੱਲ , ਕਰਮ ਕਾਂਡਾਂ , ਚਮਤਕਾਰਾਂ ਦੀ ਹੀ ਹੁੰਦੀ ਹੋਵੇ , ਜੋ ਗੁਰਬਾਣੀ ਨੂੰ ਰੱਦ ਕਰਦੇ ਹੋਣ , ਜਿਨ੍ਹਾਂ ਬਾਰੇ , ਸੁਚੇਤ ਨਵੀਂ ਪੀੜ੍ਹੀ ਨੂੰ ਸਮਝ ਹੀ ਨਾ ਆਉੰਦੀ ਹੋਵੇ । ਉਨ੍ਹਾਂ ਨੂੰ ਸਿੱਖੀ ਅਤੇ ਬ੍ਰਾਹਮਣਵਾਦ ਵਿਚ ਫਰਕ ਕਰਨਾ ਵੀ ਮੁਸ਼ਕਲ ਹੋਵੇ , ਫਿਰ ਉਹ ਕਿਸ ਸਿੱਖੀ ਨਾਲੋਂ ਟੁੱਟ ਰਹੇ ਹਨ ? ਕੀ ਵਿਖਾਵੇ ਦੀ ਸਿੱਖੀ ਨਾਲੋ ?
ਕੋਈ ਬੰਦਾ ਵੀ ਅਜਿਹਾ ਨਾ ਮਿਲਿਆ ਜੋ ਸਮਝਾ ਸਕਦਾ ਕਿ ਨਾਮ ਕੀ ਚੀਜ਼ ਹੈ? ਇਹ ਵੀ ਸੁਣਿਆ ਕਿ ਨਾਮ ਦੇਣ ਵਾਲਿਆਂ ਨੇ, ਨਾਮ ਲੈਣ ਵਾਲਿਆਂ ਨੂੰ ਤਾਕੀਦ ਕੀਤੀ ਹੈ ਕਿ ਕਿਸੇ ਨੂੰ ਨਾਮ ਬਾਰੇ ਨਹੀਂ ਦੱਸਣਾ, ਨਹੀਂ ਤਾਂ ਨਾਮ ਫਲੀ ਭੂਤ ਨਹੀਂ ਹੋਵੇਗਾ। ਇਸ ਤੋਂ ਇਹ ਧਾਰਨਾ ਬਣੀ ਕਿ ਨਾਮ ਕੋਈ ਬਹੁਤ ਗੁਪਤ ਚੀਜ਼ ਹੈ।
ਕੁਝ ਥਾਂਵਾਂ ਤੇ ਕੁਝ ਬੰਦਿਆਂ ਨੂੰ ਚਿਮਟੇ ਢੋਲਕੀਆਂ ਨਾਲ“ਵਾਹਿਗੁਰੂ ਵਾਹਿਗੁਰੂ “ ਕਰਦੇ ਵੇਖਆ, ਪੁਛਣ ਤੇ ਪਤਾ ਲੱਗਾ ਕਿ ਨਾਮ ਜਪ ਰਹੇ ਹਨ।
ਬੜੀ ਹੈਰਾਨੀ ਹੋਈ ਕਿ ਇਕ ਪਾਸੇ ਤਾਂ ਨਾਮ ਬਾਰੇ, ਦੂਸਰੇ ਨੂੰ ਦੱਸਣ ਤੇ ਵੀ ਪਾਬੰਦੀ ਹੈ, ਦੂਸਰੇ ਪਾਸੇ ਨਾਮ ਨੂੰ ਸਪੀਕਰਾਂ ਤੇ ਜਪਿਆ ਜਾ ਰਿਹਾ ਹੈ। ਇਸੇ ਦੌਰਾਨ ਕੀਰਤਨ , ਸਿਮਰਨ , ਜਪ , ਬਾਰੇ ਵੀ , ਗੁੰਝਲਾਂ ਵਿਚ ਕਾਫੀ ਵਾਧਾ ਹੋ ਚੁੱਕਾ ਸੀ ।ਮਨ ਵਿਚ ਆਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਸੇਧ ਲਈ ਜਾਵੇ । ਸੋ ਗੁਰੂ ਸਾਹਿਬ ਨਾਲ ਗੱਲਾਂ ਕੀਤੀਆਂ , ਸਵਾਲ ਪੁੱਛੇ ਉਨ੍ਹਾਂ ਦੇ ਦਿੱਤੇ ਜਵਾਬ ਨੂੰ ਸਮਝਣ ਲਈ ਡਾ: ਸਾਹਿਬ ਸਿੰਘ ਜੀ ਦੇ ਦਰਪਣ ਦਾ ਆਸਰਾ ਲਿਆ । ਇਸ ਨੂੰ ਜਾਨਣ ਦੀ ਜਗਿਆਸਾ ਵਿਚ ਗੁਰੂ ਗ੍ਰੰਥ ਸਾਹਿਬ ਵਿਚੋਂ ਇਕ ਤੁਕ ਸਾਮ੍ਹਣੇ ਆਈ ,
ਕਿਰਤਮ ਨਾਮ ਕਥੇ ਤੇਰੇ ਜਿਹਬਾ ॥ ਸਤਿ ਨਾਮੁ ਤੇਰਾ ਪਰਾ ਪੂਰਬਲਾ ॥ (1083 )
ਅਰਥਾਤ ਹੇ ਪ੍ਰਭੂ ਸਾਡੀ ਜੀਭ ਤਾਂ ਤੇਰੇ ਉਹੀ ਨਾਮ ਉਚਾਰਦੀ ਹੈ , ਜੋ ਨਾਮ ਤੇਰੇ ਗੁਣਾਂ ਤੇ ਆਧਾਰਤ , ਲੋਕਾਂ ਨੇ ਰੱਖ ਲਏ ਹਨ। ਪਰ ਸਤਿਨਾਮ ( ਹਰ ਵੇਲੇ ਹੋਂਦ ਵਾਲਾ )ਮੁੱਢ ਕਦੀਮਾਂ ਤੋਂ ਤੇਰਾ ਨਾਮ ਹੈ।
ਇਸ ਤੇ ਵਿਚਾਰ ਕਰਦਿਆਂ, ਦੋ ਗੱਲਾਂ ਸਾਮ੍ਹਣੇ ਆਈਆਂ,
ੳ. ਉਸ ਦੇ ਜੋ ਨਾਮ ਲਏ ਜਾਂਦੇ ਹਨ , ਉਹ ਲੋਕਾਂ ਨੇ ਅਪਣੀ ਸਮਝ ਮੁਤਾਬਕ ਰੱਖੇ ਹਨ। ਬੰਦਾ ਭੁਲਣ ਹਾਰ ਹੈ, ਇਸ ਲਈ ਉਸ ਦੇ ਰੱਖੇ ਨਾਵਾਂ ਵਿਚ ਗਲਤੀਆਂ ਹੋਣੀਆਂ ਸੁਭਾਵਕ ਹਨ। ਜਿਵੇਂ ਉਸਦਾ ਨਾਮ ਹੈ ਬੀਠਲ, ਜੋ ਗਿਆਨ ਹੀਣਾਂ ਨੂੰ ਅੰਗਕਿਾਰ ਕਰੇ। ਇਸ ਹਿਸਾਬ ਗਿਆਨ ਵਾਨਾਂ ਨੂੰ ਅੰਗੀਕਾਰ ਕਰਨ ਵਾਲਾ ਰੱਬ ਤਾਂ ਹੋਰ ਹੋਇਆ। ( ਪਰ ਰੱਬ ਤਾਂ ਇਕ ਹੀ ਹੈ ) ਉਸ ਦਾ ਨਾਮ ਹੈ ਸ਼ਿਆਮ, (ਕਾਲਾ) ਜੇਕਰ ਉਹ ਕਾਲਾ ਹੈ ਤਾਂ ਗੋਰਾ ਕੌਣ ਹੈ ? ਉਸਦਾ ਨਾਮ ਹੈ ਗੁਪਾਲ (ਗਵਾਲਾ), ਜੇਕਰ ਉਹ ਗਊਆਂ ਦਾ ਹੀ ਰਖਵਾਲਾ ਹੈ ਤਾਂ ਬਾਕੀ ਜੀਵਾਂ ਦਾ ਰਖਵਾਲਾ ਕੌਣ ਹੈ ? ਉਸਦਾ ਨਾਮ ਹੈ ਗੋਬਿੰਦ (ਗੋ, ਧਰਤੀ ਦਾ ਪਾਲਕ) ਜੇਕਰ ਉਹ ਧਰਤੀ ਦਾ ਹੀ ਪਾਲਕ ਹੈ ਤਾਂ ਸ੍ਰਿਸ਼ਟੀ ਦੇ ਬਾਕੀ ਖੰਡਾਂ ਦਾ ਪਾਲਕ ਕੌਣ ਹੈ ? ਇਸ ਤਰ੍ਹਾਂ ਰੱਖੇ ਸਾਰੇ ਨਾਮ ਅਧੂਰੇ ਹਨ।ਪੂਰਨ ਨਹੀਂ ਹਨ।
ਅ. ਉਸ ਦਾ ਮੁੱਢ ਕਦੀਮਾਂ ਦਾ ਨਾਮ ਹੈ “ਸਤਿ ਨਾਮ”
ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
ਇਹ ਵੀ ਤਾਂ ਉਸ ਦਾ ਗੁਣ ਵਾਚਕ ਨਾਮ ਹੀ ਹੈ। ਇਹ ਵੀ ਸ੍ਰਿਸ਼ਟੀ ਰਚਨਾ ਤੋਂ ਮਗਰੋਂ ਦਾ ਰੱਖਿਆ ਨਾਮ ਹੀ ਹੈ। ਫਿਰ ਉਸਦਾ ਅਸਲੀ ਨਾਮ ਕੀ ਹੈ?
ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ ਹੈ,
ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥ (753)
ਹੇ ਭਾਈ ਪ੍ਰਭੂ ਦੇ ਨਾਮ ਤੋਂ ਹੀ ਸਭ ਕੁਝ ਹੋਇਆ ਹੈ,ਬਣਿਆ ਹੈ,ਪਰ ਇਸ ਨਾਮ ਬਾਰੇ ਸੋਝੀ, ਸ਼ਬਦ ਗੁਰੂ ਤੋਂ ਬਗੈਰ ਨਹੀਂ ਹੋ ਸਕਦੀ। ਇਸ ਲਈ ਇਸ ਨਾਮ ਨੂੰ ਸਮਝਣ ਲਈ, ਗੁਰੂ ਗ੍ਰੰਥ ਸਾਹਿਬ ਨਾਲ ਡੂੰਘੇ ਜੁੜਨਾ ਪਵੇਗਾ ।
ਆਉ ਉਪ੍ਰਾਲਾ ਕਰੀਏ ।
ਇਥੇ ਗੁਰੂ ਬਾਰੇ ਥੋੜ੍ਹੀ ਵਿਚਾਰ ਕਰ ਲੈਣੀ ਵੀ ਲਾਹੇਵੰਦ ਹੋਵੇ ਗੀ। ਗੁਰੂ ਗ੍ਰੰਥ ਸਾਹਿਬ ਵਿਚ 52 ਅੰਗ ਤੇ 4-30-100 ਦਾ ਇਕ ਸ਼ਬਦ , ਗੁਰੂ ਨਾਲ ਸਬੰਧਤ ਹੈ,ਜਿਸਦੀ ਰਹਾਉ ਦੀ ਤੁਕ ਹੈ,
ਭਾਈ ਰੇ ਸਾਚੀ ਸਤਿਗੁਰ ਸੇਵ ॥
ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ ॥1॥ਰਹਾਉ ॥
ਹੇ ਭਾਈ ਸੱਚੇ ਗੁਰੂ (ਸ਼ਬਦ ਗੁਰੂ) ਦੀ ਸੇਵਾ ਹੀ ਸੱਚੀ ਸੇਵਾ ਹੈ। ਏਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਦੀ ਸੇਵਾ ਕੀ ਹੈ? ਇਸ ਬਾਰੇ ਗੁਰ ਫੁਰਮਾਨ ਹੈ ,
ਗੁਰ ਕੀ ਸੇਵਾ ਸਬਦੁ ਬੀਵਾਰੁ ॥ ਹਉਮੈ ਮਾਰੇ ਕਰਣੀ ਸਾਰੁ ॥ (223)
ਜੇ ਸ਼ਬਦ ਗੁਰੂ ਦੀ ਸੇਵਾ ਕੀਤਿਆਂ,ਸ਼ਬਦ ਦੀ ਵਿਚਾਰ ਕੀਤਿਆਂ ਮਨ ਵਿਚੋਂ ਹਉਮੈ ਮਰ ਜਾਵੇ,ਗਿਆਨ ਹਾਸਲ ਹੋ ਜਾਵੇ ਤਾਂ ਉਹ ਪਰਮਾਤਮਾ ਮਿਲ ਜਾਂਦਾ ਹੈ ਜੋ ਹਰ ਥਾਂ ਵਿਆਪਕ ਹੈ,ਅਦ੍ਰਿਸ਼ਟ ਹੈ, ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ।
ਇਹ ਸੀ ਔਂਕੜ ਰਹਿਤ “ਗੁਰ” ਦੀ ਗੱਲ। ਹੁਣ ਔਂਕੜ ਸਹਿਤ “ਗੁਰੁ” ਦੀ ਗੱਲ ਇਸੇ ਸ਼ਬਦ ਵਿਚੋਂ ਕਰਦੇ ਹਾਂ,
ਗੁਰੁ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ ॥
ਜਿਨ ਕਉ ਪੂਰਬਿ ਲਿਖਿਆ ਸੇਈ ਨਾਮੁ ਧਿਆਇ ॥
ਨਾਨਕ ਗੁਰ ਸਰਣਾਗਤੀ ਮਰੈ ਨ ਆਵੈ ਜਾਇ ॥ (52)
ਹੇ ਭਾਈ, ਗੁਰੁ, ਪਰਮਾਤਮਾ ਜੋ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ,ਸਮਾਇਆ ਹੋਇਆ ਹੈ,ਉਹ ਸਿਰਫ ਇਕ ਹੈ। ਜਿਨ੍ਹਾਂ ਮਨੁੱਖਾਂ ਦੇ ਪੂਰਬਲੇ ਜਨਮ ਦੀ ਨੇਕ ਕਮਾਈ ਦੇ ਸੰਸਕਾਰਾਂ ਵਜੋਂ ਚੰਗੇ ਲੇਖ ਲਿਖੇ ਹੁੰਦੇ ਹਨ, ਉਹੀ ਮਨੁੱਖ ਪਰਮਾਤਮਾ ਦਾ ਨਾਮ ਧਿਆਉਂਦੇ ਹਨ,ਕਰਤਾਰ ਦੇ ਨਾਮ ਵਿਚ ਧਿਆਨ ਰੱਖਦੇ ਹਨ। ਹੇ ਨਾਨਕ ਜਿਹੜਾ ਮਨੁੱਖ ਗੁਰ (ਸ਼ਬਦ) ਦੀ ਸਰਨ ਲੈ ਕੇ ਅਕਾਲ ਦਾ ਨਾਮ ਧਿਆਉਂਦਾ ਹੈ, ਉਹ ਮਨੁੱਖ ਜ਼ਿੰਦਗੀ ਵਿਚ ਆਤਮਕ ਮੌਤੇ ਨਹੀਂ ਮਰਦਾ ਅਤੇ ਜ਼ਿੰਦਗੀ ਮਗਰੋਂ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ।
ਇਸ ਵਿਚ “ਗੁਰ” ਅਤੇ “ਗੁਰੁ” ਦਾ ਫਰਕ ਧਿਆਨ ਵਿਚ ਰੱਖਣ ਦੀ ਲੋੜ ਹੈ। ਅਸਲੀ ਗੁਰੁ ਪਰਮਾਤਮਾ ਹੀ ਹੈ, ਉਸ ਪ੍ਰਭੂ ਬਾਰੇ ਸੋਝੀ ਹਾਸਲ ਕਰਨ ਦਾ ਵਸੀਲਾ,ਉਸ ਨਿਰਾਕਾਰ ਦਾ ਸਾਕਾਰ ਰੂਪ ਗੁਰ,ਸ਼ਬਦ ਹੀ ਹੈ।ਦੋਵਾਂ ਵਿਚ ਇਹ ਫਰਕ ਹੈ ਕਿ ਗੁਰੁ, ਕਰਤਾਰ ਸਦੀਵੀ ਹੈ,ਜਦ ਕਿ ਗੁਰ ਸ਼ਬਦ ਸ੍ਰਿਸ਼ਟੀ ਰਚਨਾ ਦੇ ਨਾਲ ਹੀ ਵਜੂਦ ਵਿਚ ਆਉਂਦਾ ਹੈ ਅਤੇ ਅਕਾਲ ਵੱਲੋਂ ਸ੍ਰਿਸ਼ਟੀ ਦੀ ਰਚਨਾ ਸੰਕੋਚਣ ਦੇ ਨਾਲ ਹੀ ਉਹ ਵੀ ਸੰਕੋਚਿਆ ਜਾਂਦਾ ਹੈ।
ਬਾਬਾ ਨਾਨਕ ਜੀ ਨੇ, ਨਿਰਾਕਾਰ ਦੇ ਸਾਕਾਰ ਰੂਪ ਸ਼ਬਦ (ਗੁਰ) ਨੂੰ ਹੀ ਅਪਣਾ ਗੁਰੂ ਕਿਹਾ ਹੈ। ਸਿੱਖਾਂ ਦਾ ਸਦੀਵੀ ਗੁਰੂ ਸ਼ਬਦ (ਗੁਰੂ ਗ੍ਰੰਥ ਸਾਹਿਬ ਜੀ) ਹੀ ਹੈ।
ਗੁਰੁ ਪਰਮੇਸਰੁ ਗੁਰੁ ਗੋਬਿੰਦ ॥
ਗੁਰੁ ਕਰਤਾ ਗੁਰੁ ਸਦ ਬਖਸੰਦ ॥ (1080)
ਕੀ ਇਹ ਖੂਬੀਆਂ ਵਾਹਿਗੁਰੂ ਤੋਂ ਇਲਾਵਾ ਕਿਸੇ ਹੋਰ ਵਿਚ ਹੋ ਸਕਦੀਆਂ ਹਨ ? ਕੀ ਉਸ ਦੇ ਨਾਮ ਬਾਰੇ ਸੋਝੀ ਸ਼ਬਦ ਤੋਂ ਇਲਾਵਾ ਕਿਸੇ ਹੋਰ ਕੋਲੋਂ ਹੋ ਸਕਦੀ ਹੈ ?
ਏਨੀ ਸਪੱਸ਼ਟ ਸੇਧ ਹੋਣ ਤੇ ਵੀ ਸਿੱਖ,ਹੱਡ-ਚੱਮ ਦੇ ਪੁਤਲਿਆਂ,ਦੂਸਰਿਆਂ ਦੀ ਕਮਾਈ ਤੇ ਪਲਣ ਵਾਲਿਆਂ ਕੋਲੋਂ ਨਾਮ ਲੱਭਦੇ ਫਿਰਦੇ ਹਨ।
ਗੁਰੂ ਸਾਹਿਬ ਦੀ ਨਾਮ ਬਾਰੇ ਸੇਧ ਇਵੇਂ ਹੈ.
ਨਾਮ ਨਿਰੰਜਨ ਅਲਖੁ ਹੈ ਕਿਉਂ ਲਖਿਆ ਜਾਈ ॥
ਨਾਮ ਨਿਰੰਜਨ ਨਾਲਿ ਹੈ ਕਿਉ ਪਾਈਐ ਭਾਈ ॥
ਨਾਮ ਨਿਰੰਜਨ ਵਰਤਦਾ ਰਵਿਆ ਸਭ ਠਾਈ ॥
ਗੁਰ ਪੂਰੇ ਤੇ ਪਾਈਐ ਹਿਰਦੈ ਦੇਇ ਦਿਖਾਈ ॥ (1242)
ਮਾਇਆ ਦੇ ਪ੍ਰਭਾਵ ਤੋਂ ਰਹਿਤ ਪ੍ਰਭੂ ਦਾ ਨਾਮ ਅਲਖ ( ਜੋ ਵਿਖਾਈ ਨਾ ਦੇਵੇ) ਹੈ।ਉਸਨੂੰ ਕਿਵੇਂ ਬਿਆਨ ਕੀਤਾ ਜਾਵੇ ? ਨਰਿੰਜਨ ਦਾ ਨਾਮ ਹਰ ਵੇਲੇ ਨਾਲ ਹੈ,ਹਰ ਵੇਲੇ ਵਿਆਪਕ ਹੋ ਕੇ ਹਰ ਥਾਂ ਵਰਤ ਰਿਹਾ ਹੈ,ਪਰ ਉਸਨੂੰ ਪਾਇਆ ਕਿਵੇਂ ਜਾਵੇ ? ਇਨ੍ਹਾਂ ਸਵਾਲਾਂ ਦਾ ਜਵਾਬ ਹੈ ਕਿ ਇਸ ਨਾਮ ਬਾਰੇ ਸੋਝੀ ਪੂਰੇ ਗੁਰੂ ਤੋਂ ਹੁੰਦੀ ਹੈ, ਜੋ ਇਸ ਨਾਮ ਨੂੰ ਹਿਰਦੇ,ਮਨ ਵਿਚ ਹੀ ਵਿਖਾ ਦਿੰਦਾ ਹੈ। ਇਸ ਨਾਲ ਪੂਰੀ ਗੱਲ ਤਾਂ ਸਾਫ ਨਹੀਂ ਹੋਈ, ਪਰ ਇਕ ਗੱਲ ਜ਼ਰੂਰ ਸਾਫ਼ ਹੋ ਗਈ ਕਿ ਨਾਮ ਗਿਆਨ ਇੰਦ੍ਰਆਂ ਜਾਂ ਕਰਮ ਇੰਦ੍ਰੀਆਂ ਦਾ ਵਿਸ਼ਾ ਨਹੀਂ ਹੈ । ਇਹ ਤਾਂ ਹਿਰਦੇ, ਮਨ ਦਾ ਵਿਸ਼ਾ ਹੈ । ਇਸ ਨੂੰ ਥੋੜ੍ਹਾ ਹੋਰ ਵਿਸਤਾਰ ਦਿੰਦੇ ਗੁਰੂ ਸਾਹਿਬ ਸਮਝਾੳਂਦੇ ਹਨ,
ਜਿਸੁ ਨਾਮੁ ਰਿਦੈ ਸੋਈ ਵਡ ਰਾਜਾ ॥
ਜਿਸੁ ਨਾਮੁ ਰਿਦੈ ਤਿਸ ਪੂਰੈ ਕਾਜਾ ॥ (1155)
ਜਿਸ ਬੰਦੇ ਨੇ ਹਿਰਦੇ ਵਿਚਲੇ ਨਾਮ ਨੂੰ ਸਮਝ ਲਿਆ,ਉਹ ਰਾਜਿਆਂ ਦਾ ਵੱਡਾ ਰਾਜਾ ਹੈ। ਜਿਸ ਬੰਦੇ ਨੇ ਹਿਰਦੇ ਵਿਚਲੇ ਨਾਮ ਨੂੰ ਜਾਣ ਲਿਆ,ਉਸ ਦੇ ਸਾਰੇ ਕੰਮ ਪੂਰਨ ਹੁੰਦੇ ਹਨ। ਅਤੇ
ਜਿਸੁ ਨਾਮੁ ਰਿਦੈ ਸੋ ਜੀਵਨ ਮੁਕਤਾ ॥ (1156)
ਜਿਸ ਨੇ ਹਿਰਦੇ ਵਿਚਲੇ ਨਾਮ ਨੂੰ ਜਾਣ ਲਿਆ ਉਹ ਅਪਣੇ ਜੀਵਨ ਵਿਚ ਹੀ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ ਹੈ।(ਇਹੀ ਹਰ ਸਿੱਖ ਲਈ ਜ਼ਿੰਦਗੀ ਦੀ ਮੰਜ਼ਿਲ ਹੈ।) ਅਤੇ
ਜਿਸੁ ਨਾਮੁ ਰਿਦੈ ਸੋ ਪੁਰਖੁ ਪਰਵਾਣੁ ॥
ਨਾਮ ਬਿਨਾ ਫਿਰ ਆਵਣ ਜਾਣੁ ॥ (1156)
ਜੋ ਬੰਦਾ ਹਿਰਦੇ ਵਿਚਲੇ ਨਾਮ ਨੂੰ ਸਮਝ ਲੈਂਦਾ ਹੈ,ਉਹ ਪ੍ਰਭੂ ਦੇ ਦਰ ਤੇ ਪਰਵਾਨ ਹੋ ਜਾਂਦਾ ਹੈ। ਜੋ ਇਸ ਵੱਲੋਂ ਅਵੇਸਲਾ ਰਹਿੰਦਾ ਹੈ,ਉਹ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
ਇਸ ਵਿਚਾਰ ਤੋਂ ਇਹ ਤਾਂ ਸਪੱਸ਼ਟ ਹੈ ਕਿ ਨਾਮ ਕੋਈ ਅਜਿਹੀ ਚੀਜ਼ ਨਹੀਂ ਜੋ ਕਿਸੇ ਕੋਲੋਂ ਲਿਆ ਜਾਂ ਦਿੱਤਾ ਜਾ ਸਕੇ। ਢੋਲਕੀਆਂ ਚਿਮਟਿਆਂ ਨਾਲ ਜਪਿਆ ਜਾ ਸਕੇ । ਨਾਮ ਹਰ ਬੰਦੇ ਦੇ ਅੰਦਰ ਵਰਤ ਰਿਹਾ ਹੈ,ਜਿਸ ਬਾਰੇ ਸੋਝੀ ਸ਼ਬਦ ਗੁਰੂ ਤੋਂ ਹੁੰਦੀ ਹੈ,
ਨਾਨਕ ਘਟਿ ਘਟਿ ਏਕੋ ਵਰਤਦਾ ਸਬਦ ਕਰੇ ਪਰਗਾਸ ॥ (1420)
ਹੁਣ ਸਵਾਲ ਉਠਦਾ ਹੈ ਕਿ ਕੀ ਨਾਮ ਨੂੰ ਜਾਣ ਲੈਣ ਨਾਲ ਹੀ ਬੰਦਾ ਮੁਕਤ ਹੋ ਜਾਂਦਾ ਹੈ ? ਇਹ ਅੜਾਉਣੀ ਤਦ ਹੀ ਹੱਲ ਹੋ ਸਕਦੀ ਹੈ,ਜੇਕਰ ਇਹ ਸਪੱਸ਼ਟ ਹੋ ਜਾਵੇ ਕਿ ਨਾਮ ਕੀ ਚੀਜ਼ ਹੈ ? ਆਉ ਵਿਚਾਰ ਅਗਾਂਹ ਤੋਰੀਏ।
ਗੁਰ ਸ਼ਬਦ ਹੈ ,
ਸਚਾ ਪੁਰਖੁ ਅਲਖੁ ਸਬਦਿ ਸੁਹਾਵਣਾ ॥
ਮੰਨੇ ਨਾਉ ਬਿਸੰਖ ਦਰਗਹ ਪਾਵਣਾ ॥ (148)
ਅਰਥਾਤ ਉਹ ਸੱਚਾ ਅਕਾਲ ਪੁਰਖ, ਹੈ ਤਾਂ ਅਦ੍ਰਿਸ਼ਟ ਪਰ ਸ਼ਬਦ ਵਿਚਾਰ ਰਾਹੀਂ ਵੇਖਿਆਂ ਬੜਾ ਸੋਹਣਾ ਲਗਦਾ ਹੈ। ਜੋ ਪੁਰਖ ਪ੍ਰਭੂ ਦੇ ਬੇਅੰਤ ਨਾਮ ਨੂੰ ਮੰਨਦਾ ਹੈ ਉਹ ਅਕਾਲ ਦੀ ਦਰਗਾਹ ਵਿਚ, ਆਪਣੇ ਅਸਲੀ ਘਰ ਵਿਚ ਪਹੁੰਚ ਜਾਂਦਾ ਹੈ। ਅਤੇ
ਮੰਨੇ ਨਾਉ ਸੋਈ ਜਿਣਿ ਜਾਇ ॥
ਅਉਰੀ ਕਰਮ ਨ ਲੇਖੈ ਲਾਇ ॥ (954)
ਜੋ ਮਨੁੱਖ ਪਰਮਾਤਮਾ ਦੇ ਨਾਮ ਨੂੰ ਮੰਨਦਾ ਹੈ,ਉਹੀ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਜਾਂਦਾ ਹੈ। ਨਾਮ ਮੰਨਣ ਤੋਂ ਬਿਨਾ ਹੋਰ ਕੋਈ ਕੰਮ ਜ਼ਿੰਦਗੀ ਦੀ ਬਾਜ਼ੀ ਜਿਤਣ ਵਿਚ ਸਫ਼ਲ ਨਹੀਂ ਹੈ। ਅਤੇ
ਮੰਨੇ ਨਾਮੁ ਸਚੀ ਪਤਿ ਪੂਜਾ ॥
ਕਿਸੁ ਵੇਖਾ ਨਾਹੀ ਕੋ ਦੂਜਾ ॥ (832)
ਮੈਂ ਕਿਸ ਦੀ ਆਸ ਕਰਾਂ ਕਰਤਾਰ ਵਰਗਾ ਹੋਰ ਕੋਈ ਦੂਸਰਾ ਨਹੀਂ ਹੈ।ਜਿਹੜਾ ਬੰਦਾ ਵਾਹਿਗੁਰੂ ਦੇ ਨਾਮ ਨੂੰ ਮੰਨਦਾ ਹੈ, ਉਸਨੂੰ ਆਦਰ ਮਿਲਦਾ ਹੈ,ਉਸ ਦੀ ਹੀ ਇਜ਼ਤ ਹੁੰਦੀ ਹੈ। ਅਤੇ
ਸਾਚੀ ਦਰਗਹ ਪੂਛ ਨਾ ਹੋਇ ॥
ਮਾਨੇ ਹੁਕਮੁ ਸੀਝੈ ਦਰਿ ਸੋਇ ॥ (832)
ਜੋ ਬੰਦਾ ਕਰਤਾਰ ਦਾ ਹੁਕਮ ਮੰਨਦਾ ਹੈ,ਉਹੀ ਉਸ ਦੇ ਦਰ ਤੇ ਕਾਮਯਾਬ ਹੁੰਦਾ ਹੈ।ਉਸ ਕੋਲੋਂ ਕਰਮਾਂ ਦਾ ਲੇਖਾ ਨਹੀਂ ਪੁਛਿਆ ਜਾਂਦਾ। ਅਤੇ
ਨਾਇ ਮੰਨਿਐ ਦੁਰਮਤਿ ਗਈ ਮਤਿ ਪਰਗਟੀ ਆਇਆ ॥
ਨਾਉ ਮੰਨਿਐ ਹਉਮੈ ਗਈ ਸਭਿ ਰੋਗ ਗਵਾਇਆ ॥ (1242)
ਨਾਮ ਨੂੰ ਮੰਨਣ ਨਾਲ ਭੈੜੀ ਮੱਤ ਦੂਰ ਹੋ ਜਾਂਦੀ ਹੈ,ਚੰਗੀ ਮੱਤ ਪਰਗਟ ਹੋ ਜਾਂਦੀ ਹੈ। ਨਾਮ ਨੂੰ ਮੰਨਣ ਨਾਲ ਮਨ ਵਿਚੋਂ ਹਉਮੈ ਦੂਰ ਹੋ ਜਾਂਦੀ ਹੈ,ਅਤੇ ਮਨ ਦੇ ਸਾਰੇ ਰੋਗ, ਵਿਕਾਰ ਖਤਮ ਹੋ ਜਾਂਦੇ ਹਨ , ਕਿਉਂਕਿ ਮਨ ਦੇ ਸਾਰੇ ਰੋਗਾਂ , ਵਿਕਾਰਾਂ ਦੀ ਜੜ੍ਹ ਹਉਮੈ ਹੈ । ਅਤੇ ,
ਨਾਇ ਮੰਨਿਐ ਸੰਗਤਿ ਉਧਰੈ ਜਿਨ੍ਹ ਰਿਦੈ ਵਸਾਇਆ ॥ (1241 )
ਜਿਨ੍ਹਾਂ ਬੰਦਿਆਂ ਨੇ ਨਾਮ ਨੂੰ ਮੰਨਿਆ ਹੈ , ਉਸ ਨੂੰ ਹਿਰਦੇ ਵਿਚ ਵਸਾਇਆ ਹੈ , ਯਾਨੀ ਖਾਲੀ ਦਿਖਾਵੇ ਲਈ ਹੀ ਨਹੀਂ ਮੰਨਿਆ , ਬਲਕਿ ਦਿਲੋਂ , ਖੁਸ਼ੀ ਨਾਲ ਮੰਨਿਆ ਹੈ , ਉਨ੍ਹਾਂ ਦੀ ਸੰਗਤ ਕਰਨ ਵਾਲੇ ਵੀ ਤਰ ਜਾਂਦੇ ਹਨ। ਅਤੇ ,
ਨਾਨਕ ਪੂਰੇ ਗੁਰ ਤੇ ਨਾਉ ਮੰਨੀਐ ਜਿਨ ਦੇਵੈ ਸੋਈ ॥ ( 1242 )
ਹੇ ਨਾਨਕ , ਪੂਰੇ ਗੁਰੂ , ਸ਼ਬਦ ਗੁਰੂ ਦੀ ਸਿਖਿਆ ਤੋਂ ਇਹ ਨਿਸਚਾ ਹੁੰਦਾ ਹੈ ਕਿ ਨਾਮ ਮੰਨਣਾ ਹੀ , ਜੀਵਨ ਦਾ ਸਹੀ ਰਸਤਾ ਹੈ । ਪਰ ਇਹ ਦਾਤ ਉਸੇ ਨੂੰ ਪਰਾਪਤ ਹੁੰਦੀ ਹੈ , ਜਿਸ ਤੇ ਪ੍ਰਭੂ ਆਪ ਨਖਸ਼ਿਸ਼ ਕਰੇ ।
ਇਸ ਵਿਚਾਰ ਤੋਂ ਜੋ ਗੱਲ ਉਭਰ ਕੇ ਸਾਮ੍ਹਣੇ ਆਈ , ਉਹ ਇਹ ਹੈ ਕਿ ਨਾਮ , ਕੋਈ ਖਾਲੀ ਗਾਉਣ ਵਾਲੀ , ਰੱਟਾ ਲਾਉਣ ਵਾਲੀ ਚੀਜ਼ ਨਹੀਂ ਹੈ , ਬਲਕਿ ਮੰਨਣ ਦੀ ਚੀਜ਼ ਹੈ । ਇਸ ਬਾਰੇ ਖਾਲੀ ਸੋਝੀ ਹੋ ਜਾਣ ਨਾਲ ਕੁਝ ਨਹੀਂ ਸੌਰਦਾ , ਬਲਕਿ ਇਸ ਨੂੰ ਮੰਨਣ ਨਾਲ ਹੀ , ਉਪਰ ਵਿਚਾਰੇ ਲਾਭ ਮਿਲ ਸਕਦੇ ਹਨ ।
ਗੁਰੂ ਗ੍ਰੰਥ ਸਾਹਿਬ ਵਿਚ ਤੁਕ ਹੈ ,
ਹੁਕਮੁ ਮੰਨੇ ਸੋ ਜਨੁ ਪਰਵਾਣ ॥ ਗੁਰ ਕੈ ਸਬਦਿ ਨਾਮ ਨੀਸਾਣੁ ॥1॥ਰਹਾਉ॥ ( 1175 )
ਜੋ ਬੰਦਾ ਗੁਰੂ ਦੀ ਸਿਖਿਆ ਅਨੁਸਾਰ , ਨਾਮ ਨਾਲ ਜੁੜਿਆ ਰਹਿੰਦਾ ਹੈ , ਉਹ ਪ੍ਰਮਾਤਮਾ ਦੇ ਹੁਕਮ ਨੂੰ ਦਿਲੋਂ ਮੰਨਦਾ ਹੋਇਆ , ਪਰਮਾਤਮਾ ਦੇ ਦਰ ਤੇ ਪਰਵਾਨ ਹੋ ਜਾਂਦਾ ਹੈ । ਕਰਤਾਰ ਨਾਲ ਇਕ ਮਿਕ ਹੋ ਜਾਂਦਾ ਹੈ । ਅਤੇ ,
ਸਾਚੀ ਦਰਗਹ ਪੂਛ ਨ ਹੋਇ ॥ ਮਾਨੇ ਹੁਕਮੁ ਸੀਝੈ ਦਰਿ ਸੋਇ ॥ ( 832 )
ਜਿਹੜਾ ਬੰਦਾ ਪਰਮਾਤਮਾ ਦੇ ਹੁਕਮ ਨੂੰ ਮੰਨਦਾ ਹੈ , ਉਹ ਪ੍ਰਭੂ ਦਰ ਤੇ ਕਾਮਯਾਬ ਹੋ ਜਾਂਦਾ ਹੈ , ਸੱਚੀ ਦਰਗਾਹ ਵਿਚ ਉਸ ਤੋਂ ਲੇਖਾ ਨਹੀੰ ਮੰਗਿਆ ਜਾਂਦਾ । ਇਸ ਹਿਸਾਬ ਪਰਮਾਤਮਾ ਦਾ ਨਾਮ ਮੰਨਣਾ ਉਸ ਦਾ ਹੁਕਮ ਮੰਨਣਾ ਹੀ ਹੈ ।
ਇਸ ਦੀ ਬੜੀ ਸੁਆਦਲੀ ਸਾਂਝ , ਗੁਰੂ ਗ੍ਰੰਥ ਸਾਹਿਬ ਜੀ ਦੇ 471 ਅੰਗ ਤੇ ਮਿਲਦੀ ਹੈ ।
ਨਾਇ ਮੰਨਇਐ ਪਤਿ ਊਪਜੈ ਸਾਲਾਹੀ ਸਚੁ ਸੂਤੁ ॥
ਦਰਗਹਿ ਅੰਦਰਿ ਪਾਈਐ ਤਗੁ ਨ ਤੁਟਸਿ ਪੂਤ ॥ ( 471 )
ਕਪਾਹ ਦੇ ਧਾਗੇ ਤੋਂ ਬਣੇ ਜਨੇਊ ਨੂੰ ਰੱਦ ਕਰਦੇ ਗੁਰੂ ਸਾਹਿਬ ਸਮਝਾਉੰਦੇ ਹਨ ਕਿ , ਹੇ ਪਾਂਡੇ ਪ੍ਰਭੂ ਦੀ ਸਿਫਤ ਸਲਾਹ ਕਰਨੀ ਹੀ ਸੱਚਾ ਸੂਤ ਹੈ । ਉਸ ਤੋਂ ਬਣਿਆ ( ਪ੍ਰਭੂ ਦੇ ਨਾਮ ਨੂੰ ਮੰਨਣ ਤੋਂ ਬਣਿਆ ) ਜਨੇਊ , ਕਦੇ ਟੁਟਦਾ ਨਹੀਂ, ਹਮੇਸ਼ਾ ਸਾਥ ਦਿੰਦਾ ਹੈ । ਇਸ ਆਸਰੇ ਹੀ ,ਕਰਤਾਰ ਦੀ ਦਰਗਾਹ ਵਿਚ , ਪਹੁੰਚ ਹੁੰਦੀ ਹੈ ਅਤੇ ਉਥੇ ਇਜ਼ਤ ਮਾਣ ਮਿਲਦਾ ਹੈ । ਅਤੇ ,
ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥ ( 471 )
ਅਕਾਲ ਦਾ ਹੁਕਮ ਮੰਨਣ ਨਾਲ ਬੰਦਾ , ਅਕਾਲ ਨੂੰ ਪਰਵਾਨ ਹੋ ਜਾਂਦਾ ਹੈ , ਅਤੇ ਮਾਲਕ ਪ੍ਰਭੂ ਦਾ ਮਹਲ ਪਾ ਲੈਂਦਾ ਹੈ । ਉਸ ਨਾਲ ਇਕ ਮਿਕ ਹੋ ਜਾਂਦਾ ਹੈ ।
ਨਾਮ ਦਾ ਕੀਰਤਨ ਕਰਨ , ਨਾਮ ਸਿਮਰਨ ਅਤੇ ਨਾਮ ਨੂੰ ਜਪਣ ਦੀਆਂ ਪ੍ਰਚਲਤ ਵਿਧੀਆਂ ਦੀ ਵਿਚਾਰ ਅੱਗੇ ਚਲ ਕੇ ਕਰਦੇ ਹਾਂ । ਉਸ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਵਿਚੋਂ ਨਾਮ ਅਤੇ ਹੁਕਮ ਦੀਆਂ ਕੁਝ ਸਮਾਨ ਅਰਥੀ ਤੁਕਾਂ ਪੇਸ਼ ਹਨ।
1. ਨਾਮ: ਨਾਮੈ ਆਵਨ ਜਾਵਨ ਰਹੇ ॥ (863)
ਹੁਕਮ: ਹੁਕਮੇ ਆਵਣ ਜਾਣ ਰਹਾਏ ॥ (962)
2. ਨਾਉ: ਨਾਉ ਮੰਨਿਐ ਹਉਮੈ ਗਈ ਸਭਿ ਰੋਗ ਗਵਾਇਆ ॥ (1242)
ਹੁਕਮ: ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ ।। (560)
3. ਨਾਮ: ਨਾਮੇ ਉਪਜੈ ਨਾਮੇ ਬਿਸੈ ਨਾਮੇ ਸਚਿ ਸਮਾਏ ॥ (246)
ਹੁਕਮ: ਹੁਕਮੇ ਆਵੈ ਹੁਕਮੇ ਜਾਇ ।। ਆਗੈ ਪਾਛੈ ਹੁਕਮਿ ਸਮਾਇ ।। (151)
4. ਨਾਇ: ਨਾਇ ਮੰਨਿਐ ਸੁਰਤਿ ਉਪਜੈ ਨਾਮੇ ਮਤਿ ਹੋਈ ॥ (1242)
ਹੁਕਮ: ਹੁਕਮੈ ਬੂਝੈ ਤਤੁ ਪਛਾਣੈ ।। (1289)
5. ਨਾਮ: ਨਾਮ ਨਿਰੰਜਨ ਵਰਤਦਾ ਰਵਿਆ ਸਭ ਠਾਈ ॥ (1242)
ਹੁਕਮ: ਢਾਹਿ ਉਸਾਰੇ ਹੁਕਮਿ ਸਮਾਵੈ॥ (414)
6. ਨਾਮ: ਜਿਸ ਨਾਮੁ ਰਿਦੈ ਸੋ ਜੀਵਨ ਮੁਕਤਾ ॥ (1156)
ਹੁਕਮ: ਹੁਕਮ ਪਛਾਣੈ ਖਸਮ ਕਾ ਤਾ ਸਚੁ ਪਾਵੈ ਕੋਈ ॥ (244)
7. ਨਾਮ: ਹਰਿ ਕਾ ਨਾਮ ਨਿਧਾਨ ਹੈ ਸੇਵਿਐ ਸੁਖੁ ਪਾਈ ॥ (1239)
ਹੁਕਮ: ਹੁਕਮੁ ਮੰਨੇ ਸੋਈ ਸੁਖੁ ਪਾਏ ਹੁਕਮੁ ਸਿਰਿ ਸਾਹਾ ਪਾਤਿਸਾਹਾ ਹੇ ॥ (1055)
8. ਨਾਮ: ਜਿਸ ਨਾਮੁ ਰਿਦੈ ਸੋ ਪੁਰਖ ਪਰਵਾਣ ॥
ਨਾਮ ਬਿਨਾ ਫਿਰ ਆਵਣ ਜਾਣ ॥ (1156)
ਹੁਕਮ: ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥ (471)
9. ਨਾਮ: ਨਾਮ ਸੁਆਮੀ ਮਨਹਿ ਮੰਤ ॥ (1322)
ਹੁਕਮ: ਹੁਕਮੇ ਜਪੈ ਨਿਰੋਧਰ ਮੰਤ ॥ (962)
10. ਨਾਉ: ਨਾਉ ਸੁਣਿ ਮਨ ਰਹਸੀਐ ਤਾ ਪਾਏ ਮੋਖ ਦੁਆਰੁ ॥ (468)
ਹੁਕਮ: ਹੁਕਮੇ ਹਰਿ ਹਰਿ ਮਨਿ ਵਸੈ ਹੁਕਮੇ ਸਚਿ ਸਮਾਉ ॥ (66)
11. ਨਾਮ: ਨਾਨਕ ਨਾਮਿ ਆਰਾਧਿਐ ਕਾਰਜ ਆਵੈ ਰਾਸਿ ॥ (320)
ਹੁਕਮ: ਹੁਕਮਿ ਰਜਾਈ ਜੋ ਚਲੈ ਸੋ ਪਵੈ ਖਜਾਨੈ ॥ (421)
12. ਨਾਮ: ਜਿਨੀ ਨਾਮੁ ਧਿਆਇਆ ਇਕ ਮਨਿ ਇਕ ਚਿਤਿ ਸੇ ਅਸਥਿਰੁ ਜਗਿ ਰਹਿਆ ॥(87)
ਰਜ਼ਾ:ਹੁਕਮ: ਹੁਕਮਿ ਸੰਜੋਗੀ ਆਇਆ ਚਲ ਸਦਾ ਰਜਾਈ ॥
ਅਉਗੁਣਿਆਰੇ ਕਉ ਗੁਣੁ ਨਾਨਕੈ ਸਚੁ ਮਿਲੈ ਵਡਿਆਈ ॥ (421)
ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਉਹ ਤੁਕਾਂ ਵੇਖਦੇ ਹਾਂ , ਜਿਨ੍ਹਾਂ ਵਿਚ ਨਾਮ , ਹੁਕਮ ਅਤੇ ਭਾਣੇ ਦੀ ਇਕਠੀ ਵਰਤੋਂ ਕੀਤੀ ਗਈ ਹੈ ।
1. ਚਹੁ ਦਿਸਿ ਹੁਕਮੁ ਵਰਤੈ ਪ੍ਰਭ ਤੇਰਾ ਚਹੁ ਦਿਸਿ ਨਾਮ ਪਤਾਲੰ ॥ (1275)
2. ਅਹਿਨਿਸਿ ਨਾਮਿ ਸੰਤੋਖੀਆ ਸੇਵਾ ਸਚੁ ਸਾਈ ॥
ਤਾ ਕਉ ਬਿਘਨੁ ਨ ਲਾਗਈ ਚਾਲੈ ਹੁਕਮਿ ਰਜਾਈ ॥ (421)
3. ਗੁਰ ਕੈ ਭਾਣੈ ਚਲੈ ਦਿਨੁ ਰਾਤੀ ਨਾਮੁ ਚੇਤਿ ਸੁਖੁ ਪਾਇਦਾ ॥ (1062)
4. ਜਨ ਲਾਗਾ ਹਰਿ ਏਕੈ ਨਾਇ ॥ ਤਿਸ ਕੀ ਆਸ ਨ ਬਿਰਥੀ ਜਾਇ ॥
ਸੇਵਕ ਕਉ ਸੇਵਾ ਬਨਿ ਆਈ ॥ ਹੁਕਮੁ ਬੂਝਿ ਪਰਮ ਪਦੁ ਪਾਈ ॥ (292)
5. ਨਾਮ ਬਿਨਾ ਨਾਹੀ ਕੋ ਬੇਲੀ ਬਿਖੁ ਲਾਦੀ ਸਿਰਿ ਭਾਰਾ ॥
ਹੁਕਮੀ ਆਇਆ ਹੁਕਮੁ ਨ ਬੂਝੈ ਹੁਕਮਿ ਸਵਾਰਣਹਾਰਾ ॥ (688)
6. ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥
ਜਹ ਜਹ ਰਖਹਿ ਆਪਿ ਤਹ ਜਾਇ ਖਵੋਵਣਾ ॥
ਨਾਮ ਤੇਰੈ ਕੈ ਰੰਗਿ ਦੁਰਮਤਿ ਧੋਵਣਾ ॥
ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ ॥
ਜਿਨ੍ਹੀ ਪਛਾਤਾ ਹੁਕਮੁ ਤਿਨ੍ ਕਦੇ ਨ ਰੋਵਣਾ ॥
ਨਾਉ ਨਾਨਕ ਬਖਸੀਸ ਮਨ ਮਾਹਿ ਪਰੋਵਣਾ ॥ (523)
7. ਹੁਕਮੁ ਮੰਨੇ ਸੋ ਜਨ ਪਰਵਾਣੁ ॥ ਗੁਰ ਕੈ ਸਬਦਿ ਨਾਮਿ ਨੀਸਾਣੁ ॥ (1175)
8. ਮੈਲੇ ਨਿਰਮਲ ਸਭਿ ਹੁਕਮਿ ਸਬਾਏ ॥ ਸੇ ਨਿਰਮਲ ਹਰਿ ਸਾਚੇ ਭਾਏ ॥
ਨਾਨਕ ਨਾਮੁ ਵਸੈ ਮਨ ਅੰਤਰਿ ਗੁਰਮੁਖਿ ਮੈਲ ਚੁਕਾਵਣਿਆ ॥ (121)
9. ਗੁਰ ਕਿਰਪਾ ਤੇ ਹੁਕਮੁ ਪਛਾਣੈ ॥ ਜੁਗਹ ਜੁਗੰਤਰ ਕੀ ਬਿਧਿ ਜਾਣੈ ॥
ਨਾਨਕ ਨਾਮੁ ਜਪਹੁ ਤਰੁ ਤਾਰੀ ਸਚੁ ਤਾਰੇ ਤਾਰਣਹਾਰਾ ਹੇ ॥ (1027)
ਇਸ ਤਰ੍ਹਾਂ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਪ੍ਰਭੂ ਦਾ ਨਾਮ , ਪ੍ਰਭੂ ਦਾ ਹੁਕਮ , ਉਸ ਦੀ ਰਜ਼ਾ ਹੀ ਹੈ,ਜਿਸ ਨੂੰ ਮੰਨਣ ਨਾਲ ਹੀ ਪਾਰ ਉਤਾਰਾ ਹੁੰਦਾ ਹੈ । ਜਿਸ ਤਰ੍ਹਾਂ ਕਿਸੇ ਦੇਸ਼ ਦੇ ਨਿਯਮ ਕਾਨੂਨ ਹੀ ਉਸ ਦੀ ਸਰਕਾਰ ਦਾ ਹੁਕਮ ਹੁੰਦੇ ਹਨ,ਉਸੇ ਤਰ੍ਹਾਂ ਸੱਚੀ ਸਰਕਾਰ (ਵਾਹਿਗੁਰੂ) ਦੇ ਸ੍ਰਿਸ਼ਟੀ ਰਚਨਾ ਵੇਲੇ, ਸ੍ਰਿਸ਼ਟੀ ਦਾ ਕਾਰ ਵਿਹਾਰ ਠੀਕ ਢੰਗ ਨਾਲ ਚਲਦਾ ਰੱਖਣ ਲਈ ਬਣਾਏ ਨਿਯਮ ਕਾਨੂਨ ਹੀ ਉਸਦਾ ਹੁਕਮ, ਉਸਦਾ ਨਾਮ ਹੈ , ਉਸ ਦੀ ਰਜ਼ਾ ਹਨ। ਉਨ੍ਹਾਂ ਅਨੁਸਾਰ ਚਲਣਾ ਹੀ , ਉਸਦਾ ਨਾਮ, ਹੁਕਮ , ਰਜ਼ਾ ਨੂੰ ਮੰਨਣਾ ਹੈ। ਇਸ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਰੂ ਵਿਚ ਸਮਝਾਇਆ ਹੈ,
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ।। (1)
ਨਾਮ ਅਤੇ ਹੁਕਮ ਦੀ ਇਕਸਾਰਤਾ ਵੀ ਇਵੇਂ ਦੱਸੀ ਹੈ,,
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ।। (72)
ਹੇ ਨਾਨਕ ਮੈਨੂੰ ਪੂਰੇ ਗੁਰੂ (ਸ਼ਬਦ ਗੁਰੂ) ਨੇ ਸਮਝਾ ਦਿੱਤਾ ਹੈ ਕਿ ਅਕਾਲ ਦਾ ਹੁਕਮ ਹੀ ਉਸਦਾ ਅਸਲੀ ਨਾਮ ਹੈ। ਉਸ ਦਾ ਹੁਕਮ ਮੰਨਣਾ ਹੀ ਉਸ ਦਾ ਨਾਮ ਸਿਮਰਨਾ ਹੈ।
ਅਮਰ ਜੀਤ ਸਿੰਘ ਚੰਦੀ
0 95685 41414
03-02-2012