ਕੈਟੇਗਰੀ

ਤੁਹਾਡੀ ਰਾਇ



ਸਰਵਜੀਤ ਸਿੰਘ ਸੈਕਰਾਮੈਂਟੋ
ਸੰਗਰਾਂਦ, ਕੁਦਰਤੀ ਵਿਧਾਨ ਨਹੀਂ ਹੈ!
ਸੰਗਰਾਂਦ, ਕੁਦਰਤੀ ਵਿਧਾਨ ਨਹੀਂ ਹੈ!
Page Visitors: 1757

ਸੰਗਰਾਂਦ, ਕੁਦਰਤੀ ਵਿਧਾਨ ਨਹੀਂ ਹੈ!

ਸਰਵਜੀਤ ਸਿੰਘ ਸੈਕਰਾਮੈਂਟੋ
“ਲਫ਼ਜ਼ ‘ਸੰਗ੍ਰਾਂਦ’ ਸੰਸਕ੍ਰਿਤ ਦੇ ‘ਸਾਂਕ੍ਰਾਂਤ’ [ਸੰਕ੍ਰਾਂਤਿ] ਦਾ ਵਿਗਾੜ ਹੈ, ਇਸ ਦਾ ਅਰਥ ਹੈ, ਇਸ ਦਾ ਅਰਥ ਹੈ ‘ਸੂਰਜ ਦਾ ਇਕ ਰਾਸ ਤੋਂ ਦੂਜੀ ਵਿਚ ਲੰਘਣਾ। ਬਿਕ੍ਰਮਾਜੀਤੀ ਸਾਲ ਦੇ ਇਹਨਾਂ ਬਾਰਾਂ ਮਹੀਨਿਆਂ ਦਾ ਸੰਬੰਧ ਸੂਰਜ ਦੀ ਚਾਲ ਦੇ ਨਾਲ ਹੈ । ਹਰ ਦੇਸੀ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਸੂਰਜ ਇਕ ਰਾਸ ਨੂੰ ਛੱਡ ਕੇ ਦੂਜੀ ਰਾਸ ਵਿਚ ਪੈਰ ਧਰਦਾ ਹੈ। ਬਾਰਾਂ ਮਹੀਨੇ ਹਨ ਤੇ ਬਾਰਾਂ ਹੀ ਰਾਸਾਂ ਹਨ । ਜੋ ਲੋਕ ਸੂਰਜ ਦੇਵਤੇ ਦੇ ਉਪਾਸ਼ਕ ਹਨ, ਉਹਨਾਂ ਲਈ ਹਰੇਕ ‘ਸੰਗ੍ਰਾਂਦ’ ਦਾ ਦਿਨ ਪਵਿੱਤ੍ਰ ਹੈ ਕਿਉਂਕਿ ਉਸ ਦਿਨ ਸੂਰਜ-ਦੇਵਤਾ ਇਕ ‘ਰਾਸ’ ਨੂੰ ਛੱਡ ਕੇ ਦੂਜੀ ਵਿਚ ਆਉਂਦਾ ਹੈ। ਇਸ ਦਿਨ ਖ਼ਾਸ ਉਚੇਚਾ ਪੂਜਾ-ਪਾਠ ਕੀਤਾ ਜਾਂਦਾ ਹੈ, ਤਾਂ ਜੋ ਸੂਰਜ-ਦੇਵਤਾ ਉਸ ਨਵੀਂ ‘ਰਾਸ’ ਵਿਚ ਰਹਿ ਕੇ ਉਪਾਸ਼ਕ ਲਈ ਸਾਰਾ ਮਹੀਨਾ ਚੰਗਾ ਲੰਘਾਏ” । (ਬੁਰਾਈ ਦਾ ਟਾਕਰਾ, ਪੰਨਾ 125)
  ਸੂਰਜੀ ਬਿਕ੍ਰਮੀ ਸਾਲ ਵਿਚ 12 ਮਹੀਨੇ ਹਨ (ਚੇਤ, ਵੈਸਾਖ, ਜੇਠ, ਹਾੜ, ਸਾਵਣ, ਭਾਦੋਂ, ਅੱਸੂ, ਕੱਤਕ, ਮੱਘਰ ਪੋਹ, ਮਾਘ, ਫੱਗਣ) ਅਤੇ 12 ਹੀ ਰਾਸ਼ਿਆਂ ਹਨ। (ਮੇਖ, ਬ੍ਰਿਖ, ਮਿਥੁਨ, ਕਰਕ, ਸਿੰਘ, ਕੰਨਿਆ, ਤੁਲਾਂ, ਬ੍ਰਿਸ਼ਚਕ, ਧਨ, ਮਕਰ, ਕੁੰਭ, ਮੀਨ) ਸੂਰਜ ਇਕ ਰਾਸ਼ੀ ਵਿਚ ਇਕ ਮਹੀਨਾ ਰਹਿੰਦਾ ਹੈ। ਜਿਸ ਦਿਨ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ‘ਚ ਪ੍ਰਵੇਸ਼ ਕਰਦਾ ਹੈ ਉਸ ਦਿਨ ਸੰਗਰਾਂਦ ਹੁੰਦੀ ਹੈ। ਯਾਦ ਰਹੇ, ਇਹ ਨਿਯਮ ਉਨ੍ਹਾਂ ਦਿਨਾਂ ਦੇ ਬਣੇ ਹੋਏ ਹਨ ਜਦੋਂ ਇਹ ਮੰਨਿਆ ਜਾਂਦਾ ਸੀ ਕਿ ਧਰਤੀ ਖੜੀ ਹੈ ਅਤੇ ਸੂਰਜ ਧਰਤੀ ਦੇ ਦੁਵਾਲੇ ਘੁੰਮਦਾ ਹੈ ਪਰ ਅੱਜ ਅਜੇਹਾ ਨਹੀਂ ਹੈ। ਗੈਲੀਲੀਓ (1564-1642) ਨੇ ਅੱਜ ਤੋਂ ਕਈ ਸਦੀਆਂ ਪਹਿਲਾ ਇਹ ਸਾਬਤ ਕਰ ਦਿੱਤਾ ਸੀ ਕਿ ਧਰਤੀ ਸੂਰਜ ਦੇ ਦੁਵਾਲੇ ਘੁੰਮਦੀ ਹੈ।
ਗੁਰੂ ਕਾਲ ਵੇਲੇ ਹਿੰਦੋਸਤਾਨ ਵਿਚ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਪ੍ਰਚੱਲਤ ਸੀ। ਇਸ ਕੈਲੰਡਰ ਦੇ ਸਾਲ ਦੀ ਲੰਬਾਈ 365.2587 ਦਿਨ (365 ਦਿਨ 6 ਘੰਟੇ 12 ਮਿੰਟ 31 ਸੈਕਿੰਡ) ਮੰਨੀ ਗਈ ਸੀ। 18-19 ਨਵੰਬਰ 1964 ਈ: ਵਿਚ ਅੰਮ੍ਰਿਤਸਰ ਵਿਖੇ ਵਿਦਵਾਨਾਂ ਦੀ ਇਕ ਇਕੱਤਰਤਾ ਹੋਈ ਜਿਸ ਵਿਚ ਸਾਲ ਦੀ ਲੰਬਾਈ ‘ਚ ਸੋਧ ਕਰਨ ਬਾਰੇ ਚਰਚਾ ਹੋਈ ਕੀਤੀ ਗਈ।
“ਅੰਮ੍ਰਿਤਸਰ-19 ਨਵੰਬਰ- ਅਖਿਲ ਭਾਰਤੀਯ ਵੈਦ ਸਰਵਸ਼ਾਖਾ ਸਮੇਲਨ (ਸਾਤਵਾਂ) ਕੇ ਜ਼ੇਰ ਏ ਇਹਤਮਾਮ ਜੋਤਿਸ਼ ਕੇ ਇਸ ਮੌਜ਼ੂ ਪਰ ਯੇਹ ਫੈਸਲਾ ਕਰਨੇ ਕੇ ਲੀਏ ਦਿਲਚਸਪ ਸ਼ਾਸਤਰਾਰਥ ਹੂਆ ਕਿ ਦਰਿਕ ਪਕਸ਼ ਕੋ ਦਰੁਸਤ ਮਾਨਨਾ ਚਾਹੀਏ ਯਾ ਸਵਰ ਪਕਸ਼ ਕੋ ਦਰੁਸਤ ਮਾਨਨਾ ਚਾਹੀਏ। ਦਰਿਕ ਪਕਸ਼ ਕਾ ਸਮਰਥਨ ਮੌਜ਼ਾ ਕੁਰਾਲੀ ਜ਼ਿਲਾ ਅੰਬਾਲਾ ਕੇ ਦੋ ਨੌਜਵਾਨ ਵਿਦਵਾਨ ਸ਼੍ਰੀ ਪਿਰਯਾਵਰਤ, ਐੈਮ ਏ, ਪਰੋਫੈਸਰ ਸੰਸਕ੍ਰਿਤ ਕਾਲਜ, ਸੋਲਨ ਔਰ ਸ਼੍ਰੀ ਸ਼ਕਤੀ ਧਰ, ਐਮ ਐਸ ਸੀ ਕਰ ਰਹੇ ਥੇ। ਔਰ ਸਵਰ ਪਕਸ਼ ਕਾ ਸਮਰਥਨ ਜਗਤ ਗੁਰੂ ਸ਼ੰਕਰਾਚਾਰੀਯ ਗੋਵਰਧਨ ਮੱਠ ਪੂਰੀ ਵਾ ਸ਼੍ਰੀ ਰਾਮ ਵਿਆਸ ਪਾਂਡੇ ਕਰ ਰਹੇ ਥੇ। ਸ਼ਾਸਤਰਾਰਥ ਕੇ ਦੌਰਾਨ ਏਕ ਸਮਯ ਪਰ ਦਰਿਕ ਪਕਸ਼ ਕੇ ਹਕ ਮੇਂ ਦਲਾਯਲ ਸੁਨ ਕਰ ਜਗਤ ਗੁਰੂ ਭੀ ਚਕਤ ਰਹਿ ਗਏ। ਚੁਨਾਂਚੇ ਦਰਿਕ ਪਕਸ਼ ਵਾਲੋਂ ਕਾ ਪਲੜਾ ਭਾਰੀ ਰਹਾ”।
   ਇਸ ਸੰਮੇਲਨ ‘ਚ ਸਾਲ ਦੀ ਲੰਬਾਈ 365.2563 ਦਿਨ (365 ਦਿਨ 6 ਘੰਟੇ 9 ਮਿੰਟ 4 ਸੈਕਿੰਡ) ਮੰਨ ਲਈ ਗਈ ਅਤੇ ਇਸ ਨੂੰ ‘ਦ੍ਰਿਕਗਿਣਤ’ ਦਾ ਸਿਧਾਂਤ ਕਿਹਾ ਜਾਂਦਾ ਹੈ। ਅੱਜ ਵੀ ਹਿੰਦੋਸਤਾਨ ਵਿਚ ਇਹ ਦੋਵੇਂ ਸਿਧਾਂਤ ਪ੍ਰਚੱਲਤ ਹਨ। ਸੂਰਜੀ ਸਿਧਾਂਤ (365.2587 ਦਿਨ) ਅਤੇ ਦ੍ਰਿਕਗਿਣਤ ਸਿਧਾਂਤ (365.2563 ਦਿਨ) ਦੇ ਸਾਲ ਦੀ ਲੰਬਾਈ ‘ਚ ਅੰਤਰ ਹੋਣ ਕਾਰਨ ਦੋਵਾਂ ਕੈਲੰਡਰਾਂ ਦੀਆਂ 3-4 ਸੰਗ੍ਰਾਂਦਾਂ ਹਰ ਸਾਲ ਵੱਖ-ਵੱਖ ਹੁੰਦੀਆਂ ਹਨ। ਇਕ ਸਮਾਂ ਅਜੇਹਾ ਵੀ ਆਵੇਗਾ ਕਿ ਬਾਰਾਂ ਦੀਆਂ ਬਾਰਾਂ ਸੰਗਰਾਂਦਾਂ ਵੱਖ ਹੋ ਜਾਣਗੀਆਂ।     
    ਬਿਕ੍ਰਮੀ 2079 ਸੰਮਤ (2022-23 ਈ:) ਦੇ ਚਾਰਟ ਤੋਂ ਸਪੱਸ਼ਟ ਹੈ ਕਿ ਗੁਰੂ ਸਾਹਿਬ ਜੀ ਵੱਲੋਂ ਵਰਤੋਂ ਵਿੱਚ ਲਿਆਂਦੇ ਗਏ ਕੈਲੰਡਰ (ਸੂਰਜੀ ਸਿਧਾਂਤ) ਅਤੇ 1964 ਈ: ਹਿੰਦੂ ਵਿਦਵਾਨਾਂ ਵੱਲੋਂ ਕੀਤੀ ਗਈ ਸੋਧ ਮੁਤਾਬਕ ਬਣੇ ਕੈਲੰਡਰ (ਦ੍ਰਿਕ ਗਿਣਤ ਸਿਧਾਂਤ) ਵਿਚ ਸੰਮਤ 2079 ਬਿਕ੍ਰਮੀ ਵਿਚ 3 ਸੰਗਰਾਂਦਾਂ ਅਤੇ 7 ਮਹੀਨਿਆਂ ਦੇ ਦਿਨ ਵੱਖ-ਵੱਖ ਹਨ। ਸੂਰਜੀ ਸਿਧਾਂਤ ਮੁਤਾਬਕ ਸਾਲ ਵਿੱਚ 366 ਦਿਨ ਬਣਦੇ ਹਨ ਅਤੇ ਦ੍ਰਿਕ ਗਿਣਤ ਸਿਧਾਂਤ ਮੁਤਾਬਕ 365 ਦਿਨ। ਸੂਰਜੀ ਸਿਧਾਂਤ ਮੁਤਾਬਕ ਤਾਂ 17 ਜੁਲਾਈ ਨੂੰ ਸੂਰਜ 10:58 Am (IST) ਕਰਕ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ਦ੍ਰਿਕ ਗਿਣਤ ਸਿਧਾਂਤ ਮੁਤਾਬਕ 16 ਜੁਲਾਈ ਨੂੰ ਸੂਰਜ 10:56 Pm (IST) ਕਰਕ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ਪੂਰੇ 12 ਘੰਟੇ ਦਾ ਅੰਤਰ। ਸੂਰਜ ਇਕ ਹੈ, ਰਾਸ਼ੀ ਇਕ ਹੈ, ਪਰ ਉਸ ਰਾਸ਼ੀ ‘ਚ ਸੂਰਜ ਪ੍ਰਵੇਸ਼ ਦੀ ਤਾਰੀਖ ਅਤੇ ਸਮਾਂ, ਦੋ ਕੈਲੰਡਰਾਂ ਮੁਤਾਬਕ ਵੱਖ-ਵੱਖ। ਇਹ ਦੋਵੇਂ ਕੈਲੰਡਰ ਠੀਕ ਨਹੀਂ ਹੋ ਸਕਦੇ ਅਤੇ ਸੂਰਜ ਦੋਵਾਂ ਕੈਲੰਡਰਾਂ ਮੁਤਾਬਕ ਨਹੀ ਚਲ ਸਕਦਾ। ਇਨ੍ਹਾਂ ਕੈਲੰਡਰਾਂ ਨੂੰ ਬਣਾਉਣ ਵਾਲੀਆਂ ਦੋਵੇਂ ਧਿਰਾਂ ਹੀ ਇਹ ਦਾਵਾ ਕਰਦੀਆਂ ਹਨ ਕਿ ਸੰਗਰਾਂਦ ਉਸ ਦਿਨ ਹੁੰਦੀ ਹੈ ਜਦੋਂ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿਚ ਪ੍ਰਵੇਸ਼ ਕਰਦਾ ਹੈ।
   ਹੁਣ ਸਵਾਲ ਪੈਦਾ ਹੁੰਦਾ ਹੈ ਕੇ ਕੀ ਸੰਗਰਾਂਦ ਦੀ ਇਹ ਪ੍ਰੀਭਾਸ਼ਾ ਮੰਨਣ ਯੋਗ ਹੈ?
  ਯਾਦ ਰਹੇ ਹੁਣ ਤਾਂ ਤੇਰਵੀਂ ਰਾਸ਼ੀ ਆਫਿਓਕਸ’ (Ophiuchus) ਦੀ ਚਰਚਾ ਚਲ ਪਈ ਹੈ। ਸੋ ਸਪੱਸ਼ਟ ਹੈ ਕਿ ਰਾਸ਼ੀਆਂ ਵਾਲਾ ‘ਮੱਕੜ ਜਾਲ’ ਅਤੇ ਸੰਗਰਾਂਦ ਨਿਸ਼ਚਿਤ ਕਰਨ ਦਾ ਤਰੀਕਾਂ ਕੁਦਰਤੀ ਸਿਧਾਂਤ ਨਹੀਂ ਹੈ, ਸਗੋਂ ਇਹ ਵੀ ਲੁੱਟ ਦਾ ਹੀ ਸਿਧਾਂਤ ਹੈ।
   ਅਗਲੇ ਸਾਲ ਦੋਵਾਂ ਕੈਲੰਡਰਾਂ ਵਿਚ 4-5 ਸੰਗਰਾਂਦਾਂ ਦੀ ਤਾਰੀਖ ਵੀ ਬਦਲ ਜਾਵੇਗੀ ਅਤੇ ਮਹੀਨੇ ਦੇ ਦਿਨਾਂ ਦੀ ਗਿਣਤੀ ਵੀ। ਨਾਨਕਸ਼ਾਹੀ ਕੈਲੰਡਰ ਵਿਚ ਮਹੀਨੇ ਦਾ ਆਰੰਭ ਹਰ ਸਾਲ ਇਕੋ ਸਮੇਂ ਹੋਵੇਗਾ ਅਤੇ ਹਰ ਸਾਲ ਹਰ ਮਹੀਨੇ ਦਿਨਾਂ ਦੀ ਗਿਣਤੀ ਵੀ ਇਕੋ ਹੀ ਰਹੇਗੀ। ਖਾਲਸਾ ਜੀ ਜਾਗੋ! ਉਨ੍ਹਾਂ ਨੂੰ ਪਛਾਣੋ, ਜਿਹੜੇ ਇਕਵੀਂ ਸਦੀ ਵਿੱਚ ਵੀ ਸਾਨੂੰ ਰਾਸ਼ੀਆਂ ਦੇ ਮੱਕੜ ਜਾਲ ‘ਚ ਉਲਝਾਈ ਰੱਖਣਾ ਚਾਹੁੰਦੇ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.