ਸਿੱਖੀ ਅਤੇ ਇਸ ਦੇ ਸਿਧਾਂਤ! (ਭਾਗ 1)
ਸਿੱਖੀ ਦੀ ਗਲ ਕਰਦਿਆਂ ਇਹੀ ਕਿਹਾ ਜਾ ਸਕਦਾ ਹੈ ਕਿ
'ਸਿੱਖੀ, ਜ਼ਿੰਦਗੀ ਨੂੰ ਬੜੀ ਸਾਦਗੀ ਨਾਲ ਜੀਉਣ ਦਾ ਢੰਗ ਹੈ'
ਜਿਸ ਵਿਚ ਕਿਤੇ ਵੀ ਕੋਈ ਉਚੇਚ, ਕੋਈ ਵਿਖਾਵਾ ਕਰਨ ਦੀ ਗੁੰਜਾਇਸ਼ ਨਹੀਂ ਹੈ।
ਗੁਰੂ ਸਾਹਿਬ ਨੇ ਹਰ ਵੇਲੇ ਪਰਮਾਤਮਾ ਨੂੰ ਯਾਦ ਰਖਦੇ ਹੋਏ, ਕੁਦਰਤ ਨਾਲ ਤਾਲ-ਮੇਲ ਬਣਾ ਕੇ ਚਲਣ ਦੀ ਤਾਕੀਦ ਕੀਤੀ ਹੈ।
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥2॥ (522)
ਅਰਥ:- ਹੇ ਨਾਨਕ, ਜੇ ਸਤਿਗੁਰ (ਸ਼ਬਦ ਗੁਰੂ) ਮਿਲ ਪਵੇ ਤਾਂ ਜੀਉਣ ਦੀ ਠੀਕ ਜਾਚ ਆ ਜਾਂਦੀ ਹੈ। ਤੇ ਹਸਦਿਆਂ ਖੇਡਦਿਆਂ ਖਾਂਦਿਆਂ ਪਹਨਦਿਆਂ (ਦੁਨੀਆ ਦੇ ਸਾਰੇ ਕੰਮ ਕਰਦਿਆਂ) ਮਾਇਆ ਵਿਚ ਵਰਤਦਿਆਂ ਹੀ ਕਾਮਾਦਿਕ ਵਿਕਾਰਾਂ ਤੋਂ ਬਚੇ ਰਹੀਦਾ ਹੈ। (ਇਹ ਹੈ ਜੀਵਨ ਮੁਕਤੀ ਜੋ ਗੁਰ ਤੋਂ ਮਲਦੀ ਹੈ) ਅਤੇ
ਮਨ ਰੇ ਗਹਿਓ ਨ ਗੁਰ ਉਪਦੇਸੁ ॥
ਕਹਾ ਭਇਓ ਜਉ ਮੂਡੁ ਮੁਡਾਇਓ ਭਗਵਉ ਕੀਨੋ ਭੇਸੁ ॥1॥ਰਹਾਉ॥
ਸਾਚ ਛਾਡਿ ਕੈ ਝੂਠਹ ਲਾਗਿਓ ਜਨਮੁ ਅਕਾਰਥੁ ਖੋਇਓ ॥
ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ ਨਿਆਈ ਸੋਇਓ ॥1॥
ਰਾਮ ਭਜਨ ਕੀ ਗਤਿ ਨਹੀ ਜਾਨੀ ਮਾਇਆ ਹਾਥਿ ਬਿਕਾਨਾ ॥
ਉਰਝਿ ਰਹਿਓ ਬਿਖਿਅਨ ਸੰਗਿ ਬਉਰਾ ਨਾਮੁ ਰਤਨੁ ਬਿਸਰਾਨਾ ॥2॥
ਰਹਿਓ ਅਚੇਤੁ ਨ ਚੇਤਿਓ ਗੋਬਿੰਦ ਬਿਰਥਾ ਅਉਧ ਸਿਰਾਨੀ ॥
ਕਹੁ ਨਾਨਕ ਹਰਿ ਬਿਰਦੁ ਪਛਾਨਉ ਭੂਲੇ ਸਦਾ ਪਰਾਨੀ ॥3॥10॥ (633)
ਅਰਥ:- ਹੇ ਮਨ ਤੂੰ ਗੁਰੂ ਦੀ ਸਿਖਿਆ ਗ੍ਰਹਿਣ ਨਹੀਂ ਕਰਦਾ।ਹੇ ਭਾਈ. ਤੂੰ ਗੁਰੂ ਦਾ ਉਪਦੇਸ਼ ਭੁਲਾ ਕੇ, ਜੇ ਸਿਰ ਵੀ ਮੁਨਾ ਲਿਆ, ਤੇ ਭਗਵੇ ਰੰਗ ਦੇ ਕਪੜੇ ਪਾ ਲਏ, ਤਾਂ ਵੀ ਕੀ ਬਣਿਆ ? ਆਤਮਕ ਜੀਵਨ ਦਾ ਕੁਝ ਵੀ ਨਾਂਹ ਸੌਰਿਆ। (ਰਹਾਉ)
ਹੇ ਭਾਈ, ਭਗਵਾ ਭੇਖ ਤਾਂ ਧਾਰਨ ਕਰ ਲਿਆ, ਪਰ ਸਦਾ ਕਾਇਮ ਰਹਣ ਵਾਲੇ ਪ੍ਰਭੂ ਦਾ ਨਾਮ ਛੱਡ ਕੇ ਨਾਸਵੰਤ ਪਦਾਰਥਾਂ ਵਿਚ ਹੀ ਸੁਰਤ ਜੋੜੀ ਰੱਖੀ, ਲੋਕਾਂ ਨਾਲ ਛਲ ਕਰ ਕਰ ਕੇ ਆਪਣਾ ਪੇਟ ਪਾਲਦਾ ਰਿਹਾ, ਤੇ ਪਸ਼ੂਆਂ ਵਾਙ ਸੁੱਤਾ ਰਿਹਾ।(1)
ਹੇ ਭਾਈ, ਅਵੇਸਲਾ ਬੰਦਾ, ਪਰਮਾਤਮਾ ਦੇ ਭਜਨ ਦਾ ਢੰਗ ਨਹੀਂ ਸਮਝਦਾ, ਮਾਇਆ ਦੇ ਹੱਥ ਵਿਕਿਆ ਰਹਿੰਦਾ ਹੈ। ਕਮਲਾ ਮਨੁੱਖ ਮਾਇਕ ਪਦਾਰਥਾਂ ਦੇ ਮੋਹ ਵਿਚ ਮਗਨ ਰਹਿੰਦਾ ਹੈ, ਤੇ ਪ੍ਰਭੂ ਦੇ ਸ੍ਰੇਸ਼ਟ, ਨਾਮ ਰਤਨ ਨੂੰ ਭੁਲਾਈ ਰਖਦਾ ਹੈ। (2)
ਮਨੁੱਖ, ਮਾਇਆ ਵਿਚ ਫਸ ਕੇ, ਅਵੇਸਲਾ ਹੋਇਆ ਰਹਿੰਦਾ ਹੈ, ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਸਾਰੀ ਉਮਰ, ਵਿਅਰਥ ਗੁਜ਼ਾਰ ਲੈਂਦਾ ਹੈ।
ਹੇ ਨਾਨਕ ਆਖ, ਹੇ ਹਰੀ, ਤੂੰ ਆਪਣੇ ਮੁੱਢ ਕਦੀਮਾਂ ਦੇ ਪਿਆਰ ਵਾਲੇ ਸੁਭਾਅ ਨੂੰ ਚੇਤੇ ਰੱਖ, ਇਹ ਜੀਵ ਤਾਂ ਸਦਾ ਭੁੱਲੇ ਹੀ ਰਹਿੰਦੇ ਹਨ । (3)
ਅਤੇ,
ਅਮਰ ਜੀਤ ਸਿੰਘ ਚੰਦੀ (ਚਲਦਾ)