ਸਿੱਖੀ ਅਤੇ ਇਸ ਦੇ ਸਿਧਾਂਤ! (ਭਾਗ 2)
ਸੋਰਠਿ ਮਹਲਾ 9
ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥
ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥1॥ਰਹਾਉ॥
ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥
ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥1॥
ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥
ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥2॥
ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥
ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥3॥11॥ (633/34)
ਅਰਥ:- ਹੇ ਭਾਈ, ਜਿਹੜਾ ਮਨੁੱਖ ਦੁਖਾਂ ਵਿਚ ਘਬਰਾਉਂਦਾ ਨਹੀਂ, ਜਿਸ ਮਨੁੱਖ ਦੇ ਹਿਰਦੇ ਵਿਚ ਸੁੱਖਾਂ ਨਾਲ ਮੋਹ ਨਹੀਂ, ਕਿਸੇ ਤਰਾਂ ਦਾ ਡਰ ਨਹੀਂ, ਜਿਹੜਾ ਮਨੁੱਖ ਸੋਨੇ ਨੂੰ ਮਿੱਟੀ ਸਮਾਨ ਸਮਝਦਾ ਹੈ, (ਉਸ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ।) (ਰਹਾਉ)
ਹੇ ਭਾਈ, ਜਿਸ ਮਨੁੱਖ ਦੇ ਅੰਦਰ ਕਿਸੇ ਦੀ ਚੁਗਲੀ ਬੁਰਾਈ ਨਹੀਂ, ਕਿਸੇ ਦੀ ਖੁਸ਼ਾਮਦ ਨਹੀਂ, ਜਿਸ ਦੇ ਅੰਦਰ ਨਾ ਲੋਭ ਹੈ, ਨਾ ਮੋਹ ਹੈ, ਨਾ ਹੰਕਾਰ ਹੈ, ਜਿਹੜਾ ਮਨੁੱਖ ਖੁਸ਼ੀ ਅਤੇ ਗਮੀ ਤੋਂ ਨਿਰਲੇਪ ਰਹਿੰਦਾ ਹੈ, ਜਿਸ ਨੂੰ ਨਾ ਆਦਰ ਪਰਭਾਵਤ ਕਰਦਾ ਹੈ, ਨਾ ਨਿਰਾਦਰ ਪਰਭਾਵਤ ਕਰਦਾ ਹੈ, (ਉਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ) । (1)
ਹੇ ਭਾਈ ਜਿਹੜਾ ਮਨੁੱਖ ਆਸਾਂ ਉਮੀਦਾਂ ਸਭ ਤਿਆਗ ਕੇ ਸਚਾਈ ਨਾਲ ਜੁੜ ਜਾਂਦਾ ਹੈ, ਜਗਤ ਤੋਂ ਨਿਰਮੋਹ ਰਹਿੰਦਾ ਹੈ, ਜਿਸ ਮਨੁੱਖ ਨੂਂ ਨਾ ਕਾਮ ਵਾਸਨਾ ਪਰਭਾਵਤ ਕਰਦੀ ਹੈ, (ਏਥੇ ਉਸ ਕਾਮ ਦੀ ਗਲ ਹੈ, ਜੋ ਜ਼ਰੂਰਤ ਤੋਂ ਵੱਧ ਕੇ ਵਾਸਨਾ ਬਣ ਜਾਵੇ) ਨਾ ਕ੍ਰੋਧ ਹੀ ਪਰਭਾਵਤ ਕਰਦਾ ਹੈ, (ਉਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ।) (2)
ਹੇ ਨਾਨਕ ਆਖ, ਜਿਸ ਮਨੁੱਖ ਉੱਤੇ ਸ਼ਬਦ ਗੁਰੂ ਨੇ ਕਿਰਪਾ ਕੀਤੀ, ਉਸ ਨੇ ਹੀ ਜੀਵਨ ਦੀ ਇਹ ਜਾਚ ਸਮਝੀ ਹੈ। ਉਹ ਮਨੁੱਖ ਪਰਮਾਤਮਾ ਨਾਲ ਇਉਂ ਇਕ-ਮਿਕ ਹੋ ਜਾਂਦਾ ਹੈ, ਜਿਉਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ ।3।11।
(ਇਹ ਹੈ ਜੂਨਾਂ ਦੇ ਗੇੜ ਤੋਂ ਮੁਕਤੀ, ਜਦ ਮਨੁੱਖ ਦੀ ਆਪਣੀ ਹਸਤੀ, ਖਤਮ ਹੋ ਜਾਂਦੀ ਹੈ ਅਤੇ ਉਹ ਰੱਬ ਨਾਲ ਇਵੇਂ ਇਕ ਮਿਕ ਹੋ ਜਾਂਦਾ ਹੈ, ਜਿਵੇਂ ਨਦੀ ਸਮੁੰਦਰ ਨਾਲ ਰਲ ਕੇ ਆਪਣਾ ਆਪਾ ਖਤਮ ਕਰ ਕੇ ਸਮੁੰਦਰ ਹੀ ਹੋ ਜਾਂਦੀ ਹੈ। ਜਿਸ ਨੂੰ ਅੱਜ ਦੇ ਧਾਰਮਿਕ ਵਿਦਵਾਨ ਆਪਣੇ ਕਰਮਾਂ ਦਾ ਫਲ ਭੁਗਤਣ ਤੋਂ ਡਰਦੇ, ਨਕਾਰ ਰਹੇ ਹਨ) (ਇਹ ਗੁਰੁ ਤੋਂ ਮਿਲਦੀ ਹੈ)
ਗੁਰੂ ਸਾਹਿਬ ਨੇ ਧਰਮ ਦਾ ਕੇਂਦਰ 'ਧਰਮ-ਸਾਲ' ਬਣਾਈ ਸੀ ਜਿਸ ਵਿਚ ਜੁੜ ਕੇ ਸਿੱਖ ਧਰਮ ਬਾਰੇ ਵਿਚਾਰ ਕਰਿਆ ਕਰਦੇ ਸੀ। ਧਰਮ ਦਾ ਕੇਂਦਰ, ਗੁਰਬਾਣੀ ਦੀ ਇਹ ਅਸਟਪਦੀ ਸੀ,
ਸਲੋਕੁ॥ ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ॥
ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ॥1॥ (265)
ਅਰਥ:- ਬਹੁਤ ਸਾਸਤ੍ਰ ਤੇ ਬਹੁਤ ਸਿੰਮ੍ਰਿਤੀਆਂ ਹਨ, ਅਸਾਂ ਉਹ ਸਾਰੇ ਖੋਜ ਕੇ ਵੇਖੇ ਹਨ। (ਇਹ ਪੁਸqਕਾਂ ਕਈ ਤਰ੍ਹਾਂ ਦੀ ਗਿਆਨ-ਚਰਚਾ ਤੇ ਕਈ ਧਾਰਮਿਕ ਤੇ ਭਾਈਚਾਰਕ ਰਸਮਾਂ ਸਿਖਾਉਂਦੀਆਂ ਹਨ,)
ਪਰ ਇਹ ਅਕਾਲ-ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ। ਹੇ ਨਾਨਕ , ਇਨ੍ਹਾਂ ਸਦਕਾ, ਪ੍ਰਭੂ
ਦੇ ਅਮੁੱਲ ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ।
ਅਸਟਪਦੀ॥ ਜਾਪ ਤਾਪ ਗਆਨ ਸਭਿ ਧਿਆਨ ॥ ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥
ਜੋਗ ਅਭਿਆਸ ਕਰਮ ਧ੍ਰਮ ਕਿਰਿਆ॥ ਸਗਲ ਤਿਆਗਿ ਬਨ ਮਧੇ ਫਿਰਿਆ ॥
ਅਨਿਕ ਪ੍ਰਕਾਰ ਕੀਏ ਬਹੁ ਜਤਨਾ ॥ ਪੁੰਨ ਦਾਨ ਹੋਮੇ ਬਹੁ ਰਤਨਾ ॥
ਸ੍ਰੀਰੁ ਕਟਾਇ ਹੋਮੈ ਕਰਿ ਰਾਤੀ ॥ ਵਰਤ ਨੇਮ ਕਰੈ ਬਹੁ ਭਾਤੀ ॥
ਨਹੀ ਤੁਲਿ ਰਾਮ ਨਾਮ ਬੀਚਾਰ ॥ ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ॥1॥
ਅਰਥ:- ਜੇ ਕੋਈ, (ਇਨ੍ਹਾਂ ਸਾਸਤ੍ਰ ਤੇ ਸਿੰਮ੍ਰਿਤੀਆਂ ਦੇ ਦੱਸੇ ਅਨੁਸਾਰ) ਵੇਦ ਮੰਤਰਾਂ ਦਾ ਜਾਪ ਕਰੇ, ਸਰੀਰ ਨੂੰ ਧੂਣੀਆਂ ਨਾਲ ਤਪਾਏ, ਗਿਆਨ ਦੀਆਂ ਕਈ ਗੱਲਾਂ ਕਰੇ, ਤੇ ਦੇਵਤਿਆਂ ਦੇ ਧਿਆਨ ਧਰੇ, ਛੇ ਸ਼ਾਸਤਰਾਂ ਤੇ ਸਿਮ੍ਰਿਤੀਆਂ ਦਾ ਉਪਦੇਸ਼ ਕਰੇ। ਜੋਗ ਦੇ ਸਾਧਨ ਕਰੇ, ਕਰਮ ਕਾਂਡੀ ਧਰਮ ਦੀ ਕ੍ਰਿਆ ਕਰੇ, ਜਾਂ ਸਾਰੇ ਕੰਮ ਛੱਡ ਕੇ ਜੰਗਲਾਂ ਵਿਚ ਘੁਮਦਾ ਫਿਰੇ। ਅਨੇਕਾਂ ਕਿਸਮਾਂ ਦੇ ਬਹੁਤ ਜਤਨ ਕਰੇ, ਪੁੰਨ-ਦਾਨ ਤੇ ਬਹੁਤ ਸਾਰਾ ਦੁਰ-ਲੱਭ ਘਿਉ ਹਵਨ ਯੱਗ ਵਿਚ ਸਾੜੇ, ਆਪਣੇ ਸਰੀਰ ਨੂੰ ਰੱਤੀ ਰੱਤੀ ਕਰ ਕੇ ਕਟਾਵੇ ਤੇ ਅੱਗ ਵਿਚ ਸਾੜ ਦੇਵੇ, ਕਈ ਤਰ੍ਹਾਂ ਦੇ ਵਰਤਾਂ ਦੀ ਪਾਲਣਾ ਕਰੇ। ਪਰ ਇਹ ਸਾਰੇ ਕਰਮ ਹੀ, ਅਕਾਲ-ਪੁਰਖ ਦੇ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ ਹਨ। ਹੇ ਨਾਨਕ ਭਾਵੇਂ ਇਹ ਨਾਮ ਗੁਰੂ ਦੀ ਸਿਖਿਆ ਅਨੁਸਾਰ, ਇਕ ਵਾਰ ਹੀ ਜਪਿਆ ਜਾਵੇ।1।
ਨਉ ਖੰਡ ਪ੍ਰਿਥਮੀ ਫਿਰੈ ਚਿਰੁ ਜੀਵੈ ॥ ਮਹਾ ਉਦਾਸੁ ਤਪੀਸਰੁ ਥੀਵੈ ॥
ਅਗਨਿ ਮਾਹਿ ਹੋਮਤ ਪਰਾਨ ॥ ਕਨਿਕ ਅਸਵ ਹੈਵਰ ਭੂਮਿ ਦਾਨ ॥
ਨਿਉਲੀ ਕਰਮ ਕਰੈ ਬਹੁ ਆਸਨ ॥ ਜੈਨ ਮਾਰਗ ਸੰਜਮ ਅਤਿ ਸਾਧਨ ॥
ਨਿਮਖ ਨਿਮਖ ਕਰਿ ਸਰੀਰੁ ਕਟਾਵੈ ॥ ਤਉ ਭੀ ਹਉਮੈ ਮੈਲੁ ਨ ਜਾਵੈ ॥
ਹਰਿ ਕੇ ਨਾਮ ਸਮਸਰਿ ਕਛੁ ਨਾਹਿ ॥ ਨਾਨਕ ਗੁਰਮੁਖਿ ਨਾਮੁ ਜਪਤ ਗਤਿ ਪਾਹਿ ॥2॥
ਅਰਥ:- ਜੇ ਕੋਈ ਮਨੁੱਖ ਸਾਰੀ ਧਰਤੀ ਫਿਰ ਲਵੇ । ਲੰਮੀ ਉਮਰ ਤੱਕ ਜਿਊਂਦਾ ਰਹੇ। ਜਗਤ ਵਲੋਂ
ਉਪਰਾਮ ਹੋ ਕੇ ਵਡਾ ਤਪੀ ਬਣ ਜਾਵੇ । ਅੱਗ ਵਿਚ ਆਪਣੀ ਜਿੰਦ ਹਵਨ ਕਰ ਦੇਵੇ। ਸੋਨਾ, ਘੋੜੇ,ਵਧੀਆ ਘੋੜੇ, ਤੇ ਜ਼ਮੀਨ ਦਾਨ ਕਰੇ। ਨਿਉਲੀ ਕਰਮ ਤੇ ਹੋਰ ਬਹੁਤ ਸਾਰੇ ਯੋਗ ਆਸਨ ਕਰੇ, ਜੈਨੀਆਂ ਦੇ ਰਸਤੇ ਤੇ ਚਲ ਕੇ ਬੜੇ ਕਠਨ ਆਸਨ ਤੇ ਸੰਜਮ ਕਰੇ। ਸਰੀਰ ਨੂੰ ਰਤਾ ਰਤਾ ਕਰ ਕੇ ਕਟਾ ਦੇਵੇ, ਤਾਂ ਵੀ ਮਨ ਤੋਂ ਹਉਮੈ ਦੀ ਮੈਲ ਦੂਰ ਨਹੀਂ ਹੁੰਦੀ। ਅਜਿਹਾ ਕੋਈ ਉੱਦਮ ਪ੍ਰਭੂ ਦੇ ਨਾਮ ਦੇ ਬਰਾਬਰ ਨਹੀਂ ਹੈ, ਹੇ ਨਾਨਕ, ਜੋ ਮਨੁੱਖ ਸ਼ਬਦ ਗੁਰੂ ਦੇ ਸਨਮੁਖ ਹੋ ਕੇ ਨਾਮ ਜਪਦੇ ਹਨ, ਉਹ ਉੱਚੀ ਆਤਮਕ ਅਵਸਥਾ ਹਾਸਲ ਕਰਦੇ ਹਨ। 2।
ਮਨਕਾਮਨਾ ਤੀਰਥ ਦੇਹ ਛੁਟੈ ॥ ਗਰਬੁ ਗੁਮਾਨੁ ਨ ਮਨ ਤੇ ਹੁਟੈ ॥
ਸੋਚ ਕਰੈ ਦਿਨਸੁ ਅਰੁ ਰਾਤਿ ॥ ਮਨ ਕੀ ਮੈਲੁ ਨ ਤਨ ਤੇ ਜਾਤਿ ॥
ਇਸੁ ਦੇਹੀ ਕਉ ਬਹੁ ਸਾਧਨਾ ਕਰੈ ॥ ਮਨ ਤੇ ਕਬਹੂ ਨ ਬਿਖਿਆ ਟਰੈ ॥
ਜਲਿ ਧੋਵੈ ਬਹੁ ਦੇਹ ਅਨੀਤਿ ॥ ਸੁਧ ਕਹਾ ਹੋਇ ਕਾਚੀ ਭੀਤਿ ॥
ਮਨ ਹਰਿ ਕੇ ਨਾਮ ਕੀ ਮਹਿਮਾ ਊਚ ॥ ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ॥3॥
ਅਰਥ:- ਕਈ ਪਰਾਨੀਆਂ ਦੀ ਕਾਮਨਾ ਹੁੰਦੀ ਹੈ ਕਿ ਤੀਰਥਾਂ ਤੇ ਜਾ ਕੇ , ਸਰੀਰ ਚੋਲਾ ਛੱਡਿਆ ਜਾਵੇ , ਪਰ ਇਸ ਤਰ੍ਹਾਂ ਵੀ, ਹਉਮੈ, ਅਹੰਕਾਰ ਮਨ ਵਿਚੋਂ ਘਟਦਾ ਨਹੀਂ। ਕਈਆਂ ਦੇ ਮਨ ਦੀ ਕਾਮਨਾ ਹੁੰਦੀ ਹੈ ਕਿ ਉਹ ਦਿਨ-ਰਾਤ (ਹਮੇਸ਼ਾ) ਤੀਰਥਾਂ ਤੇ ਇਸ਼ਨਾਨ ਕਰਨ, ਪਰ ਇਸ ਨਾਲ ਵੀ ਮਨ ਦੀ ਮੈਲ ਸਰੀਰ ਧੋਤਿਆਂ ਨਹੀਂ ਜਾਂਦੀ । ਜੇ ਇਸ ਸਰੀਰ ਨੂੰ ਸਾਧਨ ਦੀ ਖਾਤਰ, ਕਈ ਜਤਨ ਭੀ ਕਰੇ ਤਾਂ ਭੀ ਕਦੇ ਮਨ ਤੋਂ ਮਾਇਆ ਦਾ ਪ੍ਰਭਾਵ ਨਹੀਂ ਟਲਦਾ। ਜੇ ਇਸ ਨਾਸਵੰਤ ਸਰੀਰ ਨੂੰ ਕਈ ਵਾਰੀ ਪਾਣੀ ਨਾਲ ਵੀ ਧੋਵੋ, ਤਾਂ ਵੀ ਇਹ ਸਰੀਰ ਰੂਪੀ ਕੱਚੀ ਕੰਧ, ਕਿਥੇ ਪਵਿਤ੍ਰ ਹੋ ਸਕਦੀ ਹੈ ? ਹੇ ਮਨ, ਪ੍ਰਭੂ ਦੇ ਨਾਮ ਦੀ ਵਡਿਆਈ ਬਹੁਤ ਵੱਡੀ ਹੈ। ਹੇ ਨਾਨਕ, ਨਾਮ ਦੀ ਬਰਕਤ ਨਾਲ ਅਣਗਿਣਤ ਮੰਦ-ਕਰਮੀ ਜੀਵ ਵਿਕਾਰਾਂ ਤੋਂ ਬਚ ਸਕਦੇ ਹਨ।3।
ਅਮਰ ਜੀਤ ਸਿੰਘ ਚੰਦੀ (ਚਲਦਾ)