ਸਿੱਖੀ ਅਤੇ ਇਸ ਦੇ ਸਿਧਾਂਤ! (ਭਾਗ 3)
ਬਹੁਤੁ ਸਿਆਣਪ ਜਮ ਕਾ ਭਉ ਬਿਆਪੈ ॥ ਅਨਿਕ ਜਤਨ ਕਰਿ ਤ੍ਰਿਸਨ ਨਾ ਧ੍ਰਾਪੈ ॥
ਭੇਖ ਅਨੇਕ ਅਗਨਿ ਨਹੀਂ ਬੁਝੈ॥ ਕੋਟ ਉਪਾਵ ਦਰਗਹ ਨਹੀੰ ਸਿਝੈ ॥
ਛੂਟਸਿ ਨਾਹੀ ਊਭ ਪਇਆਲਿ ॥ਮੋਹਿ ਬਿਆਪਹਿ ਮਾਇਆ ਜਾਲਿ ॥
ਅਵਰ ਕਰਤੂਤਿ ਸਗਲੀ ਜਮੁ ਡਾਨੈ ॥ ਗੋਵਿੰਦ ਭਜਨ ਬਿਨੁ ਤਿਲੁ ਨਹੀੰ ਮਾਨੈ ॥
ਹਰਿ ਕਾ ਨਾਮੁ ਜਪਤ ਦੁਖੁ ਜਾਇ ॥ ਨਾਨਕ ਬੋਲੈ ਸਹਿਜ ਸੁਭਾਇ ॥4॥ (266)
ਅਰਥ:- ਜੀਵ ਦੀ ਬਹੁਤੀ ਚਤਰਾਈ ਦੇ ਕਾਰਣ ਜਮਾ ਦਾ ਡਰ, ਜੀਵ ਨੂੰ ਆ ਦਬਾਂਦਾ ਹੈ. ਕਿਉਂਕਿ ਚਤਰਾਈ ਦੇ ਅਨੇਕਾਂ ਜਤਨ ਕੀਤਿਆਂ , ਮਾਇਆ ਦੀ ਲਾਲਸਾ ਨਹੀਂ ਮੁਕਦੀ। ਅਨੇਕਾਂ ਧਾਰਮਿਕ ਭੇਖ ਕੀਤਿਆਂ, ਤ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ। ਇਹੋ ਜਿਹੇ ਕ੍ਰੋੜਾਂ ਤਰੀਕੇ ਵਰਤਿਆਂ ਵੀ ਪ੍ਰਭੂ ਦੀ ਦਰਗਾਹ ਵਿਚ ਸੁਰਖਰੂ ਨਹੀਂ ਹੋਈਦਾ । ਇਨ੍ਹਾਂ ਜਤਨਾਂ ਨਾਲ ਜੀਵ ਚਾਹੇ ਆਕਾਸ਼ ਤੇ ਚੜ੍ਹ ਜਾਏ, ਚਾਹੇ ਪਾਤਾਲ ਵਿਚ ਲੁਕ ਜਾਏ, ਮਾਇਆ ਤੋਂ ਬਚ ਨਹੀਂ ਸਕਦਾ, ਸਗੋਂ ਜੀਵ ਮਾਇਆ ਦੇ ਜਾਲ ਵਿਚ ਤੇ ਮੋਹ ਵਿਚ ਫਸਦੇ ਹਨ। ਨਾਮ ਤੋਂ ਬਿਨਾ, ਹੋਰ ਸਾਰੀਆਂ ਕਰਤੂਤਾਂ ਨੂੰ ਜਮਰਾਜ ਡੰਨ ਲਾਉਂਦਾ ਹੈ, ਪ੍ਰਭੂ ਦੇ ਭਜਨ ਤੋਂ ਬਿਨਾ ਰਤਾ ਵੀ ਨਹੀਂ ਪਤੀਜਦਾ। ਹੇ ਨਨਕ ਜੋ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ, ਪ੍ਰੇਮ ਨਾਲ ਹਰਿ ਦਾ ਨਾਮ ਉਚਾਰਦਾ ਹੈ, ਉਸ ਦਾ ਦੁੱਖ ਪ੍ਰਭੂ ਦਾ ਨਾਮ ਜਪਦਿਆਂ ਦੂਰ ਹੋ ਜਾਂਦਾ ਹੈ।4[
ਨਾਮ
ਗੁਰਬਾਣੀ ਖੋਜ ਦਾ ਵਿਸ਼ਾ ਹੈ, ਗੁਰੂ ਸਾਹਿਬ ਨੇ ਹਿਦਾਇਤ ਕੀਤੀ ਹੈ,
ਅਕਲੀ ਪੜ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ॥
ਨਾਨਕੁ ਆਖੈ ਰਾਹੁ ਇਹੁ ਹੋਰਿ ਗਲਾਂ ਸੈਤਾਨੁ ॥1॥ (1245)
ਅਰਥ:- ਅਕਲਮੰਦੀ ਇਹ ਹੈ ਕਿ, ਪ੍ਰਭੂ ਦੀ ਸਿਫਤ-ਸਾਲਾਹ ਵਾਲੀ ਬਾਣੀ ਪੜ੍ਹੀਏ , ਇਸ ਦੇ ਡੂੰਘੇ ਭੇਤ ਸਮਝੀਏ, ਫਿਰ ਹੋਰਨਾਂ ਨੂੰ ਸੰਝਾਈਏ, ਨਾਨਕ ਆਖਦਾ ਹੈ ਕਿ, ਜ਼ਿੰਦਗੀ ਦਾ ਸਹੀ ਰਸਤਾ ਸਿਰਫ ਇਹੀ ਹੈ। ਸਿਮਰਨ ਤੋਂ ਲਾਂਭ ਦੀਆਂ ਗੱਲਾਂ ਦੱਸਣ ਵਾਲਾ ਸ਼ੈਤਾਨ ਹੈ।1।
ਪਰ ਖੋਜ ਇਹ ਦਸਦੀ ਹੈ ਕਿ ਸਿੱਖੀ ਵਿਚ ਲੱਖਾਂ ਪਰਚਾਰਕ ਹੋਣ ਤੇ ਵੀ ਉਨ੍ਹਾਂ ਵਿਚ ਖੋਜੀ ਕੋਈ ਨਹੀਂ ਲੱਭਦਾ, ਵਿਰਲੇ ਕਿਤੇ ਕੋਈ ਖੋਜੀ ਹਨ, ਜੋ ਪਰਚਾਰਕ ਨਹੀਂ ਹਨ, ਨਤੀਜਾ ਇਹ ਹੈ ਕਿ ਛੋਟੀਆਂ ਛੋਟੀਆਂ ਗੱਲਾਂ ਵੀ ਅਣਗੌਲੀਆਂ ਪਈਆਂ ਹਨ। ਮੈਂ 'ਨਾਮ' ਬਾਰੇ ਥੋੜੀ ਖੋਜ ਕੀਤੀ ਸੀ, ਜੋ ਵੀਰਾਂ-ਭੈਣਾਂ ਸਾਮ੍ਹਣੇ ਰੱਖ ਦਿੱਤੀ ਸੀ, ਪਰ ਅੱਜ ਮਹਿਸੂਸ ਕਰਦਾ ਹਾਂ ਕਿ 'ਨਾਮ' ਦਾ ਇਕ ਹੋਰ ਰੂਪ ਵੀ ਹੈ, ਜੋ ਉਸ 'ਨਾਮ' ਨਾਲ ਮੇਲ ਨਹੀਂ ਖਾਂਦਾ, ਆਉ ਅੱਜ ਉਸ ਤੇ ਵੀ ਥੋੜੀ ਵਿਚਾਰ ਕਰਦੇ ਹਾਂ। ਗੁਰ ਫੁਰਮਾਨ ਹੈ,
ਕਿਰਤਮ ਨਾਮ ਕਥੇ ਤੇਰੇ ਜਿਹਬਾ ॥ ਸਤਿ ਨਾਮੁ ਤੇਰਾ ਪਰਾ ਪੂਰਬਲਾ॥
ਕਹੁ ਨਾਨਕ ਭਗਤ ਪਏ ਸਰਣਾਈ ਦੇਹੁ ਦਰਸੁ ਮਨਿ ਰੰਗਿੁ ਲਗਾ ॥20॥ (1083)
ਅਰਥ:- ਹੇ ਪ੍ਰਭੂ ਸਾਡੀ ਜੀਵਾਂ ਦੀ ਜੀਭ, ਤੇਰੇ ਉਹ ਨਾਮ ਉਚਾਰਦੀ ਹੈ, ਜੋ ਨਾਮ ਤੇਰੇ ਗੁਣ ਵੇਖ ਵੇਖ ਕੇ ਜੀਵਾਂ ਨੇ ਬਣਾਏ ਹੋਏ ਹਨ। ਪਰ 'ਸਤਨਾਮੁ' ਤੇਰਾ ਮੁੱਢ-ਕਦੀਮਾਂ ਦਾ ਨਾਮ ਹੈ ।ਭਾਵ ਤੂੰ ਸਦੀਵੀ ਹੋਂਦ ਵਾਲਾ ਹੈਂ। ਤੇਰੀ ਇਹ ਹੋਂਦ ਜਗਤ ਰਚਨਾ ਤੋਂ ਪਹਿਲਾਂ ਵੀ ਮੌਜੂਦ ਸੀ ।ਹੇ ਨਾਨਕ ਆਖ, ਹੇ ਪ੍ਰਭੂ, ਤੇਰੇ ਭਗਤ, ਤੇਰੇ ਸਰਨ ਪਏ ਹਨ, ਤੂੰ ਉਨ੍ਹਾਂ ਨੂੰ ਦਰਸ਼ਨ ਦਿੰਦਾ ਹੈਂ, ਉਨ੍ਹਾਂ ਦੇ ਮਨ ਵਿਚ ਅਨੰਦ ਬਣਿਆ ਰਹਿੰਦਾ ਹੈ। 20।
ਆਉੁ ਹੁਣ ਵਿਚਾਰਦੇ ਹਾਂ ਕਿ ਜਬਾਨ ਨਾਲ ਕਹਣ ਵਾਲੇ ਨਾਮ ਕਿਹੜੇ ਹਨ? ਅਤੇ ਮਨ ਵਿਚ ਸਾਂਭਣ ਵਾਲਾ ਨਾਮ ਕਿਹੜਾ ਹੈ?
ਜ਼ਬਾਨ ਨਾਲ ਲਏ ਜਾਣ ਵਾਲੇ ਨਾਮ, ਗੁਰਬਾਣੀ ਵਿਚ ਜੋ ਨਾਮ ਜ਼ਬਾਨ ਨਾਲ ਲੈਣ ਵਾਲੇ ਦੱਸੇ ਹਨ,
ਗੁਸਾਈਂ =ਧਰਤੀ ਦਾ ਖਸਮ, ਪ੍ਰਭੂ । ਅਚੁਤ= ਨਾਸ ਨਾ ਹੋਣ ਵਾਲਾ, ਅਬਿਨਾਸੀ।
ਪਰਮੇਸੁਰ = ਪਰਮ ਈਸ਼ਵਰ। ਅੰਤਰਜਾਮੀ = ਸਭ ਦੇ ਦਿਲ ਦੀ ਜਾਨਣ ਵਾਲਾ।
ਮਧੁਸੂਦਨ = ਮਧੂ ਦੈਂਤ ਨੂੰ ਮਾਰਨ ਵਾਲਾ। ਦਾਮੋਦਰ = ਜਿਸ ਦੇ ਪੇਟ ਦੁਆਲੇ ਰਸੀ ਹੈ।
ਮੁਰਲੀ ਮਨੋਹਰ = ਸੋਹਣੀ ਬੰਸਰੀ ਵਾਲਾ। ਮੋਹਨ = ਮਨ ਨੂੰ ਮੋਹ ਲੈਣ ਵਾਲਾ।
ਜਗਦੀਸੁਰ=ਜਗਤ ਦਾ ਈਸ਼ਵਰ। ਧਰਣੀ ਧਰ= ਧਰਤੀ ਦਾ ਸਹਾਰਾ।
ਨਾਰਾਇਣ= ਜਿਸ ਦਾ ਘਰ ਸਮੁੰਦਰ ਵਿਚ ਹੈ। ਇਵੇਂ ਹੀ ਉਸ ਪ੍ਰਭੂ ਦੇ, ਲੋਕਾਂ ਨੇ ਹਜ਼ਾਰਾਂ, ਲੱਖਾਂ ਨਾਮ ਰੱਖੇ ਹੋਏ ਹਨ, ਉਸ ਨਾਮ ਨਾਲ ਹੀ ਉਹ ਰੱਬ ਨੂੰ ਪੁਕਾਰਦੇ ਹਨ। ਪਰ ਖਾਲੀ ਜ਼ਬਾਨ ਨਾਲ ਨਾਮ ਲਿਆਂ ਕੁਝ ਨਹੀਂ ਸੌਰਦਾ, ਕਿਉਂਕਿ ਜਗਤ ਦੀ ਖੇਡ, ਇਸ ਮਾਯਾਵੀ ਸੰਸਾਰ ਦੀ ਚਮਕ-ਦਮਕ ਵਿਚ ਰਹਿੰਦਿਆਂ ਮਨ ਦੇ ਪ੍ਰਭੂ ਨਾਲ ਮਿਲਾਪ ਦੀ ਹੈ, ਜਿਸ ਵਿਚ ਜ਼ਬਾਨ ਦਾ ਕੋਈ ਕੰਮ ਨਹੀਂ ਹੈ।
ਪਰਮਾਤਮਾ ਨੇ ਬੰਦੇ ਨੂੰ ਹਰ ਚੀਜ਼ ਦਾ ਰਸ ਲੈਣ ਲਈ 'ਰਸਨਾ' ਦਿੱਤੀ ਹੈ,
ਜਿਵੇਂ ਖਾਣ ਵਾਲੀ ਚੀਜ਼ ਦਾ ਰਸ ਲੈਣ ਵਾਲੀ = ਜ਼ਬਾਨ।
ਦੇਖਣ ਵਾਲੀਆਂ ਚੀਜ਼ਾਂ ਦਾ ਰਸ ਲੈਣ ਵਾਲਆਂਿ= ਅੱਖਾਂ।
ਸੁੰਘਣ ਵਾਲੀਆਂ ਚੀਜ਼ਾਂ ਦਾ ਰਸ ਲੈਣ ਵਾਲੀ ਰਸਨਾ= ਨੱਕ।
ਸੁਣਨ ਵਾਲੀਆਂ ਚੀਜ਼ਾਂ ਦਾ ਰਸ ਲੈਣ ਵਾਲੀ ਰਸਨਾ= ਕੰਨ।
ਸਪੱਰਸ਼ ਵਾਲੀਆ ਚੀਜ਼ਾਂ ਦਾ ਰਸ ਲੈਣ ਵਾਲੀ ਰਸਨਾ= ਚਮੜੀ, ਖਲੜੀ।
ਇਵੇਂ ਹੀ ਆਤਮਕ ਚੀਜ਼ਾਂ ਦਾ ਰਸ ਲੈਣ ਵਾਲੀ ਰਸਨਾ=ਮਨ। ਰੱਬ ਨਾਲ ਜੁੜਨ ਦਾ ਰਸ ਲੈਣ ਵਾਲੀ ਰਸਨਾ. ਮਨ ਹੈ,
ਪਰ ਸਾਡੇ ਧਾਰਮਕ ਰਹਬਰ, ਗੁਰੂ ਗ੍ਰੰਥ ਸਾਹਿਬ ਵਿਚ ਵਰਤੀ ਹਰ ਰਸਨਾ ਨੂੰ "ਜ਼ਬਾਨ" ਹੀ ਬਣਾਈ ਜਾਂਦੇ ਹਨ, ਇਵੇਂ ਗੁਰਬਾਣੀ ਨੂੰ, ਮਨ ਦੀ ਥਾਂ ਜ਼ਬਾਨ ਦਾ ਵਿਸ਼ਾ ਬਣਾ ਦਿੱਤਾ ਹੈ, ਅਤੇ ਗੁਰਬਾਣੀ ਦੇ ਰਟਣ ਨੂੰ ਹੀ ਪਰਮੁੱਖਤਾ ਦੇ ਕੇ, ਸਿਮਰਨ ਨੂੰ ਵੀ ਰੌਲਾ ਪਾਉਣਾ ਹੀ ਬਣਾ ਦਿੱਤਾ ਹੈ। ਓਸੇ ਹਿਸਾਬ ਨਾਲ ਉਪਰ ਦਿੱਤੇ ਪ੍ਰਭੂ ਦੇ ਨਾਵਾਂ ਦਾ ਰੱਟਾ ਲਾਉਣਾ ਹੀ ਭਗਤੀ ਬਣਾ ਦਿੱਤਾ ਹੈ। ਜਦ ਕਿ ਮਨ ਵਿਚ ਜਪਣ ਵਾਲਾ ਨਾਮ, ਉਸ ਪ੍ਰਭੂ ਦਾ ਹੁਕਮ ਹੈ, ਜਿਸ ਅਨੁਸਾਰ ਜੀਵਨ ਢਾਲਣਾ ਹੀ ਉਸ ਦਾ ਨਾਮ ਜਪਣਾ ਹੈ, ਉਸ ਦਾ ਸਿਮਰਨ ਕਰਨਾ ਹੈ, ਉਸ ਦੀ ਰਜ਼ਾ ਵਿਚ ਚੱਲਣਾ ਹੈ, ਉਸ ਦਾ ਹੁਕਮ ਮੰਨਣਾ ਹੈ।
ੴ ਸਤਿ ਗੁਰ ਪ੍ਰਸਾਦਿ
ਨਾਮੁ ਕੀ ਹੈ ? ?
ਬਚਪਨ ਤੋਂ ਹੀ ਸੁਣਦਾ ਆ ਰਿਹਾ ਸਾਂ “ਫਲਾਨਾ ਬੰਦਾ , ਫਲਾਨੇ ਡੇਰੇ ਤੋਂ ਨਾਮ ਲੈਣ ਗਿਆ ਹੈ” “ਅਮਕਾ ਬੰਦਾ , ਅਮਕੇ ਡੇਰੇ ਤੋਂ ਨਾਮ ਲੈ ਕੇ ਆਇਆ ਹੈ “ ਜਾਂ “ ਉਸ ਬੰਦੇ ਨੇ , ਨਰੰਕਾਰੀਆਂ ਕੋਲੋਂ,ਜਾਂ ਰਾਧਾ ਸਵਾਮੀਆਂ ਕੋਲੋਂ, ਜਾਂ ਨਾਮਧਾਰੀਆਂ ਕੋਲੋਂ ਜਾਂ ਹੋਰ ਬਹੁਤ ਸਾਰੇ ਡੇਰਿਆਂ ,ਟਕਸਾਲਾਂ ਜਿਨ੍ਹਾਂ ਦੇ ਨਾਮ ਯਾਦ ਰੱਖਣੇ ਵੀ ਮੁਸ਼ਕਿਲ ਹਨ, ਕੋਲੋਂ ਨਾਮ ਲਿਆ ਹੈ। ਪਰ ਇਹ ਕਦੀ ਸਮਝ ਨਾ ਆਈ ਕਿ ਇਹ ਨਾਮ ਹੈ ਕੀ ਚੀਜ਼ ? ਇਵੇਂ ਹੀ ਸਿੱਖੀ ਵਿਚ ਕੀਰਤਨ , ਸਿਮਰਨ ਅਤੇ ਜਪ ਦੀ ਵੀ ਬਹੁਤ ਮਾਨਤਾ ਹੈ , ਪਰ ਅੱਜ ਤਕ ਕਿਸੇ ਕੀਰਤਨੀਏ , ਕਿਸੇ ਸੰਤ , ਕਿਸੇ ਮਹਾਂਪੁਰਸ਼ , ਕਿਸੇ ਬ੍ਰਹਮਗਿਆਨੀ ਨੇ ਇਨ੍ਹਾਂ ਸ਼ਬਦਾਂ ਦੀ ਵਿਆਖਿਆ ਨਹੀਂ ਕੀਤੀ , ਬਲਕਿ ਮੇਰੇ ਵੇਖਦੇ ਵੇਖਦੇ ਇਨ੍ਹਾਂ ਲਫਜ਼ਾਂ ਦੇ ਕਈ ਰੂਪ ਸਾਮ੍ਹਣੇ ਆਏ । ਹਰ ਰੂਪ ਇਨ੍ਹਾਂ ਦੀਆਂ ਗੁੰਝਲਾਂ ਨੂੰ ਸੁਲਝਾਉਣ ਦੀ ਥਾਂ ਇਨ੍ਹਾਂ ਗੁੰਝਲਾਂ ਵਿਚ ਹੋਰ ਵਾਧੇ ਦਾ ਕਾਰਨ ਬਣਦਾ ਰਿਹਾ ।
ਨੌਜਵਾਨ ਪੀੜ੍ਹੀ ਤੇ ਇਲਜ਼ਾਮ ਲਾਇਆ ਜਾਂਦਾ ਹੈ ਕਿ ਉਹ , ਸਿੱਖੀ ਨਾਲੋਂ ਟੁੱਟ ਰਹੇ ਹਨ । ਜਦ ਇਨ੍ਹਾਂ ਆਮ ਪਰਚਲਤ ਲਫਜ਼ਾਂ ਦੇ ਅਰਥ ਸਮਝਾਉਣ ਵਾਲਾ ਹੀ ਕੋਈ ਨਹੀਂ , ਤਾਂ ਗੁਰਬਾਣੀ ਸਿਧਾਂਤ ਦੀਆਂ ਗੱਲਾਂ ਕੌਣ ਸਮਝਾਏ ? ਜਦ ਮੋੜ-ਘੇੜ ਕੇ ਗੱਲ , ਕਰਮ ਕਾਂਡਾਂ , ਚਮਤਕਾਰਾਂ ਦੀ ਹੀ ਹੁੰਦੀ ਹੋਵੇ , ਜੋ ਗੁਰਬਾਣੀ ਨੂੰ ਰੱਦ ਕਰਦੇ ਹੋਣ , ਜਿਨ੍ਹਾਂ ਬਾਰੇ , ਸੁਚੇਤ ਨਵੀਂ ਪੀੜ੍ਹੀ ਨੂੰ ਸਮਝ ਹੀ ਨਾ ਆਉੰਦੀ ਹੋਵੇ । ਉਨ੍ਹਾਂ ਨੂੰ ਸਿੱਖੀ ਅਤੇ ਬ੍ਰਾਹਮਣਵਾਦ ਵਿਚ ਫਰਕ ਕਰਨਾ ਵੀ ਮੁਸ਼ਕਲ ਹੋਵੇ , ਫਿਰ ਉਹ ਕਿਸ ਸਿੱਖੀ ਨਾਲੋਂ ਟੁੱਟ ਰਹੇ ਹਨ ?
ਕੀ ਵਿਖਾਵੇ ਦੀ ਸਿੱਖੀ ਨਾਲੋ ?
ਅਮਰ ਜੀਤ ਸਿੰਘ ਚੰਦੀ (ਚਲਦਾ)