ਜਾਗਰੂਕ ਅਖਵਾਉਣ ਵਾਲੇ ਸਿੱਖਾਂ ’ਚ ਏਕਤਾ ਹੋਣੀ ਸਮੇਂ ਦੀ ਮੁੱਖ ਲੋੜ
ਏਕਤਾ ਲਈ ਸਿੱਖ ਰਹਿਤ ਮਰਿਆਦਾ ਨੂੰ ਆਧਾਰ ਬਣਾਇਆ ਜਾਵੇ
ਭਾਈ ਪੰਥਪ੍ਰੀਤ ਸਿੰਘ ਖ਼ਾਲਸਾ
ਅਸੀਂ ਵੇਖ ਰਹੇ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾ ਸੁਖਾਂਦੀ ਨਹੀਂ ਉਹ ਵੱਖ ਵੱਖ ਮਰਿਆਦਾਵਾਂ ਅਤੇ ਵੀਚਾਰਧਾਰਾਵਾਂ ਦੇ ਹੁੰਦਿਆਂ ਹੋਇਆਂ ਵੀ ਸ਼ਬਦ ਗੁਰੂ ਦੇ ਸਿਧਾਂਤ ਨੂੰ ਢਾਹ ਲਾਉਣ ਲਈ ਇਕੱਠੇ ਹਨ ਤੇ ਇੱਕ ਸਟੇਜ ਸਾਂਝੀ ਕਰਨ ਵਿੱਚ ਕੋਈ ਝਿਜਕ ਮਹਿਸੂਸ ਨਹੀਂ ਕਰਦੇ । ਮਿਸਾਲ ਦੇ ਤੌਰ ’ਤੇ 33 ਕਰੋੜ ਦੇਵੀ ਦੇਵਤਿਆਂ ਨੂੰ ਮੰਨਣ ਵਾਲੇ, ਵੱਖ ਵੱਖ ਵਰਣਾਂ ਜਾਤਾਂ ਵਿੱਚ ਵੰਡੇ ਹੋਏ, ਜਾਤੀ ਆਧਾਰ ’ਤੇ ਛੂਤ ਛਾਤ ਵਿੱਚ ਵਿਸ਼ਵਾਸ਼ ਰੱਖਣ ਵਾਲੇ ਹਿੰਦੂ, ਜਿਹੜੇ ਦੂਸਰੇ ਦੇ ਹੱਥ ਦਾ ਪੱਕਿਆ ਭੋਜਨ ਵੀ ਛਕਣ ਲਈ ਤਿਆਰ ਨਹੀਂ; ਜਿਸ ਕਾਰਣ ਉਨ੍ਹਾਂ ਸਬੰਧੀ 10 ਪੂਰਬੀਏ 12 ਚੁੱਲ੍ਹੇ ਦੀ ਕਹਾਵਤ ਮਸ਼ਹੂਰ ਹੈ; ਉਹ ਸਾਰੇ ਘੱਟ ਗਿਣਤੀ ਕੌਮਾਂ ਵਿਰੁੱਧ ਇੱਕਜੁਟ ਹਨ। ਟਕਸਾਲੀ ਚਾਹ ਨਹੀਂ ਪੀਂਦੇ ਅਤੇ ਮੀਟ ਖਾਣ ਦਾ ਨਾਮ ਵੀ ਸੁਣਨਾ ਨਹੀਂ ਚਾਹੁੰਦੇ ਪਰ ਨਿਹੰਗ ਸ਼ਰਾਬ ਵੀ ਪੀ ਲੈਂਦੇ ਹਨ ਤੇ ਗੁਰਦੁਆਰਿਆਂ ਵਿੱਚ ਬੱਕਰੇ ਵੀ ਝਟਕਾਉਂਦੇ ਹਨ ਇਸ ਦੇ ਬਾਵਯੂਦ ਉਹ ਇੱਕ ਸਟੇਜ ’ਤੇ ਇਕੱਠੇ ਬੈਠੇ ਹੁੰਦੇ ਹਨ।
ਸਿੱਖੀ ਲਿਬਾਸ ਵਿੱਚ ਡੇਰੇਦਾਰਾਂ ਦੇ ਹਰ ਡੇਰੇ ਵਿੱਚ ਆਪਣੀ ਵੱਖਰੀ ਵੱਖਰੀ ਮਰਿਆਦਾ ਹੈ ਤੇ ਕਹੇ ਜਾਂਦੇ ਆਪਣੇ ਆਪਣੇ ਮਹਾਂਪੁਰਖਾਂ ਦੀ ਦੇਹ ਪੂਜਾ ਤੇ ਫੋਟੋ ਪੂਜਾ ਪ੍ਰਧਾਨ ਹੋਣ ਕਾਰਣ ਸ਼ਬਦ ਗੁਰੂ ਦੇ ਸਿਧਾਂਤ ਨੂੰ ਵੱਡੀ ਢਾਹ ਲਾ ਰਹੇ ਰਹੇ ਹਨ ਪਰ ਇਸ ਦੇ ਬਾਵਯੂਦ ਉਹ ਸੰਤ ਸਮਾਜ ਦੇ ਬੈੱਨਰ ਹੇਠ ਮਿਸ਼ਨਰੀ ਵੀਚਾਰਧਾਰਾ ਦੇ ਵਿਰੁੱਧ ਆਪਣੀ ਯੂਨੀਅਨ ਬਣਾਈ ਬੈਠੇ ਹਨ; ਤਾਂ ਅਸੀਂ ਮਾਮੂਲੀ ਵੀਚਾਰਧਾਰਕ ਵਖਰੇਵਿਆਂ ਵਾਲੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾ ਦੇ ਪ੍ਰਚਾਰ ਨੂੰ ਮੁੱਖ ਰੱਖ ਕੇ ਇਕੱਠੇ ਕਿਉਂ ਨਹੀਂ ਹੋ ਸਕਦੇ? ਧਾਰਮਿਕ ਖੇਤਰ ਤੋਂ ਇਲਾਵਾ ਜੇ ਭਾਰਤ ਦੀ ਅਜੋਕੀ ਸਿਆਸਤ ਵੱਲ ਨਜ਼ਰ ਮਾਰੀਏ ਤਾਂ ਰਾਜ ਕਰਨ ਦੀ ਇੱਛਾ ਰੱਖ ਕੇ ਯੂਪੀਏ ਅਤੇ ਐੱਨਡੀਏ ਵਿੱਚ 40-40 ਤੋਂ ਵੱਧ ਵੱਖ ਵੱਖ ਵੀਚਾਰਧਾਰਾ ਵਾਲੀਆਂ ਪਾਰਟੀਆਂ ਇਕੱਠੀਆਂ ਹਨ।
ਸੋ ਇਨ੍ਹਾਂ ਸਾਰਿਆਂ ਤੋਂ ਸੇਧ ਲੈਂਦੇ ਹੋਏ ਇੱਕ ਗੁਰੂ ਗ੍ਰੰਥ ਸਾਹਿਬ, ਇੱਕ ਖ਼ਾਲਸਾ ਪੰਥ, ਇੱਕ ਵਿਧਾਨ (ਸਿੱਖ ਰਹਿਤ ਮਰਿਆਦਾ) ਅਤੇ ਇੱਕ ਨਿਸ਼ਾਨ ਵਿੱਚ ਵਿਸ਼ਵਾਸ਼ ਰੱਖਣ ਵਾਲੇ ਜਾਗਰੂਕ ਸਿੱਖ ਪ੍ਰਚਾਰਕਾਂ, ਵਿਦਵਾਨਾਂ ਤੇ ਸੰਸਥਾਵਾਂ ਵਿੱਚ ਏਕਤਾ ਹੋਣੀ ਸਮੇਂ ਦੀ ਮੁੱਖ ਲੋੜ ਹੈ।
ਇਹ ਗੱਲ ਵੀ ਵਿਸ਼ੇਸ਼ ਧਿਆਨ ਮੰਗਦੀ ਹੈ ਕਿ ਸਰੀਰਾਂ ਦੇ ਇਕੱਠ ਨਾਲੋਂ ਵੀਚਾਰਾਂ ਦੀ ਏਕਤਾ ਹੋਣੀ ਵੱਧ ਮਹੱਤਵਪੂਰਨ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾਂ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਪ੍ਰਚਾਰਨ ਦੀ ਚਾਹ ਆਪਣੇ ਮਨ ਵਿੱਚ ਰੱਖਣ ਵਾਲੇ ਜਾਗਰੂਕ ਵੀਰਾਂ ਨੂੰ ਆਪਣੇ ਮਾਮੂਲੀ ਵੀਚਾਰਧਾਰਕ ਵੱਖਰੇਵੇਂ ਦੂਰ ਕਰਕੇ ਏਕਤਾ ਕਰਨ ਵੱਲ ਵਧਣਾ ਚਾਹੀਦਾ ਹੈ। ਮੌਜੂਦਾ ਦੌਰ ਵਿੱਚ ਏਕਤਾ ਦਾ ਅਧਾਰ ਕੇਵਲ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਹੀ ਹੋ ਸਕਦਾ ਹੈ। ਜਿਸ ਤਰ੍ਹਾਂ ਹਰ ਦੇਸ਼ ਦੇ ਵਸ਼ਿੰਦੇ ਲਈ ਉਥੋਂ ਦਾ ਸੰਵਿਧਾਨ ਮੰਨਣਾ ਲਾਜਮੀ ਹੈ ਉਸੇ ਤਰ੍ਹਾਂ ਹਰ ਸਿੱਖ ਅਖਵਾਉਣ ਵਾਲੇ ਲਈ ਸਿੱਖ ਰਹਿਤ ਮਰਿਆਦਾ, ਜਿਸ ਨੂੰ ਸਿੱਖਾਂ ਦਾ ਸੰਵਿਧਾਨ ਕਿਹਾ ਜਾ ਸਕਦਾ ਹੈ; ਨੂੰ ਮੰਨਣਾ ਲਾਜ਼ਮੀ ਹੈ। ਇਸ ਦੇ ਨਾਲ ਦੋ ਨੁਕਤੇ ਹੋਰ ਵੀ ਧਿਆਨ ਰੱਖਣ ਯੋਗ ਹਨ।
ਪਹਿਲਾ ਤਾਂ ਇਹ ਹੈ ਕਿ ਪੰਥ ਵਿੱਚ ਕੁਝ ਵਿਵਾਦਤ ਮੁੱਦੇ ਹਨ ਜਿਨ੍ਹਾਂ ਨੂੰ ਜਨਤਕ ਤੌਰ ’ਤੇ ਬਹੁਤੀ ਹਵਾ ਦੇਣ ਤੋਂ ਗੁਰੇਜ ਕਰਨਾ ਚਾਹੀਦਾ ਹੈ ਕਿਉਂਕਿ ਇਹ ਮੁੱਦੇ ਸਿਰਫ ਵਿਦਵਾਨਾਂ ਦੇ ਵੀਚਾਰਨਯੋਗ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਕੇਵਲ ਵਿਦਵਾਨ ਹੀ ਇਨ੍ਹਾਂ ਦਾ ਕੋਈ ਹੱਲ ਲੱਭ ਸਕਦੇ ਹਨ। ਜਨਤਕ ਤੌਰ ’ਤੇ ਉਛਾਲੇ ਜਾਣਾ ਇਨ੍ਹਾਂ ਮੁੱਦਿਆਂ ਦਾ ਕੋਈ ਹੱਲ ਨਹੀਂ ਸਗੋਂ ਵੱਧ ਵਖਰੇਵਾਂ ਪੈਦਾ ਕਰਨ ਦੇ ਕਾਰਣ ਬਣਦੇ ਹਨ। ਦੂਸਰਾ ਨੁਕਤਾ ਇਹ ਹੈ ਕਿ ਵੀਚਾਰਧਾਰਾ ਵਿੱਚ ਕੁਝ ਵਖਰੇਵਾਂ ਹੋਣਾਂ ਮਾਮੂਲੀ ਗੱਲ ਹੈ ਇਸ ਲਈ ਮਾਮੂਲੀ ਵੀਚਾਰਧਾਰਕ ਵਖਰੇਵਾਂ ਰੱਖਣ ਵਾਲੇ ਨੂੰ ਦੂਸਰੀ ਧਿਰ ਵੱਲੋਂ ਅਖੌਤੀ ਵਿਦਵਾਨ ਦੀ ਤਟਫਟ ਡਿਗਰੀ ਦੇਣ ਤੋਂ ਵੀ ਸੰਕੋਚ ਕਰਨਾ ਚਾਹੀਦਾ ਹੈ।