ਸਿੱਖ ਧਰਮ ਨੂੰ ਨੂਰਾਨੀ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਸ ਜਾਮਿਆਂ ਵਿਚ ਲਗਭਗ 239 ਸਾਲ ਲੰਮਾ ਸਮਾਂ ਵਿਚਰ ਕੇ ਸੰਸਾਰ ਵਿਚ ਪ੍ਰਗਟ ਕੀਤਾ ਸੀ। ਦਸਵੇਂ ਜਾਮੇ 'ਚ ਸਿੱਖ ਸੰਗਤਾਂ ਸਾਹਮਣੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਿੱਤਾ। "ਸਰੀਰ ਪੰਥ ਤੇ ਆਤਮਾ ਗ੍ਰੰਥ" ਦਾ ਨਾਅਰਾ ਬੁਲੰਦ ਕੀਤਾ ਸੀ।
ਦਰਅਸਲ ਪੰਥ ਤੇ ਗ੍ਰੰਥ ਦੀ ਇਕਸੁਰਤਾ ਸਦਕਾ ਸਿੱਖ ਧਰਮ ਆਦਿ ਤੋਂ ਪ੍ਰਫੁੱਲਤ ਹੁੰਦਾ ਚੱਲਿਆ ਜਾ ਰਿਹਾ ਹੈ। ਪਰ ਦੂਜੀਆਂ ਕੌਮਾਂ ਦਾ ਸਾਰਾ ਜ਼ੋਰ ਸਿੱਖ ਧਰਮ ਦੇ ਵਧਣ ਫੁੱਲਣ ਵਿਚ ਰੁਕਾਵਟ ਪੈਦਾ ਕਰਨ 'ਤੇ ਇਸ ਧਰਮ ਦੇ ਮੰਨਣ ਵਾਲਿਆਂ ਦਾ ਮਨੋਬਲ ਡੇਗਣ ਅਤੇ ਇਸਨੂੰ ਗਰਕ ਕਰਨ ਵਿਚ ਲੱਗਾ ਹੋਇਆ ਹੈ। ਮੁੱਖ ਸਮੱਸਿਆ ਇਹ ਹੈ ਕਿ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਵਿਚ ਦੂਜੀਆਂ ਕੌਮਾਂ ਦੀਆਂ ਵਿਚਾਰਧਾਰਾਵਾਂ ਦਾ ਡੂੰਘਾ ਪ੍ਰਭਾਵ ਵੀ ਪੈ ਚੁੱਕਾ ਹੈ, ਇਸਦੇ ਹੱਲ ਲਈ ਉਸਾਰੂ ਉਪਰਾਲੇ ਨਹੀਂ ਕੀਤੇ ਜਾ ਰਹੇ ਫਲਸਰੂਪ ਸਿੱਖ ਇਤਿਹਾਸ ਮਰਿਆਦਾ ਅਤੇ ਗੁਰਬਾਣੀ ਸਬੰਧੀ ਦਿਨ ਪ੍ਰਤੀ ਦਿਨ ਨਵੇਂ ਬਿਖੇੜੇ ਸਾਹਮਣੇ ਆਉਂਦੇ ਹਨ। ਕਿਉਂਕਿ ਸਿਧਾਂਤਾਂ ਤੋਂ ਹੀਣ ਸੋਝੀ ਨਾ ਰੱਖਣ ਵਾਲੇ ਸਿੱਖ ਧਰਮ ਦੇ ਪ੍ਰਚਾਰਕ, ਪ੍ਰਬੰਧਕ ਤੇ ਸਿੱਖੀ ਦਾ ਨਕਲੀ ਹੋਕਾ ਦੇਣ ਵਾਲੇ ਡੇਰੇ, ਇਸ ਲਈ ਪੂਰੇ ਜ਼ਿੰਮੇਵਾਰ ਹਨ। ਦੂਜੇ ਪਾਸੇ ਦੁਨੀਆਂ ਦੀਆਂ ਕੌਮਾਂ ਨੂੰ ਇਹ ਸਮਝ ਆਉਣੀ ਸ਼ੁਰੂ ਹੋ ਚੁੱਕੀ ਹੈ ਕਿ ਸਿੱਖ ਧਰਮ ਇਕ ਅਜਿਹਾ ਧਰਮ ਹੈ, ਜੋ ਦੁਨੀਆਂ ਦਾ ਧਰਮ ਹੋ ਸਕਦਾ ਹੈ। ਸਮੁੱਚੀ ਦੁਨੀਆਂ 'ਚ ਫੈਲੇ ਦੇਸ਼ਾਂ ਤੇ ਪ੍ਰਾਂਤਾਂ ਦੀਆਂ ਹੱਦਾਂ ਹਮੇਸ਼ਾ ਲਈ ਮੁੱਕ ਸਕਦੀਆਂ ਹਨ ਜੇਕਰ ਸਮੁੱਚੀ ਦੁਨੀਆਂ ਭਾਵ ਸਾਰੇ ਦੇਸ਼ਾਂ ਨੂੰ ਇਕੱਤਰ ਕਰਕੇ ਇਕ ਕਾਨੂੰਨ ਦੇ ਅਧੀਨ ਲੈ ਆਉਂਦਾ ਜਾਵੇ। ਉਹ ਕਾਨੂੰਨ ਕਿਹੜਾ ਹੋ ਸਕਦਾ ਹੈ? ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਵਾਈ ਅਤੇ ਸਰਬਸਾਂਝੀ ਵੀਚਾਰਧਾਰਾ ਜੋ ਲੋਕ ਤੇ ਪ੍ਰਲੋਕ ਦੋਹਾਂ ਲਈ ਸਹਾਈ ਹੈ।
ਇਸ ਲਈ ਦੁਨੀਆਂ ਦੀ ਬਾਕੀ ਕੌਮਾਂ ਨੂੰ ਇਹ ਖਦਸ਼ਾ ਹੋ ਗਿਆ ਕਿ ਸਾਡੀ ਕੌਮ ਦਾ ਕੀ ਬਣੂੰਗਾ? ਇਹ ਕਿਤੇ ਮੁੱਕ ਹੀ ਨਾ ਜਾਵੇ। ਇਸ ਖਦਸ਼ੇ ਕਾਰਨ ਹੀ ਸਿੱਖ ਧਰਮ ਦੀ ਪ੍ਰਫੁੱਲਤਾ ਨੂੰ ਰੋਕਣ ਲਈ ਪਹਿਲਾਂ ਮੁਗਲਾਂ ਨੇ ਤੇ ਫਿਰ ਬ੍ਰਹਮਨਿਜ਼ਮ ਨੇ ਸਿੱਖ ਧਰਮ ਦੇ ਵਾਧੇ ਲਈ ਇਸਦੇ ਗ੍ਰੰਥ (ਗੁਰੂ) ਤੇ ਇਸਦੇ ਪੰਥ ਨੂੰ ਰੋਲ ਘਚੋਲੇ ਵਿਚ ਪਾਉਣ ਦਾ ਯਤਨ ਸ਼ੁਰੂ ਕੀਤਾ। ਜਿਸ ਲਈ ਆਰ.ਐਸ.ਐਸ. ਤੇ ਇਸ ਵਰਗੀਆਂ ਹੋਰ ਕਈ ਜਮਾਤਾਂ ਨੇ ਸਮੇਂ ਸਮੇਂ ਵੱਖ ਵੱਖ ਰੂਪਾਂ ਵਿਚ ਆਪਣੇ ਘਿਨਾਉਣੇ ਵਾਰ ਸਿੱਖ ਧਰਮ 'ਤੇ ਕੀਤੇ। ਤੇ ਕੀਤੇ ਜਾ ਰਹੇ ਹਨ। ਸਿੱਖਾਂ ਦੀ ਨਲਾਇਕ ਲੀਡਰਸ਼ਿਪ ਨੇ ਸਿੱਖ ਧਰਮ ਦਾ ਵੱਧ ਨੁਕਸਾਨ ਕੀਤਾ। ਕਿਉਂਕਿ ਇਹ ਲੀਡਰ ਆਪਣੀਆਂ ਨਿੱਜੀ ਦੁਨੀਆਵੀ ਲਾਲਸਾ ਨੂੰ ਪੂਰੀਆਂ ਕਰਨ ਹਿੱਤ ਸਿੱਖ ਕੌਮ ਦਾ ਕੌਮੀ ਨੁਕਸਾਨ ਕਰਦੇ ਰਹੇ ਤੇ ਕਰਦੇ ਪਏ ਹਨ। ਕੁਝ ਕੁ ਸਿਆਣੇ ਮੰਨੇ ਜਾਂਦੇ ਸਿੱਖ ਵਿਦਵਾਨ ਇਹ ਖਦਸ਼ਾ ਜਾਂ ਤੌਖਲਾ ਪੈਦਾ ਕਰਦੇ ਹਨ ਕਿ ਦੁਨੀਆਂ ਦੀਆਂ ਬਹੁਗਿਣਤੀ ਕੌਮਾਂ ਸਿੱਖ ਮਤ ਨੂੰ ਖਤਮ ਹੀ ਨਾ ਕਰ ਦੇਣ, ਉਨ੍ਹਾਂ ਦਾ ਤੌਖਲਾ ਜਾਂ ਖਦਸ਼ਾ ਉਨ੍ਹਾਂ ਦੀ ਸਿੱਖ ਧਰਮ ਪ੍ਰਤੀ ਵਫਾਦਾਰੀ ਦੀ ਸੋਚ ਪ੍ਰਤੀਕ ਤਾਂ ਹੈ ਪਰ ਸਿਆਣੇ ਵਿਦਵਾਨੋ ਤੁਹਾਨੂੰ ਤੇ ਸਿੱਖ ਧਰਮ ਨੂੰ ਪੈਦਾ ਕਰਨ ਵਾਲੇ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਤੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ 'ਤੇ ਯਕੀਨ ਰੱਖੋ, ਜਿਸ ਅਕਾਲ ਪੁਰਖ ਦੀ ਰੂਹਾਨੀ ਜੋਤ ਨੇ ਇਹ ਧਰਮ ਕਾਇਮ ਕੀਤਾ ਹੈ ਉਹ ਖੁਦ ਇਸ ਧਰਮ ਦਾ ਰਾਖਾ ਹੈ। ਇਸ ਧਰਮ ਦਾ ਵਾਲ ਵਿੰਗਾ ਨਹੀਂ ਹੋ ਸਕੇਗਾ, ਮੁਗ਼ਲਾਂ ਨੇ ਬਹੁਤ ਜ਼ੋਰ ਲਾਇਆ, ਸਿਰਾਂ ਦੇ ਮੁੱਲ ਵੀ ਰੱਖ ਲਏ ਸਾਨੂੰ ਜੰਗਲਾਂ ਵਿਚ ਲੁਕਣਾ ਪਿਆ, ਇਥੇ ਹੀ ਨਹੀਂ ਜੰਗਲਾਂ ਨੂੰ ਵੀ ਅੱਗ ਲਗਾ ਦਿੱਤੀ ਗਈ ਤਾਂ ਕਿ ਇਹ ਧਰਮ ਨੂੰ ਮੰਨਣ ਵਾਲੇ ਸੜ ਜਾਣ। ਸਾਡੇ ਧਾਰਮਿਕ ਸਥਾਨਾਂ ਨੂੰ ਸਾਨੂੰ ਵਿਛੋੜਿਆ ਹੀ ਨਹੀਂ ਗਿਆ ਸਗੋਂ ਸਾਡੇ ਧਰਮ ਅਸਥਾਨਾਂ ਨੂੰ ਪੂਰਿਆ ਵੀ ਗਿਆ, ਤੋਪਾਂ ਤੇ ਟੈਂਕਾਂ ਨਾਲ ਤੋੜਿਆ ਵੀ ਗਿਆ ਪਰ ਇਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਾ ਲਾਇਆ ਬੂਟਾ (ਸਿੱਖ ਧਰਮ) ਅੱਜ ਪੂਰੀ ਦੁਨੀਆਂ ਵਿਚ ਪਹਿਲਾਂ ਨਾਲ ਵਧ ਫਲਿਆ ਤੇ ਵਧਿਆ ਹੈ।
ਇਹ ਗੱਲ ਦਰੁਸਤ ਹੈ ਕਿ ਸਿੱਖ ਧਰਮ ਨੂੰ ਛਾਂਗਣ ਜਾਂ ਬਿਮਾਰ ਕਰਨ ਵਾਸਤੇ ਕਈ ਤਰ੍ਹਾਂ ਦੇ ਵਾਰ ਕੀਤੇ ਜਾਂਦੇ ਰਹੇ ਤੇ ਹੁਣ ਵੀ ਜਾਰੀ ਹਨ। ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਅੰਗਰੇਜ਼ਾਂ ਤੇ ਮੁਗ਼ਲਾਂ ਨੇ ਵਥੇਰਾ ਜ਼ੋਰ ਲਾਇਆ ਕਿ ਇਸ ਨੂੰ ਮੁਕਾ ਦਿੱਤਾ ਜਾਵੇ। ਪਰ ਹੁਣ 1947 ਤੋਂ ਬਾਅਦ ਤੋਂ ਬ੍ਰਾਹਮਣ ਆਪਣੀ ਨਾਕਾਮ ਚਾਲਾਂ ਤੇ ਸਾਜਿਸ਼ਾਂ ਰਚਦਾ ਆ ਰਿਹਾ ਹੈ। ਕੁਝ ਕੁ ਕਾਮਯਾਬ ਵੀ ਹੁੰਦਾ ਨਜ਼ਰ ਆਉਂਦਾ ਹੈ। ਸਪੱਸ਼ਟ ਉਦਾਹਰਣ ਸਾਡੇ ਸਾਹਮਣੇ ਹੈ ਕਿ ਸਾਡੇ ਧਾਰਮਿਕ ਤੇ ਰਾਜਸੀ ਆਗੂ ਸਿੱਖ ਧਰਮ ਦੇ ਸਿਧਾਂਤਕ ਮੁੱਦਿਆਂ 'ਤੇ ਆਪਣੀ ਕੌਮ ਨੂੰ ਲਗਾਤਾਰ ਪਿੱਠ ਵਿਖਾ ਰਹੇ ਹਨ। ਸਾਰੀ ਦੁਨੀਆਂ ਵਿਚ ਸਿੱਖਾਂ ਦੀ ਅਗਵਾਈ ਕਰਨ ਵਾਲੀ ਸਾਡੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਤੇ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਲੀ ਸਾਡੀ ਧਾਰਮਿਕ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੜੇ ਸਾਜਿਸ਼ ਭਰੇ ਢੰਗ ਤਰੀਕੇ ਨਾਲ ਮੁਕਾਉਣ ਦੇ ਯਤਨ ਸ਼ੁਰੂ ਹੋ ਚੁੱਕੇ ਹਨ। ਇਥੇ ਹੀ ਬਸ ਨਹੀਂ ਸਿੱਖ ਵਿਰੋਧੀ ਏਜੰਸੀਆਂ, ਆਰ.ਐਸ.ਐਸ. ਤੇ ਇਸ ਵਰਗੀਆਂ ਹੋਰ ਜਮਾਤਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਇਸਤੋਂ ਜਾਰੀ ਹੁੰਦੇ ਫੁਰਮਾਨਾਂ ਨੂੰ ਬੇ-ਅਸਰ ਕਰ ਦਿੱਤਾ ਹੈ। ਹੁਣ ਸਿੱਖ ਧਰਮ ਲਈ "ਰਾਜ ਬਿਨਾਂ ਨਾ ਧਰਮ ਚਲੇ ਹੈਂ' ਦੀ ਸੋਚ ਦੀ ਅਗਵਾਈ ਕਰਨ ਵਾਲੀਆਂ ਸਾਡੀਆਂ ਪ੍ਰਮੁੱਖ ਸੰਸਥਾਵਾਂ, ਟਕਸਾਲਾਂ, ਫੈਡਰੇਸ਼ਨਾਂ ਤੇ ਹੋਰ ਪ੍ਰਬੰਧਕ ਕਮੇਟੀਆਂ ਦਾ ਸਿੱਖਾਂ ਵਿਚ ਪ੍ਰਭਾਵ ਮੁਕਾ ਦਿੱਤਾ ਗਿਆ ਹੈ। ਰਹਿੰਦਾ ਖੂੰਹਦਾ ਮੁਕਾਉਣ ਦੇ ਯਤਨ ਜਾਰੀ ਹਨ। ਸਾਡੇ ਆਗੂਆਂ ਨੂੰ ਕਾਰਾਂ ਦੀਆਂ ਲਾਲ ਬੱਤੀਆਂ ਤੇ ਕੋਠੀਆਂ ਦੇ ਐਸ਼ੋ-ਆਰਾਮ ਵਿਚ ਅਜਿਹਾ ਗਲਤਾਨ ਕਰ ਦਿੱਤਾ ਹੈ ਕਿ ਉਹ ਪੰਥ ਤੇ ਗ੍ਰੰਥ ਉਪਰ ਹੋ ਰਹੇ ਹਮਲਾਵਰਾਂ ਨਾਲ ਘਿਓ-ਖਿਚੜੀ ਹੋ ਗਏ ਹਨ। ਜਿਸ ਕਰਕੇ ਸਾਡੀਆਂ ਸਿੱਖ ਸੰਸਥਾਵਾਂ ਨੂੰ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਨੇ ਆਪਣੇ ਘੇਰੇ ਵਿਚ ਲੈ ਲਿਆ ਹੈ। ਸਵਾਲ ਪੈਦਾ ਹੁੰਦਾ ਹੈ ਕਿ ਪੰਥ ਦਰਦੀ ਕੀ ਕਰਨ? ਇਸ ਸਵਾਲ ਲਈ ਕੁਝ ਹੇਠ ਲਿਖੇ ਨੁਕਤੇ ਸਮਝਣ ਦੀ ਲੋੜ ਹੈ।
1. ਸਿੱਖ ਧਰਮ ਦਾ ਪ੍ਰਚਾਰ-ਪ੍ਰਸਾਰ ਸਬੰਧੀ: ਸਿੱਖ ਧਰਮ ਦੇ ਸਿਧਾਂਤਾਂ ਦਾ ਪ੍ਰਚਾਰ ਸਹੀ ਸਿੱਖ ਇਤਿਹਾਸ, ਗੁਰਬਾਣੀ ਤੇ ਰਹਿਤ ਮਰਿਆਦਾ ਰਾਹੀਂ ਕੀਤਾ ਜਾਵੇ। ਸਿੱਖਾਂ ਤੇ ਦੂਜੀਆਂ ਕੌਮਾਂ ਨੂੰ ਸਿੱਖ ਧਰਮ ਦੀ ਸਹੀ ਜਾਣਕਾਰੀ ਮੁਹੱਈਆ ਕਰਨ ਲਈ ਉਚੇਚੇ ਯਤਨ ਆਰੰਭੇ ਜਾਣ।
2. ਡੇਰਾਵਾਦ ਬਾਰੇ : ਸਿੱਖ ਧਰਮ ਅੰਦਰ ਪ੍ਰਫੁੱਲਤ ਹੋ ਰਹੇ ਡੇਰਾਵਾਦ ਨੂੰ ਵਧਣ ਤੋਂ ਰੋਕਣ ਲਈ ਸਿੱਖ ਸੰਗਤਾਂ ਇਨ੍ਹਾਂ ਨੂੰ ਸਹਿਯੋਗ ਦੇਣਾ ਬੰਦ ਕਰ ਦੇਣ।
3. ਸਿੱਖ ਸੰਸਥਾਵਾਂ ਦੀ ਪਛਾਣ ਕਾਇਮ ਕੀਤੀ ਜਾਵੇ : ਹਰੇਕ ਸਿੱਖ ਧਰਮ ਪ੍ਰਚਾਰਕ, ਸੰਸਥਾਵਾਂ ਤੇ ਗੁਰਦੁਆਰਾ ਨੂੰ ਕੇਵਲ ਤੇ ਕੇਵਲ ਸਿੰਘ ਸਭਾ ਦੇ ਨਾਂਅ ਨਾਲ ਹੀ ਜਾਣਿਆ ਜਾਵੇ। ਡੇਰਾ ਜਾਂ ਟਕਸਾਲ ਵਰਗੇ ਸ਼ਬਦਾਂ ਦੀ ਵਰਤੋਂ 'ਤੇ ਤੁਰੰਤ ਰੋਕ ਲਾਉਣ ਦੇ ਯਤਨ ਆਰੰਭ ਕੀਤੇ ਜਾਣ ਤਾਂ ਜੋ ਸਿੱਖ ਧਰਮ ਤੋਂ ਅਣਜਾਣ ਬੀਬੀਆਂ ਨੂੰ ਇਨ੍ਹਾਂ ਦੇ ਚੁਗਲ 'ਚ ਫਸਣ ਤੋਂ ਰੋਕਿਆ ਜਾ ਸਕੇ। ਕਿਉਂਕਿ ਡੇਰਾ ਜਾਂ ਟਕਸਾਲ ਸਿੱਖ ਸੰਸਥਾ ਹੋਣ ਦਾ ਭੁਲੇਖਾ ਪੈਦਾ ਕਰਦਾ ਹੈ। ਹਰ ਸਿੱਖ ਸੰਸਥਾ ਵਿਚ ਕੇਵਲ ਤੇ ਕੇਵਲ ਇਕੋ ਇਕ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਮੰਨਣੀ ਲਾਜ਼ਮੀ ਕਰਾਰ ਦਿੱਤੀ ਜਾਵੇ।
4. ਬ੍ਰਹਮਚਾਰੀ ਹੋਣਾ ਕੋਈ ਧਰਮ ਨਹੀਂ : ਸੰਘਣੀਆਂ ਆਬਾਦੀਆਂ ਵਿਚ ਪਲ ਰਹੇ ਕਈ ਡੇਰੇ ਤੇ ਇਥੋਂ ਦੇ ਪ੍ਰਬੰਧਕ ਆਪਣੇ ਆਪ ਨੂੰ ਬ੍ਰਹਮਚਾਰੀ ਹੋਣ ਦਾ ਪ੍ਰਚਾਰ ਕਰਕੇ ਸਿੱਖਾਂ ਵਿਚ 18-18 ਸਾਲ ਤੋਂ ਅਣਵਿਆਹੇ ਹੋਣ ਦਾ ਢੌਂਗ ਰਚ ਰਹੇ ਹਨ ਤੇ ਵਿਆਹ ਨਾ ਕਰਾਉਣਾ ਦੀ ਗੁਰਮਤਿ ਵਿਰੋਧੀ ਵੀਚਾਰਧਾਰਾ ਨੂੰ ਧਰਮ ਸਮਝਣ ਦਾ ਭੁਲੇਖਾ ਪਾ ਰਹੇ ਹਨ। ਇਨ੍ਹਾਂ ਅਖੌਤੀ ਬ੍ਰਹਮਚਾਰੀਆਂ ਸਦਕਾ ਇਹ ਡੇਰੇ ਲੁਕਵੀਂ ਆਯਾਸ਼ੀ ਦੇ ਅੱਡੇ ਬਣਦੇ ਜਾ ਰਹੇ ਹਨ। ਅਨੇਕਾਂ ਸਿੱਖ ਪਰਿਵਾਰਾਂ ਦੀਆਂ ਬੀਬੀਆਂ ਇਨ੍ਹਾਂ ਦੇ ਚੁੰਗਲ ਵਿਚ ਫਸ ਕੇ ਆਪਣੀ ਪਰਿਵਾਰਕ ਜ਼ਿੰਦਗੀ ਖਤਰੇ 'ਚ ਪੈਦਾ ਕਰ ਰਹੀਆਂ ਹਨ। ਜਿਸਦਾ ਖਮਿਆਜ਼ਾ ਇਨ੍ਹਾਂ ਬਾਲ-ਬੱਚੇਦਾਰ ਬੀਬੀਆਂ ਦੇ ਬੱਚਿਆਂ ਨੂੰ ਭੁਗਤਣਾ ਪਵੇਗਾ। ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਸਮੇਤ ਸਾਡੇ ਧਾਰਮਿਕ ਤੇ ਸਿਆਸੀ ਆਗੂ ਅਜਿਹੇ ਡੇਰਿਆਂ ਵਿਚ ਜਾ ਕੇ ਇਨ੍ਹਾਂ ਨੂੰ ਧਰਮ ਪ੍ਰਚਾਰ ਦੇ ਨਾਂਅ ਹੇਠ ਫੰਡ ਮੁਹੱਈਆ ਕਰਦੇ ਹਨ ਅਤੇ ਅਜਿਹੇ ਬ੍ਰਹਮਚਾਰੀਆਂ ਦਾ ਮਹੱਤਵ ਸਿੱਖ ਸੰਗਤਾਂ ਵਿਚ ਹੋਰ ਵਧਾਉਣ ਦੀ ਬੱਜਰ ਗਲਤੀ ਕਰ ਰਹੇ ਹਨ। ਇਹੋ ਜਿਹੇ ਡੇਰਿਆਂ 'ਤੇ ਰੋਕ ਲਗਾ ਕੇ ਇਸ ਸਬੰਧੀ ਸਿੱਖ ਸੰਗਤਾਂ ਨੂੰ ਸਹੀ ਜਾਣਕਾਰੀ ਮੁਹੱਈਆ ਕੀਤੀ ਜਾਵੇ। ਘੱਟੋ ਘੱਟ ਸਿੱਖ ਵਿਰੋਧੀ ਕਿਸੇ ਵੀ ਡੇਰੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਅਖੰਡ ਪਾਠਾਂ, ਸਹਿਜ ਪਾਠਾਂ ਦਾ 'ਕਾਰੋਬਾਰ' ਕਰਨ ਤੋਂ ਰੋਕਿਆ ਜਾਵੇ। ਅਜਿਹੇ ਡੇਰੇ ਜੋ ਸਿੱਖ ਵਿਚਾਰਧਾਰਾ ਨੂੰ ਨਹੀਂ ਮੰਨਦੇ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੇ ਸਰੂਪ ਰੱਖਣ ਤੋਂ ਰੋਕਿਆ ਜਾਵੇ। ਕਿਉਂਕਿ ਅਜਿਹੇ ਡੇਰੇ ਗੁਰੂ ਦਾ ਪ੍ਰਕਾਸ਼ ਕਰਕੇ ਗ੍ਰੰਥ ਦੀ ਵਿਚਾਰਧਾਰਾ 'ਤੇ ਸਿੱਧਾ ਹਮਲਾ ਕਰ ਰਹੇ ਹਨ। ਇਨ੍ਹਾਂ ਲੋਕਾਂ ਦੀ ਸਹੀ ਤਸਵੀਰ ਕੌਮ ਸਾਹਮਣੇ ਪ੍ਰਗਟ ਕੀਤੀ ਜਾਵੇ।
5. ਪਤਿਤ ਪ੍ਰਚਾਰਕਾਂ ਤੋਂ ਮੁਕਤੀ ਦਿਵਾਉਣ ਬਾਰੇ : ਗ੍ਰੰਥੀਆਂ, ਰਾਗੀਆਂ, ਬਾਬਿਆਂ, ਡੇਰਿਆਂ, ਸਿੱਖ ਪ੍ਰਬੰਧਕਾਂ ਦੀ ਉਹ ਸ਼੍ਰੇਣੀ ਜੋ ਪਰ-ਇਸਤਰੀ ਜਾਂ ਪਰ-ਪੁਰਸ਼ ਦਾ ਕੁਸੰਗੀ ਹੈ ਜਾਂ ਨਸ਼ਿਆਂ ਦੀ ਵਰਤੋਂ 'ਚ ਗਲਤਾਨ ਹੈ ਇਨ੍ਹਾਂ ਦੀ ਨਿਸ਼ਾਨਦੇਹੀ ਕਰਕੇ ਸਿੱਖੀ ਦੇ ਭੇਸ ਵਿਚ ਲੁਕੇ ਇਸ ਕੁਕਰਮੀ ਤੇ ਨਸ਼ਿਆਂ ਦੇ ਐਬੀ ਟੋਲੇ ਤੋਂ ਸਿੱਖ ਧਰਮ ਨੂੰ ਮੁਕਤ ਕਰਾਉਣ ਲਈ ਪ੍ਰਭਾਵਸ਼ਾਲੀ ਕਾਰਜ ਸ਼ੁਰੂ ਕੀਤੇ ਜਾਣ।
6. ਸਿੱਖ ਸੰਸਥਾਵਾਂ ਨੂੰ ਪਤਿਤ ਹੋਣ ਤੋਂ ਬਚਾਇਆ ਜਾਵੇ: ਕਿਸੇ ਵੀ ਸਿੱਖ ਸੰਸਥਾ ਜਿਸ ਦੀ ਆਮਦਨ ਗੁਰਦੁਆਰਿਆਂ ਦੀ ਜਾਇਦਾਦ ਜਾਂ ਸਿੱਖਾਂ ਦੇ ਦਸਾਂ ਨਹੁੰਆਂ ਦੀ ਕਮਾਈ ਤੋਂ ਹੁੰਦੀ ਹੋਵੇ ਉਸ ਸੰਸਥਾ ਅੰਦਰ ਕਾਬਜ਼ ਪਤਿਤ ਪ੍ਰਬੰਧਕਾਂ, ਕੁਰਹਿਤੀਆਂ ਨੂੰ ਹਟਾਇਆ ਜਾਵੇ ਭਾਵ ਪਤਿਤ ਸਿੱਖਾਂ ਤੋਂ ਸਿੱਖ ਸੰਸਥਾਵਾਂ ਨੂੰ ਪਤਿਤ ਹੋਣ ਤੋਂ ਬਚਾਇਆ ਜਾਵੇ।
7. ਅੰਮ੍ਰਿਤਧਾਰੀ ਤੇ ਗੈਰ-ਅੰਮ੍ਰਿਤਧਾਰੀ ਸਿੱਖਾਂ ਦਾ ਰਿਕਾਰਡ ਰੱਖਣ ਬਾਰੇ: ਦੁਨੀਆਂ ਵਿਚ ਵਸਦੇ ਅੰਮ੍ਰਿਤਧਾਰੀ ਤੇ ਗੈਰ-ਅੰਮ੍ਰਿਤਧਾਰੀ ਸਿੱਖ ਪਰਿਵਾਰਾਂ ਦਾ ਵੇਰਵੇ ਨਾਲ ਰਿਕਾਰਡ ਤਿਆਰ ਕੀਤਾ ਜਾਵੇ ਖਾਸ ਕਰਕੇ ਨਸ਼ਿਆਂ ਦੀ ਵਰਤੋਂ ਕਰਦੇ ਤੇ ਪਤਿਤ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨਾਲ ਜੋੜਨ ਦੇ ਵੱਖਰੇ ਅਤੇ ਆਧੁਨਿਕ ਢੰਗ ਤਰੀਕੇ ਨਾਲ ਪ੍ਰਬੰਧ ਕੀਤੇ ਜਾਣ।
8. ਆਰਥਿਕ ਤੌਰ 'ਤੇ ਪਛੜੇ ਸਿੱਖ ਪਰਿਵਾਰਾਂ ਦੀ ਮਦਦ ਬਾਰੇ : ਆਰਥਿਕ ਤੌਰ 'ਤੇ ਪਛੜੇ ਪਰਿਵਾਰਾਂ, ਬੇਰੁਜ਼ਗਾਰ ਸਿੱਖ ਨੌਜਵਾਨਾਂ ਦੀ ਯੋਗ ਮਦਦ ਕਰਕੇ ਉਨ੍ਹਾਂ ਨੂੰ ਆਰਥਿਕ ਮੰਦਹਾਲੀ 'ਚੋਂ ਕੱਢਿਆ ਜਾਵੇ।
9. ਸਿੱਖ ਟੀ.ਵੀ ਤੇ ਸਿੱਖ ਅਖਬਾਰਾਂ ਆਰੰਭ ਕਰਨ ਬਾਰੇ : ਸਿੱਖ ਧਰਮ ਦੀ ਸਹੀ ਸਿੱਖ ਵੀਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਲਈ ਸਿੱਖ ਕੌਮ, ਆਪਣਾ ਸਿੱਖ ਅਖਬਾਰ, ਸਿੱਖ ਟੀ.ਵੀ. ਆਰੰਭ ਕਰਨ ਦੇ ਪ੍ਰਭਾਵਸ਼ਾਲੀ ਯਤਨ ਕਰੇ। ਤਾਂ ਜੋ ਪੂਰੀ ਦੁਨੀਆਂ 'ਚ ਸਿੱਖ ਧਰਮ ਦੀ ਸਹੀ ਜਾਣਕਾਰੀ ਪਹੁੰਚਾ ਕੇ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਏ ਦੀ ਦੌੜ ਵਿਚ ਸਿੱਖ ਧਰਮ ਨੂੰ ਸ਼ਾਮਿਲ ਕੀਤਾ ਜਾ ਸਕੇ।
10. ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਏ ਸਬੰਧੀ : ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਏ 'ਚ ਸਿੱਖ ਧਰਮ ਨਾਲ ਸਬੰਧਤ ਕੀਤੇ ਜਾ ਰਹੇ ਕੂੜ ਪ੍ਰਚਾਰ ਸਬੰਧੀ ਘੋਖ ਪੜਤਾਲ ਕੀਤੀ ਜਾਵੇ। ਹੁਣ ਵਧੇਰੇ ਉਸਾਰੂ ਉਪਰਾਲੇ ਆਰੰਭੇ ਜਾਣ। ਇਸ ਖੇਤਰ 'ਚ ਅੰਤਰਰਾਸ਼ਟਰੀ ਪੱਧਰ 'ਤੇ ਕਮੇਟੀ ਦਾ ਗਠਨ ਕੀਤਾ ਜਾਵੇ। ਤਾਂ ਜੋ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਏ ਰਾਹੀਂ ਸਿੱਖ ਧਰਮ 'ਤੇ ਹੋਰ ਰਹੇ ਸਿਧਾਂਤਕ ਹਮਲਿਆਂ ਨੂੰ ਰੋਕਿਆ ਜਾ ਸਕੇ।
11. ਸਿੱਖ ਆਗੂਆਂ ਨੂੰ ਸਰਬਪੱਖੀ ਗਿਆਨ ਦੇਣ ਬਾਰੇ : ਸਿੱਖ ਧਰਮ ਦੁਨੀਆਂ ਦਾ ਧਰਮ ਹੈ, ਇਸ ਲਈ ਇਸ ਕੌਮ ਦੇ ਆਗੂਆਂ ਨੂੰ ਹਰੇਕ ਪੱਖੋਂ ਦੀਰਘ ਦ੍ਰਿਸ਼ਟੀ ਨਾਲ ਸੋਚਣਾ ਤੇ ਸਮਝਣਾ ਪਵੇਗਾ। ਇਨ੍ਹਾਂ ਦੀ ਸੋਚ ਜੋ ਅੰਮ੍ਰਿਤਸਰ ਤੋਂ ਰਾਜਪੁਰੇ ਤਕ ਕੈਦ ਹੈ, ਇਸ ਵਿਚ ਵਿਸ਼ਾਲਤਾ ਲਿਆਉਣ ਦੀ ਕੁਝ ਠੋਸ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।
ਉਪਰੋਕਤ ਗੱਲਾਂ ਵੱਲ ਉਚੇਚਾ ਧਿਆਨ ਦਿੱਤਾ ਜਾਵੇ। ਆਉਣ ਵਾਲੇ ਸਮੇਂ 'ਚ ਪੂਰੀ ਦੁਨੀਆਂ ਵਿਚ ਸਿੱਖ ਧਰਮ ਫੈਲ ਸਕੇ। ਚਾਹੀਦਾ ਇਹ ਹੈ ਕਿ ਗ੍ਰੰਥ ਤੇ ਪੰਥ ਦੇ ਰਾਖੇ ਆਪਣੇ ਆਪਸੀ ਸਾੜਿਆਂ, ਰੰਜਸ਼ਾਂ ਤੋਂ ਮੁਕਤ ਹੋ ਕੇ ਖੁਦ ਗੁਰੂ ਗ੍ਰੰਥ ਦੀ ਅਗਵਾਈ ਕਬੂਲ ਕਰ ਲੈਣ।
ਪ੍ਰਿੰ. ਪਰਵਿੰਦਰ ਸਿੰਘ ਖਾਲਸਾ
ਗੁਰਮਤਿ ਸਿਖਲਾਈ ਕੇਂਦਰ
ਮੁੱਖ ਸੰਪਾਦਕ, ਸ਼੍ਰੋਮਣੀ ਗੁਰਮਤਿ ਚੇਤਨਾ
ਫੋਨ: 98780-11670