ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਕਿ ਜੰਗਲ ਦਾ ਰਾਜ
ਨਿਰਮਲ ਸਿੰਘ ਕੰਧਾਲਵੀ
ਇੰਜ ਲਗਦਾ ਹੈ ਜਿਵੇਂ ਭਾਰਤ ਵਿਚ ਅੱਜ ਕਲ ਜੰਗਲ ਦਾ ਰਾਜ ਹੈ। ਪ੍ਰਸ਼ਾਸਨ ਦੇ ਹਰੇਕ ਮਹਿਕਮੇ ‘ਤੇ ਹੀ ਉਂਗਲਾਂ ਉੱਠਦੀਆਂ ਰਹਿੰਦੀਆਂ ਹਨ। ਇੱਥੋਂ ਤੱਕ ਕਿ ਜਿੱਥੋਂ ਲੋਕਾਂ ਨੇ ਇਨਸਾਫ਼ ਦੀ ਉਮੀਦ ਰੱਖਣੀ ਸੀ, ਭਾਵ ਕਿ ਅਦਾਲਤਾਂ, ਉੱਥੇ ਦਾ ਹਾਲ ਵੀ ਕੋਈ ਚੰਗਾ ਨਹੀਂ। ਪੁਲਿਸ ਦੇ ਰੋਲ ਉੱਤੇ ਆਮ ਤੌਰ ‘ਤੇ ਹੀ ਕਿੰਤੂ ਪ੍ਰੰਤੂ ਹੁੰਦੀ ਰਹਿੰਦੀ ਹੈ। ਅੱਗੇ ਅਜਿਹੀਆਂ ਖ਼ਬਰਾਂ ਸਿਰਫ਼ ਅਖ਼ਬਾਰਾਂ ਅਤੇ ਰੇਡੀਓ/ ਟੈਲੀਵੀਯਨ ਰਾਹੀਂ ਹੀ ਲੋਕਾਂ ਤੱਕ ਪਹੁੰਚਦੀਆਂ ਸਨ, ਪਰ ਹੁਣ ਇੰਟਰਨੈੱਟ ਦੇ ਰਾਹੀਂ ਸਾਰੀ ਦੁਨੀਆਂ ਆਪਣੀਆਂ ਅੱਖਾਂ ਨਾਲ਼ ਦੇਖਦੀ ਹੈ ਕਿ ਪੁਲਿਸ ਕਿਵੇਂ ਲੋਕਾਂ ਉੱਪਰ ਜ਼ੁਲਮ ਕਰਦੀ ਹੈ ਵਿਸ਼ੇਸ਼ ਕਰ ਕੇ ਉਨ੍ਹਾਂ ਲੋਕਾਂ ‘ਤੇ ਜਿਨ੍ਹਾਂ ਦੀ ਸਰਕਾਰੇ ਦਰਬਾਰੇ ਕੋਈ ਪਹੁੰਚ ਨਹੀਂ ਜਾਂ ਉਹ ਰਿਸ਼ਵਤ ਦੇਣ ਦੇ ਸਮਰੱਥ ਨਹੀਂ ਹੁੰਦੇ।
ਇਹ ਬਹੁਤ ਹੀ ਵਿਸ਼ਾਲ ਵਿਸ਼ਾ ਹੈ, ਇਸ ਬਾਰੇ ਬੇਅੰਤ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ।ਇਸ ਪੱਤਰ ਵਿਚ ਮੈਂ ਸਿਰਫ਼ ਦੋ ਤਾਜ਼ਾ ਮਿਸਾਲਾਂ ਦੇਣੀਆਂ ਚਾਹਾਂਗਾ। ਇਕ ਪਾਸੇ ਸਾਰੀ ਦੁਨੀਆਂ ਨੇ ਦੇਖਿਆ ਕਿ ਢੌਂਗੀ ਸਾਧ ਆਸਾ ਰਾਮ, ਜਿਸ ਉੱਪਰ ਬਲਾਤਕਾਰ ਦੇ ਦੋਸ਼ ਲੱਗ ਚੁੱਕੇ ਹਨ, ਨੇ ਪੁਲਿਸ ਨੂੰ ਛੇ ਘੰਟੇ ਇੰਤਜ਼ਾਰ ਕਰਵਾਇਆ।ਪੁਲਿਸ ਛੇ ਘੰਟੇ ਬਾਹਰ ਆਸ਼ਰਮ ਦੇ ਗੇਟ ‘ਤੇ ਬੈਠੀ ਰਹੀ ਤੇ ਆਸਾ ਰਾਮ ਅੰਦਰ ‘ਪੂਜਾ ਪਾਠ’ ਕਰਦਾ ਰਿਹਾ ਤੇ ਉਹ ਪੁਲਿਸ ਨੂੰ ਫੇਰ ਵੀ ਨਹੀਂ ਮਿਲਿਆ ਤੇ ਹੁਣ ਉਹ ਪੁਲਿਸ ਨੂੰ ਕਹਿ ਰਿਹਾ ਹੈ ਕਿ ਉਹ 19 ਸਤੰਬਰ ਤੋਂ ਪਹਿਲਾਂ ਉਨ੍ਹਾਂ ਨੂੰ ਨਹੀਂ ਮਿਲ ਸਕਦਾ। ਪੁਲਿਸ ਉਸ ਅੱਗੇ ਲੇਲੜ੍ਹੀਆਂ ਕੱਢ ਰਹੀ ਹੈ ਕਿ ਉਹ ਪੁਲਿਸ ਨਾਲ਼ ਕੋਆਪਰੇਟ ਕਰੇ।
ਹੁਣ ਤਸਵੀਰ ਦਾ ਦੂਸਰਾ ਪੱਖ ਵੀ ਵੇਖ ਲਈਏ। ਪੰਜਾਬ ਵਿਚ ਤਲਵੰਡੀ ਸਾਬੋ ਦੇ ਪਿੰਡ ਦਿਆਲਪੁਰਾ ਭਾਈਕਾ ਵਿਚ ਇਕ ਅੰਮ੍ਰਿਤਧਾਰੀ ਪਰਿਵਾਰ ਉੱਤੇ ਬਿਜਲੀ ਚੋਰੀ ਦਾ ਦੋਸ਼ ਲੱਗਣ ‘ਤੇ ਪੁਲਿਸ ਪੁੱਛ-ਗਿੱਛ ਕਰਨ ਗਈ। ਪਰਿਵਾਰ ਦਾ ਮੁਖੀ ਉਸ ਵੇਲੇ ਪਾਠ ਕਰ ਰਿਹਾ ਸੀ। ਉਸ ਨੇ ਬੇਨਤੀ ਕੀਤੀ ਕਿ ਉਹ ਪਾਠ ਸਮਾਪਤ ਕਰ ਕੇ ਉਨ੍ਹਾਂ ਦੇ ਨਾਲ਼ ਥਾਣੇ ਚਲੇਗਾ, ਪਰ ਪੁਲਿਸ ਨੇ ਉਹਦੇ ਹੱਥੋਂ ਗੁਟਕਾ ਖੋਹ ਕੇ ਵਗਾਹ ਮਾਰਿਆ ਤੇ ਪਤੀ ਪਤਨੀ ਨੂੰ ਕੁੱਟਿਆ ਮਾਰਿਆ, ਗਾਲ੍ਹਾਂ ਕੱਢੀਆਂ ਤੇ ਕਕਾਰਾਂ ਦੀ ਬੇਇਜ਼ਤੀ ਕੀਤੀ ਅਤੇ ਕੇਸਾਂ ਤੋਂ ਫੜ ਕੇ ਘੜੀਸਿਆ।
ਕੀ ਪੁਲਿਸ ਆਸਾ ਰਾਮ ਦੀਆਂ ਲੇਲੜ੍ਹੀਆਂ ਇਸ ਕਰ ਕੇ ਕੱਢ ਰਹੀ ਹੈ ਕਿ ੳੇਹ ਬਹੁਤ ਪਹੁੰਚ ਵਾਲ਼ਾ ਵਿਅਕਤੀ ਹੈ? ਕੀ ਪੁਲਿਸ ਨੂੰ ਆਪਣਾ ਖ਼ਤਰਾ ਹੈ ਕਿ ਆਸਾ ਰਾਮ ਆਪਣੀ ਪਹੁੰਚ ਨਾਲ਼ ਉਨ੍ਹਾਂ ਦੀਆਂ ਪੇਟੀਆਂ ਲੁਹਾ ਦੇਵੇਗਾ? ਸਾਰੀ ਦੁਨੀਆਂ ਦੇਖ ਰਹੀ ਹੈ ਕਿ ਰਾਜਨੀਤਕ ਪਾਰਟੀਆਂ ਇਸ ਮਸਲੇ ‘ਚੋਂ ਵੋਟਾਂ ਲੱਭ ਰਹੀਆਂ ਹਨ।
ਅਤੇ ਦੂਸਰੇ ਪਾਸੇ ਕੀ ਉਸ ਗ਼ਰੀਬ ਪਰਿਵਾਰ ਨੂੰ ਪੁਲਿਸ ਆਪ ਹੀ ਜੱਜ ਬਣ ਕੇ ਇਸ ਕਰ ਕੇ ਸਜ਼ਾ ਦੇ ਰਹੀ ਹੈ ਕਿ ਉਨ੍ਹਾਂ ਪਾਸ ਕੋਈ ਪਹੁੰਚ ਨਹੀਂ ਜਾਂ ਪੁਲਿਸ ਦਾ ਮੂੰਹ ਬੰਦ ਕਰਨ ਲਈ ਪੈਸੇ ਨਹੀਂ? ਇਹ ਕਿਹੋ ਜਿਹਾ ਲੋਕ ਰਾਜ ਹੈ? ਇਹ ਕਿਹੋ ਜਿਹਾ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਹੈ? ਕਿੱਥੇ ਨੇ ਉਹ ਰਾਜਨੀਤਕ ਲੋਕ ਜੋ ਲੋਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦੇ ਦਮਗਜ਼ੇ ਮਾਰਦੇ ਸਨ? ਅਜੇ ਥੋੜ੍ਹਾ ਚਿਰ ਹੀ ਹੋਇਆ ਕਿ ਪੁਲਿਸ ਦੇ ਦਰਿੰਦਿਆਂ ਨੇ ਸ਼ਰੇਆਮ ਨੌਜਵਾਨ ਲੜਕੀ ਨੂੰ ਡਾਂਗਾਂ ਨਾਲ਼ ਕੁੱਟਿਆ ਸੀ ਤੇ ਸਾਰੀ ਦੁਨੀਆਂ ਵਿਚ ਉਨ੍ਹਾਂ ਦੀ ਹੋਇ ਹੋਇ ਹੋਈ ਸੀ। ਕੀ ਪੁਲਿਸ ਨੇ ਕੋਈ ਸਬਕ ਨਹੀਂ ਸਿੱਖਿਆ? ਜ਼ਬਰ ਜ਼ੁਲਮ ਵਿਰੋਧੀ ਫਰੰਟ ਪੰਜਾਬ ਦੀ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪੰਜਾਬ ਪੁਲਿਸ ਲੋਕਾਂ ਉੱਪਰ ਜ਼ੁਲਮ ਕਰਨ ਵਿਚ ਸਭ ਤੋਂ ਅੱਗੇ ਹੈ। ਪਿਛਲੇ ਸਾਲ ਸਾਰੇ ਦੇਸ਼ ਵਿਚ ਪੁਲਿਸ ਖ਼ਿਲਾਫ਼ 53363 ਮਾਮਲੇ ਦਰਜ ਹੋਏ। ਪੰਜਾਬ ਵਿਚ ਇਨ੍ਹਾਂ ਦੀ ਗਿਣਤੀ 3654 ਹੈ। ਜਿਨ੍ਹਾਂ ਲੋਕਾਂ ਨੇ ਸ਼ਿਕਾਇਤ ਨਹੀਂ ਕੀਤੀ ਉਨ੍ਹਾਂ ਦੀ ਗਿਣਤੀ ਸ਼ਾਇਦ ਲੱਖਾਂ ‘ਚ ਹੋਵੇ।
ਮਨੁੱਖੀ ਅਧਿਕਾਰ ਕਮਿਸ਼ਨ ਦੇ ਅੰਕੜਿਆਂ ਮੁਤਾਬਿਕ 55% ਸ਼ਿਕਾਇਤਾਂ ਤਾਂ ਪੁਲਿਸ ਦੇ ਖ਼ਿਲਾਫ਼ ਹੀ ਹੁੰਦੀਆਂ ਹਨ।
ਲਾਅਨਤ ਹੈ ਅਜਿਹੇ ਰਾਜ ‘ਤੇ ਅਤੇ ਪ੍ਰਸ਼ਾਸਨ ‘ਤੇ।
(ਜੇ ਪੰਜਾਬ ਪੁਲਸ ਨੇ ਆਪਣਾ ਵਤੀਰਾ ਨਾ ਬਦਲਿਆ ਤਾਂ ਇਸ ਵਾਰ ਪੰਜਾਬ ਦੇ ਨਾਲ ਭਾਰਤ ਨੂ ਵੀ ਸੇਕ ਸਹਣਾ ਪਵੇਗਾ ! ਅਮਰਜੀਤ ਸਿੰਘ ਚੰਦੀ )