ਸਿੱਖੀ ਅਤੇ ਇਸ ਦੇ ਸਿਧਾਂਤ! (ਭਾਗ 6)
ਇਨ੍ਹਾਂ ਚਾਰ ਅਸ਼ਟਪਦੀਆਂ ਵਿਚ ਸਿਮ੍ਰਿਤੀਆਂ ਅਤੇ ਵੇਦਾਂ ਆਦਿ ਪੁਸਤਿਕਾਂ ਵਿਚ ਦੱਸੇ ਗਿਆਨ ਚਰਚਾ, ਭਾਈਚਾਰਕ ਰਸਮਾਂ, ਜਿਨ੍ਹਾਂ ਨੂੰ ਧਾਰਮਿਕ ਰਸਮਾਂ ਵਾਙ ਵਰਤਿਆ ਜਾਂਦਾ ਹੈ, ਦੀ ਅਸਲੀਅਤ ਦੱਸੀ ਹੈ, ਜਿਸ ਬਾਰੇ ਗੁਰੂ ਸਾਹਿਬ ਨੇ ਇਵੇਂ ਆਖਿਆ ਹੈ,
ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥ (1350)
ਅਰਥ:- (ਹੇ ਹਿੰਦੂ ਅਤੇ ਮੁਸਲਮਾਨ ਵੀਰੋ,) ਵੇਦਾਂ ਅਤੇ ਕੁਰਾਨ ਆਦਿਕ, ਇਕ ਦੂਸਰੇ ਦੀਆਂ ਧਰਮ-ਪੁਸਤਕਾਂ ਨੂੰ ਝੂਠੀਆਂ ਨਾਹ ਆਖੌ, ਝੂਠਾ ਤਾਂ ਉਹ ਬੰਦਾ ਹੈ, ਜੋ ਇਨ੍ਹਾਂ ਧਰਮ-ਪੁਸਤਕਾਂ ਦੀ ਵਿਚਾਰ ਨਹੀਂ ਕਰਦਾ। ਉਨ੍ਹਾਂ ਦੇ ਵਿਸ਼ੇ ਨੂੰ ਨਹੀਂ ਸਮਝਦਾ।
ਅਗਲੀਆਂ ਚਾਰ ਅਸ਼ਟਪਦੀਆਂ ਵਿਚ ਗੁਰੂ ਸਾਹਿਬ ਨੇ ਧਰਮ ਦੀ ਗੱਲ ਕੀਤੀ ਹੈ, ਅਤੇ ਧਰਮ ਦੀਆਂ ਉਲਝਣਾਂ ਬਾਰੇ ਸਮਝਾਇਆ ਹੈ।
ਚਾਰਿ ਪਦਾਰਥ ਜੇ ਕੋ ਮਾਗੈ ॥ ਸਾਧ ਜਨਾ ਕੀ ਸੇਵਾ ਲਾਗੈ ॥
ਜੇ ਕੋ ਆਪੁਨਾ ਦੂਖੁ ਮਿਟਾਵੈ ॥ ਹਰਿ ਹਰਿ ਨਾਮੁ ਰਿਦੈ ਸਦ ਗਾਵੈ ॥
ਜੇ ਕੋ ਅਪੁਨੀ ਸੋਭਾ ਲੋਰੈ ॥ ਸਾਧਸੰਗਿ ਇਹ ਹਉਮੈ ਛੋਰੈ ॥
ਜੇ ਕੋ ਜਨਮ ਮਰਣ ਤੇ ਡਰੈ ॥ ਸਾਧ ਜਨਾ ਕੀ ਸਰਨੀ ਪਰੈ ॥
ਜਿਸੁ ਜਨ ਕਉ ਪ੍ਰਭ ਦਰਸ ਪਿਆਸਾ ॥ ਨਾਨਕ ਤਾ ਕੈ ਬਲਿ ਬਲਿ ਜਾਸਾ ॥5॥
ਅਰਥ:- ਜੇ ਕੋਈ ਮਨੁੱਖ ਚਾਰ ਪਦਾਰਥਾਂ (ਧਰਮ, ਅਰਥ, ਕਾਮ, ਮੋਖ) ਦਾ ਲੋੜਵੰਦ ਹੋਵੇ, ਉਸ ਨੂੰ ਚਾਹੀਦਾ ਹੈ ਕਿ ਗੁਰਮੁਖਾਂ ਦੀ ਸੇਵਾ ਵਿਚ ਲਗੇ। ਜੇ ਕੋਈ ਮਨੁੱਖ ਆਪਣਾ ਦੁੱਖ ਮਿਟਾਣਾ ਚਾਹੇ , ਉਹ ਆਪਣੇ ਹਿਰਦੇ ਵਿਚ ਸਦਾ ਪ੍ਰਭੂ ਦਾ ਨਾਮ ਸਿਮਰੇ। ਜੇ ਕੋਈ ਮਨੁੱਖ ਆਪਣੀ ਸੋਭਾ ਚਾਹੁੰਦਾ ਹੋਵੇ, ਉਹ ਸਾਧ-ਸੰਗਤ ਵਿਚ ਜੁੜ ਕੇ ਹਉਮੈ ਦਾ ਤਿਆਗ ਕਰੇ। ਜੇ ਕੋਈ ਮਨੁੱਖ ਜਨਮ-ਮਰਨ ਦੇ ਗੇੜ ਤੋਂ ਡਰਦਾ ਹੋਵੇ, ਉਸ ਤੋਂ ਮੁਕਤ ਹੋਣਾ ਚਾਹੇ ਤਾਂ ਉਹ ਸੰਤਾਂ ਦੀ ਚਰਣੀ ਪਵੇ । ਹੇ ਨਾਨਕ ਆਖ, ਜਿਸ ਮਨੁੱਖ ਨੂੰ ਪਰਮਾਤਮਾ ਦੇ ਦਰਸ਼ਣ ਦੀ ਤਾਙ ਹੋਵੇ, ਮੈਂ ਉਸ ਤੋਂ ਸਦਾ ਸਦਕੇ ਜਾਵਾਂ । 5।
ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ ॥ ਸਾਧਸੰਗਿ ਜਾ ਕਾ ਮਿਟੈ ਅਭਿਮਾਨੁ ॥
ਆਪਸ ਕਉ ਜੋ ਜਾਣੈ ਨੀਚਾ ॥ ਸੋਊ ਗਨੀਐ ਸਭ ਤੇ ਊਚਾ ॥
ਜਾ ਕਾ ਮਨੁ ਹੋਇ ਸਗਲ ਕੀ ਰੀਨਾ ॥ ਹਰਿ ਹਰਿ ਨਾਮੁ ਤਿਨਿ ਘਟਿ ਘਟਿ ਚੀਨਾ ॥
ਮਨ ਅਪੁਨੇ ਤੇ ਬੁਰਾ ਮਿਟਾਨਾ ॥ ਪੇਖੈ ਸਗਲ ਸ੍ਰਿਸਟਿ ਸਾਜਨਾ ॥
ਸੂਖ ਦੂਖ ਜਨ ਸਮ ਦ੍ਰਿਸਟੇਤਾ ॥ ਨਾਨਕ ਪਾਪ ਪੁੰਨ ਨਹੀ ਲੇਪਾ ॥ 6॥
ਅਰਥ:- ਸਤਸੰਗ ਵਿਚ ਰਹਿ ਕੇ, ਜਿਸ ਮਨੁੱਖ ਦਾ ਅਹੰਕਾਰ ਮਿਟ ਜਾਂਦਾ ਹੈ, ਉਹ ਮਨੁੱਖ ਸਾਰੇ ਮਨੁੱਖਾਂ ਵਿਚੋਂ ਵੱਡਾ ਹੈ। ਜੋ ਮਨੁੱਖ ਆਪਣੇ ਆਪ ਨੂੰ ਸਾਰਿਆਂ ਨਾਲੋਂ ਮੰਦ ਕਰਮੀ ਖਿਆਲ ਕਰਦਾ ਹੈ, ਉਸ ਨੂੰ ਸਾਰਿਆਂ ਨਾਲੋਂ ਚੰਗਾ ਸਮਝਣਾ ਚਾਹੀਦਾ ਹੈ। ਜਿਸ ਮਨੁੱਖ ਦਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੁੰਦਾ ਹੈ, ਜੋ ਸਭ ਨਾਲ ਗਰੀਬੀ ਸੁਭਾਉ ਵਰਤਦਾ ਹੈ, ਉਸ ਮਨੁੱਖ ਨੇ ਹਰੇਕ ਸਰੀਰ ਵਿਚ ਪ੍ਰਭੂ ਦੀ ਸੱਤਾ ਪਛਾਣ ਲਈ ਹੈ। ਜਿਸ ਨੇ ਆਪਣੇ ਮਨ ਵਿਚੋਂ ਬੁਰਾਈ ਮਿਟਾ ਦੱਤੀ ਹੈ, ਉਹ ਸਾਰੀ ਸ੍ਰਿਸ਼ਟੀ ਦੇ ਮਨੁੱਖਾਂ ਨੂੰ ਆਪਣਾ ਮਿਤ੍ਰ ਵੇਖਦਾ ਹੈ। ਹੇ ਨਾਨਕ, ਇਹੋ ਜਿਹੇ ਮਨੁੱਖ, ਸੁਖਾਂ ਤੇ ਦੁਖਾਂ ਨੂੰ ਇਕੋ ਜਿਹਾ ਸਮਝਦੇ ਹਨ, ਤਾਂ ਹੀ ਪਾਪ ਤੇ ਪੁੰਨ ਦਾ ਉਨ੍ਹਾਂ ਉਤੇ ਅਸਰ ਨਹੀਂ ਹੁੰਦਾ, ਨਾ ਕੋਈ ਮੰਦਾ ਕਰਮ, ਉਨ੍ਹਾਂ ਦੇ ਮਨ ਨੂੰ ਫਸਾ ਸਕਦਾ ਹੈ, ਤੇ ਨਾ ਹੀ ਸਵਰਗ ਆਦਿ ਦਾ ਲਾਲਚ ਕਰ ਕੇ ਜਾਂ ਦੁੱਖ ਕਲੇਸ਼ ਤੋਂ ਡਰ ਕੇ ਉਹ ਪੁੰਨ ਕਰਮ ਕਰਦੇ ਹਨ, ਉਨ੍ਹਾਂ ਦਾ ਸੁਭਾਅ ਹੀ ਨੇਕੀ ਕਰਨ ਵਾਲਾ ਬਣ ਜਾਂਦਾ ਹੈ।6।
ਨਿਰਧਨ ਕਉ ਧਨੁ ਤੁਰੋ ਨਾਉ ॥ ਨਿਥਾਵੇ ਕਉ ਨਾਉ ਤੇਰਾ ਥਾਉ ॥
ਨਿਮਾਨੇ ਕਉ ਪ੍ਰਭ ਤੇਰੋ ਮਾਨੁ ॥ ਸਗਲ ਘਟਾ ਕਉ ਦੇਵਹੁ ਦਾਨੁ ॥
ਕਰਨ ਕਰਾਵਨਹਾਰ ਸੁਆਮੀ ॥ ਸਗਲ ਘਟਾ ਕੇ ਅੰਤਰਜਾਮੀ ॥
ਅਪਨੀ ਗਤਿ ਮਿਤਿ ਜਾਨਹੁ ਆਪੈ ॥ ਆਪਨ ਸੰਗਿ ਆਪਿ ਪ੍ਰਭ ਰਾਤੇ ॥
ਤੁਮ੍ਰੀਨ ਉਸਤਤਿ ਤੁਮ ਤੇ ਹੋਇ ॥ ਨਾਨਕ ਅਵਰੁ ਨ ਜਾਨਸਿ ਕੋਇ ॥7॥
ਅਰਥ:- ਹੇ ਪ੍ਰਭੂ, ਕੰਗਾਲ ਵਾਸਤੇ ਤੇਰਾ ਨਾਮ ਹੀ ਧਨ ਹੈ, ਨਿਆਸਰੇ ਨੂੰ ਤੇਰਾ ਹੀ ਆਸਰਾ ਹੈ। ਨਿਮਾਣੇ ਵਾਸਤੇ ਤੂੰ ਹੀ ਆਦਰ ਮਾਣ ਹੈਂ । ਹੇ ਪ੍ਰਭੂ, ਤੂੰ ਹੀ ਸਾਰੇ ਜੀਵਾਂ ਨੂੰ ਦਾਤਾਂ ਦਿੰਦਾ ਹੈਂ। ਹੇ ਸੁਆਮੀ, ਹੇ ਮਾਲਕ, ਹੇ ਸਾਰੇ ਪਰਾਣੀਆਂ ਦੇ ਦਿਲ ਦੀ ਜਾਨਣ ਵਾਲੇ, ਤੂੰ ਆਪ ਹੀ ਸਭ ਕੁਝ ਕਰਦਾ ਅਤੇ ਕਰਾਉਂਦਾ ਹੈਂ। ਹੇ ਪ੍ਰਭੂ ਤੂੰ ਆਪਣੀ ਹਾਲਤ ਅਤੇ ਆਪਣੀ ਵਡਿਆਈ ਦੀ ਮਰਯਾਦਾ ਆਪ ਹੀ ਜਾਣਦਾ ਹੈਂ , ਤੂੰ ਆਪਣੇ ਆਪ ਵਿਚ ਆਪ ਹੀ ਮਗਨ ਹੈਂ। ਹੇ ਨਾਨਕ, ਆਖ ਕਿ ਹੇ ਪ੍ਰਭੂ , ਤੇਰੀ ਵਡਿਆਈ ਤੈਥੋਂ ਹੀ ਬਿਆਨ ਹੋ ਸਕਦੀ ਹੈ, ਕੋਈ ਹੋਰ ਤੇਰੀ ਵਡਿਆਈ ਨਹੀਂ ਜਾਣਦਾ।7।
ਅਮਰ ਜੀਤ ਸਿੰਘ ਚੰਦੀ (ਚਲਦਾ)
ਅਮਰਜੀਤ ਸਿੰਘ ਚੰਦੀ
ਸਿੱਖੀ ਅਤੇ ਇਸ ਦੇ ਸਿਧਾਂਤ! (ਭਾਗ 6)
Page Visitors: 1318