ਸਿੱਖੀ ਅਤੇ ਇਸ ਦੇ ਸਿਧਾਂਤ! (ਭਾਗ 9)
ਊਪਰਿ ਬਨੈ ਆਕਾਸੁ ਤਲੈ ਧਰ ਸੋਹਤੀ ॥
ਦਹ ਦਿਸ ਚਮਕੈ ਬੀਜੁਲਿ ਮੁਖ ਕਉ ਜੋਹਤੀ ॥
ਖੋਜਤ ਫਿਰਉ ਬਿਦੇਸਿ ਪੀਉ ਕਤ ਪਾਈਐ ॥
ਹਰਿਹਾਂ ਜੇ ਮਸਤਕਿ ਹੋਵੈ ਭਾਗੁ ਤ ਦਰਸਿ ਸਮਾਈਐ ॥9॥ (1362)
ਅਰਥ:- ਹੇ ਸਹੇਲੀਏ, ਉਤਾਂਹ ਤਾਰਿਆਂ ਆਦਿਕ ਨਾਲ ਆਕਾਸ਼ ਫੱਬ ਰਿਹਾ ਹੈ। ਹੇਠ ਪੈਰਾਂ ਵਾਲੇ ਪਾਸੇ ਹਰਿਆਵਲ ਆਦ ਨਾਲ ਧਰਤੀ ਸੱਜ ਰਹੀ ਹੈ। ਦਸੀਂ ਪਾਸੀਂ ਬਿਜਲੀ ਚਮਕ ਰਹੀ ਹੈ, ਮੂੰਹ ਉੱਤੇ ਲਿਸ਼ਕਾਰੇ ਮਾਰ ਰਹੀ ਹੈ। ਰੱਬੀ ਜੋਤ ਦਾ ਕੈਸਾ ਸੋਹਣਾ ਸਾਕਾਰ ਸਰੂਪ ਹੈ। ਪਰ ਮੈਂ ਉਸ ਦੇ ਇਸ ਸਰਗੁਣ ਸਰੂਪ ਦੀ ਕਦਰ ਨਾ ਸਮਝ ਕੇ, ਜੰਗਲ ਆਦਿ ਪਰਦੇਸ ਵਿਚ ਢੂੰਡਦੀ ਫਿਰਦੀ ਹਾਂ ਕਿ ਪ੍ਰੀਤਮ-ਪ੍ਰਭੂ ਕਿਤੇ ਲੱਭ ਪਵੇ। ਹੇ ਸਖੀਏ, ਜੇ ਮੱਥੈ ਦੇ ਭਾਗ ਜਾਗ ਪਏ ਤਾਂ ਹਰ ਥਾਂ ਹੀ ਉਸ ਦੇ ਦੀਦਾਰ ਵਿਚ ਲੀਨ ਹੋ ਸਕੀਦਾ ਹੈ।9।
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥
ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥
ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ ॥
ਹਰਿਹਾਂ ਨਾਨਕ ਕਸਮਲ ਜਾਹਿ ਨਾਇਐ ਰਾਮਦਾਸ ਸਰ ॥10॥
ਅਰਥ:- ਹੇ ਨਾਨਕ ਆਖ, ਹੇ ਰਾਮ ਦੇ ਦਾਸਾਂ ਦੇ ਸਰੋਵਰ, ਹੇ ਸਤਸੰਗ, ਤੇਰੇ ਵਿਚ ਆਤਮਕ ਇਸ਼ਨਾਨ ਕੀਤਿਆਂ , ਮਨੁੱਖ ਦੇ ਮਨ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ। ਹੇ ਰਾਮ ਦੇ ਦਾਸਾਂ ਦੇ ਸ਼ਹਰ, ਹੇ ਸਤਸੰਗ, ਤੇਰੇ ਅੰਦਰ ਉੱਚੇ ਆਤਮਕ ਗੁਣਾਂ ਦੀ ਵਸੋਂ ਬਹੁਤ ਸੰਘਣੀ ਹੈ, ਬੇਅੰਤ ਹੈ, ਬੇਮਿਸਾਲ ਹੈ। ਹੇ ਰਾਮ ਦੇ ਦਾਸਾਂ ਦੇ ਸ਼ਹਰ, ਮੈਂ ਹੋਰ ਸਾਰੇ ਥਾਂ ਵੇਖ ਲਏ ਹਨ, ਪਰ ਤੇਰੇ ਬਰਾਬਰ ਦਾ ਮੈਨੂੰ ਕੋਈ ਨਹੀਂ ਦਿਸਿਆ। ਹੇ ਰਾਮ ਦੇ ਦਾਸਾਂ ਦੇ ਸ਼ਹਰ, ਹੇ ਸਤਸੰਗ, ਤੇਰੀ ਨੀਂਹ ਅਕਾਲ ਪੁਰਖ, ਸਿਰਜਣਹਾਰ ਨੇ ਆਪ ਰੱਖੀ ਹੋਈ ਹੈ।ਏਸੇ ਵਾਸਤੇ ਤੂੰ, ਉਸ ਦੇ ਆਤਮਕ ਗੁਣਾਂ ਦੀ ਬਰਕਤ ਨਾਲ ਸੋਹਣਾ ਦਿਸਦਾ ਰਿਹਾ ਹੈਂ।10।
ਇਹ ਸਾਰਾ ਕੁਝ ਛੱਡ ਕੇ ਸਿੱਖ ਪਰਚਾਰਕਾਂ ਨੂੰ ਇਨ੍ਹਾਂ ਨਜ਼ਾਰਿਆਂ ਨਾਲੋਂ ਜ਼ਿਆਦਾ, ਇੱਟਾਂ ਨਾਲ ਬਣੀ ਇਕ ਇਮਾਰਤ ਚੰਗੀ ਲਗਦੀ ਹੈ।10।
ਚਾਤ੍ਰਿਕ ਚਿਤ ਸੁਚਿਤ ਸੁ ਸਾਜਨੁ ਚਾਹੀਐ ॥
ਜਿਸੁ ਸੰਗਿ ਲਾਗੇ ਪ੍ਰਾਣ ਤਿਸੈ ਕਉ ਆਹੀਐ ॥
ਬਨੁ ਬਨੁ ਫਿਰਤ ਉਦਾਸ ਬੂੰਦ ਜਲ ਕਾਰਣੇ ॥
ਹਰਿਹਾਂ ਤਿਉ ਹਰਿ ਜਨੁ ਮਾਂਗੈ ਨਾਮੁ ਨਾਨਕ ਬਲਿਹਾਰਣੈ ॥11॥
ਅਰਥ:- ਹੇ ਭਾਈ, ਪਪੀਹੇ ਵਾਙ ਸੁਚੇਤ-ਚਿੱਤ ਹੋ ਕੇ ਉਸ ਸੱਜਣ-ਪ੍ਰਭੂ ਨੂੰ ਪਿਆਰ ਕਰਨਾ ਚਾਹੀਦਾ ਹੈ। ਜਿਸ ਸੱਜਣ ਨਾਲ ਜਿੰਦ ਦੀ ਪ੍ਰੀਤ ਬਣ ਜਾਏ, ਉਸ ਨੂੰ ਹੀ ਮਿਲਣ ਦੀ ਤਾਙ ਕਰਨੀ ਚਾਹੀਦੀ ਹੈ। ਹੇ ਭਾਈ ਵੇਖ, ਪਪੀਹਾ ਵਰਖਾ ਦੇ ਪਾਣੀ ਦੀ ਇਕ ਬੂੰਦ ਵਾਸਤੇ ਧਰਤੀ ਦੇ ਪਾਣੀ ਵਲੋਂ ਉਪਰਾਮ ਹੋ ਕੇ ਜੰਗਲ ਜੰਗਲ ਢੂੰਡਦਾ ਫਿਰਦਾ ਹੈ। ਹੇ ਨਾਨਕ ਆਖ, ਜਿਹੜਾ ਪ੍ਰਭੂ ਦਾ ਸੇਵਕ, ਪਪੀਹੇ ਵਾਙ ਪਰਮਾਤਮਾ ਦਾ ਨਾਮ ਮੰਗਦਾ ਹੈ, ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ।11।
ਅਮਰ ਜੀਤ ਸਿੰਘ ਚੰਦੀ (ਚਲਦਾ)