ਅੱਜ ਸਿੱਖ ਕੌਮ ਦੀ ਤਰਾਸਦੀ ਇਹ ਹੈ ਕਿ ਪੰਥਕ ਅਖਵਾਉਂਦੀਆਂ ਉਪ੍ਰੋਕਤ ਜਥੇਬੰਦੀਆਂ ਖੁਦ ਡੇਰੇਦਾਰ ਸੰਪ੍ਰਦਾਈਆਂ ਨਾਲ ਘਿਉ-ਖਿਚੜੀ ਹੋਈਆਂ ਪਈਆਂ ਹਨ। ਜਥੇਦਾਰ ਵੀ ਖੁਦ ਡੇਰਿਆਂ ਤੇ ਜਾਂਦੇ ਸਿਰੋਪੇ ਲੈਂਦੇ ਅਤੇ ਨਵੇਂ ਬਣ ਰਹੇ ਡੇਰਿਆਂ ਦਾ ਉਦਘਾਟਨ ਕਰ ਰਹੇ ਹਨ। ਬਹੁਤ ਸਾਰੀਆਂ ਪੰਥ ਦਰਦੀ ਸਿੱਖ ਮਿਸ਼ਨਰੀ ਜਥੇਬੰਦੀਆਂ ਵੀ ਆਪਸੀ ਤਾਲਮੇਲ ਨਾਲ ਬਹੁਤ ਘੱਟ ਕੰਮ ਕਰ ਰਹੀਆਂ ਹਨ। ਮਿਸ਼ਨਰੀ ਆਪੋ ਆਪਣੀ ਕਿਰਤ ਕਮਾਈ ਤੇ ਡਿਪੈਂਡ ਹਨ ਪਰ ਬਹੁਤੇ ਗੁਰਦੁਆਰੇ ਅਤੇ ਪ੍ਰਬੰਧਕ ਜਿਨ੍ਹਾਂ ਕੋਲ ਵੱਡੀਆਂ ਵੱਡੀਆਂ ਗੋਲਕਾਂ ਹਨ ਵੀ ਬਹੁਤਾ ਪੈਸਾ ਫਾਲਤੂ ਕੰਮਾਂ ਜਾਂ ਬੇਲੜੀਆਂ ਬਿਲਡਿੰਗ ਉਸਾਰੀਆਂ ਅਤੇ ਸਾਧਾਂ ਦੀਆਂ ਬਰਸੀਆਂ ਮਨਾਉਣ ਤੇ ਖਰਚੀ ਜਾ ਰਹੇ ਹਨ।
ਯਾਦ ਰੱਖੋ ਸਿੱਖ ਧਰਮ ਦੇ ਇਹ ਕੰਨਸੈਪਟ ਹਨ-ਇੱਕ ਅਕਾਲ ਪੁਰਖ, ਇੱਕ ਸ਼ਬਦ ਗੁਰੂ, ਇੱਕ ਰਹਿਤ ਮਰਯਾਦਾ, ਧਰਮ ਵਿਦਿਆ ਦੇ ਸਕੂਲ ਗੁਰਦੁਆਰੇ, ਸੰਗਤ-ਪੰਗਤ, ਸੰਤ ਸਿਪਾਹੀ, ਕਿਰਤ ਕਰੋ, ਵੰਡ ਛੱਕੋ ਅਤੇ ਨਾਮ ਜਪੋ। ਇਸ ਲਈ ਡੇਰੇਦਾਰ ਸਾਧ ਸੰਪ੍ਰਦਾਈਆਂ ਦਾ ਸਿੱਖੀ ਵਿੱਚ ਕੋਈ ਕੰਨਸੈਪਟ ਨਹੀਂ ਪਰ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵੋਟਾਂ ਖਾਤਰ ਡੇਰੇਦਾਰਾਂ ਦੇ ਅੱਗੇ ਪਿੱਛੇ ਭੱਜੇ ਫਿਰਦੇ ਜਰਾ ਵੀ ਸ਼ਰਮ ਨਹੀਂ ਕਰ ਰਹੇ।
ਅਖੀਰ ਤੇ ਦਰਦ ਭਰੀ ਅਪੀਲ ਕਰਦਾ ਹਾਂ ਕਿ ਜਿਹੜੇ ਵੀ ਸਿੱਖ, ਜਥੇਬੰਦੀਆਂ, ਮਿਸ਼ਨਰੀ ਕਾਲਜ ਅਤੇ ਪੰਥ ਦਰਦੀ ਇੱਕ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਨ ਭਰੋਸਾ ਰੱਖਦੇ ਹਨ, ਮਿਲਜੁਲ ਕੇ ਆਪਸੀ ਤਾਲਮੇਲ ਰੱਖਣ ਅਤੇ ਗੁਰਦੁਆਰਾ ਪ੍ਰਬੰਧਕ ਕਮੇਟਿਆਂ ਨਾਲ ਸੁਹਿਰਦ ਰਾਬਤਾ ਪੈਦਾ ਕਰਕੇ, ਗੁਰਦੁਆਰਿਆਂ ਵਿੱਚ ਇੱਕਸਾਰ ਮਰਯਾਦਾ ਲਾਗੂ ਕਰਵਾ ਦੇਣ, ਘੱਟੋ ਘੱਟ ਡੇਰੇਦਾਰਾਂ ਨੂੰ ਗੁਰਦੁਆਰਿਆਂ ਦੀਆਂ ਸਟੇਜਾਂ ਤੇ ਨਾਂ ਬੁਲਾਉਣ ਤਾਂ ਅਖੌਤੀ ਡੇਰਾਵਾਦ ਤੇ ਨੱਥ ਪਾਈ ਜਾ ਸਕਦੀ ਹੈ। ਸਿੱਖ ਸੰਗਤੋ ਜਾਗੋ! ਗੁਰਬਾਣੀ ਦਾ ਪਾਠ, ਕੀਰਤਨ ਅਤੇ ਵਿਚਾਰ ਆਪ ਕਰਨ ਦਾ ਅਭਿਆਸ ਕਰਕੇ ਜੀਵਨ ਵਿੱਚ ਧਾਰਨ ਕਰੋ, ਸਾਧਾਂ ਦੀ ਥਾਂ ਕਿਰਤ ਕਮਾਈ ਨੂੰ ਗੁਰਮਤਿ ਪ੍ਰਚਾਰ, ਵਿਦਿਆ ਆਦਿਕ ਲੋਕ ਭਲਾਈ ਦੇ ਕਾਰਜਾਂ ਲਈ ਵਰਤੋ ਤਾਂ ਭੇਖੀ ਸਾਧ-ਸੰਤ ਅਤੇ ਅਖੌਤੀ ਬ੍ਰਹਮ ਗਿਆਨੀ ਡੇਰੇਦਾਰ ਸੰਪ੍ਰਦਾਈ ਸਿੱਖੀ ਦੇ ਵਿਹੜੇ ਵਿੱਚੋਂ ਨਿਕਲ ਜਾਣਗੇ ਜਾਂ ਬੰਦੇ ਬਣਕੇ ਗੁਰਮਤਿ ਧਾਰਨ ਕਰ ਲੈਣਗੇ। ਇਹ ਕੁਝ ਨੁਕਤੇ ਹਨ ਭੇਖੀ ਡੇਰੇਦਾਰ ਸਾਧਾਂ ਦੇ ਭਰਮਜਾਲ ਤੋਂ ਸਿੱਖ ਸੰਗਤਾਂ ਨੂੰ ਸਦਾ ਲਈ ਛੁਟਕਾਰਾ ਪਾਉਣ ਦੇ। ਆਸ ਕਰਦਾ ਹਾਂ ਕਿ ਸਿੱਖ ਸੰਗਤਾਂ, ਪ੍ਰਬੰਧਕ ਜਨ ਅਤੇ ਪੰਥਕ ਜਥੇਬੰਦੀਆਂ ਇਧਰ ਵੀ ਗੌਰ ਕਰਨਗੀਆਂ!
ਅਵਤਾਰ ਸਿੰਘ ਮਿਸ਼ਨਰੀ (5104325827)
( ਵੀਰ ਜੀ , ਤੁਹਾਡੀ ਫੋਟੋ ਵੀ ਅਜਿਹੇ ਹੀ ਇਕ ਡੇਰੇ ਵਿਚ , ਸਿੱਖਾਂ ਦੇ ਸਵਾਲਾਂ ਤੋਂ ਭਗੌੜਿਆਂ ਦੇ ਨਾਲ ਵੇਖ ਕੇ , ਦਿਲੀ ਦੁੱਖ ਹੋਇਆ ਹੈ ,ਅਮਰ ਜੀਤ ਸਿੰਘ ਚੰਦੀ )