ਸਿੱਖੀ ਅਤੇ ਇਸ ਦੇ ਸਿਧਾਂਤ! (ਭਾਗ 10)
ਮਿਤ ਕਾ ਚਿਤੁ ਅਨੂਪੁ ਮਰੰਮੁ ਨ ਜਾਨੀਐ ॥
ਗਾਹਕ ਗੁਨੀ ਅਪਾਰ ਸੁ ਤਤੁ ਪਛਾਨੀਐ ॥
ਚਿਤਹਿ ਚਿਤੁ ਸਮਾਇ ਤ ਹੋਵੈ ਰੰਗੁ ਘਨਾ ॥
ਹਰਿਹਾਂ ਚੰਚਲ ਚੋਰਹਿ ਮਾਰਿ ਤ ਪਾਵਹਿ ਸਚੁ ਧਨਾ ॥12॥
ਅਰਥ:- ਹੇ ਭਾਈ, ਮਿਤਰ ਪ੍ਰਭੂ ਦਾ ਚਿੱਤ ਅੱਤਿ ਸੋਹਣਾ ਹੈ, ਉਸ ਦਾ ਭੇਤ ਨਹੀਂ ਜਾਣਿਆ ਜਾ ਸਕਦਾ । ਪਰ ਉਸ ਬੇਅੰਤ ਪ੍ਰਭੂ ਦੇ ਗੁਣਾਂ ਦੇ ਗਾਹਕ ਸਤਸੰਗੀਆਂ ਦੀ ਰਾਹੀਂ ਉਹ ਭੇਤ ਸਮਝ ਲਈਦਾ ਹੈ।ਉਹ ਭੇਤ ਇਹ ਹੈ ਕਿ, ਜੇ ਉਸ ਪਰਮਾਤਮਾ ਦੇ ਚਿੱਤ ਵਿਚ, ਮਨੁੱਖ ਦਾ ਚਿੱਤ ਲੀਨ ਹੋ ਜਾਏ ਤਾਂ, ਮਨੁੱਖ ਦੇ ਅੰਦਰ ਬਹੁਤ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ। ਸੋ ਹੇ ਭਾਈ, ਜੇ ਤੂੰ ਪ੍ਰਭੂ ਦੇ ਚਿੱਤ ਵਿਚ ਲੀਨ ਕਰ ਕੇ, ਇਸ ਸਦਾ ਭਟਕਦੇ, ਚੋਰ ਮਨ, ਨੂੰ ਚੰਚਲਤਾ ਵਲੋਂ ਮਾਰ ਲਵੇਂ, ਤਾਂ ਤੂੰ ਸਦਾ ਕਾਇਮ ਰਹਣ ਵਾਲਾ ਨਾਮ-ਧਨ ਹਾਸਲ ਕਰ ਲਵੇਂਗਾ।12।
ਸੁਪਨੈ ਊਭੀ ਭਈ ਗਹਿਓ ਕੀ ਨ ਅੰਚਲਾ ॥
ਸੁੰਦਰ ਪੁਰਖ ਬਿਰਾਜਿਤ ਪੇਖਿ ਮਨੁ ਬੰਚਲਾ ॥
ਖੋਜਉ ਤਾ ਕੇ ਚਰਣ ਕਹਹੁ ਕਤ ਪਾਈਐ ॥
ਹਰਿਹਾਂ ਸੋਈ ਜਤੰਨੁ ਬਤਾਇ ਸਖੀ ਪ੍ਰਿਉ ਪਾਈਐ ॥13॥
ਅਰਥ:- ਹੇ ਸਹੇਲੀਏ, ਸੁਪਨੇ ਵਿਚ ਪ੍ਰਭੂ-ਪਤੀ ਨੂੰ ਵੇਖ ਕੇ ਮੈਂ ਉੱਠ ਖਲੋਤੀ, ਪਰ ਮੈਂ ਉਸ ਦਾ ਪੱਲਾ ਨਾ ਫੜ ਸਕੀ। ਮੈਂ ਉਸ ਦਾ ਪੱਲਾ ਕਿਉਂ ਨਾ ਫੜਿਆ ? ਇਸ ਵਾਸਤੇ ਨਾ ਫੜ ਸਕੀ ਕਿ ਉਸ ਸੋਹਣੇ, ਦਗ-ਦਗ ਕਰਦੇ, ਪ੍ਰਭੂ-ਪਤੀ ਨੂੰ ਵੇਖ ਕੇ ਮੇਰਾ ਮਨ ਮੋਹਿਆ ਗਿਆ, ਮੈਨੂੰ ਆਪਣੇ-ਆਪ ਦੀ ਹੋਸ਼ ਹੀ ਨਾ ਰਹੀ। ਹੁਣ ਮੈਂ ਉਸ ਦੇ ਕਦਮਾਂ ਦੀ ਖੋਜ ਕਰਦੀ ਫਿਰਦੀ ਹਾਂ। ਦੱਸੋ, ਹੇ ਸਹੇਲੀਏ, ਉਹ ਕਿਵੇਂ ਮਿਲੇ? ਹੇ ਸਹੇਲੀਏ, ਮੈਨੂੰ ਉਹ ਜਤਨ ਦੱਸ, ਜਿਸ ਨਾਲ ਉਹ ਪਿਆਰਾ ਮਿਲ ਪਵੇ।13।
ਨੈਣ ਨ ਦੇਖਹਿ ਸਾਧ ਸਿ ਨੈਣ ਬਿਹਾਲਿਆ ॥
ਕਰਨ ਨ ਸੁਨਹੀ ਨਾਦੁ ਕਰਨ ਮੁੰਦਿ ਘਾਲਿਆ ॥
ਰਸਨਾ ਜਪੈ ਨ ਨਾਮੁ ਤਿਲੁ ਤਿਲੁ ਕਰਿ ਕਟੀਐ ॥
ਹਰਿਹਾਂ ਜਬ ਬਿਸਰੈ ਗੋਬਿਦ ਰਾਇ ਦਿਨੋ ਦਿਨ ਘਟੀਐ ॥14॥
ਅਰਥ:- ਹੇ ਸਹੇਲੀਏ, ਜਿਹੜੀਆਂ ਅੱਖਾਂ, ਸਤਸੰਗੀਆਂ ਦੇ ਦਰਸ਼ਨ ਨਹੀਂ ਕਰਦੀਆਂ, ਉਹ ਅੱਖਾਂ, ਦੁਨੀਆ ਦੇ ਪਦਾਰਥਾਂ ਅਤੇ ਰੂਪ ਨੂੰ ਤੱਕ ਤੱਕ ਕੇ, ਬੇ-ਹਾਲ ਹੋਈਆਂ ਰਹਿੰਦੀਆਂ ਹਨ। ਜਿਹੜੇ ਕੰਨ ਪਰਮਾਤ ਮਾ ਦੀ ਸਿਫਤ-ਸਾਲਾਹ ਨਹੀਂ ਸੁਣਦੇ, ਉਹ ਕੰਨ, ਆਤਮਕ ਆਨੰਦ ਦੀ ਧੁਨੀ ਸੁਣਨ ਵਲੋਂ ਬੰਦ ਕੀਤੇ ਪਏ ਹਨ। ਜਿਹੜੀ ਜੀਭ ਪਰਮਾਤਮਾ ਦਾ ਨਾਮ ਨਹੀਂ ਜਪਦੀ, ਉਹ ਜੀਭ ਸੰਸਾਰ ਦੇ ਝਮੇਲਿਆਂ ਦੀਆਂ ਗੱਲਾਂ ਅਤੇ ਨਿੰਦਾ ਦੀ ਕੈਂਚੀ ਨਾਲ ਹਰ ਪਲ ਕੱਟੀ ਜਾ ਰਹੀ ਹੈ। ਹੇ ਸਹੇਲੀਏ, ਜਦੋਂ ਪ੍ਰਭੂ-ਪਾਤਸ਼ਾਹ ਦੀ ਯਾਦ ਭੁੱਲ ਜਾਏ, ਤਦੋਂ ਦਿਨੋ-ਦਿਨ, ਆਤਮਕ ਜੀਵਨ ਵਲੋਂ ਕਮਜ਼ੋਰ ਹੋਂਦੇ ਜਾਈਦਾ ਹੈ।
ਸੋ ਹੇ ਸਹੇਲੀਏ, ਸਾਧ-ਸੰਗਤ ਵਿਚ ਪ੍ਰਭੂ ਦੀ ਸਿਫਤ-ਸਾਲਾਹ ਸੁਣਦੇ ਰਹਣਾ ਅਤੇ ਮਨ ਵਿਚ ਉਸ ਨੂੰ ਯਾਦ ਰੱਖਣਾ, ਇਹੀ ਹੈ ਜਤਨ ਉਸ ਨੂੰ ਲੱਭ ਸਕਣ ਦਾ।
ਅਮਰ ਜੀਤ ਸਿੰਘ ਚੰਦੀ (ਚਲਦਾ)