ਸਿੱਖੀ ਅਤੇ ਇਸ ਦੇ ਸਿਧਾਂਤ! (ਭਾਗ 11)
ਗੱਲ ਸ਼ੁਰੂ ਏਥੋਂ ਹੁੰਦੀ ਹੈ ਕਿ ਗੁਰਬਾਣੀ ਨੂੰ ਅਕਲ ਨਾਲ ਸਮਝਿਆ ਜਾਵੇ।
ਕੌਣ ਸਮਝੇ ? ਅਤੇ ਕੌਣ ਸਮਝਾਵੇ ?
ਇਸ ਵਿਚਲੀਆਂ ਔਕੜਾਂ ?
ਉਚਾਰਣ,
ਅੱਜ ਤਕ ਤਾਂ ਸਾਡੇ ਵਿਦਵਾਨ ਇਸ ਵਿਚ ਹੀ ਫਸੇ ਹੋਏ ਹਨ ਕਿ " ੴ " ਦਾ ਉਚਾਰਣ ਕੀ ਹੈ ? ਜਦ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਅੱਖਰ ਤੇ ਹੀ ਅਟਕੇ ਹੋਏ ਹਾਂ, ਤਾਂ ਪੂਰੇ "ਗੁਰੂ ਗ੍ਰੰਥ ਸਾਹਿਬ" ਬਾਰੇ ਕੀ ਆਖਿਆ ਜਾ ਸਕਦਾ ਹੈ ?
ਇਵੇਂ ਹੀ ਸੈਂਕੜੇ ਸੰਸਥਾਵਾਂ ਹਨ, ਜਿਨ੍ਹਾਂ ਦਾ ਉਚਾਰਨ ਅਲੱਗ ਅਲੱਗ ਹੈ, ਅਰਥ ਅਲੱਗ ਅਲੱਗ ਹਨ, ਏਥੋਂ ਤੱਕ ਪੰਜ ਪਿਆਰਿਆਂ ਵਲੋਂ ਖੰਡੇ ਬਾਟੇ ਦੀ ਪਾਹੁਲ ਵੇਲੇ, ਦੱਸੀਆਂ ਜਾਂਦੀਆਂ ਰਹਿਤਾਂ, ਕੁਰਹਿਤਾਂ ਅਤੇ ਬੱਜਰ ਕੁਰਹਿਤਾਂ ਵੀ ਅਲੱਗ ਅਲੱਗ ਹਨ, ਹਰ ਡੇਰੇਦਾਰ ਦੇ ਅਲੱਗ ਅਲੱਗ ਪੱਕੇ ਅਤੇ ਤੰਨਖਾਹੀ ਪੰਜ ਪਿਆਰੇ ਹਨ, ਇਸ ਬਾਰੇ ਜਵਾਬ-ਦੇਹ ਕੌਣ ਹੈ ?
ਜੇ ਵਿਚਾਰਿਆ ਜਾਵੇ ਤਾਂ ਇਸ ਬਾਰੇ ਜ਼ਿਮੇਦਾਰੀ "ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ" ਦੀ ਮੰਨੀ ਜਾ ਸਕਦੀ ਹੈ । ਪਰ ਸ਼੍ਰੋਮਣੀ ਕਮੇਟੀ ਦਾ ਇੰਤਜ਼ਾਮ ਕਿਸ ਦੇ ਹੱਥ ਵਿਚ ਹੈ ? ਏਥੇ ਅਪੜ ਕੇ ਹੀ ਬੰਦਾ ਉਲਝ ਜਾਂਦਾ ਹੈ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ। ਛੋਟੇ ਪ੍ਰਧਾਨ ਹਨ। ਜਨਰਲ ਸਕੱਤ੍ਰ ਹੈ ਅਤੇ ਛੋਟੇ ਸਕੱਤ੍ਰ ਹਨ।
ਇਨ੍ਹਾਂ ਵਿਚੋਂ ਸਭ ਤੋਂ ਵੱਡਾ ਕੌਣ ਹੈ ?
ਆਉ ਪਹਿਲਾਂ ਇਹ ਹੀ ਲੱਭ ਲਈਏ। ਛੋਟੇ ਸਕੱਤ੍ਰਾਂ ਤੋਂ ਉਪਰ ਜਨਰਲ ਸਕੱਤ੍ਰ , ਪਰ ਅੱਜ-ਕਲ ਜਨਰਲ ਦਕੱਤ੍ਰ ਤੋਂ ਉਪਰ ਵੀ ਹੋਰ ਸਕੱਤ੍ਰ ਰੱਖਣ ਦਾ ਰਿਵਾਜ ਪੈ ਗਿਆ ਹੈ, ਇਨ੍ਹਾਂ ਨੂੰ ਰੱਖਣ ਦਾ ਅਧਿਕਾਰ ਕਿਸ ਨੂੰ ਹੈ ? ਕੀ ਇਸ ਬਾਰੇ ਕੋਈ ਮਤਾ ਜਨਰਲ ਇਜਲਾਸ ਵਿਚ ਪਾਸ ਹੋਇਆ ਹੈ, ਕੁਝ ਨਹੀਂ ਕਿਹਾ ਜਾ ਸਕਦਾ। ਕਹਣ ਨੂੰ ਤਾਂ ਪਰਧਾਨ ਵੀ ਹੈ, ਉਸ ਦਾ ਅਧਿਕਾਰ ਕੀ ਹੈ? ਇਹ ਵੀ ਕਿਸੇ ਨੂੰ ਨਹੀਂ ਪਤਾ। ਇਨ੍ਹਾਂ ਤੋਂ ਇਲਾਵਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਹੈ, ਪਰ ਉਸ ਦਾ ਕੰਮ ਕੀ ਹੈ ? ਇਸ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ । ਉਸ ਤੋਂ ਇਲਾਵਾ ਸੈਂਕੜੇ 'ਸਿੰਘ ਸਾਹਿਬ' ਵੀ ਹਨ, ਉਹ ਕਿਹੜੇ ਸਿੰਘਾਂ ਦੇ ਸਾਹਿਬ ਹਨ ? ਇਹ ਵੀ ਕਿਸੇ ਨੂੰ ਨਹੀਂ ਪਤਾ। ਇਨ੍ਹਾਂ ਤੋਂ ਉਪਰ ਵੀ ਕੁਝ ਸਾਹਿਬ ਹਨ, ਜਿਨ੍ਹਾਂ ਦਾ ਕਿਹਾ, ਕੋਈ ਨਹੀਂ ਟਾਲ ਸਕਦਾ। ਉਨ੍ਹਾਂ ਦੇ ਲਫਾਫਿਆਂ ਵਿਚੋਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਕਲਦਾ ਹੈ, ਜਿਸ ਦਾ ਹੁਕਮ ਸਰਕਾਰ ਦੀ ਅਲੋਚਨਾ ਕਰਨ ਵਾਲਿਆਂ ਤੇ ਚਲਦਾ ਹੈ, ਜੋ ਅਕਸਰ ਡੇਰੇਦਾਰਾਂ ਕੋਲੋਂ ਨਜ਼ਰਾਨੇ ਲੈ ਕੇ, ਉਨ੍ਹਾਂ ਦਾ ਪੱਖ ਪੂਰਦਾ ਰਹਿੰਦਾ ਹੈ। ਉਨ੍ਹਾਂ ਸਾਹਿਬਾਂ ਦੇ ਲਫਾਫੇ ਵਿਚੋਂ ਹੀ ਪਰਧਾਨ ਨਿਕਲਦਾ ਹੈ, ਜਿਸ ਦਾ ਰੁਤਬਾ ਉਨ੍ਹਾਂ ਸਾਮ੍ਹਣੇ ਚਪੜਾਸੀ ਤੋਂ ਵੱਧ ਨਹੀਂ ਹੁੰਦਾ। ਉਨ੍ਹਾਂ ਦੇ ਹੱਥ ਵਿਚ ਹੈ ਕਿ ਉਹ ਦੋ ਕ੍ਰੋੜ ਰੁਪਏੇ ਵਿਚ ਬਣਦੀ ਸਟੇਜ ਦੇ ਬਾਰਾਂ ਕ੍ਰੋੜ ਦੇ ਦੇਣ, ਉਨ੍ਹਾਂ ਦੇ ਲਾਡਲੇ ਇਸ ਚੀਜ਼ ਦੇ ਵੀ ਜਵਾਬਦੇਹ ਨਹੀਂ ਹਨ ਕਿ ਉਨ੍ਹਾਂ ਦੀ ਨਗਰਾਨੀ ਵਿਚ ਛਪਦੀਆਂ "ਗੁਰੂ ਗ੍ਰੰਥ ਸਾਹਿਬ" ਦੀਆਂ ਸੈੰਕੜੇ ਬੀੜਾਂ ਕਿੱਥੇ ਗਈਆਂ ? 1984 ਵਿਚ ਦਰਬਾਰ ਸਾਹਿਬ ਚੋਂ ਜੋ ਸਮਾਨ , ਫੌਜ ਚੁਕ ਕੇ ਲੈ ਗਈ ਸੀ, ਉਹ ਸਮਾਨ ਕਿੱਥੇ ਗਿਆ ?, ਜਦ ਕਿ ਫੌਜ ਦੇ ਕਹੇ ਮੁਤਾਬਕ ਉਹ ਸਮਾਨ ਸ਼੍ਰੋਮਣੀ ਕਮੇਟੀ ਦੇ ਜ਼ਿਮੇਵਾਰ ਮੁਲਾਜ਼ਮਾਂ ਨੂੰ ਦੇ ਗਏ ਸਨ, ਉਨ੍ਹਾਂ ਦੇ ਨਾਮ ਅਤੇ ਦਸਖਤ ਫੌਜ ਦੇ ਅਧਿਕਾਰੀਆਂ ਕੋਲ ਹਨ, ਪਰ ਅੱਜ ਤਾਈਂ ਸੰਗਤ ਨੂੰ ਕੁਝ ਵੀ ਨਹੀਂ ਦੱਸਿਆ ਗਿਆ , ਜਦ ਕਿ ਇਹ ਗੱਲ ਜ਼ਰੂਰ ਹਵਾ ਵਿਚ ਹੈ ਕਿ ਉਸ ਸਮਾਨ ਵਿਚਲੀਆਂ ਦੁਰਲੱਭ ਇਤਿਹਾਸਿਕ ਬੀੜਾਂ ਵਿਦੇਸ਼ਾਂ ਵਿਚ ਲੱਖਾਂ ਰੁਪਏ ਦੇ ਹਿਸਾਬ ਵਿਕ ਗਈਆਂ ਹਨ। ਕੋਈ ਪੁੱਛਣ ਵਾਲਾ ਨਹੀਂ ਕੋਈ ਦੱਸਣ ਵਾਲਾ ਨਹੀਂ । ਗੁਰਦਵਾਰਿਆਂ ਦੀ ਹਜ਼ਾਰਾਂ ਏਕੜ ਜ਼ਮੀਨ ਨੇਤਿਆਂ ਨੇ ਟਰੱਸਟ ਬਣਾ ਕੇ ਉਨ੍ਹਾਂ ਟ੍ਰੱਸਟਾਂ ਦੀ ਆੜ ਵਿਚ ਨੱਪੀ ਹੋਈ ਹੈ। ਹਰ ਸਾਲ ਗੁਰਦਵਾਰਿਆਂ ਦੇ ਕ੍ਰੋੜਾਂ ਰੁਪਏ ਪ੍ਰਬੰਧਕ ਹਜ਼ਮ ਕਰ ਜਾਂਦੇ ਹਨ, ਗਰੀਬ ਸਿੱਖ ਗਰੀਬੀ ਦੇ ਦੁਖੋਂ ਖੁਦ-ਕੁਸ਼ੀਆਂ ਕਰਦੇ ਹਨ ।
ਹਰ ਪਲ ਸਿੱਖੀ ਦਾ ਨਜ਼ਾਮ ਵਿਗੜਦਾ ਜਾ ਰਿਹਾ ਹੈ, ਇਸ ਨੂੰ ਕੌਣ ਸਵਾਰੇਗਾ ?
ਹੈ ਕਿਸੇ ਕੋਲ ਕੋਈ ਜਵਾਬ ?
ਜੇ ਨਹੀਂ ਤਾਂ ਸੱਖ ਕਿਸ ਉਡੀਕ ਵਿਚ ਜਿਊਂਦੇ ਹਨ?
ਅਮਰ ਜੀਤ ਸਿੰਘ ਚੰਦੀ (ਚਲਦਾ)