ਸਿੱਖੀ ਵਿਚ ਭਗਉਤੀ ਦੀ ਬਹੁਤ ਵੱਡੀ ਘੁਸ-ਪੈਠ ਹੋ ਚੁੱਕੀ ਹੈ, ਏਥੋਂ ਤੱਕ ਕਿ ਅਰਦਾਸ ਵਿਚ ਸਭ ਤੋਂ
ਪਹਿਲਾਂ ਤਿੰਨ ਵਾਰ ਭਗਉਤੀ ਅੱਗੇ ਬੇਨਤੀ ਕੀਤੀ ਜਾਂਦੀ ਹੈ,
1, ਸ੍ਰੀ ਭਗੌਤੀ ਜੀ ਸਹਾਇ ।
2, ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ 10 ।
3, ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈ ਧਿਆਇ ।
ਸਭ ਤੋਂ ਪਹਿਲੀ ਗਲ ਇਹ ਜਾਨਣ ਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਚਾਰ/ਪੰਜ ਵਾਰੀ ਭਗਉਤੀ ਅੱਖਰ ਦੀ ਵਰਤੋਂ ਹੋਈ ਹੈ, ਉਸ ਵਿਚ ਕਿਤੇ ਵੀ , ਭਗੌਤੀ ਅੱਖਰ ਨਹੀਂ ਵਰਤਿਆ ਗਿਆ ।
ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਵੀ ਭਗਉਤੀ ਅੱਖਰ ਵਰਤ ਕੇ, ਉਸ ਦੇ ਅਰਥ ਭਗਤ ਹੀ ਕੀਤੇ ਹਨ, ਨਾਲ ਹੀ ਭਗੌਤੀ ਅੱਖਰ ਵਰਤ ਕੇ, ਉਸ ਦੇ ਅਰਥ ਵੀ ਗੋਲ-ਮੋਲ ਹੀ ਕੀਤੇ ਹਨ । ਕਿਉਂ ਜੋ ਗੱਲ ਸਿੱਖਾਂ ਦੀ ਹੋ ਰਹੀ ਹੈ, ਅਤੇ ਸਿੱਖਾਂ ਦਾ ਸਿੱਧਾ ਸਬੰਧ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੈ, ਇਸ ਲਈ ਅਸੀਂ ਭਗਉਤੀ ਅੱਖਰ ਨੂੰ ਹੀ ਮਾਨਤਾ ਦਿੰਦੇ ਹੋਏ, ਉਸ ਬਾਰੇ ਹੀ ਵਿਚਾਰ ਕਰਾਂਗੇ ।
ਗੁਰੂ ਗ੍ਰੰਥ ਸਾਹਿਬ ਜੀ ਦੇ 71 ਅੰਕ ਤੇ,
ਭਗਉਤੀ ਰਹਤ ਜੁਗਤਾ ॥ ਜੋਗੀ ਕਹਤ ਮੁਕਤਾ ॥ ਤਪਸੀ ਤਪਹਿ ਰਾਤਾ ॥2॥ (71)
ਅਰਥ:- ਵਿਸ਼ਨੂ ਦੇ ਭਗਤ, ਵਰਤ, ਤੁਲਸੀ, ਮਾਲਾ, ਤੀਰਥ ਇਸ਼ਨਾਨ ਆਦਿ ਸੰਜਮਾਂ ਵਿਚ ਹੀ ਰੁੱਝੇ ਰਹਿੰਦੇ ਹਨ । ਜੋਗੀ ਆਖਦੇ ਹਨ, ਅਸੀਂ ਮੁਕਤ ਹੋ ਗਏ ਹਾਂ । ਤਪ ਕਰਨ ਵਾਲੇ ਸਾਧੂ, ਤਪ ਕਰਨ ਵਿਚ ਹੀ ਮਸਤ ਰਹਿੰਦੇ ਹਨ। ਜ਼ਾਹਰਾ ਜਿਹੀ ਗੱਲ ਹੈ ਕਿ ਗੁਰੂ ਸਾਹਿਬ ਨੇ ਇਨ੍ਹਾਂ ਲੋਕਾਂ ਦੀ ਕੋਈ ਵਡਿਆਈ ਨਹੀਂ ਕੀਤੀ ।
ਗੁਰੂ ਗ੍ਰੰਥ ਸਾਹਿਬ ਜੀ ਦੇ 88 ਅੰਕ ਤੇ,
ਸੋ ਭਗਉਤੀ ਜੋੁ ਭਗਵੰਤੈ ਜਾਣੈ ॥ ਗੁਰ ਪਰਸਾਦੀ ਆਪੁ ਪਛਾਣੈ ॥
ਧਾਵਤੁ ਰਾਖੈ ਇਕਤੁ ਘਰਿ ਆਣੈ ਜੀਵਤੁ ਮਰੈ ਹਰਿ ਨਾਮੁ ਵਖਾਣੈ ॥
ਐਸਾ ਭਗਉਤੀ ਉਤਮੁ ਹੋਇ ॥ ਨਾਨਕ ਸਚਿ ਸਮਾਵੈ ਸੋਇ ॥2॥
ਅਰਥ:- ਵਿਸ਼ਨੂ ਦਾ ਉਹ ਭਗਤ ਸੱਚਾ ਹੈ, ਜੋ ਪ੍ਰਭੂ ਨੂੰ ਜਾਣਦਾ ਹੈ, ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਆਪਣੇ ਆਪ ਨੂੰ ਪਛਾਣਦਾ ਹੈ, ਭਟਕਦੇ ਮਨ ਨੂੰ ਸਾਂਭ ਕੇ ਇਕ ਟਿਕਾਣੇ ਤੇ ਲਿਆਉਂਦਾ ਹੈ। ਸੰਸਾਰ ਵਿਚ ਵਿਚਰਦਾ ਹੋਇਆ ਵੀ, ਮਾਇਆ ਦੇ ਮੋਹ ਤੋਂ ਬਚ ਕੇ ਪ੍ਰਭੂ ਦੀ ਰਜ਼ਾ ਵਿਚ ਚਲਦਾ ਹੈ, ਅਜਿਹਾ ਭਗਉਤੀ ਉੱਤਮ ਹੈ।
ਹੇ ਨਾਨਕ, ਉਹ ਭਗਤ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ।2।
ਏਥੇ ਉਸ ਭਗਉਤੀ ਦੀ ਵਡਿਆਈ ਕੀਤੀ ਹੈ, ਜੋ ਸ਼ਬਦ ਗੁਰੂ ਦੀ ਸਿਖਿਆ ਅਨੁਸਾਨ ਪ੍ਰਭੂ ਦੀ ਰਜ਼ਾ ਵਿਚ ਚਲਦਾ ਹੈ। ਅਜਿਹੇ ਭਗਉਤੀ ਦਾ ਥਾਂ ਵੀ ਕਿਸੇ ਹਾਲਤ ਵਿਚ ਵੀ ਗੁਰੂ ਤੋਂ ਪਹਿਲਾਂ ਨਹੀਂ ਹੋ ਸਕਦਾ।
ਗੁਰੂ ਗ੍ਰੰਥ ਸਾਹਿਬ ਜੀ ਦੇ 274 ਅੰਕ ਤੇ 3 ਨੰਬਰ ਦੀ ਪੂਰੀ ਅਸਟਪਦੀ ਹੀ ਭਗਉਤੀ ਬਾਰੇ ਹੈ,
ਭਗਉਤੀ ਭਗਵੰਤ ਭਗਤਿ ਕਾ ਰੰਗੁ ॥ ਸਗਲ ਤਿਆਗੈ ਦੁਸਟ ਕਾ ਸੰਗੁ ॥
ਮਨ ਤੇ ਬਿਨਸੈ ਸਗਲਾ ਭਰਮੁ ॥ ਕਰਿ ਪੂਜੈ ਸਗਲ ਪਾਰ ਬ੍ਰਹਮੁ ॥
ਸਾਧਸੰਗਿ ਪਾਪਾ ਮਲੁ ਖੋਵੈ ॥ ਤਿਸ ਭਗਉਤੀ ਕੀ ਮਤਿ ਊਤਮ ਹੋਵੈ ॥
ਭਗਵੰਤ ਕੀ ਟਹਲ ਕਰੈ ਨਿਤ ਨੀਤਿ ॥ ਮਨੁ ਤਨੁ ਅਰਪੈ ਬਿਸਨ ਪ੍ਰੀਤਿ ॥
ਹਰਿ ਕੇ ਚਰਨ ਹਿਰਦੈ ਬਸਾਵੈ ॥ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥3॥
ਅਰਥ:-
ਭਗਉਤੀ ਭਗਵੰਤ ਭਗਤਿ ਕਾ ਰੰਗੁ ॥ ਸਗਲ ਤਿਆਗੈ ਦੁਸਟ ਕਾ ਸੰਗੁ ॥
ਭਗਵਾਨ ਦਾ ਅਸਲੀ ਭਗਤ ਉਹ ਹੈ ਜਿਸ ਦੇ ਹਿਰਦੇ ਵਿਚ ਭਗਵਾਨ ਦੀ ਭਗਤੀ ਦਾ ਪਿਆਰ ਹੈ, ਤੇ ਜੋ ਸਭ ਮੰਦ ਕਰਮੀਆਂ ਦਾ ਸਾਥ ਛੱਡ ਦੇਂਦਾ ਹੈ।
ਮਨ ਤੇ ਬਿਨਸੈ ਸਗਲਾ ਭਰਮੁ ॥ ਕਰਿ ਪੂਜੈ ਸਗਲ ਪਾਰ ਬ੍ਰਹਮੁ ॥
ਜਿਸ ਦੇ ਹਿਰਦੇ ਵਿਚੋਂ ਸਭ ਤਰ੍ਹਾਂ ਦਾ ਵਹਿਮ ਮਿਟ ਜਾਂਦਾ ਹੈ, ਜੋ ਅਕਾਲ-ਪੁਰਖ ਨੂੰ ਹਰ ਥਾਂ ਮੌਜੂਦ ਜਾਣ ਕੇ ਪੂਜਦਾ ਹੈ।
ਸਾਧਸੰਗਿ ਪਾਪਾ ਮਲੁ ਖੋਵੈ ॥ ਤਿਸ ਭਗਉਤੀ ਕੀ ਮਤਿ ਊਤਮ ਹੋਵੈ ॥
ਉਸ ਭਗਉਤੀ ਦੀ ਮੱਤ ਉੱਚੀ ਹੁੰਦੀ ਹੈ, ਜੋ ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ, ਮਨ ਤੋਂ ਪਾਪਾਂ ਦੀ ਮੈਲ ਦੂਰ ਕਰਦਾ ਹੈ।
ਭਗਵੰਤ ਕੀ ਟਹਲ ਕਰੈ ਨਿਤ ਨੀਤਿ ॥ ਮਨੁ ਤਨੁ ਅਰਪੈ ਬਿਸਨ ਪ੍ਰੀਤਿ ॥
ਜੋ ਨਿੱਤ ਭਗਵਾਨ ਦਾ ਸਿਮਰਨ ਕਰਦਾ ਹੈ, ਜੋ ਪ੍ਰਭੂ ਪਿਆਰ ਤੇ ਆਪਣਾ ਮਨ ਤੇ ਤਨ ਕੁਰਬਾਨ ਕਰ ਦੇਂਦਾ ਹੈ।
ਹਰਿ ਕੇ ਚਰਨ ਹਿਰਦੈ ਬਸਾਵੈ ॥ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥3॥
ਜੋ ਪਰਮਾਤਮਾ ਦੀ ਰਜ਼ਾ, ਨਿਮਰਤਾ ਸਹਿਤ ਆਪਣੇ ਮਨ ਵਿਚ ਵਸਾਉਂਦਾ ਹੈ, ਹੇ ਨਾਨਕ ਐਸਾ ਭਗਉਤੀ ਭਗਵਾਨ ਨੂੰ ਲੱਭ ਲੈਂਦਾ ਹੈ।3।
ਆਪਾਂ ਵੇਖਿਆ ਹੈ ਕਿ ਇਸ ਵਿਚ ਕਿਤੇ ਵੀ ਭਗਉਤੀ ਦੀ ਵਡਿਆਈ ਨਹੀਂ ਹੈ, ਸਿਰਫ ਉਸ ਭਗਉਤੀ ਦੀ ਵਡਿਆਈ ਹੈ, ਜੋ ਗੁਰੂ ਦੀ ਸਿਖਿਆ ਅਨੁਸਾਰ, ਪਰਮਾਤਮਾ ਦੀ ਰਜ਼ਾ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਪ੍ਰਭੂ ਨੂੰ ਲੱਭ ਲੈਂਦਾ ਹੈ। ਇਹ ਕੰਮ ਤਾਂ ਜੋ ਵੀ ਕਰੇਗਾ, ਉਸ ਦਾ ਜੀਵਨ ਸਫਲ ਹੋ ਜਾਵੇਗਾ ।
ਅਮਰ ਜੀਤ ਸਿੰਘ ਚੰਦੀ (ਚਲਦਾ)