ਸੁਖਮਨੀ ਸਾਹਿਬ
ਸੁਖਮਨੀ, ਜਿਸ ਨੂੰ ਸੁਖਮਨੀ ਸਾਹਿਬ ਕਿਹਾ ਜਾਂਦਾ ਹੈ, ਜੋ "ਰਾਗੁ ਗਉੜੀ" ਵਿਚ ਹੈ, ਬਾਣੀ ਦਾ ਨਾਮ "ਸੁਖਮਨੀ" ਹੈ। ਪੂਰਾ ਨਾਮ "ਗਉੜੀ ਸੁਖਮਨੀ" ਹੈ। ਸੁਖਮਨੀ ਨਾਮ ਰੱਖਣ ਦਾ ਕਾਰਨ ਰਹਾਉ ਦੀ ਤੁਕ ਦੇ ਇਹ ਬਚਨ ਹਨ
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥
ਭਗਤ ਜਨਾ ਕੈ ਮਨਿ ਬਿਸ੍ਰਾਮ ॥ ਰਹਾਉ ॥
ਇਸ ਪੂਰੀ ਬਾਣੀ ਵਿਚ, ਪਰਮਾਤਮਾ ਦੇ ਜਿਹੜੇ ਗੁਣ ਦੱਸੇ ਹਨ, ਉਨ੍ਹਾਂ ਗੁਣਾਂ ਕਾਰਨ ਹੀ ਪਰਮਾਤਮਾ 'ਸੁਖਾਂ ਦੀ ਮਣੀ' ਹੈ, ਜੋ ਬੰਦਾ ਇਨ੍ਹਾਂ ਗੁਣਾਂ ਦੀ ਵਿਚਾਰ ਕਰਦਾ ਹੈ, ਉਨ੍ਹਾਂ ਅਨੁਸਾਰ ਜ਼ਿੰਦਗੀ ਜਿਊਂਦਾ ਹੈ, ਉਸ ਦੀ ਸੋਭਾ, ਰੱਬ ਦੇ ਦਰਬਾਰ ਵਿਚ ਸਭ ਤੋਂ ਉੱਚੀ, ਵੱਧ ਹੋ ਜਾਂਦੀ ਹੈ।
ਆਉ ਇਸ ਬਾਣੀ ਦੀ ਸਰਲ ਵਿਆਖਿਆ ਕਰੀਏ, ਤਾਂ ਜੋ ਹਰ ਬੰਦਾ ਇਸ ਬਾਣੀ ਤੋਂ ਗੁਰਬਾਣੀ ਅਨੁਸਾਰ ਲਾਹਾ ਲੈ ਸਕੇ।
ਗੁਰਬਾਣੀ ਫੁਰਮਾਨ ਹੈ,
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥1॥
ਬੋਲਹੁ ਭਾਈ ਹਰਿ ਕੀਰਤਿ ਹਰਿ ਭਵਜਲ ਤੀਰਥਿ ॥
ਹਰਿ ਦਰਿ ਤਿਨ ਕੀ ਊਤਮ ਬਾਤ ਹੈ ਸੰਤਹੁ ਹਰਿ ਕਥਾ ਜਿਨ ਜਨਹੁ ਜਾਨੀ ॥ਰਹਾਉ॥ (669)
ਅਰਥ:- ਹੇ ਭਾਈ, ਸੰਸਾਰ-ਸਮੁੰਦਰ ਤੋਂ ਪਾਰ ਲੰਘਾਉਣ ਵਾਲੇ ਤੀਰਥ (ਗੁਰੂ) ਦੀ ਸਰਨ ਪੈ ਕੇ, ਪਰਮਾਤਮਾ ਦੀ ਸਿਫਤ-ਸਾਲਾਹ ਕਰਿਆ ਕਰੋ। ਪਰਮਾਤਮਾ ਦੇ ਦਰ ਤੇ ਉਨ੍ਹਾਂ ਮਨੁੱਖਾਂ ਦੀ ਚੰਗੀ ਸੋਭਾ ਹੁੰਦੀ ਹੈ, ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਸਿਫਤ-ਸਾਲਾਹ ਨਾਲ ਡੂੰਘੀ ਸਾਂਝ ਪਾਈ ਹੈ।ਰਹਾਉ।
ਹੇ ਭਾਈ, ਸੇਵਕ ਅਖਵਾਉਣ ਵਾਲੇ, ਸਿੱਖ ਅਖਵਾਉਣ ਵਾਲੇ, ਸਾਰੇ ਗੁਰੂ ਦੇ ਦਰ ਤੇ, ਪ੍ਰਭੂ ਦੀ ਪੂਜਾ-ਭਗਤੀ ਕਰਨ ਆਉਂਦੇ ਹਨ, ਅਤੇ ਪਰਮਾਤਮਾ ਦੀ ਸਿਫਤ-ਸਾਲਾਹ ਨਾਲ ਭਰਪੂਰ ਸ੍ਰੇਸ਼ਟ ਗੁਰਬਾਣੀ ਗੌਂਦੇ ਹਨ। ਪਰ ਪਰਮਾਤਮਾ ਉਨ੍ਹਾਂ ਮਨੁੱਖਾਂ ਦਾ ਬਾਣੀ ਗੌਣਾ ਅਤੇ ਸੁਣਨਾ ਕਬੂਲ ਕਰਦਾ ਹੈ, ਜਿਨ੍ਹਾਂ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਜਾਣ ਕੇ, ਉਸ ਤੇ ਅਮਲ ਕੀਤਾ ਹੈ।1।
ਹੁਣ ਸਵਾਲ ਪੈਦਾ ਹੁੰਦਾ ਹੈ ਕਿ 'ਗੁਰੂ ਦਾ ਹੁਕਮ' ਕੀ ਹੈ ? ਹੁਕਮ ਤੇ ਅਮਲ, ਤਾਂ ਹੀ ਹੋਵੇਗਾ, ਜੇ ਪਤਾ ਹੋਵੇ ਕਿ ਗੁਰੂ ਹਾ ਹੁਕਮ, ਹੈ ਕੀ ?
ਗੁਰਬਾਣੀ ਸੇਧ ਹੈ,
ਏਕੋ ਹੁਕਮੁ ਵਰਤੈ ਸਭ ਲੋਈ ॥ ਏਕਸੁ ਤੇ ਸਭ ਓਪਤਿ ਹੋਈ ॥7॥
ਰਾਹ ਦੋਵੈ ਖਸਮੁ ਏਕੋ ਜਾਣੁ ॥ ਗੁਰ ਕੈ ਸਬਦਿ ਹੁਕਮੁ ਪਛਾਣ ॥8॥
ਸਗਲ ਰੂਪ ਵਰਨ ਮਨ ਮਾਹੀ ॥ ਕਹੁ ਨਾਨਕ ਏਕੋ ਸਾਲਾਹੀ ॥9॥5॥ (223)
ਅਰਥ:- ਸਾਰੀ ਸ੍ਰਿਸ਼ਟੀ ਵਿਚ, ਸਿਰਫ ਪਰਮਾਤਮਾ ਦਾ ਹੀ ਹੁਕਮ ਚਲ ਰਿਹਾ ਹੈ, ਇਕ ਪਰਮਾਤਮਾ ਤੋਂ ਹੀ ਸਾਰੀ ਉਤਪੱਤੀ ਹੋਈ ਹੈ।7।
ਇਕ ਪ੍ਰਭੂ ਤੋਂ ਹੀ ਸਭ ਉਤਪੱਤੀ ਹੋਣ ਤੇ ਵੀ, ਮਾਇਆ ਦੇ ਪ੍ਰਭਾਵ ਹੇਠ, ਜਗਤ ਵਿਚ ਦੋ ਰਸਤੇ ਚੱਲ ਪੈਂਦੇ ਹਨ, (ਗੁਰਮੁਖਤਾ ਦਾ ਅਤੇ ਮਨਮੁਖਤਾ ਦਾ) ਪਰ ਹੇ ਭਾਈ, ਤੂੰ ਸਭ ਵਿਚ ਇਕ ਪਰਮਾਤਮਾ ਨੂੰ ਹੀ ਵਰਤਦਾ ਜਾਣ। ਅਤੇ ਗੁਰੂ ਦੇ ਸ਼ਬਦ ਨਾਲ ਜੁੜ ਕੇ, ਸਾਰੇ ਜਗਤ ਵਿਚ ਪਰਮਾਤਮਾ ਦਾ ਹੀ ਹੁਕਮ ਚਲਦਾ ਪਛਾਣ।8।
ਹੇ ਨਾਨਕ! ਆਖ, ਮੈਂ ਉਸ ਇਕ ਪਰਮਾਤਮਾ ਦੀ ਹੀ ਸਿਫਤ-ਸਾਲਾਹ ਕਰਦਾ ਹਾਂ, ਜੋ ਸਾਰੇ ਰੂਪਾਂ ਵਿਚ , ਸਾਰੇ ਵਰਨਾਂ ਵਿਚ ਤੇ ਸਾਰੇ ਜੀਵਾਂ ਦੇ ਮਨਾਂ ਵਿਚ ਵਿਆਪਕ ਹੈ।9।5।
ਇਸ ਵਿਚ ਤਿਨ ਚੀਜ਼ਾਂ ਸਾਫ ਹਨ, 1 , ਹਰ ਥਾਂ, ਸਿਰਫ ਪਰਮਾਤਮਾ ਦਾ ਹੀ ਹੁਕਮ ਚਲਦਾ ਹੈ। 2, ਗੁਰੂ ਦੇ ਸ਼ਬਦ ਵਿਚੋਂ ਹੀ ਪਰਮਾਤਮਾ ਦਾ ਹੁਕਮ ਪਛਾਣ ਹੋਣਾ ਹੈ। 3, ਪਰਮਾਤਮਾ ਸਾਰੇ ਜੀਵਾਂ ਦੇ ਮਨਾਂ ਵਿਚ ਵਸਦਾ ਹੈ।
ਜਿੱਥੋਂ ਤੱਕ ਮਨ ਵਿਚ ਵਸਣ ਦੀ ਗੱਲ ਹੈ, ਗੁਰਬਾਣੀ ਫੁਰਮਾਉਂਦੀ ਹੈ,
ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥
ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ ॥1॥
ਹਰਿ ਚੇਤਿ ਮਨ ਮੇਰੇ ਤੂ ਗੁਰ ਕਾ ਸਬਦੁ ਕਮਾਇ ॥
ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ ॥ਰਹਾਉ॥
ਹਉਮੈ ਸਭੁ ਸਰੀਰੁ ਹੈ ਹਉਮੈ ਓਪਤਿ ਹੋਇ ॥
ਹਉਮੈ ਵਡਾ ਗੁਬਾਰੁ ਹੈ ਹਉਮੈ ਵਿਚਿ ਬੁਝਿ ਨ ਸਕੈ ਕੋਇ ॥2॥
ਹਉਮੈ ਵਿਚਿ ਭਗਤਿ ਨ ਹੋਵਈ ਹੁਕਮੁ ਨ ਬੁਝਿਆ ਜਾਇ ॥
ਹਉਮੈ ਵਿਚਿ ਜੀਉ ਬੰਧੁ ਹੈ ਨਾਮ ਨ ਵਸੈ ਮਨਿ ਆਇ ॥3॥
ਨਾਨਕ ਸਤਿਗੁਰਿ ਮਿਲਿਐ ਹਉਮੈ ਗਈ ਤਾ ਸਚੁ ਵਸਿਆ ਮਨਿ ਆਇ ॥
ਸਚੁ ਕਮਾਵੈ ਸਚਿ ਰਹੈ ਸਚੇ ਸੇਵਿ ਸਮਾਇ ॥4॥9॥12॥ (560)
ਅਰਥ:-
ਹੇ ਮੇਰੇ ਮਨ, ਤੂੰ ਆਪਣੇ ਅੰਦਰ, ਗੁਰੂ ਦਾ ਸ਼ਬਦ ਵਸਾਉਣ ਦੀ ਕਮਾਈ ਕਰ ਅਤੇ ਪਰਮਾਤਮਾ ਦਾ ਨਾਮ ਸਿਮਰਦਾ ਰਹੁ। ਜੇ ਤੂੰ ਗੁਰੂ ਦਾ ਹੁਕਮ ਮੰਨੇਂਗਾ, ਤਾਂ ਤੈਨੂੰ ਪਰਮਾਤਮਾ ਮਿਲ ਪਵੇਗਾ। ਤਾਂ ਤੇਰੇ ਅੰਦਰੋਂ ਹਉਮੈ ਦੂਰ ਹੋ ਜਾਵੇਗੀ।ਰਹਾਉ।
(ਅਤੇ ਪਰਮਾਤਮਾ ਤੇਰੇ ਮਨ ਵਿਚ ਵਸ ਜਾਵੇਗਾ)
ਹੇ ਭਾਈ, ਹਉਮੈ ਦਾ ਪਰਮਾਤਮਾ ਦੇ ਨਾਮ ਨਾਲ, ਪਰਮਾਤਮਾ ਦੇ ਹੁਕਮ ਨਾਲ ਵਿਰੋਧ ਹੈ, ਇਹ ਦੋਵੇਂ ਮਨ ਵਿਚ ਇਕੱਠੇ ਨਹੀਂ ਰਹਿ ਸਕਦੇ। ਹਉਮੈ ਵਿਚ ਟਿਕੇ ਰਿਹਾਂ, ਪਰਮਾਤਮਾ ਦੀ ਸੇਵਾ ਭਗਤੀ ਨਹੀਂ ਹੋ ਸਕਦੀ, ਜਦੋਂ ਮਨੁੱਖ ਹਉਮੈ ਵਿਚ ਟਿਕਿਆ ਰਹਿਕੇ ਭਗਤੀ ਕਰਦਾ ਹੈ ਤਦੋਂ ਉਸ ਦੇ ਮਨ ਦਾ ਕੀਤਾ-ਕਰਾਇਆ ਬੇਕਾਰ ਹੋ ਜਾਂਦਾ ਹੈ।1।
ਹੇ ਭਾਈ, ਸਰੀਰ ਧਾਰਨ ਦਾ ਇਹ ਸਾਰਾ ਸਿਲਸਿਲਾ, ਹਉਮੈ ਦੇ ਕਾਰਨ ਹੀ ਹੈ, ਹਉਮੈ ਦੇ ਕਾਰਨ, ਜਨਮ-ਮਰਨ ਦਾ ਗੇੜ ਬਣਿਆ ਰਹਿੰਦਾ ਹੈ। (ਮਨੁੱਖ ਦੇ ਆਤਮਕ ਜੀਵਨ ਦੇ ਰਸਤੇ ਵਿਚ) ਹਉਮੈ ਬੜਾ ਘੁੱਪ-ਹਨੇਰਾ ਹੈ, ਹਉਮੈ ਦੇ ਘੁੱਪ ਹਨੇਰੇ ਵਿਚ, ਕੋਈ ਮਨੁੱਖ, ਆਤਮਕ ਜੀਵਨ ਦਾ ਰਸਤਾ ਸਮਝ ਨਹੀਂ ਸਕਦਾ।2।
ਹੇ ਭਾਈ ਹਉਮੈ ਦੇ ਘੁੱਪ ਹਨੇਰੇ ਵਿਚ, ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ, ਪਰਮਾਤਮਾ ਦੀ ਰਜ਼ਾ ਸਮਝੀ ਨਹੀਂ ਜਾ ਸਕਦੀ, ਹਉਮੈ ਦੇ ਘੁੱਪ ਹਨੇਰੇ ਵਿਚ, ਜੀਵਾਤਮਾ ਵਾਸਤੇ, ਆਤਮਕ ਜੀਵਨ ਦੇ ਰਾਹ ਵਿਚ ਰੋਕ ਬਣੀ ਰਹਿੰਦੀ ਹੈ, ਪਰਮਾਤਮਾ ਦਾ ਨਾਮ, ਮਨੁੱਖ ਦੇ ਮਨ ਵਿਚ ਆ ਕੇ ਨਹੀਂ ਵੱਸ ਸਕਦਾ।3।
ਪਰ, ਹੇ ਨਾਨਕ, ਜੇ ਗੁਰੂ ਮਿਲ ਪਵੇ ਤਾਂ, ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ, ਤਦੋਂ ਸਦਾ ਥਿਰ ਪ੍ਰਭੂ, ਮਨੁੱਖ ਦੇ ਮਨ ਵਿਚ ਆ ਵਸਦਾ ਹੈ, ਤਦੋਂ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ, ਸਦਾ-ਥਿਰ ਹਰਿ-ਨਾਮ ਵਿਚ ਟਿਕਿਆ ਰਹਿੰਦਾ ਹੈ, ਸੇਵਾ-ਭਗਤੀ ਕਰ ਕੇ ਸਦਾ-ਥਿਰ ਹਰੀ ਵਿਚ ਲੀਨ ਹੋ ਜਾਂਦਾ ਹੈ।4।9।
ਇਹ ਸੀ ਹਉਮੈ ਦਾ ਚੱਕਰ, ਜਿਸ ਨੂੰ ਦੂਰ ਕੀਤੇ ਬਗੈਰ, ਬੰਦੇ ਦੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਵਾਸਾ ਸੰਭਵ ਨਹੀਂ ਹੈ। ਇਹ ਸੀ ਸਾਰਾ ਕੁਝ ਚੰਗੀ ਤਰ੍ਹਾਂ ਸਮਝਣ ਲਈ । ਗੁਰਬਾਣੀ ਵਿਚ ਇਕ-ਇਕ ਗਲ ਨੂੰ ਕਈ-ਕਈ ਵਾਰੀ ਸਮਝਾਇਆ ਗਿਆ ਹੈ। ਜਿਵੇਂ,
ਗੁਰ ਕੀ ਸੇਵਾ ਸਬਦੁ ਬੀਚਾਰੁ ॥ ਹਉਮੈ ਮਾਰੇ ਕਰਣੀ ਸਾਰੁ ॥7॥ (223)
ਅਰਥ:- ਅਸਲੀ ਜੋਗੀ, ਪਰਮਾਤਮਾ ਜਾਲ ਜੋਗ ਕਰਨ ਦਾ ਚਾਹਵਾਨ, ਪਰਮਾਤਮਾ ਨਾਲ ਮਿਲਾਪ ਕਰਨ ਦਾ ਚਾਹਵਾਨ, ਗੁਰੂ ਦੇ ਸ਼ਬਦ ਨੂੰ ਆਪਣੀ ਵਿਚਾਰ ਬਣਾਂਦਾ ਹੈ। ਹਉਮੈ ਨੂੰ ਆਪਣੇ ਅੰਦਰੋਂ ਮਾਰਦਾ ਹੈ, ਇਹ ਹੈ ਪ੍ਰਭੂ ਨੂੰ ਮਿਲਣ ਵਾਲੇ ਦੀ ਸ੍ਰੇਸ਼ਟ ਕਰਨੀ
ਪਾਠਕ ਲੋਕ ਭਲੀ ਭਾਂਤ ਜਾਣਦੇ ਹਨ ਕਿ "ਸੁਖਮਨੀ ਸਾਹਿਬ" ਦੇ ਰੱਟੇ ਵਿਚ, ਸ਼ਬਦ ਨੂੰ ਕਿੰਨਾ ਕੁ ਵਿਚਾਰਿਆ ਜਾਂਦਾ ਹੈ ? ਜਦ ਸ਼ਬਦ ਨੂੰ ਵਿਚਾਰਿਆ ਹੀ ਨਹੀਂ ਜਾਂਦਾ ਤਾਂ ਮਨ ਵਿਚੋਂ ਹਉਮੈ ਕਿੰਨੀ ਕੁ ਦੂਰ ਹੋਣੀ ਹੈ ? ਜਾਂ ੲਹ ਸੋਚ ਕੇ ਕਿ ਅਸੀਂ ਹਰ ਰੋਜ਼ ਦੋ ਜਾਂ ਤਿੰਨ ਵਾਰੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਹਉਮੈ ਹੋਰ ਵਧਦੀ ਹੈ ?
ਇਸ ਗੱਲ ਨੂੰ ਧਿਆਨ ਵਿਚ ਰੱਖ ਕੇ, ਸੁਖਮਨੀ ਸਾਹਿਬ ਦੀ ਸਰਲ ਵਿਆਖਿਆ ਕਰਨ ਦਾ ਮਨ ਬਣਿਆ ਹੈ, ਤਾਂ ਜੋ ਸਿੱਖ ਇਸ ਦੀ ਵਿਚਾਰ ਕਰ ਕੇ, ਉਸ ਨੂੰ ਆਪਣੀ ਜ਼ਿੰਦਗੀ ਵਿਚ ਢਾਲ ਕੇ, ਰੱਬ ਨਾਲ ਮਿਲਾਪ ਕਰਨ ਦਾ ਉਪਰਾਲਾ ਕਰਨ।
ਅਮਰ ਜੀਤ ਸਿੰਘ ਚੰਦੀ