ਸੁਖਮਨੀ ਸਾਹਿਬ(ਭਾਗ 2)
ਸਲੋਕੁ ॥ ੴ ਸਤਿ ਗੁਰ ਪ੍ਰਸਾਦਿ ॥
ਆਦਿ ਗੁਰਏ ਨਮਹ ॥ ਜੁਗਾਦਿ ਗੁਰਏ ਨਮਹ ॥
ਸਤਿਗੁਰਏ ਨਮਹ ॥ ਸ੍ਰੀ ਗੁਰਦੇਵਏ ਨਮਹ ॥1॥
ਮੇਰੀ ਉਸ ਸਭ ਤੋਂ ਵੱਡੇ ਅਕਾਲ ਪੁਰਖ ਨੂੰ ਨਮਸਕਾਰ ਹੈ, ਜੋ ਸਭ ਦਾ ਮੁੱਢ ਹੈ। ਮੇਰੀ ਉਸ ਸਭ ਤੋਂ ਵੱਡੇ ਅਕਾਲ
ਪੁਰਖ ਨੂੰ ਨਮਸਕਾਰ ਹੈ, ਜੋ ਜੁਗਾਂ ਦੇ ਸ਼ੁਰੂ ਤੋਂ ਹੈ। ਮੇਰੀ ਉਸ ਗੁਰੂ ਨੂੰ ਨਮਸਕਾਰ ਹੈ, ਜੋ ਸਦੀਵੀ ਸੱਚ, ਹਮੇਸ਼ਾ ਕਾਇਮ ਰਹਣ ਵਾਲਾ ਹੈ।
ਮੇਰੀ ਉਸ ਗੁਰੂ ਨੂੰ ਨਮਸਕਾਰ ਹੈ, ਜੋ ਸ਼ਬਦ ਦੇ ਰੂਪ ਵਿਚ ਮੈਨੂੰ ਗਿਆਨ ਦੇਣ ਵਾਲਾ ਹੈ।
ਅਸਟਪਦੀ ॥
ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥ ਕਲਿ ਕਲੇਸ ਤਨ ਮਾਹਿ ਮਿਟਾਵਉ ॥
ਸਿਮਰਉ ਜਾਸੁ ਬਿਸੁੰਭਰ ਏਕੈ ॥ ਨਾਮੁ ਜਪਤ ਅਗਨਤ ਅਨੇਕੈ ॥
ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਹਰ ॥ ਕੀਨੇ ਰਾਮ ਨਾਮ ਇਕ ਆਖ੍ਹਰ ॥
ਕਿਨਕਾ ਏਕ ਜਿਸੁ ਜੀਅ ਬਸਾਵੈ ॥ ਤਾ ਕੀ ਮਹਿਮਾ ਗਨੀ ਨ ਆਵੈ ॥
ਕਾਂਖੀ ਏਕੈ ਦਰਸ ਤੁਹਾਰੋ ॥ ਨਾਨਕ ਉਨ ਸੰਗਿ ਮੋਹਿ ਉਧਾਰੋ ॥1॥
ਮੈਂ ਅਕਾਲ ਪੁਰਖ ਨੂੰ ਸਿਮਰਾਂ ਅਤੇ ਸਿਮਰ ਸਿਮਰ ਕੇ ਸੁਖ ਪਾਵਾਂ, ਇਸ ਤਰ੍ਹਾਂ ਆਪਣੇ ਸਰੀਰ ਦੇ ਸਾਰੇ ਝਗੜੇ-ਕਲੇਸ਼ ਖਤਮ ਕਰ ਲਵਾਂ। ਜਿਸ ਇਕ, ਸਭ ਨੂੰ ਦਾਤਾਂ ਦੇਣ ਵਾਲੇ ਨੂੰ ਸੰਸਾਰ ਦੇ ਗਿਣਤੀ ਤੋਂ ਬਾਹਰੇ ਅਨੇਕਾਂ ਜੀਵ ਸਿਮਰਦੇ ਹਨ, ਮੈਂ ਵੀ ਉਸ ਨੂੰ ਹੀ ਸਿਮਰਾਂ। ਵੇਦਾਂ ਪੁਰਾਨਾਂ ਸਿਮ੍ਰਿਤੀਆਂ ਨੇ, ਇਕ ਅਕਾਲ ਪੁਰਖ ਦੇ ਨਾਮ ਨੂੰ ਹੀ, ਸਭ ਤੋਂ ਪਵਿੱਤ੍ਰ ਨਾਮ ਮੰਨਿਆ ਹੈ। ਜਿਸ ਮਨੁੱਖ ਦੇ ਮਨ ਵਿਚ ਰੱਬ ਆਪਣਾ ਨਾਮ ਥੋੜਾ ਜਿਹਾ ਵੀ ਵਸਾਉਂਦਾ ਹੈ, ਉਸ ਦੀ ਵਡਿਆਈ ਕਹੀ ਨਹੀਂ ਜਾ ਸਕਦੀ। ਹੇ ਪਰਮਾਤਮਾ, ਜੋ ਮਨੁੱਖ ਤੇਰੇ ਦਰਸ਼ਨ ਦੇ ਚਾਹਵਾਨ ਹਨ, ਉਨ੍ਹਾਂ ਦੀ ਸੰਗਤ ਵਿਚ ਜੋੜ ਕੇ, ਮੈਨੂੰ ਨਾਨਕ ਨੂੰ ਵੀ ਸੰਸਾਰ ਸਾਗਰ ਤੋਂ ਬਚਾ ਲਵੋ।
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥ ਭਗਤ ਜਨਾ ਕੈ ਮਨਿ ਬਿਸ੍ਰਾਮ ॥ ਰਹਾਉ ॥
ਪ੍ਰਭੂ ਦਾ, ਅਮਰ ਕਰਨ ਵਾਲਾ ਅਤੇ ਸੁਖ ਦੇਣ ਵਾਲਾ ਨਾਮ, ਹੁਕਮ ਹੀ ਸੁੱਖਾਂ ਦੀ ਮਨੀ ਹੈ, ਜਿਸ ਦਾ ਵਾਸ ਭਗਤ ਲੋਕਾਂ ਦੇ ਮਨ ਵਿਚ ਹੈ।ਰਹਾਉ।
ਪ੍ਰਭ ਕੈ ਸਿਮਰਨਿ ਗਰਭਿ ਨ ਬਸੈ ॥ ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ ॥
ਪ੍ਰਭ ਕੈ ਸਿਮਰਨਿ ਕਾਲੁ ਪਰਹਰੈ ॥ ਪ੍ਰਭ ਕੈ ਸਿਮਰਨਿ ਦੁਸਮਨੁ ਟਰੈ ॥
ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ ॥ ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ ॥
ਪ੍ਰਭ ਕੈ ਸਿਮਰਨਿ ਭਉ ਨ ਬਿਆਪੈ ॥ ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ ॥
ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ ॥ ਸਰਬ ਨਿਧਾਨ ਨਾਨਕ ਹਰਿ ਰੰਗਿ ॥2॥
ਪ੍ਰਭੂ ਦਾ ਸਿਮਰਨ ਕਰਨ ਨਾਲ ਜੀਵ ਜਨਮ ਵਿਚ ਨਹੀਂ ਆਉਂਦਾ, ਪ੍ਰਭੂ ਦਾ ਸਿਮਰਨ ਕਰਨ ਨਾਲ, ਮਰਨ ਦਾ ਦੁੱਖ ਦੂਰ ਹੋ ਜਾਂਦਾ ਹੈ। (ਬਹੁਤ ਕੁਝ ਸਮਝਣ ਵਾਲਾ ਹੈ, ਆਉ ਨਾਲ ਦੀ ਨਾਲ ਹੀ ਸਮਝਦੇ ਚਲੀਏ)
ਇਸ ਪੂਰੀ ਅਸ਼ਟਪਦੀ ਵਿਚ 'ਸਿਮਰਨ' ਦੀ ਬਰਕਤ ਦੱਸੀ ਹੈ। ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਤਕ ਸਿੱਖ ਇਹ ਹੀ ਨਹੀਂ ਸਮਝ ਸਕੇ ਕਿ 'ਸਿਮਰਨ' ਕੀ ਚੀਜ਼ ਹੈ ? ਅਤੇ ਕਰਨਾ ਕਿਵੇਂ ਹੈ ? ਇਸ ਬਾਰੇ ਸਾਰੇ ਸਿੱਖ ਬੜੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਅੱਜ-ਕਲ ਗੁਰਦਵਾਰਿਆਂ ਵਿਚ ਸਿਮਰਨ ਕਿਵੇਂ ਕੀਤਾ ਜਾਂਦਾ ਹੈ ? ਇਸ ਦਾ ਜ਼ਿਆਦਾ ਖੁਲਾਸਾ ਨਾ ਕਰਦੇ ਹੋਏ, ਸਿਰਫ ਇਹੀ ਵਿਚਾਰਾਂਗੇ ਕਿ ਗੁਰਬਾਣੀ, ਸਿਮਰਨ ਬਾਰੇ ਕੀ ਸੇਧ ਦਿੰਦੀ ਹੈ ? ਗੁਰਬਾਣੀ ਵਿਚ ਹਰ ਕਿਸੇ ਵਿਸ਼ੇ ਬਾਰੇ ਬਹੁਤ ਕੁਝ ਦੱਸਿਆ ਹੈ। ਆਉ ਵੇਖਦੇ ਹਾਂ, ਇਸ ਸ਼ਬਦ ਵਿਚ ਸਾਨੂੰ ਸਿਮਰਨ ਬਾਰੇ ਕੀ ਸੇਧ ਮਿਲਦੀ ਹੈ ?
ਮਾਰੂ ਸੋਲਹੇ ਮਹਲਾ 5 ੴ ਸਤਿ ਗੁਰ ਪ੍ਰਸਾਦਿ ॥
ਸਿਮਰੈ ਧਰਤੀ ਅਰੁ ਆਕਾਸਾ ॥ ਸਿਮਰਹਿ ਚੰਦ ਸੂਰਜ ਗੁਣਤਾਸਾ ॥
ਪਉਣ ਪਾਣੀ ਬੈਸੰਤਰ ਸਿਰਹਿ ਸਿਮਰੈ ਸਗਲ ਉਪਾਰਜਨਾ॥1॥
ਸਿਮਰਹਿ ਖੰਡ ਦੀਪ ਸਭਿ ਲੋਆ ॥ ਸਿਮਰਹਿ ਪਾਤਾਲ ਪੁਰੀਆ ਸਚੁ ਸੋਆ ॥
ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰਿ ਜਨਾ ॥2॥
ਸਿਮਰਹਿ ਬ੍ਰਹਮੇ ਬਿਸਨ ਮਹੇਸਾ ॥ ਸਿਮਰਹਿ ਦੇਵਤੇ ਕੋੜਿ ਤੇਤੀਸਾ ॥
ਸਿਮਰਹਿ ਜਖ੍ਹਿ ਦੈਤ ਸਭਿ ਸਿਮਰਹਿ ਅਗਨਤੁ ਨ ਜਾਈ ਜਸੁ ਗਨਾ ॥3॥ (1079)
ਇਸ ਦੇ ਹੀ 4 ਚਉਪਦੇ ਹੋਰ ਹਨ, ਵਿਸ਼ਾ ਕਾਫੀ ਲੰਮਾ ਹੋ ਜਾਵੇਗਾ। ਆਪਣਾ ਏਨੇ ਨਾਲ ਹੀ ਸਰ ਜਾਣਾ ਹੈ ਆਉ ਵਿਚਾਰਦੇ ਹਾਂ,
ਸਿਮਰੈ ਧਰਤੀ ਅਰੁ ਆਕਾਸਾ ॥ ਸਿਮਰਹਿ ਚੰਦ ਸੂਰਜ ਗੁਣਤਾਸਾ ॥
ਪਉਣ ਪਾਣੀ ਬੈਸੰਤਰ ਸਿਰਹਿ ਸਿਮਰੈ ਸਗਲ ਉਪਾਰਜਨਾ॥1॥
'ਸਿਮਰੈ' ਅੱਖਰ, ਇਕ-ਵਚਨ ਹੈ, ਜਿਸ ਦੇ ਵੀ ਅੱਗੇ ਲੱਗਾ ਹੈ, ਉਸ ਨੂੰ ਇਕ, ਕਰ ਕੇ ਮੰਨਿਆ ਹੈ।
'ਸਿਮਰਹਿ' ਅੱਖਰ, ਬਹੁ-ਵਚਨ ਹੈ, ਜਿਸ ਦੇ ਵੀ ਅੱਗੇ ਲੱਗਾ ਹੈ, ਉਸ ਨੂੰ ਬਹੁਤੇ ਕਰ ਕੇ ਮੰਨਿਆ ਹੈ।
ਅਰਥ:- ਹੇ ਭਾਈ, ਧਰਤੀ ਪਰਮਾਤਮਾ ਦੀ ਰਜ਼ਾ ਵਿਚ ਤੁਰ ਰਹੀ ਹੈ, ਆਕਾਸ਼ ਉਸ ਦੀ ਰਜ਼ਾ ਵਿਚ ਹੈ।
ਚੰਦ ਅਤੇ ਸੂਰਜ, ਉਸ ਗੁਣਾਂ ਦੇ ਖਜ਼ਾਨੇ ਪ੍ਰਭੂ ਦੀ ਰਜ਼ਾ ਵਿਚ ਤੁਰ ਰਹੇ ਹਨ। ਹਵਾ, ਪਾਣੀ , ਅੱਗ ਆਦਿ ਤੱਤ ਪ੍ਰਭੂ ਦੀ ਰਜ਼ਾ ਵਿਚ ਕੰਮ ਕਰ ਰਹੇ ਹਨ। ਸਾਰੀ ਸ੍ਰਿਸ਼ਟੀ ਉਸ ਪ੍ਰਭੂ ਦੀ ਰਜ਼ਾ ਵਿਚ ਕੰਮ ਕਰ ਰਹੀ ਹੈ।1।
ਸਿਮਰਹਿ ਖੰਡ ਦੀਪ ਸਭਿ ਲੋਆ ॥ ਸਿਮਰਹਿ ਪਾਤਾਲ ਪੁਰੀਆ ਸਚੁ ਸੋਆ ॥
ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰਿ ਜਨਾ ॥2॥
ਹੇ ਭਾਈ, ਸਾਰੇ ਖੰਡ, ਦੀਪ, ਮੰਡਲ, ਪਾਤਾਲ ਅਤੇ ਸਾਰੀਆਂ ਪੁਰੀਆਂ, ਸਾਰੀਆਂ ਖਾਣੀਆਂ ਅਤੇ ਸਾਰੀਆਂ ਬਾਣੀਆਂ ਦੇ ਸਾਰੇ ਜੀਵ, ਸਦਾ ਥਿਰ ਪ੍ਰਭੂ ਦੀ ਰਜ਼ਾ ਵਿਚ ਵਰਤ ਰਹੇ ਹਨ।2।
ਸਿਮਰਹਿ ਬ੍ਰਹਮੇ ਬਿਸਨ ਮਹੇਸਾ ॥ ਸਿਮਰਹਿ ਦੇਵਤੇ ਕੋੜਿ ਤੇਤੀਸਾ ॥
ਸਿਮਰਹਿ ਜਖ੍ਹਿ ਦੈਤ ਸਭਿ ਸਿਮਰਹਿ ਅਗਨਤੁ ਨ ਜਾਈ ਜਸੁ ਗਨਾ ॥3॥
ਹੇ ਭਾਈ ਅਨੇਕਾਂ, ਬ੍ਰਹਮੇ, ਵਿਸ਼ਨੂ ਅਤੇ ਸ਼ਿਵ, ਤੇਤੀ ਕ੍ਰੋੜ ਦੇਵਤੇ, ਸਾਰੇ ਜਖ੍ਹਿ ਅਤੇ ਦੈਂਤ, ਹਰ ਵੇਲੇ ਉਸ ਪ੍ਰਭੂ ਨੂੰ ਸਿਮਰ ਰਹੇ ਹਨ, ਹਰ ਵੇਲੇ ਉਸ ਅਗਣਤ ਪ੍ਰਭੂ ਨੂੰ ਯਾਦ ਕਰ ਰਹੇ ਹਨ, ਜਿਸ ਦੇ ਗੁਣਾਂ ਦਾ, ਜਿਸ ਦੀ ਵਡਿਆਈ ਦਾ ਲੇਖਾ-ਜੋਖਾ ਨਹੀਂ ਕੀਤਾ ਜਾ ਸਕਦਾ।3।
ਇਹ ਹੈ ਗੁਰਬਾਣੀ ਅਨੁਸਾਰ 'ਸਿਮਰਨ'। ਪ੍ਰਭੂ ਦੀ ਰਜ਼ਾ, ਉਸ ਦੇ ਹੁਕਮ ਵਿਚ ਚਲਦਿਆਂ, ਕੁਦਰਤ ਦੇ ਨਿਯਮਾਂ ਅਨੁਸਾਰ ਜ਼ਿੰਦਗੀ ਬਤੀਤ ਕਰਨੀ ਹੀ ਪ੍ਰਭੂ ਦਾ ਸਿਮਰਨ ਕਰਨਾ ਹੈ।
(ਸਿੱਖ ਇਸ ਨੂੰ ਕਿਉਂ ਨਹੀਂ ਸਮਝ ਰਹੇ ?ਕਿਉਂ ਸਿਮਰਨ ਦਾ ਮਜ਼ਾਕ ਬਣਾ ਰਹੇ ਹਨ ?)
ਅਮਰ ਜੀਤ ਸਿੰਘ ਚੰਦੀ (ਚਲਦਾ)