ਨਸ਼ਾ ਵਿਰੋਧੀ ਫਰੰਟ ਦੇ ਸ਼੍ਰੀ ਸ਼ਸ਼ੀ ਕਾਂਤ, ਭਾਈ ਬਲਦੇਵ ਸਿੰਘ ਸਿਰਸਾ, ਹਰਪਾਲ ਸਿੰਘ ਚੀਮਾ ਲਖਵੀਰ ਸਿੰਘ ਹੋਣਗੇ ਮੁੱਖ ਬੁਲਾਰੇ
ਬਠਿੰਡਾ, ੫ ਸਤੰਬਰ (ਕਿਰਪਾਲ ਸਿੰਘ): ਚੜ੍ਹਦੀ ਕਲਾ ਸਮਾਜ ਸੇਵੀ ਲਹਿਰ (ਗੁਰੂਸਰ ਮਹਿਰਾਜ) ਰਾਮਪੁਰਾ ਫੂਲ (ਬਠਿੰਡਾ) ਦੇ ਮੁੱਖ
ਆਗੂ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ
ਨਾਲ ੮ ਸਤੰਬਰ ਨੂੰ ਸ਼ਕਤੀ ਰਿਜੋਰਟ ਬਠਿੰਡਾ ਰੋਡ, ਨੇੜੇ ਲਹਿਰਾ ਧੂਰਕੋਟ, ਰਾਮਪੁਰਾ ਫੂਲ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ
ਜਾ ਰਿਹਾ ਹੈ; ਜਿਸ ਵਿੱਚ ਨਸ਼ਾ ਵਿਰੋਧੀ ਫਰੰਟ ਪੰਜਾਬ ਦੇ ਚੇਅਰਮੈਨ ਸ਼੍ਰੀ ਸ਼ਸ਼ੀ ਕਾਂਤ ਸਾਬਕਾ ਡੀਜੀਪੀ ਜੇਲ੍ਹਾਂ, ਨਸ਼ਾ ਵਿਰੋਧੀ ਫਰੰਟ ਪੰਜਾਬ
ਦੇ ਪ੍ਰਧਾਨ ਭਾਈ ਬਲਦੇਵ ਸਿੰਘ ਸਿਰਸਾ, ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ
ਮਾਲਵਾ ਫੈਡਰੇਸ਼ਨ ਦੇ ਪ੍ਰਧਾਨ ਸ: ਲਖਵੀਰ ਸਿੰਘ (ਲੱਖਾ ਸਿਧਾਣਾ) ਮੁੱਖ ਬੁਲਾਰਿਆਂ ਵਜੋਂ ਭਾਗ ਲੈਣਗੇ।
ਬਾਬਾ ਹਰਦੀਪ ਸਿੰਘ ਨੇ ਇਤਿਹਾਸਕ ਹਵਾਲੇ ਦਿੰਦੇ ਹੋਏ ਦੱਸਿਆ ਕਿ ਜਿਸ ਕੌਮ ਨੂੰ ਤਲਵਾਰ ਜਾਂ ਕਿਸੇ ਹੋਰ ਮਾਰੂ ਹਥਿਆਰ ਨਾਲ ਗੁਲਾਮ
ਨਾ ਕੀਤਾ ਜਾ ਸਕੇ ਉਸ ਨੂੰ ਸ਼ਰਾਬ ਦੇ ਪਿਆਲੇ ਵਿੱਚ ਡੋਬ ਕੇ ਅਤੇ ਹੋਰ ਐਸ਼ੋ ਇਸ਼ਰਤ ਦੀ ਜਿੱਲਤ ਵਿੱਚ ਫਸਾ ਕੇ ਸੌਖੇ ਹੀ ਤਬਾਹ ਕੀਤਾ ਜਾ
ਸਕਦਾ ਹੈ।
ਗੋਰਿਆਂ ਵੱਲੋਂ ਅਮਰੀਕਾ ਦੇ ਮੂਲ ਨਿਵਾਸੀ ਰੈੱਡ ਇੰਡੀਅਨ, ਆਸਟ੍ਰੇਲੀਆ ਦੇ ਮੂਲ ਨਿਵਾਸੀ ਐਬੋਰਿਜਨ ਨੂੰ ਸ਼ਰਾਬ ਤੇ ਹੋਰ ਨਸ਼ਿਆਂ ਦੇ ਮਾਰੂ
ਹਥਿਆਰ ਨਾਲ ਹੀ ਉਨ੍ਹਾਂ ਦੀ ਬਹਾਦਰੀ 'ਤੇ ਗੌਰਵ ਨੂੰ ਨਾਸ਼ ਕੀਤਾ ਗਿਆ। ਨਸ਼ਿਆਂ ਦੇ ਮਾਰੂ ਹਥਿਆਰ ਨਾਲ ਹੀ ਆਇਰਲੈਂਡ ਨਿਵਾਸੀਆਂ ਦੇ
ਅਜਾਦੀ ਪ੍ਰਤੀ ਸੁਪਨਿਆਂ ਨੂੰ ਖਤਮ ਕਰਨ ਲਈ ਬਰਤਾਨੀਆਂ ਵੱਲੋਂ ਆਇਰਲੈਂਡ ਵਿੱਚ ਸ਼ਰਾਬ ਖਾਨੇ ਖੋਲ੍ਹ ਕੇ ਸਸਤੇ ਭਾਅ 'ਤੇ ਖੁੱਲ੍ਹੀ ਸ਼ਰਾਬ ਦੇ
ਕੇ ਲੋਕਾਂ ਨੂੰ ਪਾਗਲ ਬਣਾਈ ਰੱਖਿਆ। ੧੮੪੯ ਈ: ਵਿੱਚ ਜਦੋਂ ਫਰੰਗੀਆਂ ਨੇ ਅਨੇਕਾਂ ਲੂੰਬੜ ਚਾਲਾਂ ਚੱਲ ਕੇ ਖਾਲਸਾ ਰਾਜ ਨੂੰ ਹੜੱਪ ਕਰ ਲਿਆ
ਤਾਂ ਬਹਾਦਰ ਸਿੱਖ ਕੌਮ ਦੇ ਮਨਾਂ ਵਿੱਚੋਂ ਰਾਜ ਭਾਗ ਦਾ ਸੰਕਲਪ ਕੱਢਣ ਅਤੇ ਸਦਾ ਲਈ ਗੁਲਾਮੀ ਦਾ ਜੂਲ਼ਾ ਚੁਕਾਈ ਰੱਖਣ ਲਈ ਸ਼ਰਾਬ ਤੇ
ਅਫੀਮ ਵਰਗੇ ਨਸ਼ਿਆਂ ਦੇ ਹਆਿਰ ਨੂੰ ਵਰਤਿਆ। ਐਨ ਉਨ੍ਹਾਂ ਹੀ ਲੀਹਾਂ ਉੱਪਰ ਚਲਦਿਆਂ ਆਪਣੇ ਮੁਲਕ ਦੇ ਆਗੂ ਆਪਣੇ ਹੀ ਲੋਕਾਂ ਨੂੰ ਨਸ਼ਿਆਂ
ਦੇ ਮਾਰੂ ਹਥਿਆਰ ਨਾਲ ਮਾਰਨ ਲਈ ਖੁਦ ਯਤਨਸ਼ੀਲ ਹਨ। ਹਰ ਚੁਰਾਹੇ ਅਤੇ ਸੜਕ ਉੱਤੇ ਸ਼ਰਾਬ ਦੇ ਠੇਕਿਆਂ ਦਾ ਜਾਲ ਵਿਛਾਇਆ ਜਾ ਰਿਹਾ
ਹੈ। ਪੰਜਾਬ ਵਿੱਚ ੧੩ ਹਜਾਰ ਪਿੰਡ ਤੇ ੨੦ ਹਜਾਰ ਠੇਕੇ ਹਨ। ਸ਼ਰਾਬ ਦੇ ਨਾਲ ਨਾਲ ਭੁੱਕੀ, ਸੁੱਖਾ, ਅਫੀਮ, ਸਮੈਕ, ਹੈਰੋਇਨ, ਗਾਂਜਾ,
ਕਰੈਕਸ, ਕੋਕੀਨ, ਤੇ ਹੋਰ ਮੈਡੀਸਨ ਦੇ ਮਾਰੂ ਨਸ਼ਿਆਂ ਦੀ ਭਰਮਾਰ ਹੈ ਜਿਨ੍ਹਾਂ ਤੋਂ ਪੰਜਾਬ ਨੂੰ ਬਚਾਉਣ ਦੀ ਭਾਰੀ ਲੋੜ ਹੈ। ਇਸ ਲਈ ਆਓ
ਪੰਜਾਬ ਵਿੱਚੋਂ ਤਿੰਨ ਨੰਨੇ- ਨਸ਼ਾ, ਨਕਲ ਅਤੇ ਨੰਗੇਜ਼ ਖਤਮ ਕਰਨ ਲਈ ਮੁਹਿੰਮ ਵਿੱਢੀਏ।