ਸੁਖਮਨੀ ਸਾਹਿਬ (ਭਾਗ 8)
ਸਲੋਕੁ ॥
ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ॥ ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ॥1॥
ਅਰਥ:-
ਬਹੁਤ ਸ਼ਾਸਤ੍ਰ ਤੇ ਬਹੁਤ ਸਿਮ੍ਰਤੀਆਂ , ਅਸਾਂ ਸਾਰੇ ਖੋਜ ਕੇ ਵੇਖੇ ਹਨ, (ਇਹ ਪੁਸਤਕ ਕਈ ਤਰ੍ਹਾਂ ਦੀ ਗਿਆਨ ਚਰਚਾ ਤੇ ਕਈ ਧਾਰਮਿਕ ਤੇ ਭਾਈਚਾਰਕ ਰਸਮਾਂ ਸਿਖਾਉਂਦੇ ਹਨ) ਪਰ ਇਹ ਅਕਾਲ-ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ। ਹੇ ਨਾਨਕ ਪ੍ਰਭੂ ਦੇ ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ।1।
ਅਸਟਪਦੀ ॥
ਜਾਪ ਤਾਪ ਗਿਆਨ ਸਭਿ ਧਿਆਨ ॥ ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥
ਜੋਗ ਅਭਿਆਸ ਕਰਮ ਧ੍ਰਮ ਕਿਰਿਆ ॥ ਸਗਲ ਤਿਆਗਿ ਬਨ ਮਧੇ ਫਿਰਿਆ ॥
ਅਨਿਕ ਪ੍ਰਕਾਰ ਕੀਏ ਬਹੁ ਜਤਨਾ ॥ ਪੁੰਨ ਦਾਨ ਹੋਮੇ ਬਹੁ ਰਤਨਾ ॥
ਸਰੀਰੁ ਕਟਾਇ ਹੋਮੈ ਕਰਿ ਰਾਤੀ ॥ ਵਰਤ ਨੇਮ ਕਰੈ ਬਹੁ ਭਾਤੀ ॥
ਨਹੀ ਤੁਲਿ ਰਾਮ ਨਾਮ ਬੀਚਾਰ ॥ ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥1॥
ਜੇ ਕੋਈ, ਵੇਦ ਮੰਤ੍ਰਾਂ ਦੇ ਜਾਪ ਕਰੇ, ਸਰੀਰ ਨੂੰ ਧੂਣੀਆਂ ਨਾਲ ਤਪਾਏ, ਗਿਆਨ ਦੀਆਂ ਕਈ ਗੱਲਾਂ ਕਰੇ ਤੇ ਦੇਵਤਿਆਂ ਦਾ ਧਿਆਨ ਧਰੇ, ਛੇ ਸ਼ਾਸਤ੍ਰ ਤੇ ਸਿਮ੍ਰਤੀਆਂ ਦਾ ਉਪਦੇਸ਼ ਕਰੇ। ਜੋਗ ਦੇ ਸਾਧਨ ਕਰੇ, ਕਰਮ-ਕਾਂਡੀ ਧਰਮ ਦੀ ਕ੍ਰਿਆ ਕਰੇ, ਜਾਂ ਸਾਰੇ ਕੰਮ ਛੱਡ ਕੇ ਜੰਗਲਾਂ ਵਿਚ ਘੁੰਮਦਾ ਫਿਰੇ, ਅਨੇਕਾਂ ਕਿਸਮਾਂ ਦੇ ਬੜੇ ਜਤਨ ਕਰੇ, ਪੁੰਨ-ਦਾਨ ਕਰੇ ਤੇ ਬਹੁਤ ਸਾਰਾ ਘਿਉ ਹਵਨ ਕਰੇ, ਆਪਣੇ ਸਰੀਰ ਨੂੰ ਰੱਤੀ-ਰੱਤੀ ਕਰ ਕੇ ਕਟਾਵੇ ਤੇ ਅੱਗ ਵਿਚ ਸਾੜ ਦੇਵੇ, ਕਈ ਕਿਸਮ ਦੇ ਵਰਤਾਂ ਦੀ ਪਾਲਣਾ ਕਰੇ,
ਪਰ ਇਹ ਸਾਰੇ ਹੀ ਕੰਮ, ਪ੍ਰਭੂ ਦੇ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ ਹਨ, ਭਾਵੇਂ ਇਹ ਨਾਮ ਇਕ ਵਾਰੀ ਹੀ, ਗੁਰੂ ਦੇ ਸਨਮੁੱਖ ਹੋ ਕੇ ਜਪਿਆ ਜਾਵੇ।1।
ਨਉ ਖੰਡ ਪ੍ਰਿਥਮੀ ਫਿਰੈ ਚਿਰੁ ਜੀਵੈ ॥ ਮਹਾ ਉਦਾਸੁ ਤਪੀਸਰੁ ਥੀਵੈ ॥
ਅਗਨਿ ਮਾਹਿ ਹੋਮਤ ਪਰਾਨ ॥ ਕਨਿਕ ਅਸ੍ਵ ਹੈਵਰ ਭੂਮਿ ਦਾਨ ॥
ਨਿਉਲੀ ਕਰਮ ਕਰੈ ਬਹੁ ਆਸਨ ॥ ਜੈਨ ਮਾਰਗ ਸੰਜਮ ਅਤਿ ਸਾਧਨ ॥
ਨਿਮਖ ਨਿਮਖ ਕਰਿ ਸਰੀਰੁ ਕਟਾਵੈ ॥ ਤਉ ਭੀ ਹਉਮੈ ਮੈਲੁ ਨ ਜਾਵੈ ॥
ਹਰਿ ਕੇ ਨਾਮ ਸਮਸਰਿ ਕਛੁ ਨਾਹਿ ॥ ਨਾਨਕ ਗੁਰਮੁਖਿ ਨਾਮੁ ਜਪਤ ਗਤਿ ਪਾਹਿ ॥2॥
ਜੇ ਕੋਈ ਮਨੁੱਖ, ਸਾਰੀ ਧਰਤੀ ਤੇ ਭਉੰਦਾ ਫਿਰੇ, ਲੰਮੀ ਉਮਰ ਤੱਕ ਜਿਊਂਦਾ ਰਹੇ, ਜਗਤ ਵਲੋਂ ਬਹੁਤ ਉੋਪਰਾਮ ਹੋ ਕੇ ਵੱਡਾ ਤਪੀ ਬਣ ਜਾਵੇ। ਅੱਗ ਵਿਚ ਆਪਣੀ ਜਿੰਦ ਹਵਨ ਕਰ ਦੇਵੇ, ਸੋਨਾ , ਘੋੜੇ, ਵਧੀਆ ਘੋੜੇ ਤੇ ਜ਼ਮੀਨ ਦਾਨ ਕਰੇ। ਨਿਉਲੀ ਕਰਮ ਤੇ ਹੋਰ ਬਹੁਤ ਸਾਰੇ ਯੱਗ ਆਸਨ ਕਰ ਜੈਨੀਆਂ ਦੇ ਰਸਤੇ ਚੱਲ ਕੇ ਬੜੇ ਕਠਨ ਸੰਜਮ ਤੇ ਸਾਧਨ ਕਰੇ, ਸਰੀਰ ਨੂੰ ਰਤਾ ਰਤਾ ਕਰ ਕੇ ਕਟਾ ਦੇਵੇ, ਤਾਂ ਵੀ ਮਨ ਦੀ, ਹਉਮੈ ਦੀ ਮੈਲ ਖਤਮ ਨਹੀਂ ਹੁੰਦੀ। ਅਜਿਹਾ ਕੋਈ ਵੀ ਉੱਦਮ ਨਹੀਂ ਹੈ, ਜੋ ਪ੍ਰਭੂ ਦੇ ਨਾਮ ਦੇ ਬਰਾਬਰ ਹੋਵੇ, ਹੇ ਨਾਨਕ, ਜੋ ਮਨੁੱਖ, ਗੁਰੂ ਦੇ ਸਨਮੁੱਖ ਹੋ ਕੇ ਨਾਮ ਜਪਦੇ ਹਨ, ਉਹ ਉੱਚੀ ਆਤਮਕ ਅਵਸਥਾ ਹਾਸਲ ਕਰਦੇ ਹਨ।2।
ਕੀ ਜਿਨ੍ਹਾਂ ਗੁਰਦਵਾਰਿਆਂ ਵਿਚ ਲਗਾਤਾਰ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਹਨ, ਓਥੇ ਵੀ ਇਨ੍ਹਾਂ ਗਲਾਂ ਬਾਰੇ ਵਿਚਾਰ ਹੁੰਦੀ ਹੈ ?
ਜੇ ਨਹੀਂ ਹੁੰਦੀ,ਤਾਂ ਹੀ ਗੁਰਦਵਾਰਿਆਂ ਵਿਚ ਇਹ ਕਰਮ-ਕਾਂਡ ਹੋਣੇ ਸ਼ੁਰੂ ਹੁੰਦੇ ਜਾਂਦੇ ਨੇ।
ਮਨ ਕਾਮਨਾ ਤੀਰਥ ਦੇਹ ਛੁਟੈ ॥ ਗਰਬੁ ਗੁਮਾਨੁ ਨ ਮਨ ਤੇ ਹੁਟੈ ॥
ਸੋਚ ਕਰੈ ਦਿਨਸੁ ਅਰੁ ਰਾਤਿ ॥ ਮਨ ਕੀ ਮੈਲੁ ਨ ਤਨ ਤੇ ਜਾਤਿ ॥
ਇਸੁ ਦੇਹੀ ਕਉ ਬਹੁ ਸਾਧਨਾ ਕਰੈ ॥ ਮਨ ਤੇ ਕਬਹੂ ਨ ਬਿਖਿਆ ਟਰੈ ॥
ਜਲਿ ਧੋਵੈ ਬਹੁ ਦੇਹ ਅਨੀਤਿ ॥ ਸੁਧ ਕਹਾ ਹੋਇ ਕਾਚੀ ਭੀਤਿ ॥
ਮਨ ਹਰਿ ਕੇ ਨਾਮ ਕੀ ਮਹਿਮਾ ਊਚ ॥ ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ॥3॥
ਕਈ ਮਨੁੱਖਾਂ ਦੀ ਮਨ ਦੀ ਇੱਛਾ ਹੁੰਦੀ ਹੈ ਕਿ ਤੀਰਥਾਂ ਤੇ ਜਾ ਕੇ ਸਰੀਰਕ ਚੋਲਾ ਛੱਡਿਆ ਜਾਵੇ, ਪਰ ਇਸ ਹਾਲਤ ਵਿਚ ਵੀ ਮਨ ਚੋਂ ਹਉਮੈ ਅਹੰਕਾਰ ਘਟਦਾ ਨਹੀਂ। ਮਨੁੱਖ ਹਮੇਸ਼ਾ ਤੀਰਥ ਇਸ਼ਨਾਨ ਕਰਦਾ ਰਹੇ, ਪਰ ਮਨ ਦੀ ਮੈਲ, ਸਰੀਰ ਧੋਤਿਆਂ ਨਹੀਂ ਜਾਂਦੀ। ਸਰੀਰ ਨੂੰ ਸਵਾਰਨ ਦੇ ਬਹੁਤ ਸਾਧਨ ਵੀ ਕੀਤੇ ਜਾਣ, ਤਾਂ ਵੀ ਕਦੇ ਮਨ ਤੋਂ ਮਾਇਆ ਦਾ ਪ੍ਰਭਾਵ ਖਤਮ ਨਹੀਂ ਹੁੰਦਾ। ਇਸ ਨਾਸਵੰਤ ਸਰੀਰ ਨੂੰ, ਪਾਣੀ ਨਾਲ ਜਿੰਨੀ ਵਾਰੀ ਮਰਜ਼ੀ ਧੋਵੋ, ਤਾਂ ਵੀ ਇਹ ਕੱਚੀ-ਮਿੱਟੀ ਦੀ ਕੰਧ ਕਿਤੇ ਪਵਿੱਤਰ ਹੋ ਸਕਦੀ ਹੈ ? ਹੇ ਮਨ, ਪ੍ਰਭੂ ਦੇ ਨਾਮ ਦੀ ਵਡਿਆਈ ਬੜੀ ਵੱਡੀ ਹੈ, ਹੇ ਨਾਨਕ, ਨਾਮ ਦੀ ਬਰਕਤ ਨਾਲ, ਅਣਗਿਣਤ ਮੰਦ-ਕਰਮੀ ਜੀਵ, ਵਿਕਾਰਾਂ ਤੋਂ ਬਚ ਜਾਂਦੇ ਹਨ।3।
ਕੀ ਜਿਨ੍ਹਾਂ ਗੁਰਦਵਾਰਿਆਂ ਵਿਚ ਲਗਾਤਾਰ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਹਨ, ਓਥੇ ਵੀ ਇਨ੍ਹਾਂ ਗਲਾਂ ਬਾਰੇ ਵਿਚਾਰ ਹੁੰਦੀ ਹੈ ?
ਜੇ ਨਹੀਂ ਹੁੰਦੀ,ਤਾਂ ਹੀ ਗੁਰਦਵਾਰਿਆਂ ਵਿਚ ਇਹ ਕਰਮ-ਕਾਂਡ ਹੋਣੇ ਸ਼ੁਰੂ ਹੁੰਦੇ ਜਾਂਦੇ ਨੇ।
ਬਹੁਤੁ ਸਿਆਣਪ ਜਮ ਕਾ ਭਉ ਬਿਆਪੈ ॥ ਅਨਿਕ ਜਤਨ ਕਰਿ ਤ੍ਰਿਸਨ ਨਾ ਧ੍ਰਾਪੈ ॥
ਭੇਖ ਅਨੇਕ ਅਗਨਿ ਨਹੀ ਬੁਝੈ ॥ ਕੋਟਿ ਉਪਾਵ ਦਰਗਹ ਨਹੀ ਸਿਝੈ ॥
ਛੂਟਸਿ ਨਾਹੀ ਊਭ ਪਇਆਲਿ ॥ ਮੋਹਿ ਬਿਆਪਹਿ ਮਾਇਆ ਜਾਲਿ ॥
ਅਵਰ ਕਰਤੂਤਿ ਸਗਲੀ ਜਮੁ ਡਾਨੈ ॥ ਗੋਵਿੰਦ ਭਜਨ ਬਿਨੁ ਤਿਲੁ ਨਹੀ ਮਾਨੈ ॥
ਹਰਿ ਕਾ ਨਾਮੁ ਜਪਤ ਦੁਖੁ ਜਾਇ ॥ ਨਾਨਕ ਬੋਲੈ ਸਹਜਿ ਸੁਭਾਇ ॥4॥
ਜੀਵ ਦੀ ਬਹੁਤੀ ਚਤੁਰਾਈ ਦੇ ਕਾਰਨ ਜਮਾਂ ਦਾ ਡਰ ਜੀਵ ਨੂੰ ਆ ਦਬਾਂਦਾ ਹੈ, ਕਿਉਂ ਜੋ, ਬਹੁਤੀਆਂ ਚਤਰਾਈਆਂ ਕਾਰਨ ਮਾਇਆ ਦੀ ਤ੍ਰਿਹ ਨਹੀਂ ਮੁਕਦੀ। ਅਨੇਕਾਂ ਧਾਰਮਿਕ ਭੇਖ ਕੀਤਿਆਂ, ਤ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ, ਇਹੋ ਜਿਹੇ ਕ੍ਰੋੜਾਂ ਤਰੀਕੇ ਵਰਤਿਆਂ ਵੀ, ਪ੍ਰਭੂ ਦੀ ਦਰਗਾਹ ਵਿਚ ਸੁਰਖਰੂ ਨਹੀਂ ਹੋਈਦਾ। ਇਨ੍ਹਾਂ ਜਤਨਾਂ ਨਾਲ, ਜੀਵ ਚਾਹੇ ਆਕਾਸ਼ ਤੇ ਚੜ੍ਹ ਜਾਵੇ, ਚਾਹੇ ਪਾਤਾਲ ਵਿਚ ਲੁਕ ਜਾਵੇ, ਮਾਇਆ ਤੋਂ ਬਚ ਨਹੀਂ ਸਕਦਾ, ਸਗੋਂ ਜੀਵ ਮਾਇਆ ਦੇ ਜਾਲ ਵਿਚ ਤੇ ਮੋਹ ਵਿਚ ਫਸਦੇ ਹਨ। ਨਾਮ ਤੋਂ ਬਿਨਾ, ਹੋਰ ਸਾਰੀਆਂ ਕਰਤੂਤਾਂ ਨੂੰ ਜਮਰਾਜ ਡੰਨ ਲਾਉਂਦਾ ਹੈ, ਪ੍ਰਭੂ ਦੇ ਭਜਨ ਤੋਂ ਬਿਨਾ ਰਤਾ ਵੀ ਨਹੀ ਪਤੀਜਦਾ। ਹੇ ਨਾਨਕ, ਜੋ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ, ਪ੍ਰੇਮ ਨਾਲ ਹਰੀ ਦਾ ਨਾਮ ਉਚਾਰਦਾ ਹੈ, ਉਸ ਦਾ ਦੁੱਖ, ਪ੍ਰਭੂ ਦਾ ਨਾਮ ਜਪਦਿਆਂ, ਦੂਰ ਹੋ ਜਾਂਦਾ ਹੈ।4।
ਕੀ ਜਿਨ੍ਹਾਂ ਗੁਰਦਵਾਰਿਆਂ ਵਿਚ ਲਗਾਤਾਰ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਹਨ, ਓਥੇ ਵੀ ਇਨ੍ਹਾਂ ਗਲਾਂ ਬਾਰੇ ਵਿਚਾਰ ਹੁੰਦੀ ਹੈ ?
ਜੇ ਨਹੀਂ ਹੁੰਦੀ,ਤਾਂ ਹੀ ਗੁਰਦਵਾਰਿਆਂ ਵਿਚ ਇਹ ਕਰਮ-ਕਾਂਡ ਹੋਣੇ ਸ਼ੁਰੂ ਹੁੰਦੇ ਜਾਂਦੇ ਨੇ।
ਚਾਰਿ ਪਦਾਰਥ ਜੇ ਕੋ ਮਾਗੈ ॥ ਸਾਧ ਜਨਾ ਕੀ ਸੇਵਾ ਲਾਗੈ ॥
ਜੇ ਕੋ ਆਪੁਨਾ ਦੂਖੁ ਮਿਟਾਵੈ ॥ ਹਰਿ ਹਰਿ ਨਾਮੁ ਰਿਦੈ ਸਦ ਗਾਵੈ ॥
ਜੇ ਕੋ ਅਪੁਨੀ ਸੋਭਾ ਲੋਰੈ ॥ ਸਾਧਸੰਗਿ ਇਹ ਹਉਮੈ ਛੋਰੈ ॥
ਜੇ ਕੋ ਜਨਮ ਮਰਣ ਤੇ ਡਰੈ ॥ ਸਾਧ ਜਨਾ ਕੀ ਸਰਨੀ ਪਰੈ ॥
ਜਿਸੁ ਜਨ ਕਉ ਪ੍ਰਭ ਦਰਸ ਪਿਆਸਾ ॥ ਨਾਨਕ ਤਾ ਕੈ ਬਲਿ ਬਲਿ ਜਾਸਾ ॥5॥
ਜੇ ਕੋਈ ਮਨੁੱਖ (ਧਰਮ, ਅਰਥ, ਕਾਮ ਅਤੇ ਮੋਖ) ਚਾਰ ਪਦਾਰਥਾਂ ਦਾ ਚਾਹਵੰਦ ਹੋਵੇ, ਤਾਂ ਉਸ ਨੂੰ ਚਾਹੀਦਾ ਹੈ ਕਿ, ਗੁਰਮੁਖਾਂ ਦੀ ਸੇਵਾ ਵਿਚ ਲੱਗੇ। ਜੇ ਕੋਈ ਮਨੁੱਖ, ਆਪਣਾ ਦੁੱਖ ਮਿਟਾਉਣਾ ਚਾਹੁੰਦਾ ਹੈ, ਤਾਂ ਸਦਾ ਪ੍ਰਭੂ ਦਾ ਨਾਮ ਹਿਰਦੇ ਵਿਚ ਸਿਮਰੇ। ਜੇ ਕੋਈ ਮਨੁੱਖ ਆਪਣੀ ਸੋਭਾ ਚਾਹੁੰਦਾ ਹੋਵੇ ਤਾਂ, ਸਤ-ਸੰਗ ਵਿਚ ਜੁੜ ਕੇ, ਇਸ ਹਉਮੈ ਦਾ ਤਿਆਗ ਕਰੇ। ਜੇ ਕੋਈ ਮਨੁੱਖ ਜਨਮ=ਮਰਨ ਦੇ ਗੇੜ ਤੋਂ ਡਰਦਾ ਹੋਵੇ, ਤਾਂ ਉਹ ਸੰਤਾਂ, ਸਤ-ਸੰਗੀਆਂ ਦੀ ਸਰਨ ਵਚ ਪਵੇ, ਪਰਮਾਤਮਾ ਦੇ ਜਿਸ ਸੇਵਕ ਨੂੰ ਪ੍ਰਭੂ ਦੇ ਦੀਦਾਰ ਦੀ ਤਾਂਙ ਹੈ, ਮੈਂ ਨਾਨਕ ਉਸ ਤੋਂ ਸਦਾ ਸਦਕੇ ਜਾਵਾਂ।5।
ਕੀ ਜਿਨ੍ਹਾਂ ਗੁਰਦਵਾਰਿਆਂ ਵਿਚ ਲਗਾਤਾਰ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਹਨ, ਓਥੇ ਵੀ ਇਨ੍ਹਾਂ ਗਲਾਂ ਬਾਰੇ ਵਿਚਾਰ ਹੁੰਦੀ ਹੈ ?
ਜੇ ਨਹੀਂ ਹੁੰਦੀ,ਤਾਂ ਹੀ ਗੁਰਦਵਾਰਿਆਂ ਵਿਚ ਇਹ ਕਰਮ-ਕਾਂਡ ਹੋਣੇ ਸ਼ੁਰੂ ਹੁੰਦੇ ਜਾਂਦੇ ਨੇ।
ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ ॥ ਸਾਧਸੰਗਿ ਜਾ ਕਾ ਮਿਟੈ ਅਭਿਮਾਨੁ ॥
ਆਪਸ ਕਉ ਜੋ ਜਾਣੈ ਨੀਚਾ ॥ ਸੋਊ ਗਨੀਐ ਸਭ ਤੇ ਊਚਾ ॥
ਜਾ ਕਾ ਮਨੁ ਹੋਇ ਸਗਲ ਕੀ ਰੀਨਾ ॥ ਹਰਿ ਹਰਿ ਨਾਮੁ ਤਿਨਿ ਘਟਿ ਘਟਿ ਚੀਨਾ ॥
ਮਨ ਅਪੁਨੇ ਤੇ ਬੁਰਾ ਮਿਟਾਨਾ ॥ ਪੇਖੈ ਸਗਲ ਸ੍ਰਿਸਟਿ ਸਾਜਨਾ ॥
ਸੂਖ ਦੂਖ ਜਨ ਸਮ ਦ੍ਰਿਸਟੇਤਾ ॥ ਨਾਨਕ ਪਾਪ ਪੁੰਨ ਨਹੀ ਲੇਪਾ ॥6॥
ਸਤਸੰਗ ਵਿਚ ਰਹ ਕੇ ਜਿਸ ਮਨੁੱਖ ਦਾ ਅਹੰਕਾਰ ਮਿਟ ਜਾਂਦਾ ਹੈ, ਉਹ ਮਨੁੱਖ, ਸਾਰੇ ਮਨੁੱਖਾਂ ਵਿਚੋਂ ਚਂਗਾ ਹੈ। ਜੋ ਮਨੁੱਖ ਆਪਣੇ-ਆਪ ਨੂੰ ਦੂਸਰਿਆਂ ਨਾਲੋਂ ਮੰਦ-ਕਰਮੀ ਖਿਆਲ ਕਰਦਾ ਹੈ, ਉਸ ਨੂੰ ਸਾਰਿਆਂ ਨਾਲੋਂ ਚੰਗੇ ਕੰਮ ਕਰਨ ਵਾਲਾ ਸਮਝਣਾ ਚਾਹੀਦਾ ਹੈ। ਜਿਸ ਮਨੁੱਖ ਦਾ ਮਨ, ਆਪਣੇ-ਆਪ ਨੂੰ ਸਭਨਾਂ ਦੇ ਚਰਨਾਂ ਦੀ ਧੂੜ ਸਮਝਦਾ ਹੈ, ਸਭ ਨਾਲ ਨਿਮਰਤਾ ਦਾ ਵਿਹਾਰ ਕਰਦਾ ਹੈ, ਉਸ ਮਨੁੱਖ ਨੇ ਹਰ ਸਰੀਰ ਵਿਚ ਪ੍ਰਭੂ ਦੀ ਜੋਤ ਪਛਾਣ ਲਈ ਹੈ। ਜਿਸ ਮਨੁੱਖ ਨੇ ਆਪਣੇ ਮਨ ਵਿਚੋਂ ਬੁਰਾਈ ਮਿਟਾ ਦਿੱਤੀ ਹੈ, ਉਹ ਸਾਰੇ ਸੰਸਾਰ ਦੇ ਮਨੁੱਖਾਂ ਨੂੰ ਆਪਣਾ ਦੋਸਤ ਸਮਝਦਾ ਹੈ। ਹੇ ਨਾਨਕ, ਅਜਿਹੇ ਮਨੁੱਖ, ਸੁਖਾਂ ਤੇ ਦੁਖਾਂ ਨੂੰ ਇਕੋ-ਜਿਹਾ ਸਮਝਦੇ ਹਨ, ਪਾਪ ਅਤੇ ਪੁੰਨ ਦਾ ਉਨ੍ਹਾਂ ਤੇ ਕੋਈ ਅਸਰ ਨਹੀਂ ਹੁੰਦਾ, ਉਹ ਕਿਸੇ ਡਰ ਜਾਂ ਲਾਲਚ ਕਰ ਕੇ, ਜਾਂ ਦੁੱਖ-ਕਲੇਸ਼ ਤੋਂ ਡਰ ਕੇ, ਪੁੰਨ ਕਰਮ ਨਹੀਂ ਕਰਦੇ, ਬਲਕਿ ਉਨ੍ਹਾਂ ਦਾ ਸੁਭਾਅ ਹੀ, ਨੇਕੀ ਕਰਨਾ ਬਣ ਜਾਂਦਾ ਹੈ।6।
ਕੀ ਜਿਨ੍ਹਾਂ ਗੁਰਦਵਾਰਿਆਂ ਵਿਚ ਲਗਾਤਾਰ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਹਨ, ਓਥੇ ਵੀ ਇਨ੍ਹਾਂ ਗਲਾਂ ਬਾਰੇ ਵਿਚਾਰ ਹੁੰਦੀ ਹੈ ?
ਜੇ ਨਹੀਂ ਹੁੰਦੀ,ਤਾਂ ਹੀ ਗੁਰਦਵਾਰਿਆਂ ਵਿਚ ਇਹ ਕਰਮ-ਕਾਂਡ ਹੋਣੇ ਸ਼ੁਰੂ ਹੁੰਦੇ ਜਾਂਦੇ ਨੇ।
ਨਿਰਧਨ ਕਉ ਧਨੁ ਤੇਰੋ ਨਾਉ ॥ ਨਿਥਾਵੇ ਕਉ ਨਾਉ ਤੇਰਾ ਥਾਉ ॥
ਨਿਮਾਨੇ ਕਉ ਪ੍ਰਭ ਤੇਰੋ ਮਾਨੁ ॥ ਸਗਲ ਘਟਾ ਕਉ ਦੇਵਹੁ ਦਾਨੁ ॥
ਕਰਨ ਕਰਾਵਨਹਾਰ ਸੁਆਮੀ ॥ ਸਗਲ ਘਟਾ ਕੇ ਅੰਤਰਜਾਮੀ ॥
ਅਪਨੀ ਗਤਿ ਮਿਤਿ ਜਾਨਹੁ ਆਪੇ ॥ ਆਪਨ ਸੰਗਿ ਆਪਿ ਪ੍ਰਭ ਰਾਤੇ ॥
ਤੁਮ੍ਹਰੀ ਉਸਤਤਿ ਤੁਮ ਤੇ ਹੋਇ ॥ ਨਾਨਕ ਅਵਰੁ ਨ ਜਾਨਸਿ ਕੋਇ ॥7॥
ਹੇ ਪ੍ਰਭੂ, ਕੰਗਾਲ ਲਈ ਤੇਰਾ ਨਾਮ ਹੀ ਧਨ ਹੈ, ਨਿਆਸਰੇ ਨੂੰ ਤੇਰਾ ਹੀ ਆਸਰਾ ਹੈ। ਨਿਮਾਣੇ ਵਾਸਤੇ ਤੇਰਾ ਨਾਮ ਹੀ, ਹੇ ਪ੍ਰਭੂ , ਆਦਰ ਮਾਣ ਹੈ। ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਂਦਾ ਹੈਂ। ਹੇ ਮਾਲਕ, ਹੇ ਸਾਰੇ ਪ੍ਰਾਣੀਆਂ ਦੇ ਦਿਲ ਦੀ ਜਾਨਣ ਵਾਲੇ। ਤੂੰ ਆਪ ਹੀ ਸਭ ਕੁਝ ਕਰਦਾ ਅਤੇ ਕਰਾਉਂਦਾ ਹੈ। ਹੇ ਪ੍ਰਭੂ, ਤੂੰ ਆਪਣੀ ਹਾਲਤ ਤੇ ਆਪਣੀ ਵਡਿਆਈ ਦੀ ਮਰਯਾਦਾ ਆਪ ਹੀ ਜਾਣਦਾ ਹੈਂ , ਤੂੰ ਆਪਣੇ ਆਪ ਵਿਚ ਆਪ ਹੀ ਮਗਨ ਹੈਂ। ਹੇ ਨਾਨਕ, ਆਖ ਕਿ ਹੇ ਪ੍ਰਭੂ, ਤੇਰੀ ਵਡਿਆਈ, ਤੈਥੋਂ ਹੀ ਬਿਆਨ ਹੋ ਸਕਦੀ ਹੈ, ਕੋਈ ਹੋਰ ਤੇਰੀ ਵਡਿਆਈ ਨਹੀਂ ਜਾਣਦਾ।7।
ਕੀ ਜਿਨ੍ਹਾਂ ਗੁਰਦਵਾਰਿਆਂ ਵਿਚ ਲਗਾਤਾਰ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਹਨ, ਓਥੇ ਵੀ ਇਨ੍ਹਾਂ ਗਲਾਂ ਬਾਰੇ ਵਿਚਾਰ ਹੁੰਦੀ ਹੈ ?
ਜੇ ਨਹੀਂ ਹੁੰਦੀ,ਤਾਂ ਹੀ ਗੁਰਦਵਾਰਿਆਂ ਵਿਚ ਇਹ ਕਰਮ-ਕਾਂਡ ਹੋਣੇ ਸ਼ੁਰੂ ਹੁੰਦੇ ਜਾਂਦੇ ਨੇ।
ਅਮਰ ਜੀਤ ਸਿੰਘ ਚੰਦੀ (ਚਲਦਾ)
ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ (ਭਾਗ 8)
Page Visitors: 1291