(ਅਜੋਕਾ ਗੁਰਮਤਿ ਪ੍ਰਚਾਰ?-ਭਾਗ 10)
(ਮਨੁੱਖਾ ਜਨਮ ਤੇ 84 ਲੱਖ ਜੂਨਾਂ ਬਾਰੇ)
ਗੁਰਮਤਿ ਅਤੇ ਵਿਗਿਆਨ ਦੋਨਾਂ ਵਿਸ਼ਿਆਂ ਬਾਰੇ ਅਧੂਰੀ ਜਾਣਕਾਰੀ ਹੋਣ ਕਰਕੇ, ਅਤੇ ਵਿਗਿਆਨ ਦੀ ਤਰੱਕੀ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਤੇ ਅੱਜ ਕਲ੍ਹ ਦੇ ਕੁਝ ਗੁਰਬਾਣੀ ਵਿਆਖਿਆਕਾਰ-ਪ੍ਰਚਾਰਕਾਂ ਨੂੰ ‘ਰੱਬ ਦੀ ਹੋਂਦ, ਆਵਾਗਵਣ, ਮਨ, ਆਤਮਾ, ਪਰਮਾਤਮਾ, ਕਰਮ-ਫਲ਼’ ਆਦਿ ਗੁਰਮਤਿ ਦੇ ਕੁਝ ਸੰਕਲਪ ਗ਼ਲਤ ਜਾਪਣ ਲੱਗ ਪਏ ਹਨ । ਇਸ ਲਈ ਇਨ੍ਹਾਂ ਲੋਕਾਂ ਨੇ ਗੁਰਮਤਿ ਨੂੰ ਡੁੰਘਾਈ ਵਿੱਚ ਸਮਝਣ ਦੀ ਬਜਾਏ ਗੁਰਬਾਣੀ ਦੇ ‘ਭਾਵ ਅਰਥਾਂ’ ਦੇ ਨਾਮ ਤੇ ਗੁਰਬਾਣੀ ਦੇ ਅਰਥ ਹੀ ਬਦਲਕੇ ਆਪਣੀ ਬਣੀ ਸੋਚ ਮੁਤਾਬਕ ਕਰਕੇ ਪ੍ਰਚਾਰਨੇ ਸ਼ੁਰੂ ਕਰ ਦਿੱਤੇ ਹਨ।ਆਪਣਾ ਪੱਖ ਸਹੀ ਸਾਬਤ ਕਰਨ ਲਈ ਪਹਿਲਾਂ ਗੁਰਬਾਣੀ ਵਿੱਚੋਂ ਕੁੱਝ ਐਸੀਆਂ ਉਦਾਹਰਣਾ ਪੇਸ਼ ਕਰ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂਦੇ ਸਿੱਧੇ ਅਰਥ ਹੋ ਹੀ ਨਹੀਂ ਸਕਦੇ, ਕੇਵਲ ਭਾਵਾਰਥ ਹੀ ਕੀਤੇ ਜਾ ਸਕਦੇ ਹਨ । ਇਸ ਬਹਾਨੇ ਨਾਲ ਜਿਵੇਂ ਇਨ੍ਹਾਂ ਨੂੰ ਗੁਰਬਾਣੀ ਦੇ ਕਿਸੇ ਵੀ ਸ਼ਬਦ ਦੇ ਆਪਣੀ ਮਰਜੀ ਦੇ ਅਰਥ ਕਰਨ ਦੀ ਛੁਟ ਮਿਲ ਜਾਂਦੀ ਹੈ ।
ਇਹ ਠੀਕ ਹੈ ਕਿ ਗੁਰਬਾਣੀ ਵਿੱਚ ਬਹੁਤ ਸਾਰੇ ਸ਼ਬਦ ਐਸੇ ਹਨ ਜਿਨ੍ਹਾਂ ਦੇ ਸਿੱਧੇ ਅਰਥ ਨਾ ਕਰਕੇ ਭਾਵਾਰਥ ਸਮਝਣੇ ਹੁੰਦੇ ਹਨ।ਪਰ ਉਨ੍ਹਾਂ ਸ਼ਬਦਾਂ ਦੇ ਭਾਵਾਰਥ ਕਰਨ ਲੱਗੇ ਗੁਰਬਾਣੀ ਵਿੱਚੋਂ ਹੀ ਸੇਧ ਲੈਣੀ ਹੁੰਦੀ ਹੈ।ਐਸਾ ਨਹੀਂ ਕਿ ਇਹ ਵਿਦਵਾਨ ਆਪਣਾ ਪੱਖ ਸਹੀ ਸਾਬਤ ਕਰਨ ਲਈ ਗੁਰਬਾਣੀ ਉਦਾਹਰਣਾਂ ਨਹੀਂ ਦਿੰਦੇ।ਗੁਰਬਾਣੀ ਉਦਾਹਰਣਾਂ ਜਰੂਰ ਦਿੱਤੀਆਂ ਜਾਂਦੀਆਂ ਹਨ, ਪਰ ਇਨ੍ਹਾਂ ਉਦਾਹਰਣਾਂ ਦੇ ਵੀ ਆਪਣੀ ਸੋਚ ਮੁਤਾਬਕ ਹੀ ਭਾਵਾਰਥ ਕਰਕੇ ਪੇਸ਼ ਕਰ ਦਿੱਤੇ ਜਾਂਦੇ ਹਨ।ਐਸੇ ਸ਼ਬਦ ਜਿਹੜੇ ਇਨ੍ਹਾਂ ਵਿਦਵਾਨਾਂ ਦੀ ਸੋਚ ਵਿੱਚ ਫਿਟ ਨਹੀਂ ਬੈਠਦੇ ਉਨ੍ਹਾਂ ਸ਼ਬਦਾਂ ਦੇ ਅਰਥ ਜਾਂ ਭਾਵਾਰਥ ਪੇਸ਼ ਕਰਨ ਲੱਗੇ ਪਹਿਲਾਂ ਇਹੋ ਜਿਹੇ ਸ਼ਬਦਾਂ ਦੀਆਂ ਆਪਣੀ ਬਣੀ ਹੋਈ ਸੋਚ ਅਨੁਸਾਰ ਅਰਥ ਕਰਕੇ ਲੰਮੀਚੌੜੀ ਭੂਮਿਕਾ ਬੰਨ੍ਹ ਦਿੱਤੀ ਜਾਂਦੀ ਹੈ ਜਿਨ੍ਹਾਂ ਦੇ ਅਰਥ ਨਾ ਕਰਕੇ ਭਾਵਾਰਥ ਹੀ ਕਰਨੇ ਹੁੰਦੇ ਹਨ ।
ਇਸ ਲੰਬੀ ਚੌੜੀ ਭੂਮਿਕਾ ਤੋਂ ਬਾਅਦ ਅਸਲੀ ਸ਼ਬਦ ਜਿਸ ਦੀ ਵਿਆਖਿਆ ਕਰਨੀ ਹੁੰਦੀ ਹੈ, ਉਹ ਸ਼ਬਦ ਆਪਣੀ ਬਣੀ ਸੋਚ ਅਨੁਸਾਰ ਭਾਵਾਰਥ ਕਰਕੇ ਪੇਸ਼ ਕਰ ਦਿੱਤਾ ਜਾਂਦਾ ਹੈ । ਜਿਸ ਨਾਲ ਆਮ ਸਿੱਧੇ-ਸਾਦੇ ਗੁਰਮਤਿ ਪ੍ਰੇਮੀ ਭੁਲੇਖਾ ਖਾ ਜਾਂਦੇ ਹਨ ਕਿ ਇਹ ਸੱਜਣ ਜੋ ਵਿਆਖਿਆਵਾਂ ਕਰ ਰਹੇ ਹਨ ਠੀਕ ਹੀ ਹਨ।ਅਜੋਕੇ ਇਕ ਗੁਰਬਾਣੀ ਵਿਆਖਿਆਕਾਰ ਜੀ ਦੁਆਰਾ ਇਕ ਸ਼ਬਦ ਦੀ ਕੀਤੀ ਗਈ ਵਿਆਖਿਆ ਪੇਸ਼ ਹੈ ।
ਸ਼ਬਦ ਹੈ-
“ਕਈ ਜਨਮ ਭਏ ਕੀਟ ਪਤੰਗਾ ॥ ਕਈ ਜਨਮ ਗਜ ਮੀਨ ਕਰੰਗਾ ॥
ਕਈ ਜਨਮ ਪੰਖੀ ਸਰਪ ਹੋਇਓ ॥ ਕਈ ਜਨਮ ਹੈਵਰ ਬਿਰਖ ਜੋਇਓ ॥
ਮਿਲਿ ਜਗਦੀਸ ਮਿਲਨ ਕੀ ਬਰੀਆ ॥ ਚਿਰੰਕਾਲ ਇਹ ਦੇਹ ਸੰਜਰੀਆ ॥ ਰਹਾਉ ॥
ਕਈ ਜਨਮ ਸੈਲ ਗਿਰਿ ਕਰਿਆ ॥ ਕਈ ਜਨਮ ਗਰਭ ਹਿਰਿ ਖਰਿਆ ॥
ਕਈ ਜਨਮ ਸਾਖ ਕਰਿ ਉਪਾਇਆ ॥ ਲਖ ਚਉਰਾਸੀਹ ਜੋਨਿ ਭ੍ਰਮਾਇਆ ॥
ਸਾਧ ਸੰਗਿ ਭਇਓ ਜਨਮ ਪਰਾਪਤਿ ॥ ਕਰਿ ਸੇਵਾ ਭਜੁ ਹਰਿ ਹਰਿ ॥
ਤਿਆਗਿ ਮਾਨੁ ਝੂਠ ਅਭਿਮਾਨ ॥ ਜੀਵਤ ਮਰਹਿ ਦਰਗਹ ਪਰਵਾਨੁ ॥
ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥ ਅਵਰੁ ਨ ਦੂਜਾ ਕਰਣੈ ਜੋਗੁ ॥
ਤਾ ਮਿਲੀਐ ਜਾ ਲੇਹਿ ਮਿਲਾਇ ॥ ਕਹੁ ਨਾਨਕ ਹਰਿ ਹਰਿ ਗੁਣ ਗਾਇ ॥ ” (ਪੰਨਾ-176)।
ਸ਼ਬਦ ਵਿੱਚ ਕਿਤੇ ਕੋਈ ਭੁਲੇਖੇ ਵਾਲੀ ਗੱਲ ਨਹੀਂ, ਬੜੀ ਸਾਫ ਅਤੇ ਸੌਖੀ ਗੱਲ ਕੀਤੀ ਗਈ ਹੈ । ਸਾਰੇ ਸ਼ਬਦ ਵਿੱਚ ਵੱਖ ਵੱਖ ਅਨੇਕਾਂ ਜੂਨੀਆਂ ਵਿੱਚ ਭ੍ਰਮਣ ਦਾ ਜ਼ਿਕਰ ਕਰਕੇ ਰਹਾਉ ਦੀ ਤੁਕ ਵਿੱਚ ਮਨੁੱਖਾ ਦੇਹੀ (ਸਰੀਰ) ਮਿਲਣ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਇਸ ਮਨੁੱਖਾ ਜਨਮ ਦੇ ਮਨੋਰਥ ਦੀ ਗੱਲ ਕੀਤੀ ਗਈ ਹੈ।
ਅਜੋਕੇ ਵਿਦਵਾਨ ਜੀ ਦੀ ਕੀਤੀ ਗਈ ਵਿਆਖਿਆ--
““ਸਾਰਾ ਸੰਸਾਰ ਪ੍ਰਭੂ ਦੀ ਹੋਂਦ ਹੈ । ਪ੍ਰਭੂ ਦੇ ਹੁਕਮ, ਨਿਯਮਾਂ ਅਨੁਸਾਰ ਸੰਸਾਰ ਅਤੇ ਮਨੁੱਖ ਦਾ ਵਿਕਾਸ ਹੋਇਆ ਹੈ।ਸਭ ਤੋਂ ਪਹਿਲਾਂ ਜੀਵ ਪਾਣੀ ਵਿੱਚ ਪੈਦਾ ਹੋਇਆ, ਹੌਲੀ ਹੌਲੀ ਵਿਕਾਸ ਹੁੰਦਾ ਗਿਆ ਤੇ ਜੀਵ ਜੰਤੂ ਬਣਦੇ ਗਏ । ਕਿਸੇ ਬੀਜ ਨੂੰ ਜ਼ਮੀਨ ਵਿੱਚ ਬੀਜ ਦਿੱਤਾ ਜਾਏ, ਉਹ ਫਲ਼ੀ-ਭੂਤ ਹੁੰਦਾ ਹੈ।ਫਿਰ ਪੱਕ ਕੇ ਤਿਆਰ ਹੋ ਜਾਂਦਾ ਹੈ।ਪੱਕੇ ਹੋਏ ਫਲ਼ ਨੂੰ ਮਨੁੱਖ ਖਾ ਜਾਂਦਾ ਹੈ।ਬੀਜ ਦਾ ਬੀਜਣਾ ਉਸ ਦਾ ਪੱਕ ਜਾਣਾ ਤੇ ਮਨੁੱਖ ਤੀਕ ਪਹੁੰਚ ਜਾਣਾ ਉਸ ਦੀ ਮੰਜਿਲ ਸਫਲ ਹੋ ਜਾਂਦੀ ਹੈ।ਮਨੁੱਖ ਨੇ ਆਪਣੇ ਜੀਵਨ ਅੰਦਰ ਚੰਗਾ ਮਨੁੱਖ ਬਣਕੇ ਜ਼ਿੰਦਗ਼ੀ ਦੀ ਸਿਖ਼ਰ ਤੇ ਪਹੁੰਚਣਾ ਹੈ ।ਮਨੁੱਖਾ ਜੀਵਨ ਬਾਕੀ ਦੀਆਂ ਜੂਨਾਂ ਦੇ ਬਾਅਦ ਵਿੱਚ ਬਣਿਆ ਹੈ।ਸਾਇੰਸ ਇਸ ਨੂੰ ਕਰਮ ਵਿਕਾਸ ਆਖਦੀ ਹੈ । **ਕੁਦਰਤੀ ਨਿਯਮਾਂ ਅਨੁਸਾਰ ਮਨੁੱਖ ਹੋਂਦ ਵਿੱਚ ਆਇਆ ਹੈ** ।ਆਦਮੀ ਮਨੁੱਖੀ ਸਰੀਰ ਵਿੱਚ ਹੁੰਦਾ ਹੋਇਆ ਆਪਣਾ ਸੁਭਾਅ ਤੇ ਕਰਮ ਬਦਲਣ ਲਈ ਤਿਆਰ ਨਹੀਂ ਹੁੰਦਾ। ਰਹਾਉ ਦੀ ਪੰਗਤੀ ਵਿੱਚ ਮਨੁੱਖਾ ਜੀਵਨ ਨੂੰ ਪ੍ਰਭੂ ਮਿਲਾਪ ਲਈ ਨਿਰਧਾਰਿਤ ਕੀਤਾ ਗਿਆ ਹੈ । “ਦੇਹ ਸੰਜਰੀਆ”-ਸਰੀਰ ਮਿਲਿਆ ਹੈ “ਚਿਰੰਕਾਲ” ਚਿਰਾਂ ਉਪਰੰਤ; ਜਨਮ ਲਿਆ, ਜਵਾਨੀ ਆਈ, ਬੁਢੇਪੇ ਵਿੱਚ ਪੈਰ ਪਾ ਲਿਆ ਹੈ।ਨਾ-ਸਮਝੀ ਕਰਕੇ ਵਿਅਰਥ ਹੀ ਜੀਵਨ ਗਵਾ ਲਿਆ ਹੈ।“ਚਿਰੰਕਾਲ”- ਕਾਫੀ ਸਮਾਂ ਉਮਰ ਦਾ ਢਲ ਗਿਆ ਹੈ।ਸਰੀਰ ਮਿਲਿਆ; ਹੁਣ ਸਮਝ ਆਈ ਹੈ।ਬਹੁਤ ਸਮੇਂ ਉਪਰੰਤ ਸਮਝ ਆਈ ਹੈ।ਜਨਮ ਤਾਂ ਮਨੁੱਖਾਂ ਘਰ ਲਿਆ ਸੀ, ਪਰ ਕਰਮ ਤੇ ਸੁਭਾਅ ਵਿੱਚ ਹੋਰ ਹੀ ਪ੍ਰਵਿਰਤੀਆਂ ਕੰਮ ਕਰ ਰਹੀਆਂ ਸਨ।ਅਸਲ ਸਰੀਰ ਓਦੋਂ ਮਿਲਿਆ ਸਮਝਣਾ ਚਾਹੀਦਾ ਹੈ ਜਦੋਂ ਸਮਝ ਆਉਂਦੀ ਹੈ ।
ਅਸੀਂ ਜਿਉਂਦੇ ਮਨੁੱਖੀ ਤਲ਼ ਤੇ ਹਾਂ; ਪਰ ਸੁਭਾਅ ਦੀ ਬਿਰਤੀ ਪਸ਼ੂ ਤਲ਼ ਤੇ ਹੁੰਦੀ ਹੈ।ਇਸ ਪਸ਼ੂ ਬਿਰਤੀ ਅੰਦਰ ਜਿਉਂਦਾ ਮਨੁੱਖ ਜੂਨਾਂ ਭੋਗ ਰਿਹਾ ਹੁੰਦਾ ਹੈ । ਵਿਦਵਾਨਾਂ ਦਾ ਖਿਆਲ ਹੈ ਪੱਥਰ ਅਬੋਧ ਹੈ, ਬਨਸਪਤੀ ਤਿੰਨ ਹਿੱਸੇ ਸੁੱਤੀ ਹੋਈ ਹੈ ਤੇ ਇੱਕ ਹਿੱਸਾ ਜਾਗਦੀ ਹੈ।ਪਸ਼ੂ ਪੰਸ਼ੀ ਦੋ ਹਿੱਸੇ ਜਾਗਦੇ ਤੇ ਦੋ ਹਿੱਸੇ ਸੁੱਤੇ ਹੋਏ ਹਨ । ਮਨੁੱਖ ਤਿੰਨ ਹਿੱਸੇ ਜਾਗਿਆ ਹੋਇਆ ਹੈ।ਜੇ ਇਹ ਇੱਕ ਹਿੱਸਾ ਜਗਾ ਲੈਂਦਾ ਹੈ ਤਾਂ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ।ਜੇ ਇਸ ਦਾ ਇੱਕ ਹਿੱਸਾ ਹੋਰ ਸੌਂ ਜਾਂਦਾ ਹੈ ਤਾਂ ਇਹ ਪਸ਼ੂ ਬਿਰਤੀ ਤੇ ਉਤਰ ਆਉਂਦਾ ਹੈ। ਜੇ ਕਰ ਮਨੁੱਖੀ ਜੀਵਨ ਨੂੰ ਨਹੀਂ ਸਮਝਿਆ ਤਾਂ ਪਸ਼ੂ, ਪੰਸ਼ੀਆਂ, ਸੱਪਾਂ, ਘੋੜੇ ਤੇ ਬਲਦਾਂ ਦੀਆਂ ਕਿੰਨੀਆਂ ਜੂਨਾਂ ਹਨ, ਇਨ੍ਹਾਂ ਜੂਨਾਂ ਵਿੱਚ ਵਿਚਰ ਰਿਹਾ ਹੈ।ਜਿਸ ਘੜੀ ਇਹ ਅਹਿਸਾਸ ਹੋ ਜਾਏ ਕਿ ਮੈਂ ਗ਼ਲਤ ਧਾਰਨਾ ਤੇ ਤੁਰਿਆ ਹਾਂ; ਅਸਲ ਉਸ ਵੇਲੇ ਮਨੁੱਖਾ ਸਰੀਰ ਧਾਰਿਆਂ ਸਮਝਿਆ ਜਾ ਸਕਦਾ ਹੈ ।
ਹਾਥੀ, ਘੋੜਿਆਂ, ਬਲਦਾਂ ਤੇ ਮੱਛੀਆਂ ਦੀਆਂ ਕਈ-ਕਈ ਕਿਸਮਾਂ ਦੀਆਂ ਜੂਨਾਂ ਹਨ ।
ਗੁਰੂ ਜੀ ਨੇ ਇਹਨਾਂ ਜੂਨਾਂ ਦਾ ਜ਼ਿਕਰ ਕਰਕੇ ਅਹਿਸਾਸ ਕਰਾਇਆ ਹੈ ਕਿ ਜਾਤ ਤੇਰੀ ਮਨੁੱਖ ਵਾਲੀ ਹੈ ਪਰ ਕਰਤੂਤ ਤੇਰੀ ਪਸ਼ੂਆਂ ਵਾਲੀ ਹੈ। ਜੂਨਾਂ ਤੋਂ ਘਬਰਾਣ ਦੀ ਲੋੜ ਨਹੀਂ ਸਗੋਂ ਸਾਨੂੰ ਆਪਣੀ ਜੂਨ ਸੰਵਾਰਨ ਦੀ ਲੋੜ ਹੈ””।
ਵਿਚਾਰ-
ਇਨ੍ਹਾਂ ਅਜੋਕੇ ਵਿਦਵਾਨ ਜੀ ਦੀ ਵਿਆਖਿਆ ਪੜ੍ਹਨ ਸੁਣਨ ਵਿੱਚ ਬਹੁਤ ਵਧੀਆ, ਪ੍ਰਭਾਵ-ਪੂਰਣ ਅਤੇ ਅਸਲੀਅਤ ਦੇ ਨੇੜੇ ਲੱਗਦੀ ਹੈ । ਅਤੇ ਇਹ ਵੀ ਪ੍ਰਭਾਵ ਪੈਂਦਾ ਹੈ ਕਿ ਗੁਰੂ ਸਾਹਿਬ ਨੇ ਅੱਜ ਤੋਂ 500 ਸਾਲ ਪਹਿਲਾਂ ਹੀ ਅਜੋਕੇ ਸਮੇਂ ਦੀ ਖੋਜ ‘ਕਰਮ ਵਿਕਾਸ’ ਸਿਧਾਂਤ ਬਾਰੇ ਵਿਚਾਰ ਦੇ ਦਿੱਤੇ ਸਨ । ਜਾਣੀ ਕਿ ਵਿਆਖਿਆਕਾਰ ਜੀ ਇਹ ਕਹਿਣਾ ਚਾਹੁੰਦੇ ਹਨ ਕਿ ਗੁਰੂ ਸਾਹਿਬਾਂ ਨੂੰ ਕਿਸੇ ਕਰਾਮਾਤੀ ਸ਼ਕਤੀ ਦੇ ਜਰੀਏ ਡਾਰਵਿਨ ਤੋਂ ਸਦੀਆਂ ਪਹਿਲਾਂ ਹੀ ਕਰਮ ਵਿਕਾਸ ਸਿਧਾਂਤ ਬਾਰੇ ਗਿਆਨ ਹਾਸਲ ਸੀ । ਡਾਰਵਿਨ ਨੂੰ ਆਪਣੇ ਸਿਧਾਂਤ ਦੀ ਪੁਸ਼ਟੀ ਕਰਨ ਲਈ ਦੇਸ਼ ਦੇਸ਼ਾਂਤਰਾਂ ਵਿੱਚ ਜਾ ਕੇ ਪਹਾੜਾਂ ਮੈਦਾਨਾਂ ਦੀ ਡੂੰਘੀ ਖੁਦਾਈ ਕਰਨੀ ਪਈ ਸੀ।ਪਰ ਗੁਰੂ ਸਾਹਿਬ ਨੂੰ ਇਹ ਸਭ ਕੁਝ ਕਰਨ ਤੋਂ ਬਿਨਾ ਹੀ, ਕਿਸੇ ਕਰਾਮਾਤ ਦੇ ਜਰੀਏ ਕਰਮ ਵਿਕਾਸ ਸਿਧਾਂਤ ਦੇ ਸਹੀ ਹੋਣ ਬਾਰੇ ਜਾਣਕਾਰੀ ਸੀ (ਵੈਸੇ ਇਹ ਵਿਆਖਿਆਕਾਰ ਜੀ ਕਿਸੇ ਕਰਾਮਾਤ ਨੂੰ ਨਹੀਂ ਮੰਨਦੇ) । ਹੈਰਾਨੀ ਦੀ ਗੱਲ ਹੈ ਕਿ ਅਜੋਕੇ ਵਿਆਖਿਆਕਾਰ ਗੁਰਬਾਣੀ ਨੂੰ ਅੱਜ ਤੱਕ ਹੋ ਚੁੱਕੀਆਂ ਵਿਗਿਆਨਕ ਖੋਜਾਂ ਨਾਲ ਹੀ ਜੋੜਨ ਦੀ ਕੋਸ਼ਿਸ਼ ਕਿਉਂ ਕਰਦੇ ਹਨ ? ਕੋਈ ਵੀ ਵਿਦਵਾਨ ਗੁਰਬਾਣੀ’ਚੋਂ ਕੋਈ ਇੱਕ ਵੀ ਐਸੀ ਉਦਾਹਰਣ ਪੇਸ਼ ਨਹੀਂ ਕਰਦਾ ਜਿਸ ਤੋਂ ਸੇਧ ਲੈ ਕੇ ਕੋਈ ਅਜੋਕਾ ਗੁਰਬਾਣੀ ਵਿਆਖਿਆਕਾਰ ਕਹੇ ਕਿ ਇਸ ਸ਼ਬਦ ਤੋਂ ਆਉਣ ਵਾਲੇ ਸਮੇਂ ਵਿੱਚ ਕਿਸੇ ਵਿਗਿਆਨਕ ਨੁਕਤੇ ਬਾਰੇ ਖੋਜ ਕੀਤੀ ਜਾ ਸਕਦੀ ਹੈ ।
ਅਤੇ ਦੂਸਰਾ, ਧੰਨ ਸਨ ਉਹ ਸਿੱਖ ਜਿਹੜੇ ਗੁਰੂ ਸਾਹਿਬਾਂ ਦੀਆਂ ਇਹੋ ਜਿਹੀਆਂ ਵਿਗਿਆਨ ਦੀਆਂ ਬਾਰੀਕੀਆਂ ਅਤੇ ਡੁੰਘਾਈਆਂ ਨੂੰ ਸਹਜੇ ਹੀ ਸਮਝ ਜਾਂਦੇ ਸਨ।‘ਕਈ ਜਨਮ’ ਕਹਿਣ ਨਾਲ ਹੀ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਗੁਰੂ ਸਾਹਿਬ ਕਰਮ ਵਿਕਾਸ ਸਿਧਾਂਤ ਦੀ ਗੱਲ ਕਰ ਰਹੇ ਹਨ, ਜਿਸ ਦੀ ਖੋਜ ਹਾਲੇ ਆਣ ਵਾਲੀਆਂ ਕਈ ਸਦੀਆਂ ਬਾਅਦ ਹੋਣੀ ਸੀ।ਜਾਂ ਫੇਰ ਦੂਸਰਾ ਪਹਿਲੂ-
ਕਿਉਂਕਿ ਉਸ ਵਕਤ ਕਰਮ ਵਿਕਾਸ ਸਿਧਾਂਤ ਬਾਰੇ ਕੋਈ ਖੋਜ ਤਾਂ ਹੋਈ ਨਹੀਂ ਸੀ, ਇਸ ਲਈ ਕੁਦਰਤੀ ਗੱਲ ਹੈ ਕਿ ਇਨ੍ਹਾਂ ਕਰਮ ਵਿਕਾਸ ਸਿਧਾਂਤ ਦੀਆਂ ਗੱਲਾਂ ਨੂੰ ਕੋਈ ਵੀ ਵਿਅਕਤੀ (ਗੁਰੂ ਸਾਹਿਬਾਂ ਦੇ ਵਕਤ ਵੀ) ਜਾਣਦਾ ਬੁੱਝਦਾ ਨਹੀਂ ਸੀ।ਲਿਹਾਜਾ ਓਦੋਂ ਤੋਂ ਲੈ ਕੇ ਹੁਣ ਤੱਕ ਕੋਈ ਗੁਰਸਿੱਖ ਗੁਰੂ ਸਾਹਿਬਾਂ ਦੇ ਅਸਲੀ ਸੁਨੇਹੇ ਨੂੰ ਸਮਝ ਹੀ ਨਹੀਂ ਸਕਿਆ ਹੋਵੇਗਾ । ਗੁਰੂ ਸਾਹਿਬਾਂ ਦਾ ਉਪਦੇਸ਼ ਹੁਣ ਤੱਕ ਵਿਅਰਥ ਹੀ ਜਾਂਦਾ ਰਿਹਾ