ਸੁਖਮਨੀ ਸਾਹਿਬ (ਭਾਗ 9)
ਕੀ ਜਿਨ੍ਹਾਂ ਗੁਰਦਵਾਰਿਆਂ ਵਿਚ ਲਗਾਤਾਰ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਹਨ, ਓਥੇ ਵੀ ਇਨ੍ਹਾਂ ਗਲਾਂ ਬਾਰੇ ਵਿਚਾਰ ਹੁੰਦੀ ਹੈ ?
ਜੇ ਨਹੀਂ ਹੁੰਦੀ,ਤਾਂ ਹੀ ਗੁਰਦਵਾਰਿਆਂ ਵਿਚ ਇਹ ਕਰਮ-ਕਾਂਡ ਹੋਣੇ ਸ਼ੁਰੂ ਹੁੰਦੇ ਜਾਂਦੇ ਨੇ।
ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥
ਸਗਲ ਕ੍ਰਿਆ ਮਹਿ ਊਤਮ ਕਿਰਿਆ ॥ ਸਾਧਸੰਗਿ ਦੁਰਮਤਿ ਮਲੁ ਹਿਰਿਆ ॥
ਸਗਲ ਉਦਮ ਮਹਿ ਉਦਮੁ ਭਲਾ ॥ ਹਰਿ ਕਾ ਨਾਮੁ ਜਪਹੁ ਜੀਅ ਸਦਾ ॥
ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥ ਹਰਿ ਕੋ ਜਸੁ ਸੁਨਿ ਰਸਨ ਬਖਾਨੀ ॥
ਸਗਲ ਥਾਨ ਤੇ ਓਹੁ ਊਤਮ ਥਾਨੁ ॥ ਨਾਨਕ ਜਿਹ ਘਟਿ ਵਸੈ ਹਰਿ ਨਾਮੁ ॥8॥3॥
ਹੇ ਮਨ, ਪ੍ਰਭੂ ਦਾ ਨਾਮ ਜਪ, ਤੇ ਪਵਿੱਤ੍ਰ ਆਚਰਣ ਬਣਾ, ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ। ਸਤ ਸੰਗ ਵਿਚ ਰਹਿ ਕੇ ਭੈੜੀ ਮਤ ਰੂਪੀ ਮੈਲ ਦੂਰ ਕੀਤੀ ਜਾਵੈ, ਇਹ ਕੰਮ, ਹੋਰ ਸਾਰੀਆਂ ਧਾਰਮਿਕ ਰਸਮਾਂ ਨਾਲੋਂ ਉੱਤਮ ਹੈ। ਹੇ ਮਨ ਸਦਾ ਪ੍ਰਭੂ ਦਾ ਨਾਮ ਜੱਪ- ਇਹ ਉੱਦਮ, ਹੋਰ ਸਾਰੇ ਉੱਦਮਾਂ ਨਾਲੋਂ ਭਲਾ ਹੈ। ਪ੍ਰਭੂ ਦਾ ਜੱਸ ਕੰਨਾਂ ਨਾਲ ਸੁਣ ਅਤੇ ਰਸਨਾ ਨਾਲ ਉਸ ਦਾ ਵਿਖਿਆਨ ਕਰ। ਪ੍ਰਭੂ ਦੇ ਜੱਸ ਦੀ ਇਹ ਆਤਮਕ ਜੀਵਨ ਦੇਣ ਵਾਲੀ ਬਾਣੀ, ਹੋਰ ਸਭ ਬਾਣੀਆਂ ਨਾਲੋਂ ਸੁੰਦਰ ਹੈ।
ਹੇ ਨਾਨਕ, ਜਿਸ ਹਿਰਦੇ ਵਿਚ ਪ੍ਰਭੂ ਦਾ ਨਾਮ ਵਸਦਾ ਹੈ, ਉਹ ਹਿਰਦਾ ਰੂਪ ਥਾਂ, ਹੋਰ ਸਾਰੇ ਤੀਰਥ ਅਸਥਾਨਾਂ ਤੋਂ ਪਵਿੱਤ੍ਰ ਹੈ।8।3।
ਗੁਰੂ ਸਾਹਿਬ ਜੀ ਨੇ ਬੜੇ ਸਾਫ ਅੱਖਰਾਂ ਵਿਚ "ਸਤ-ਸੰਗ" ਦੀ ਵਡਿਆਈ ਕੀਤੀ ਹੈ।
ਅਗਾਂਹ ਤੁਰਨ ਤੋਂ ਪਹਿਲਾਂ, ਦੋ ਅੱਖਰਾਂ ਦੇ ਅਰਥ ਜਾਣ ਲਈਏ।
1, "ਸਤ-ਸੰਗਤ" ਜਿੱਥੇ ਸਚ ਬੋਲਣ ਵਾਲੀ ਸੰਗਤ ਜੁੜਦੀ ਹੋਵੇ। ਇਸ ਥਾਂ ਨੂੰ ਕਈ ਲੋਕ "ਸਤ-ਸੰਗ ਘਰ" ਵੀ ਆਖਦੇ ਨੇ, ਗੁਰੂ ਸਾਹਿਬ ਵੇਲੇ ਇਸ ਨੂੰ "ਧਰਮ-ਸਾਲ" ਕਿਹਾ ਜਾਂਦਾ ਸੀ।
ਪਤਾ ਨਹੀਂ ਕਦੋਂ ਇਸ ਨੂੰ "ਗੁਰਦਵਾਰਾ" ਬਣਾ ਕੇ ਧਰਮ ਤੋਂ ਅਲੱਗ ਕਰ ਦਿੱਤਾ ਗਿਆ ?
2, "ਸਤ-ਸੰਗ" ਜਿੱਥੇ ਸੰਗਤ ਇਕੱਠੀ ਹੋਕੇ ਸੱਚ ਦੀ ਗੱਲ ਕਰੇ। ਗੁਰਬਾਣੀ ਅਨੁਸਾਰ,
ਜੋਗੀ ਅੰਦਰਿ ਜੋਗੀਆ॥ ਤੂੰ ਭੋਗੀ ਅੰਦਰਿ ਭੋਗੀਆ॥
ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ॥1॥
ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ॥1॥ਰਹਾਉ॥
ਤੁਧੁ ਸੰਸਾਰੁ ਉਪਾਇਆ॥ ਸਿਰੇ ਸਿਰਿ ਧੰਧੇ ਲਾਇਆ॥
ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ॥2॥
ਪਰਗਟਿ ਪਾਹਾਰੈ ਜਾਪਦਾ॥ ਸਭੁ ਨਾਵੈ ਨੋ ਪਰਤਾਪਦਾ॥
ਸਤਿਗੁਰ ਬਾਝੁ ਨ ਪਾਇਓ ਸਭ ਮੋਹੀ ਮਾਇਆ ਜਾਲਿ ਜੀਉ॥3॥
ਸਤਿਗੁਰ ਕਉ ਬਲਿ ਜਾਈਐ॥ ਜਿਤੁ ਮਿਲਿਐ ਪਰਮ ਗਤਿ ਪਾਈਐ॥
ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ॥4॥
ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥
ਏਕੋ ਨਾਮੁ ਹੁਕਮ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥5॥.........
ਅੰਮ੍ਰਿਤੁ ਤੇਰੀ ਬਾਣੀਆਾ॥ ਤੇਰਿਆ ਭਗਤਾ ਰਿਦੇ ਸਮਾਣੀਆ॥
ਸੁਖ ਸੇਵਾ ਅੰਦਰਿ ਰਖਿਐ ਆਪਣੀ ਨਦਰਿ ਕਰਹਿ ਜਿਸਤਾਰਿ ਜੀਉ॥12॥
ਸਤਿਗੁਰੁ ਮਿਲਿਆ ਜਾਣੀਐ॥ ਜਿਤੁ ਮਿਲਿਐ ਨਾਮੁ ਵਖਾਣੀਐ॥
ਸਤਿਗੁਰ ਬਾਝੁ ਨ ਪਾਇਓ ਸਭ ਥਕੀ ਕਰਮ ਕਮਾਇ ਜੀਉ॥13॥ (71/72)
ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ॥1॥ਰਹਾਉ॥
ਹੇ ਪ੍ਰਭੂ, ਮੈਂ ਤੇਰੇ ਨਾਮ ਤੋਂ, ਸਦਕੇ ਹਾਂ, ਵਾਰਨੇ ਜਾਂਦਾ ਹਾਂ ਤੇਰੇ ਨਾਮ ਤੋੰ, ਕੁਰਬਾ ਜਾਂਦਾ ਹਾਂ ਤੇਰੇ ਨਾਮ ਤੋਂ।1।ਰਹਾਉ।
ਜੋਗੀ ਅੰਦਰਿ ਜੋਗੀਆ॥ ਤੂੰ ਭੋਗੀ ਅੰਦਰਿ ਭੋਗੀਆ॥
ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ॥1॥
ਹੇ ਪ੍ਰਭੂ, ਤੂੰ ਜੋਗੀਆਂ ਵਿਚ ਵਿਆਪਕ ਹੋ ਕੇ ਆਪ ਹੀ ਜੋਗ ਕਮਾ ਰਿਹਾ ਹੈਂ, ਮਾਇਆ ਦੇ ਭੋਗ, ਭੋਗਣ ਵਾਲਿਆਂ ਵਿਚ ਵੀ ਤੂੰ ਹੀ ਪਦਾਰਥ ਭੋਗ ਰਿਹਾ ਹੈਂ, ਸੁਰਗ ਲੋਕ ਵਿਚ, ਮਾਤ ਲੋਕ ਵਿਚ ਅਤੇ ਪਾਤਾਲ ਲੋਕ ਵਿਚ ਵਸਦੇ ਕਿਸੇ ਜੀਵ ਨੇ ਵੀ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਾ।1।
ਤੁਧੁ ਸੰਸਾਰੁ ਉਪਾਇਆ॥ ਸਿਰੇ ਸਿਰਿ ਧੰਧੇ ਲਾਇਆ॥
ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ॥2॥
ਹੇ ਪ੍ਰਭੂ, ਤੂੰ ਹੀ ਜਗਤ ਪੈਦਾ ਕੀਤਾ ਹੈ, ਹਰੇਕ ਜੀਵ ਦੇ ਸਿਰ ਤੇ, ਉਨ੍ਹਾਂ ਦੇ ਕਰਮਾਂ ਦੇ ਲੇਖ ਲਿਖ ਕੇ, ਉਨ੍ਹਾਂ ਜੀਵਾਂ ਨੂੰ ਤੂੰ ਹੀ, ਮਾਇਆ ਦੇ ਧੰਦਿਆਂ ਵਿਚ ਫਸਾਇਆ ਹੋਇਆ ਹੈ। ਤੂੰ ਕੁਦਰਤ ਕਰ ਕੇ, ਜੀਵ ਰੂਪੀ ਨਰਦਾਂ ਸੁੱਟ ਕੇ, ਆਪ ਹੀ ਆਪਣੇ ਰਚੇ ਸੰਸਾਰ ਦੀ ਸੰਭਾਲ ਕਰ ਰਿਹਾ ਹੈਂ।2।
ਪਰਗਟਿ ਪਾਹਾਰੈ ਜਾਪਦਾ॥ ਸਭੁ ਨਾਵੈ ਨੋ ਪਰਤਾਪਦਾ॥
ਸਤਿਗੁਰ ਬਾਝੁ ਨ ਪਾਇਓ ਸਭ ਮੋਹੀ ਮਾਇਆ ਜਾਲਿ ਜੀਉ॥3॥
ਹੇ ਭਾਈ, ਪਰਮਾਤਮਾ ਇਸ ਵਸਦੇ ਜਗਤ ਪਸਾਰੇ ਵਿਚ ਵਸਦਾ ਦਿਸ ਰਿਹਾ ਹੈ। ਹਰੇਕ ਜੀਵ ਉਸ ਪ੍ਰਭੂ ਦੇ ਨਾਮ ਲਈ ਤਾਂਘਦਾ ਹੈ। ਪਰ ਗੁਰੂ ਦੀ ਸਰਨ ਤੋਂ ਬਿਨਾ, ਕਿਸੇ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ, ਕਿਉਂਕਿ ਸਾਰੀ ਸ੍ਰਿਸ਼ਟੀ ਮਾਇਆ ਦੇ ਜਾਲ ਵਿਚ ਫਸੀ ਹੋਈ ਹੈ।3।
ਸਤਿਗੁਰ ਕਉ ਬਲਿ ਜਾਈਐ॥ ਜਿਤੁ ਮਿਲਿਐ ਪਰਮ ਗਤਿ ਪਾਈਐ॥
ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ॥4॥
ਹੇ ਭਾਈ, ਗੁਰੂ ਤੋਂ ਕੁਰਬਾਨ ਹੋਣਾ ਚਾਹੀਦਾ ਹੈ, ਕਿਉਂਕਿ ਉਸ ਗੁਰੂ ਦੇ ਮਿਲਿਆਂ ਹੀ, ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰੀ ਦੀ ਹੈ। ਜਿਸ ਨਾਮ ਪਦਾਰਥ ਨੂੰ ਦੇਵਤੇ, ਮਨੁੱਖ, ਰਿਸ਼ੀ-ਮੁਨੀ ਲੋਕ ਤਰਸਦੇ ਆ ਰਹੇ ਨੇ, ਉਹ ਪਦਾਰਥ ਸੱਚੇ ਗੁਰੂ (ਸ਼ਬਦ-ਗੁਰੂ) ਨੇ ਸਮਝਾ ਦਿੱਤਾ ਹੈ।4।
ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥
ਏਕੋ ਨਾਮੁ ਹੁਕਮ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥5॥.........
ਕਿਹੋ ਜਿਹੇ ਇਕੱਠ ਨੂੰ ਸਤ-ਸੰਗਤ ਸਮਝਣਾ ਚਾਹਦਾ ਹੈ ? ਸਤ-ਸੰਗਤ ਉਹ ਹੈ, ਜਿੱਥੇ ਸਿਰਫ ਪਰਮਾਤਮਾ ਦਾ ਨਾਮ ਸਲਾਹਿਆ ਜਾਂਦਾ ਹੈ। ਹੇ ਨਾਨਕ, ਸਤ-ਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ ਸਤ-ਸੰਗਤ ਵਿਚ ਸਿਰਫ ਪ੍ਰਭੂ ਦਾ ਨਾਮ ਜਪਣਾ ਹੀ, ਪ੍ਰਭੂ ਦਾ ਹੁਕਮ ਹੈ।5।.......
ਅੰਮ੍ਰਿਤੁ ਤੇਰੀ ਬਾਣੀਆਾ॥ ਤੇਰਿਆ ਭਗਤਾ ਰਿਦੇ ਸਮਾਣੀਆ॥
ਸੁਖ ਸੇਵਾ ਅੰਦਰਿ ਰਖਿਐ ਆਪਣੀ ਨਦਰਿ ਕਰਹਿ ਜਿਸਤਾਰਿ ਜੀਉ॥12॥
ਹੇ ਪ੍ਰਭੂ, ਤੇਰੀ ਸਿਫਤ ਸਾਲਾਹ ਦੀ ਬਾਣੀ, ਆਤਮਕ ਜੀਵਨ ਦੇਣ ਵਾਲਾ ਜਲ ਹੈ, ਜੋ ਤੇਰੇ ਭਗਤਾਂ ਦੇ ਹਿਰਦੇ ਵਿਚ ਹਰ ਵੇਲੇ ਟਿਕੀ ਰਹਿੰਦੀ ਹੈ। ਗੁਰੂ ਦੀ ਸਰਨ ਪੈਣ ਤੌਂ ਬਿਨਾ, ਪਰਮਾਤਮਾ ਦਾ ਨਾਮ ਨਹੀਂ ਮਿਲਦਾ, ਗੁਰੂ ਦਾ ਆਸਰਾ ਛੱਡ ਕੇ ਸਾਰੀ ਦੁਨੀਆ, ਤੀਰਥ ਵਰਤ ਆਦਿ ਹੋਰ-ਹੋਰ ਮਿਥੇ ਹੋਏ ਧਾਰਮਿਕ ਕੰਮ ਕਰ ਕੇ, ਖਪ ਜਾਂਦੀ ਹੈ।13।
ਅਮਰ ਜੀਤ ਸਿੰਘ ਚੰਦੀ (ਚਲਦਾ)