ਸੁਖਮਨੀ ਸਾਹਿਬ(ਭਾਗ 19)
ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸੁ ॥ ਤਿਸ ਕਾ ਨਾਮੁ ਸਤਿ ਰਾਮਦਾਸੁ ॥
ਆਤਮ ਰਾਮੁ ਤਿਸੁ ਨਦਰੀ ਆਇਆ ॥ ਦਾਸ ਦਸੰਤਣ ਭਾਇ ਤਿਨਿ ਪਾਇਆ ॥
ਸਦਾ ਨਿਕਟਿ ਨਿਕਟਿ ਹਰਿ ਜਾਨੁ ॥ ਸੋ ਦਾਸੁ ਦਰਗਹ ਪਰਵਾਨੁ ॥
ਅਪੁਨੇ ਦਾਸ ਕਉ ਆਪਿ ਕਿਰਪਾ ਕਰੈ ॥ ਤਿਸੁ ਦਾਸ ਕਉ ਸਭ ਸੋਝੀ ਪਰੈ ॥
ਸਗਲ ਸੰਗਿ ਆਤਮ ਉਦਾਸੁ ॥ ਐਸੀ ਜੁਗਤਿ ਨਾਨਕ ਰਾਮਦਾਸੁ ॥6॥
ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸੁ ॥ ਤਿਸ ਕਾ ਨਾਮੁ ਸਤਿ ਰਾਮਦਾਸੁ ॥
ਜਿਸ ਦੇ ਮਨ ਵਿਚ, ਅਕਾਲ-ਪੁਰਖ ਵਸਦਾ ਹੈ, ਉਸ ਪੁਰਖ ਦਾ ਨਾਮ ਅਸਲੀ ਲਫਜ਼ਾਂ ਵਿਚ "ਰਾਮਦਾਸ", ਪ੍ਰਭੂ ਦਾ ਸੇਵਕ ਹੈ,
(ਪਰ ਸਿੱਖ ਸਹੀ ਲਫਜ਼ਾਂ ਵਿਚ ਗੁਰਬਾਣੀ ਤੋਂ ਖੁੰਝ ਚੁੱਕੇ ਹਨ, ਗੁਰਬਾਣੀ ਵਿਚ ਜਿੱਥੇ ਵੀ "ਰਾਮਦਾਸ" ਦੀ ਗੱਲ ਆਉਂਦੀ ਹੈ, ਓਥੇ ਹੀ ਸਿੱਖ, ਉਸ ਨੂੰ 'ਗੁਰੂ ਰਾਮਦਾਸ' ਜੀ ਨਾਲ ਜੋੜ ਕੇ ਆਪਣੀਆਂ ਜਭਲੀਆਂ ਮਾਰਨ ਲਗ ਜਾਂਦੇ ਹਨ। ਗੱਲ ਸ਼ੁਰੂ ਹੁੰਦੀ ਹੈ, ਹਰਿ-ਮੰਦਰ ਦੇ ਸਰੋਵਰ ਤੋਂ, ਉੱਪੜ ਜਾਂਦੀ ਹੈ ਛਪੜੀ ਤੱਕ ਜਿੇਥੇ ਬੀਬੀ ਰਜਨੀ ਦੇ ਪਿੰਗਲੇ ਪਤੀ ਦੀ, ਜਿਸ ਦਾ ਕੋੜ੍ਹ, ਉਸ ਛਪੜੀ ਵਿਚ ਨਹਾਉਣ ਨਾਲ ਦੂਰ ਹੋ ਜਾਂਦਾ ਹੈ। ਇਹ ਭੁੱਲ ਜਾਂਦੇ ਹਨ ਕਿ ਗੁਰੂ ਸਾਹਿਬ ਨੇ ਕੋੜ੍ਹੀਆਂ ਦੇ ਇਲਾਜ ਲਈ "ਤਰਨ-ਤਾਰਨ" ਵਾਲੇ ਸਥਾਨ ਤੇ ਸ਼ਫਾਖਾਨਾ, ਹਸਪਤਾਲ ਬਣਾਇਆ ਹੋਇਆ ਸੀ। ਅੱਜ ਵੀ ਦਰਬਾਰ ਸਾਹਿਬ ਵਾਲੇ ਸਰੋਵਰ ਦੇ ਨਾਲ ਕਰਾਮਾਤਾਂ ਜੁੜਦੀਆਂ ਰਹਿੰਦੀਆਂ ਹਨ। ਜਦ ਕਿ ਕਰਾਮਾਤ ਉਹ ਹੁੰਦੀ ਹੈ, ਜੋ ਕੁਦਰਤੀ ਨਿਯਮਾਂ ਦੀ ਉਲੰਘਣਾ ਕਰ ਕੇ ਵਾਪਰੀ ਹਵੇ। ਕੀ ਗੁਰਬਾਣੀ ਇਹ ਸਿਖਾਉਂਦੀ ਹੈ ਕਿ, ਕੁਦਰਤ ਦੇ ਨਿਯਮਾਂ ਦੀ ਉਲੰਘਣਾ ਹੋ ਸਕਦੀ ਹੈ ? ਕੁਦਰਤ ਦੇ ਨਿਯਮ ਅਟੱਲ ਨਹੀਂ ਹਨ ? ਤੁਕ ਹੈ,
ਮਿਲਿ ਸਾਧੂ ਦੁਰਮਤਿ ਖੋਏ॥ ਪਤਿਤ ਪੁਨੀਤ ਸਭ ਹੋਏ॥
ਰਾਮਦਾਸਿ ਸਰੋਵਰ ਨਾਤੇ॥ ਸਭ ਲਾਥੇ ਪਾਪ ਕਮਾਤੇ॥2॥ (624)
ਅਰਥ:-
ਹੇ ਭਾਈ, ਗੁਰੂ ਨੂੰ ਮਿਲ ਕੇ ਮਨੁੱਖ ਖੋਟੀ ਮੱਤ ਦੂਰ ਕਰ ਲੈਂਦਾ ਹੈ। ਵਿਕਾਰੀ ਮਨੁੱਖ ਵੀ ਗੁਰੂ ਨੂੰ ਮਿਲ ਕੇ ਪਵਿੱਤ੍ਰ ਜੀਵਨ ਵਾਲੇ ਹੋ ਜਾਂਦੇ ਹਨ। ਜਿਹੜੇ ਵੀ ਮਨੁੱਖ ਰਾਮ ਦੇ ਦਾਸਾਂ ਦੇ ਸ੍ਰੋਵਰ ਵਿਚ, ਸਤ-ਸੰਗਤ ਵਿਚ ਇਸ਼ਨਾਨ ਕਰਦੇ ਹਨ, ਮਨ ਨੂੰ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਇਸ਼ਨਾਨ ਕਰਾਂਦੇ ਹਨ, ਉਨ੍ਹਾਂ ਦੇ ਪਿਛਲੇ ਕੀਤੇ ਸਾਰੇ ਪਾਪ ਲਹਿ ਜਾਂਦੇ ਹਨ।2। ਅਤੇ,
ੴ ਸਤਿ ਗੁਰ ਪ੍ਰਸਾਦਿ ॥
ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥
ਨਿਰਮਲ ਹੋਏ ਕਰਿ ਇਸਨਾਨਾ॥ ਗੁਰਿ ਪੂਰੈ ਕੀਨੇ ਦਾਨਾ ॥1॥
ਸਭਿ ਕੁਸਲ ਖੇਮ ਪ੍ਰਭਿ ਧਾਰੇ ॥
ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥
ਸਾਧਸੰਗਿ ਮਲੁ ਲਾਥੀ ॥ ਪਾਰਬ੍ਰਹਮੁ ਭਇਓ ਸਾਥੀ ॥
ਨਾਨਕ ਨਾਮੁ ਧਿਆਇਆ ॥ ਆਦਿ ਪੁਰਖ ਪ੍ਰਭੁ ਪਾਇਆ ॥2॥1॥65॥ (625)
ਅਰਥ:-
ਸਭਿ ਕੁਸਲ ਖੇਮ ਪ੍ਰਭਿ ਧਾਰੇ ॥ ਸਹੀ ਸਲਾਮਤਿ ਸਭਿ
ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥
ਹੇ ਭਾਈ, ਜਿਸ ਮਨੁੱਖ ਨੇ, ਗੁਰੂ ਦੇ ਸ਼ਬਦ ਨੂੰ ਆਪਣੀ ਸੋਚ-ਮੰਡਲ ਵਿਚ ਟਿਕਾਂ ਕੇ ਆਤਮਕ ਜੀਵਨ ਦੇ ਸਾਰੇ ਗੁਣ, ਵਿਕਾਰਾਂ ਦੇ ਢਹੇ ਚੜ੍ਹਨ ਤੋਂ, ਠੀਕ-ਠਾਕ ਬਚਾ ਲਏ, ਪ੍ਰਭੂ ਨੇ ਉਸ ਦੇ ਹਿਰਦੇ ਵਿਚ ਸਾਰੇ ਆਤਮਕ ਸੁਖ-ਆਨੰਦ ਪੈਦਾ ਕਰ ਦਿੱਤੇ।ਰਹਾਉ।
ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥
ਨਿਰਮਲ ਹੋਏ ਕਰਿ ਇਸਨਾਨਾ ॥ ਗੁਰਿ ਪੂਰੈ ਕੀਨੇ ਦਾਨਾ ॥1॥
ਹੇ ਭਾਈ, ਜਿਹੜੇ ਮਨੁੱਖ, ਰਾਮ ਦੇ ਦਾਸਾਂ ਦੇ ਸਰੋਵਰ ਵਿਚ, ਸਾਧ-ਸੰਗਤ ਵਿਚ ਨਾਮ-ਅੰਮ੍ਰਿਤ ਨਾਲ ਇਸ਼ਨਾਨ ਕਰਦੇ ਹਨ, ਉਨ੍ਹਾਂ ਦੇ ਪਿਛਲੇ ਕੀਤੇ ਹੋਏ ਸਾਰੇ ਪਾਪ ਲਹਿ ਜਾਂਦੇ ਹਨ। ਹਰਿ-ਨਾਮ-ਜਲ ਨਾਲ ਇਸ਼ਨਾਨ ਕਰ ਕੇ ਉਹ, ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ। ਪਰ ਇਹ ਬਖਸ਼ਿਸ਼, ਪੂਰੇ ਗੁਰੂ ਨੇ ਹੀ ਕੀਤੀ ਹੁੰਦੀ ਹੈ।1।
ਸਾਧਸੰਗਿ ਮਲੁ ਲਾਥੀ ॥ ਪਾਰਬ੍ਰਹਮੁ ਭਇਓ ਸਾਥੀ ॥
ਨਾਨਕ ਨਾਮੁ ਧਿਆਇਆ ॥ ਆਦਿ ਪੁਰਖ ਪ੍ਰਭੁ ਪਾਇਆ॥2॥
ਹੇ ਭਾਈ, ਸਾਧ-ਸੰਗਤ ਵਿਚ ਟਿਕਿਆਂ, ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ, ਸਤ-ਸੰਗਤ ਦੀ ਬਰਕਤ ਨਾਲ, ਪਰਮਾਤਮਾ ਮਦਦਗਾਰ ਬਣ ਜਾਂਦਾ ਹੈ। ਹੇ ਨਾਨਕ, ਜਿਸ ਮਨੁੱਖ ਨੇ ਰਾਮਦਾਸ-ਸਰੋਵਰ ਵਿਚ ਆ ਕੇ, ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਨੇ ਉਸ ਪ੍ਰਭੂ ਨੂੰ ਲੱਭ ਲਿਆ, ਜੋ ਸਭ ਦਾ ਮੁੱਢ ਹੈ, ਅਤੇ ਜੋ ਸਰਬ-ਵਿਆਪ ਹੈ।2।1।65। (625)
ਅਤੇ,
ਵਿਚਿ ਕਰਤਾ ਪੁਰਖੁ ਖਲੋਆ ॥ ਵਾਲੁ ਨ ਵਿੰਗਾ ਹੋਆ॥
ਮਜਨੁ ਗੁਰ ਆਂਦਾ ਰਾਸੇ ॥ ਜਪਿ ਹਰਿ ਹਰਿ ਕਿਲਵਿਖ ਨਾਸੇ ॥1॥
ਸੰਤਹੁ ਰਾਮਦਾਸ ਸਰੋਵਰੁ ਨੀਕਾ ॥
ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥1॥ ਰਹਾਉ ॥
ਜੈ ਜੈ ਕਾਰੁ ਜਗੁ ਗਾਵੈ ॥ ਮਨ ਚਿੰਦਿਅੜੇ ਫਲ ਪਾਵੈ ॥
ਸਹੀ ਸਲਾਮਤਿ ਨਾਇ ਆਏ ॥ ਅਪਣਾ ਪ੍ਰਭੂ ਧਿਆਏ ॥2॥
ਸੰਤ ਸਰੋਵਰ ਨਾਵੈ ॥ ਸੋ ਜਨੁ ਪਰਮ ਗਤਿ ਪਾਵੈ ॥
ਮਰੈ ਨ ਆਵੈ ਜਾਈ ॥ ਹਰਿ ਹਰਿ ਨਾਮੁ ਧਿਆਈ ॥3॥
ਇਹੁ ਬ੍ਰਹਮ ਬਿਚਾਰੁ ਸੁ ਜਾਨੈ ॥ ਜਿਸੁ ਦਇਆਲੁ ਹੋਇ ਭਗਵਾਨੈ ॥
ਬਾਬਾ ਨਾਨਕ ਪ੍ਰਭ ਸਰਣਾਈ ॥ ਸਭ ਚਿੰਤਾ ਗਣਤ ਮਿਟਾਈ ॥4॥7॥57॥ (623)
ਸੰਤਹੁ ਰਾਮਦਾਸ ਸਰੋਵਰੁ ਨੀਕਾ ॥
ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥1॥ ਰਹਾਉ ॥
ਹੇ ਸੰਤ ਜਨੋ, ਸਾਧ-ਸੰਗਤ ਇਕ ਸੁੰਦਰ ਅਸਥਾਨ ਹੈ। ਜੇਹੜਾ ਮਨੁੱਖ, ਸਤ-ਸੰਗਤ ਵਿਚ ਆਤਮਕ ਇਸ਼ਨਾਨ ਕਰਦਾ ਹੈ. ਮਨ ਨੂੰ ਨਾਮ-ਜਲ ਨਾਲ ਪਵਿੱਤ੍ਰ ਕਰਦਾ ਹੈ, ਉਸ ਦੀ ਜਿੰਦ ਦਾ ਵਿਕਾਰਾਂ ਤੋਂ ਪਾਰ-ਉਤਾਰਾ ਹੋ ਜਾਂਦਾ ਹੈ। ਉਹ ਆਪਣੀ ਸਾਰੀ ਕੁਲ ਨੂੰ ਵੀ, ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।1।ਰਹਾਉ।
ਵਿਚਿ ਕਰਤਾ ਪੁਰਖੁ ਖਲੋਆ ॥ ਵਾਲੁ ਨ ਵਿੰਗਾ ਹੋਆ॥
ਮਜਨੁ ਗੁਰ ਆਂਦਾ ਰਾਸੇ ॥ ਜਪਿ ਹਰਿ ਹਰਿ ਕਿਲਵਿਖ ਨਾਸੇ ॥1॥
ਹੇ ਭਾਈ, ਗੁਰੂ ਨੇ ਜਿਸ ਮਨੁੱਖ ਦਾ ਆਤਮਕ ਇਸ਼ਨਾਨ, ਸਾਧ-ਸੰਗਤ ਵਿਚ ਸਫਲ ਕਰ ਦਿੱਤਾ, ਉਹ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪ ਜਪ ਕੇ ਆਪਣੇ ਸਾਰੇ ਪਾਪ ਨਾਸ ਕਰ ਲੈਂਦਾ ਹੈ। ਸਰਬ-ਵਿਆਪਕ ਕਰਤਾਰ ਆਪ ਉਸ ਦੀ ਮਦਦ ਕਰਦਾ ਹੈ, ਉਸ ਦੀ ਅਤਮਕ ਰਾਸ-ਪੂੰਜੀ ਦਾ ਰੱਤਾ ਭਰ ਵੀ ਨੁਕਸਾਨ ਨਹੀਂ ਹੁੰਦਾ।1।
ਜੈ ਜੈ ਕਾਰੁ ਜਗੁ ਗਾਵੈ ॥ ਮਨ ਚਿੰਦਿਅੜੇ ਫਲ ਪਾਵੈ ॥
ਸਹੀ ਸਲਾਮਤਿ ਨਾਇ ਆਏ ॥ ਅਪਣਾ ਪ੍ਰਭੂ ਧਿਆਏ ॥2॥
ਹੇ ਭਾਈ, ਜਿਹੜਾ ਮਨੁੱਖ, ਰਾਮ ਦੇ ਦਾਸਾਂ ਦੇ ਸਰੋਵਰ ਵਿਚ ਟਿਕ ਕੇ, ਆਪਣੇ ਪਰਮਾਤਮਾ ਦਾ ਆਰਾਧਨ ਕਰਦਾ ਹੈ, ਉਹ ਮਨੁੱਖ, ਇਸ ਸਤ-ਸੰਗ ਸਰੋਵਰ ਵਿਚ ਆਤਮਕ ਇਸ਼ਨਾਨ ਕਰ ਕੇ, ਆਪਣੀ ਆਤਮਕ ਜੀਵਨ ਦੀ ਰਾਸ-ਪੂੰਜੀ ਨੂੰ ਪੂਰਨ ਤੌਰ ਤੇ ਬਚਾ ਲੈਂਦਾ ਹੈ। ਸਾਰਾ ਜਗਤ, ਉਸ ਦੀ ਸੋਭਾ ਦਾ ਗੀਤ ਗਾਉਂਦਾ ਹੈ, ਉਹ ਮਨੁੱਖ, ਮਨ-ਚਿਤਵੇ ਫਲ ਹਾਸਲ ਕਰ ਲੈਂਦਾ ਹੈ।2।
ਸੰਤ ਸਰੋਵਰ ਨਾਵੈ ॥ ਸੋ ਜਨੁ ਪਰਮ ਗਤਿ ਪਾਵੈ ॥
ਮਰੈ ਨ ਆਵੈ ਜਾਈ ॥ ਹਰਿ ਹਰਿ ਨਾਮੁ ਧਿਆਈ ॥3॥
ਹੇ ਭਾਈ, ਜਿਹੜਾ ਮਨੁੱਖ, ਸੰਤਾਂ ਦੇ ਸਰੋਵਰ ਵਿਚ (ਸਾਧ-ਸੰਗਤ ਵਿਚ, ਸਤ-ਸੰਗਤ ਵਿਚ) ਆਤਮਕ ਇਸ਼ਨਾਨ ਕਰਦਾ ਹੈ, ਉਹ ਮਨੁੱਖ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ। ਜਿਹੜਾ ਮਨੁੱਖ ਸਦਾ, ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ, ਉਹ ਜਨਮ-ਮਰਨ ਦੇ ਗੇੜ ਵਿਚ ਨਹੀਂ ਪੈਂਦਾ।3।
ਇਹੁ ਬ੍ਰਹਮ ਬਿਚਾਰੁ ਸੁ ਜਾਨੈ ॥ ਜਿਸੁ ਦਇਆਲੁ ਹੋਇ ਭਗਵਾਨੈ ॥
ਬਾਬਾ ਨਾਨਕ ਪ੍ਰਭ ਸਰਣਾਈ ॥ ਸਭ ਚਿੰਤਾ ਗਣਤ ਮਿਟਾਈ ॥4॥7॥57॥ (623)
ਹੇ ਭਾਈ, ਪਰਮਾਤਮਾ ਨਾਲ ਪਿਲਾਪ ਦੀ ਇਸ ਵਿਚਾਰ ਨੂੰ, ਉਹ ਮਨੁੱਖ ਸਮਝਦਾ ਹੈ, ਜਿਸ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ। ਹੇ ਨਾਨਕ, ਆਖ, ਹੇ ਭਾਈ, ਜਿਹੜਾ ਮਨੁੱਖ, ਪਰਮਾਤਮਾ ਦੀ ਸ਼ਰਨ ਪਿਆ ਰਹਿੰਦਾ ਹੈ, ਉਹ ਆਪਣਾ ਹਰੇਕ ਕਿਸਮ ਦਾ ਚਿੰਤਾ-ਫਿਕਰ ਦੂਰ ਕਰ ਲੈਂਦਾ ਹੈ।4।7।57।
(ਹੁਣ ਇਕ ਚੀਜ਼ ਹੋਰ ਸਮਝਣ ਵਾਲੀ ਹੈ ਕਿ, ਆਪਾਂ ਇਸ 19 ਵੇਂ ਭਾਗ ਵਿਚ, ਹੁਣ ਤੱਕ ਜੋ ਵੀ ਕੁਝ ਪੜ੍ਹਿਆ ਹੈ, ਉਹ ਪੰਜਵੇਂ ਨਾਨਕ (ਗੁਰੂ ਅਰਜਨ ਪਾਤਸ਼ਾਹ) ਦੀ ਬਾਣੀ ਹੈ, ਜੋ ਗੁਰੂ ਰਾਮਦਾਸ ਜੀ (ਚੌਥੇ ਨਾਨਕ) ਦੀ ਬਿੰਦੀ ਸੰਤਾਨ ਵੀ ਸਨ ਅਤੇ ਆਤਮਕ ਕੁਲ, ਪੀੜ੍ਹੀ ਵੀ ਸਨ। (ਇਸ ਤੋਂ ਨੇੜੇ ਦੀ ਰਿਸ਼ਤੇਦਾਰੀ, ਨਾ ਕਿਸੇ ਦੀ ਅੱਜ ਤੱਕ ਹੋਈ ਹੈ, ਨਾ ਹੀ ਹੋਵੇਗੀ।) ਉਹ ਇਹ ਲਿਖਦੇ ਹਨ। ਫਿਰ ਸਿੱਖ, ਕਿਸ ਆਧਾਰ ਤੇ, ਰਾਮਦਾਸ ਸਰੋਵਰੁ ਨੂੰ ਹਰਿ ਮੰਦਰ ਵਾਲਾ ਸਰੋਵਰ ਬਣਾਈ ਜਾਂਦੇ ਹਨ ? ਸਿੱਖਾਂ ਨੂੰ ਇਸ ਪਾਸਿਉਂ ਸੁਚੇਤ ਹੋਣ ਦੀ ਲੋੜ ਹੈ ਕਿ, ਇਹ ਕੀ ਖੇਡ, ਖੇਡੀ ਜਾ ਰਹੀ ਹੈ ?
(ਜਿਸ ਦੇ ਮਨ ਵਿਚ, ਅਕਾਲ-ਪੁਰਖ ਵਸਦਾ ਹੈ, ਉਸ ਪੁਰਖ ਦਾ ਨਾਮ ਅਸਲੀ ਲਫਜ਼ਾਂ ਵਿਚ "ਰਾਮਦਾਸ", ਪ੍ਰਭੂ ਦਾ ਸੇਵਕ ਹੈ,)
ਆਤਮ ਰਾਮੁ ਤਿਸੁ ਨਦਰੀ ਆਇਆ ॥ ਦਾਸ ਦਸੰਤਣ ਭਾਇ ਤਿਨਿ ਪਾਇਆ ॥
ਸਦਾ ਨਿਕਟਿ ਨਿਕਟਿ ਹਰਿ ਜਾਨੁ ॥ ਸੋ ਦਾਸੁ ਦਰਗਹ ਪਰਵਾਨੁ ॥
ਅਪੁਨੇ ਦਾਸ ਕਉ ਆਪਿ ਕਿਰਪਾ ਕਰੈ ॥ ਤਿਸੁ ਦਾਸ ਕਉ ਸਭ ਸੋਝੀ ਪਰੈ ॥
ਸਗਲ ਸੰਗਿ ਆਤਮ ਉਦਾਸੁ ॥ ਐਸੀ ਜੁਗਤਿ ਨਾਨਕ ਰਾਮਦਾਸੁ ॥6॥
ਅਜਿਹੇ ਰਾਮਦਾਸ ਨੂੰ, ਸਰਬ-ਵਿਆਪੀ ਪ੍ਰਭੂ ਦਿਸ ਪੈਂਦਾ ਹੈ, ਦਾਸਾਂ ਦਾ ਦਾਸ ਹੋਣ ਦੇ ਸੁਭਾਉ ਨਾਲ ਉਸ ਨੇ ਪ੍ਰਭੂ ਨੂੰ ਲੱਭਾ ਹੈ। ਜੋ ਮਨੁੱਖ, ਪ੍ਰਭੂ ਨੂੰ ਸਦਾ ਨੇੜੇ ਜਾਣਦਾ ਹੈ, ਉਹ ਸੇਵਕ ਦਰਗਾਹ ਵਿਚ ਕਬੂਲ ਹੁੰਦਾ ਹੈ। ਪ੍ਰਭੂ, ਉਸ ਸੇਵਕ ਉੱਤੇ ਆਪ ਮਿਹਰ ਕਰਦਾ ਹੈ, ਤੇ ਉਸ ਸੇਵਕ ਨੂੰ ਸਾਰੀ ਸਮਝ ਆ ਜਾਂਦੀ ਹੈ। ਸਾਰੇ ਪਰਿਵਾਰ ਵਿਚ ਰਹਿੰਦਾ ਹੋਇਆ ਵੀ ਉਹ ਅੰਦਰੋਂ, ਮੋਹ ਰਹਿਤ ਹੁੰਦਾ ਹੈ, ਹੇ ਨਾਨਕ, ਇਹੋ ਜਿਹੀ ਜੀਵਨ ਜੁਗਤ ਨਾਲ ਉਹ ਅਸਲੀ ਰਾਮਦਾਸ, (ਰਾਮ ਦਾ ਦਾਸ) ਬਣ ਜਾਂਦਾ ਹੈ।6।
ਪ੍ਰਭ ਕੀ ਆਗਿਆ ਆਤਮ ਹਿਤਾਵੈ ॥ ਜੀਵਨ ਮੁਕਤਿ ਸੋਊ ਕਹਾਵੈ ॥
ਤੈਸਾ ਹਰਖੁ ਤੈਸਾ ਉਸੁ ਸੋਗੁ ॥ ਸਦਾ ਅਨੰਦੁ ਤਹ ਨਹੀ ਬਿਓਗੁ ॥
ਤੈਸਾ ਸੁਵਰਨੁ ਤੈਸੀ ਉਸੁ ਮਾਟੀ ॥ ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ ॥
ਤੈਸਾ ਮਾਨੁ ਤੈਸਾ ਅਭਿਮਾਨੁ ॥ ਤੈਸਾ ਰੰਕੁ ਤੈਸਾ ਰਾਜਾਨੁ ॥
ਜੋ ਵਰਤਾਏ ਸਾਈ ਜੁਗਤਿ ॥ ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ ॥7॥
ਜੋ ਮਨੁੱਖ, ਪ੍ਰਭੂ ਦੀ ਰਜ਼ਾ ਨੂੰ ਮਨ ਵਿਚ, ਮਿੱਠੀ ਕਰ ਕੇ ਮੰਨਦਾ ਹੈ, ਉਹੀ ਜੀਉਂਦਾ ਮੁਕਤ ਅਖਵਾਉਂਦਾ ਹੈ। ਉਸ ਨੂੰ ਖੁਸੀ ਅਤੇ ਗਮੀ, ਇਕੋ ਜਿਹੀ ਹੈ, ਉਸ ਨੂੰ ਸਦਾ ਆਨੰਦ ਹੈ, ਕਿਉਂਕਿ ਉਸ ਦੇ ਹਿਰਦੇ ਵਿਚ ਪ੍ਰਭੂ ਦਾ ਵਿਛੋੜਾ ਨਹੀਂ ਹੈ। ਉਸ ਮਨੁੱਖ ਲਈ, ਸੋਨਾ ਅਤੇ ਮਿੱਟੀ ਇਕ ਸਮਾਨ ਹੈ, ਸੋਨਾ ਵੇਖ ਕੇ ਉਹ ਲੋਭ ਵਿਚ ਨਹੀਂ ਆਉਂਦਾ। ਉਸ ਲਈ ਕਉੜੀ ਜ਼ਹਰ ਅਤੇ ਅੰਮ੍ਰਿਤ ਇਕੋ ਜਿਹਾ ਹੈ। ਉਸ ਨਾਲ ਕਿਸੇ ਦਾ ਵਿਹਾਰ ਆਦਰ ਵਾਲਾ ਹੋਵੇ ਜਾਂ ਨਿਰਾਦਰੀ ਵਾਲਾ, ਉਸ ਨੂੰ ਕੋਈ ਫਰਕ ਨਹੀਂ ਪੈਂਦਾ। (ਇਹ ਬੰਦੇ ਦੀ ਆਤਮਕ ਹਾਲਤ ਬਾਰੇ ਹੈ, ਜਦ ਕੋਈ ਬੰਦਾ, ਉਸ ਦਾ ਹੱਕ ਮਾਰ ਰਿਹਾ ਹੋਵੇ ਤਾਂ, ਉਸ ਨੂੰ ਆਪਣੇ ਹੱਕ ਦੀ ਰਖਵਾਲੀ ਕਰਨੀ ਬਣਦੀ ਹੈ, ਜਾਂ ਕਿਸੇ ਨਾਲ ਜ਼ਿਆਦਤੀ ਹੋ ਰਹੀ ਹੋਵੇ ਤਾਂ ਉਸ ਨੂੰ ਬਚਾਉਣਾ ਬਣਦਾ ਹੈ) ਕਿਉਂਕਿ ਉਸ ਲਈ ਇਕ ਰਾਜਾ ਅਤੇ ਇਕ ਕੰਗਾਲ ਇਕ ਬਰਾਬਰ ਹੈ। ਜੋ ਪ੍ਰਭੂ ਦੀ ਰਜ਼ਾ ਹੁੰਦੀ ਹੈ, ਉਹੀ ਉਸ ਵਾਸਤੇ ਜਿੰਦਗੀ ਦਾ ਰਾਹ ਹੋਵੇ, ਹੇ ਨਾਨਕ ਉਹ ਮਨੁੱਖ, ਜੀਉਂਦਾ ਮੁਕਤ ਕਿਹਾ ਜਾ ਸਕਦਾ ਹੈ।7।
ਪਾਰਬ੍ਰਹਮ ਕੇ ਸਗਲੇ ਠਾਉ ॥ ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ ॥
ਆਪੇ ਕਰਨ ਕਰਾਵਨ ਜੋਗੁ ॥ ਪ੍ਰਭ ਭਾਵੈ ਸੋਈ ਫੁਨਿ ਹੋਗੁ ॥
ਪਸਰਿਓ ਆਪਿ ਹੋਇ ਅਨਤ ਤਰੰਗ ॥ ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ ॥
ਜੈਸੀ ਮਤਿ ਦੇਇ ਤੈਸਾ ਪਰਗਾਸ ॥ ਪਾਰਬ੍ਰਹਮੁ ਕਰਤਾ ਅਬਿਨਾਸ ॥
ਸਦਾ ਸਦਾ ਸਦਾ ਦਇਆਲ ॥ ਸਿਮਰਿ ਸਿਮਰਿ ਨਾਨਕ ਭਏ ਨਿਹਾਲ ॥8॥9॥
ਸਾਰੇ ਸਰੀਰ ਪਰਮਾਤਮਾ ਦੇ ਹੀ ਹਨ, ਰੱਬ ਜਿਸ ਜਿਸ ਥਾਂ, ਜੀਵਾਂ ਨੂੰ ਰੱਖਦਾ ਹੈ, ਵੈਸਾ ਉਨ੍ਹਾਂ ਦਾ ਨਾਮ ਪੈ ਜਾਂਦਾ ਹੈ। ਪ੍ਰਭੂ ਆਪ ਹੀ, ਸਭ ਕੁਝ ਕਰਨ ਦੀ ਅਤੇ ਜੀਵਾਂ ਕੋਲੋਂ ਕਰਵਾਉਣ ਦੀ ਸਮਰਥਾ ਰੱਖਦਾ ਹੈ, ਜੋ ਪ੍ਰਭੂ ਨੂੰ ਚੰਗਾ ਲਗਦਾ ਹੈ, ਓਹੀ ਹੁੰਦਾ ਹੈ। ਜ਼ਿੰਦਗੀ ਦੀਆਂ ਬੇਅੰਤ ਲਹਿਰਾਂ ਬਣ ਕੇ, ਹਰ ਥਾਂ ਪ੍ਰਭੂ ਆਪ ਹੀ ਮੌਜੂਦ ਹੈ, ਅਕਾਲ-ਪੁਰਖ ਦੇ ਖੇਲ, ਬਿਆਨ ਨਹੀਂ ਕੀਤੇ ਜਾ ਸਕਦੇ। ਪ੍ਰਭੂ ਜਿਹੋ ਜਿਹੀ ਅਕਲ ਦਿੰਦਾ ਹੈ, ਬੰਦੇ ਦੇ ਅੰਦਰ ਵੈਸਾ ਹੀ ਗਿਆਨ ਹੋ ਜਾਂਦਾ ਹੈ, ਅਕਾਲ-ਪੁਰਖ ਆਪ ਸਭ ਕੁਝ ਕਰਨ ਵਾਲਾ ਹੈ, ਤੇ ਕਦੇ ਮਰਦਾ ਨਹੀਂ। ਪ੍ਰਭੂ ਸਦਾ ਮਿਹਰ ਕਰਨ ਵਾਲਾ ਹੈ, ਹੇ ਨਾਨਕ, ਜੀਵ ਉਸ ਨੂੰ ਸਿਮਰ ਕੇ, ਫੁਲ ਵਾਙ ਖਿੜੇ ਰਹਿੰਦੇ ਹਨ।8।9।
ਅਮਰ ਜੀਤ ਸਿੰਘ ਚੰਦੀ (ਚਲਦਾ)