ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ(ਭਾਗ 20)
ਸੁਖਮਨੀ ਸਾਹਿਬ(ਭਾਗ 20)
Page Visitors: 1319

ਸੁਖਮਨੀ ਸਾਹਿਬ(ਭਾਗ 20)     
   ਸਲੋਕੁ ॥
ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ ॥
ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ
 ॥1॥}
   ਅਨੇਕਾਂ ਬੰਦੇ ਪ੍ਰਭੂ ਦੇ ਗੁਣਾਂ ਦਾ ਜ਼ਿਕਰ ਕਰਦੇ ਹਨ, ਪਰ ਉਨ੍ਹਾਂ ਗੁਣਾਂ ਦਾ ਹੱਦ-ਬੰਨਾ ਨਹੀਂ ਲੱਭਦਾ। ਹੇ ਨਾਨਕ, ਇਹ ਸਾਰੀ ਸ੍ਰਿਸ਼ਟੀ , ਉਸ ਪ੍ਰਭੂ ਨੇ ਕਈ ਕਿਸਮਾਂ ਦੀ, ਕਈ ਤਰੀਕਿਆਂ ਨਾਲ ਬਣਾਈ ਹੈ।1।
   ਅਸਟਪਦੀ ॥
ਕਈ ਕੋਟਿ ਹੋਏ ਪੂਜਾਰੀ ॥ ਕਈ ਕੋਟਿ ਆਚਾਰ ਬਿਉਹਾਰੀ ॥
ਕਈ ਕੋਟਿ ਭਏ ਤੀਰਥ ਵਾਸੀ ॥ ਕਈ ਕੋਟਿ ਬਨ ਭ੍ਰਮਹਿ ਉਦਾਸੀ ॥
ਕਈ ਕੋਟਿ ਬੇਦ ਕੇ ਸ੍ਰੋਤੇ ॥ ਕਈ ਕੋਟਿ ਤਪੀਸੁਰ ਹੋਤੇ ॥
ਕਈ ਕੋਟਿ ਆਤਮ ਧਿਆਨੁ ਧਾਰਹਿ ॥ ਕਈ ਕੋਟਿ ਕਬਿ ਕਾਬਿ ਬੀਚਾਰਹਿ ॥
ਕਈ ਕੋਟਿ ਨਵਤਨ ਨਾਮ ਧਿਆਵਹਿ ॥ ਨਾਨਕ ਕਰਤੇ ਕਾ ਅੰਤੁ ਨ ਪਾਵਹਿ
 ॥1॥
   ਪ੍ਰਭੂ ਦੀ ਰਚੀ ਹੋਈ ਇਸ ਦੁਨੀਆ ਵਿਚ ਕਈ ਕ੍ਰੋੜਾਂ ਜੀਵ ਪੁਜਾਰੀ ਹਨ, ਅਤੇ ਕਈ ਕ੍ਰੋੜਾਂ, ਧਾਮਿਕ ਰੀਤਾਂ ਰਸਮਾਂ ਕਰਨ ਵਾਲੇ ਹਨ,        ਕਈ ਕ੍ਰੋੜਾਂ ਬੰਦੇ, ਤੀਰਥਾਂ ਦੇ ਵਸਨੀਕ ਹਨ, ਅਤੇ ਕਈ ਕ੍ਰੋੜਾਂ, ਜਗਤ ਵਲੋਂ ੳੋੁਪਰਾਮ ਹੋ ਕੇ ਜੰਗਲਾਂ ਵਿਚ ਫਿਰਦੇ ਹਨ,       ਕਈ ਕ੍ਰੋੜਾਂ ਜੀਵ, ਵੇਦਾਂ ਦੇ ਸੁਣਨ ਵਾਲੇ ਹਨ, ਅਤੇ ਕਈ ਕ੍ਰੋੜਾਂ ਵੱਡੇ ਵੱਡੇ ਤਪੀਏ ਬਣੇ ਹੋਏ ਹਨ।       ਕਈ ਕ੍ਰੋੜਾਂ ਮਨੁੱਖ ਆਪਣੇ ਅੰਦਰ ਸੁਰਤ ਜੋੜ ਰਹੇ ਹਨ, ਅਤੇ ਕਈ ਕ੍ਰੋੜਾਂ ਮਨੁੱਖ, ਕਵੀਆਂ ਦੀਆਂ ਰਚੀਆਂ ਕਵਿਤਾਵਾਂ ਵਿਚਾਰਦੇ ਹਨ,          ਕਈ ਕ੍ਰੋੜਾਂ ਬੰਦੇ, ਪ੍ਰਭੂ ਦਾ ਨਿੱਤ ਨਵਾਂ ਨਾਮ ਸਿਮਰਦੇ ਹਨ, ਪਰ ਹੇ ਨਾਨਕ, ਉਸ ਕਰਤਾਰ ਦਾ ਉਹ ਵੀ ਅੰਤ ਨਹੀਂ ਪਾ ਸਕਦੇ।1।
ਕਈ ਕੋਟਿ ਭਏ ਅਭਿਮਾਨੀ ॥ ਕਈ ਕੋਟਿ ਅੰਧ ਅਗਿਆਨੀ ॥
ਕਈ ਕੋਟਿ ਕਿਰਪਨ ਕਠੋਰ ॥ ਕਈ ਕੋਟਿ ਅਭਿਗ ਆਤਮ ਨਿਕੋਰ ॥
ਕਈ ਕੋਟਿ ਪਰ ਦਰਬ ਕਉ ਹਿਰਹਿ ॥ ਕਈ ਕੋਟਿ ਪਰ ਦੂਖਨਾ ਕਰਹਿ ॥
ਕਈ ਕੋਟਿ ਮਾਇਆ ਸ੍ਰਮ ਮਾਹਿ ॥ ਕਈ ਕੋਟਿ ਪਰਦੇਸ ਭ੍ਰਮਾਹਿ ॥
ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ ॥ ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ 
॥2॥
    ਇਸ ਜਗਤ ਰਚਨਾ ਵਿਚ, ਕ੍ਰੋੜਾਂ ਹੰਕਾਰੀ ਜੀਵ ਹਨ, ਅਤੇ ਕ੍ਰੋੜਾਂ ਹੀ ਬੰਦੇ ਪੁੱਜ ਕੇ ਜਾਹਲ ਹਨ,        ਕ੍ਰੋੜਾਂ ਮਨੁੱਖ, ਸੂਮ ਅਤੇ ਪੱਥਰ-ਦਿਲ ਹਨ, ਅਤੇ ਕਈ ਕ੍ਰੋੜ, ਅੰਦਰੋਂ ਮਹਾ ਕੋਰੇ ਹਨ, ਜੋ ਕਿਸੇ ਦਾ ਦੁੱਖ ਤੱਕ ਕੇ ਵੀ, ਕਦੇ ਪਤੀਜਦੇ ਨਹੀਂ,       ਕ੍ਰੋੜਾਂ ਬੰਦੇ ਦੂਜਿਆਂ ਦਾ ਧਨ ਚਰਾਉਂਦੇ ਹਨ, ਅਤੇ ਕ੍ਰੋੜਾਂ ਹੀ ਦੂਜਿਆਂ ਦੀ ਨਿੰਦਾ ਕਰਦੇ ਹਨ,          ਕ੍ਰੋੜਾਂ ਬੰਦੇ, ਧਨ-ਪਦਾਰਥ ਦੀ ਖਾਤਰ, ਮਿਹਨਤ ਵਿਚ ਜੁੱਟੇ ਹੋਏ ਹਨ, ਅਤੇ ਕਈ ਕ੍ਰੋੜ ਦੂਜੇ ਦੇਸਾਂ ਵਿਚ ਭਟਕ ਰਹੇ ਹਨ,       ਹੇ ਪ੍ਰਭੂ ਜਿਸ ਜਿਸ ਆਹਰੇ ਤੂੰ ਲਾਉਂਦਾ ਹੈਂ, ਉਸ ਉਸ ਆਹਰ ਵਿਚ ਜੀਵ ਲੱਗੇ ਹੋਏ ਹਨ।  ਹੇ ਨਾਬਕ, ਕਰਤਾਰ ਦੀ ਰਚਨਾ ਦਾ ਭੇਤ, ਕਰਤਾਰ ਹੀ ਜਾਣਦਾ ਹੈ।2।
ਕਈ ਕੋਟਿ ਸਿਧ ਜਤੀ ਜੋਗੀ ॥ ਕਈ ਕੋਟਿ ਰਾਜੇ ਰਸ ਭੋਗੀ ॥
ਕਈ ਕੋਟਿ ਪੰਖੀ ਸਰਪ ਉਪਾਏ ॥ ਕਈ ਕੋਟਿ ਪਾਥਰ ਬਿਰਖ ਨਿਪਜਾਏ ॥
ਕਈ ਕੋਟਿ ਪਵਣ ਪਾਣੀ ਬੈਸੰਤਰ ॥ ਕਈ ਕੋਟਿ ਦੇਸ ਭੂ ਮੰਡਲ ॥
ਕਈ ਕੋਟਿ ਸਸੀਅਰ ਸੂਰ ਨਖ੍ਹਤ੍ਰ ॥ ਕਈ ਕੋਟਿ ਦੇਵ ਦਾਨਵ ਇੰਦ੍ਰ ਸਿਰਿ ਛਤ੍ਰ ॥
ਸਗਲ ਸਮਗ੍ਰੀ ਅਪਨੈ ਸੂਤਿ ਧਾਰੈ ॥ ਨਾਨਕ ਜਿਸੁ ਜਿਸੁ ਭਾਵੈ ਤਿਸੁ ਤਿਸੁ ਨਿਸਤਾਰੈ
 ॥3॥
  ਇਸ ਸ੍ਰਿਸ਼ਟੀ ਦੀ ਰਚਨਾ ਵਿਚ, ਕ੍ਰੋੜਾਂ ਪੁੱਗੇ ਹੋਏ ਅਤੇ ਕਾਮ ਨੂੰ ਵੱਸ ਵਿਚ ਰੱਖਣ ਵਾਲੇ ਜੋਗੀ ਹਨ, ਅਤੇ ਕ੍ਰੋੜਾਂ ਹੀ ਮੌਜਾਂ ਮਾਨਣ ਵਾਲੇ ਰਾਜੇ ਹਨ,         ਕ੍ਰੋੜਾਂ ਪੰਛੀ ਅਤੇ ਸੱਪ, ਪ੍ਰਭੂ ਨੇ ਪੈਦਾ ਕੀਤੇ ਹਨ, ਅਤੇ ਕ੍ਰੜਿਾਂ ਹੀ ਪੱਥਰਾਂ ਤੇ ਰੁੱਖ ਉਗਾਏ ਹਨ,      ਕ੍ਰੋੜਾਂ ਹਵਾ ਪਾਣੀ ਤੇ ਅੱਗਾਂ ਹਨ, ਕ੍ਰੋੜਾਂ ਦੇਸ ਅਤੇ ਧਰਤੀਆਂ ਦੇ ਚੱਕਰ ਹਨ, ਕਈ ਕ੍ਰੋੜ ਚੰਦਰਮਾ ਸੂਰਜ ਤੇ ਤਾਰੇ ਹਨ,  ਕ੍ਰੋੜਾਂ ਦੇਵਤੇ ਅਤੇ ਇੰਦਰ ਹਨ, ਜਿਨ੍ਹਾਂ ਦੇ ਸਿਰ ਤੇ ਛਤ੍ਰ ਹਨ,        ਇਨ੍ਹਾਂ ਸਾਰੇ ਜੀਅ ਜੰਤਾਂ ਅਤੇ ਪਦਾਰਥਾਂ ਨੂੰ, ਪ੍ਰਭੂ ਨੇ ਆਪਣੇ ਹੁਕਮ ਦੇ ਧਾਗੇ ਵਿਚ ਪਰੋਇਆ ਹੋਇਆ ਹੈ।  ਹੇ ਨਾਨਕ. ਜੋ ਜੋ ਉਸ ਨੂੰ ਭਾਉਂਦਾ ਹੈ, ਉਸ ਉਸ ਨੂੰ ਪ੍ਰਭੂ ਤਾਰ ਲੈਂਦਾ ਹੈ।3।
ਕਈ ਕੋਟਿ ਰਾਜਸ ਤਾਮਸ ਸਾਤਕ ॥ ਕਈ ਕੋਟਿ ਬੇਦ ਪੁਰਾਨ ਸਿਮ੍ਰਿਤਿ ਅਰੁ ਸਾਸਤ ॥
ਕਈ ਕੋਟਿ ਕੀਏ ਰਤਨ ਸਮੁਦ ॥ ਕਈ ਕੋਟਿ ਨਾਨਾ ਪ੍ਰਕਾਰ ਜੰਤ ॥
ਕਈ ਕੋਟਿ ਕੀਏ ਚਿਰ ਜੀਵੇ ॥ ਕਈ ਕੋਟਿ ਗਿਰੀ ਮੇਰ ਸੁਵਰਨ ਥੀਵੇ ॥
ਕਈ ਕੋਟਿ ਜਖ੍ਹ ਕਿੰਨਰ ਪਿਸਾਚ ॥ ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ ॥
ਸਭ ਤੇ ਨੇਰੈ ਸਭਹੂ ਤੇ ਦੂਰਿ ॥ ਨਾਨਕ ਆਪਿ ਅਲਿਪਤੁ ਰਹਿਆ ਭਰਪੂਰਿ
 ॥4॥
  ਕ੍ਰੋੜਾਂ ਜੀਵ, (ਮਾਇਆ ਦੇ ਤਿੰਨ ਗੁਣਾਂ) ਰਜੋ,ਤਮੋ,ਸਤੋ, ਵਿਚ ਹਨ, ਕ੍ਰੋੜਾਂ ਬੰਦੇ ਵੇਦ ਪੁਰਾਨ ਸਿਮ੍ਰਿਤੀਆਂ ਅਤੇ ਸ਼ਾਸਤ੍ਰਾਂ ਦੇ ਪੜ੍ਹਨ ਵਾਲੇ ਹਨ,      ਸਮੁੰਦਰਾਂ ਵਿਚ ਕ੍ਰੋੜਾਂ ਰਤਨ ਪੈਦਾ ਕਰ ਦਿੱਤੇ ਹਨ, ਅਤੇ ਕਈ ਕਿਸਮਾਂ ਦੇ ਜੀਅ-ਜੰਤ ਬਣਾ ਦਿੱਤੇ ਹਨ,       ਕ੍ਰੋੜਾਂ ਜੀਵ ਲੰਮੀਆਂ ਉਮਰਾਂ ਵਾਲੇ ਪੈਦਾ ਕੀਤੇ ਹਨ, ਕ੍ਰੋੜਾਂ ਹੀ ਸੋਨੇ ਦੇ ਸੁਮੇਰ ਪਰਬਤ ਬਣ ਗਏ ਹਨ,        ਕ੍ਰੋੜਾਂ ਹੀ ਜਖ ਕਿੰਨਰ ਤੇ ਪਿਸਾਚ ਹਨ  ਅਤੇ ਕ੍ਰੌੜਾਂ ਹੀ ਭੂਤ ਪ੍ਰੇਤ ਸੂਰ ਤੇ ਸ਼ੇਰ ਹਨ,       ਪ੍ਰਭੂ, ਇਨ੍ਹਾਂ ਸਭਨਾਂ ਦੇ ਨੇੜੇ ਵੀ ਹੈ ਅਤੇ ਦੂਰ ਵੀ।       ਹੇ ਨਾਨਕ, ਪ੍ਰਭੂ ਸਭ ਥਾਈਂ ਵਿਆਪਕ ਵੀ ਹੈ, ਤੇ ਹੈ ਵੀ ਨਿਰਲੇਪ।4।   
ਕਈ ਕੋਟਿ ਪਾਤਾਲ ਕੇ ਵਾਸੀ ॥ ਕਈ ਕੋਟਿ ਨਰਕ ਸੁਰਗ ਨਿਵਾਸੀ ॥
ਕਈ ਕੋਟਿ ਜਨਮਹਿ ਜੀਵਹਿ ਮਰਹਿ ॥ ਕਈ ਕੋਟਿ ਬਹੁ ਜੋਨੀ ਫਿਰਹਿ ॥
ਕਈ ਕੋਟਿ ਬੈਠਤ ਹੀ ਖਾਹਿ ॥ ਕਈ ਕੋਟਿ ਘਾਲਹਿ ਥਕਿ ਪਾਹਿ ॥
ਕਈ ਕੋਟਿ ਕੀਏ ਧਨਵੰਤ ॥ ਕਈ ਕੋਟਿ ਮਾਇਆ ਮਹਿ ਚਿੰਤ ॥
ਜਹ ਜਹ ਭਾਣਾ ਤਹ ਤਹ ਰਾਖੇ ॥ ਨਾਨਕ ਸਭੁ ਕਿਛੁ ਪ੍ਰਭ ਕੈ ਹਾਥੇ
 ॥5॥
  ਕ੍ਰੋੜਾਂ ਜੀਵ, ਪਾਤਾਲ ਵਿਚ ਵੱਸਣ ਵਾਲੇ ਹਨ,  ਅਤੇ ਕ੍ਰੋੜਾਂ ਹੀ ਨਰਕਾਂ ਤੇ ਸਵਰਗਾਂ ਵਿਚ ਵਸਦੇ ਹਨ,  ਭਾਵ ਕੋਈ ਦੁਖੀ ਅਤੇ ਕੋਈ ਸੁਖੀ ਹਨ,       ਕ੍ਰੋੜਾਂ ਜੀਵ ਜੰਮਦੇ ਹਨ ਅਤੇ ਕ੍ਰੋੜਾਂ ਜੀਵ ਕਈ ਜੂਨਾਂ ਵਿਚ ਭਟਕ ਰਹੇ ਹਨ,     ਕ੍ਰੋੜਾਂ ਜੀਵ, ਬੈਠੇ ਹੀ ਖਾਂਦੇ ਹਨ, ਅਤੇ ਕ੍ਰੋੜਾਂ ਐਸੇ ਹਨ, ਜੋ ਰੋਟੀ ਦੀ ਖਾਤਰ ਮਿਹਨਤ ਕਰਦੇ ਹਨ ਤੇ ਥੱਕ-ਟੁੱਟ ਜਾਂਦੇ ਹਨ,     ਕ੍ਰੋੜਾਂ ਜੀਵ, ਪ੍ਰਭੂ ਨੇ ਧਨ ਵਾਲੇ ਬਣਾਏ ਹਨ, ਅਤੇ ਕ੍ਰੋੜਾਂ ਐਸੇ ਹਨ, ਜਿਨ੍ਹਾਂ ਨੂੰ ਮਾਇਆ ਦਾ ਫਿਕਰ ਲੱਗਾ ਹੋਇਆ ਹੈ।      ਜਿੱਥੇ ਜਿੱਥੇ ਚਾਹੁੰਦਾ ਹੈ, ਪ੍ਰਭੂ, ਜੀਵਾਂ ਨੂੰ ਓਥੇ ਓਥੇ ਹੀ ਰੱਖਦਾ ਹੈ।  ਹੇ ਨਾਨਕ, ਹਰੇਕ ਗੱਲ ਪ੍ਰਭੂ ਦੇ ਆਪਣੇ ਹੱਥ ਵਿਚ ਹੈ।5।         
ਕਈ ਕੋਟਿ ਭਏ ਬੈਰਾਗੀ ॥ ਰਾਮ ਨਾਮ ਸੰਗਿ ਤਿਨਿ ਲਿਵ ਲਾਗੀ ॥
ਕਈ ਕੋਟਿ ਪ੍ਰਭ ਕਉ ਖੋਜੰਤੇ ॥ ਆਤਮ ਮਹਿ ਪਾਰਬ੍ਰਹਮੁ ਲਹੰਤੇ ॥
ਕਈ ਕੋਟਿ ਦਰਸਨ ਪ੍ਰਭ ਪਿਆਸ ॥ ਤਿਨ ਕਉ ਮਿਲਿਓ ਪ੍ਰਭੁ ਅਬਿਨਾਸ ॥
ਕਈ ਕੋਟਿ ਮਾਗਹਿ ਸਤਸੰਗੁ ॥ ਪਾਰਬ੍ਰਹਮ ਤਿਨ ਲਾਗਾ ਰੰਗੁ ॥
ਜਿਨ ਕਉ ਹੋਏ ਆਪਿ ਸੁਪ੍ਰਸੰਨ ॥ ਨਾਨਕ ਤੇ ਜਨ ਸਦਾ ਧਨਿ ਧੰਨਿ
 ॥6॥
  ਸੰਸਾਰ ਦੀ ਇਸ ਰਚਨਾ ਵਿਚ ਕ੍ਰੋੜਾਂ ਜੀਵ ਵੈਰਾਗ ਵਾਲੇ ਹੋਏ ਹਨ, ਜਿਨ੍ਹਾਂ ਦੀ ਸੁਰਤ, ਅਕਾਲ-ਪੁਰਖ ਦੇ ਨਾਮ ਨਾਲ ਲੱਗੀ ਰਹਿੰਦੀ ਹੈ,          ਕ੍ਰੋੜਾਂ ਬੰਦੇ ਪ੍ਰਭੂ ਨੂੰ ਖੋਜਦੇ ਹਨ, ਤੇ ਆਪਣੇ ਅੰਦਰ ਅਕਾਲ-ਪੁਰਖ ਨੂੰ ਭਾਲਦੇ ਹਨ,          ਕ੍ਰੋੜਾਂ ਜੀਵਾਂ ਨੂੰ ਪ੍ਰਭੂ ਦੇ ਦੀਦਾਰ ਦੀ ਤਾਂਘ ਲੱਗੀ ਰਹਿੰਦੀ ਹੈ, ਉਨ੍ਹਾਂ ਨੂੰ ਅਬਿਨਾਸੀ ਪ੍ਰਭੂ ਮਿਲ ਪੈਂਦਾ ਹੈ।          ਕ੍ਰੋੜਾਂ ਮਨੁੱਖ  ਸਤ-ਸੰਗ ਮੰਗਦੇ ਹਨ, ਉਨ੍ਹਾਂ ਨੂੰ ਅਕਾਲ-ਪੁਰਖ ਦਾ ਇਸ਼ਕ ਲੱਗਾ ਰਹਿੰਦਾ ਹੈ।         ਹੇ ਨਾਨਕ, ਉਹ ਮਨੁੱਖ ਸਦਾ ਭਾਗਾਂ ਵਾਲੇ ਹਨ, ਜਿਨ੍ਹਾਂ ਉਤੇ ਪ੍ਰਭੂ ਆਪ ਦਇਆ ਕਰਦਾ ਹੈ।6।   ਕਈ ਕੋਟਿ ਖਾਣੀ ਅਰੁ ਖੰਡ ॥ ਕਈ ਕੋਟਿ ਅਕਾਸ ਬ੍ਰਹਮੰਡ ॥
 ਕਈ ਕੋਟਿ ਹੋਏ ਅਵਤਾਰ ॥ ਕਈ ਜੁਗਤਿ ਕੀਨੋ ਬਿਸਥਾਰ ॥
 ਕਈ ਬਾਰ ਪਸਰਿਓ ਪਾਸਾਰ ॥ ਸਦਾ ਸਦਾ ਇਕੁ ਏਕੰਕਾਰ ॥
 ਕਈ ਕੋਟਿ ਕੀਨੇ ਬਹੁ ਭਾਤਿ ॥ ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ ॥
 ਤਾ ਕਾ ਅੰਤੁ ਨ ਜਾਨੈ ਕੋਇ ॥ ਆਪੇ ਆਪਿ ਨਾਨਕ ਪ੍ਰਭੁ ਸੋਇ
 ॥7॥
  ਧਰਤੀ ਦੇ ਨੌ ਖੰਡਾਂ, ਚਹੁਆਂ ਖਾਣੀਆਂ ਦੀ ਰਾਹੀਂ ਕ੍ਰੋੜਾਂ ਹੀ ਜੀਵ ਉਤਪੰਨ ਹੋਏ ਹਨ, ਸਾਰੇ ਆਕਾਸ਼ਾਂ ਬ੍ਰਹਮੰਡਾਂ ਵਿਚ ਕ੍ਰੋੜਾਂ ਹੀ ਜੀਵ ਹਨ,         ਕ੍ਰੋੜਾਂ ਹੀ ਪ੍ਰਾਣੀ, ਪੈਦਾ ਹੋ ਰਹੇ ਹਨ, ਕਈ ਢੰਗਾਂ ਨਾਲ ਪ੍ਰਭੂ ਨੇ ਜਗਤ ਦੀ ਰਚਨਾ ਕੀਤੀ ਹੈ,       ਪ੍ਰਭੂ ਨੇ ਕਈ ਵਾਰ, ਜਗਤ-ਰਚਨਾ ਕੀਤੀ ਹੈ,  ਹਰ ਵਾਰੀ, ਉਸ ਨੂੰ ਸਮੇਟ ਕੇ, ਫਿਰ ਆਪ ਹੀ ਰਹਿ ਜਾਂਦਾ ਹੈ।         ਪ੍ਰਭੂ ਨੇ ਕਈ ਕਿਸਮਾਂ ਦੇ ਕ੍ਰੋੜਾਂ ਹੀ ਜੀਵ ਪੈਦਾ ਕੀਤੇ ਹਨ, ਜੋ ਪ੍ਰਭੂ ਤੋਂ ਪੈਦਾ ਹੋ ਕੇ ਫਿਰ ਪ੍ਰਭੂ ਵਿਚ ਹੀ ਸਮਾ ਜਾਂਦੇ ਹਨ।        ਉਸ ਪ੍ਰਭੂ ਦਾ ਅੰਤ ਕੋਈ ਬੰਦਾ ਨਹੀਂ ਜਾਣਦਾ, ਹੇ ਨਾਨਕ, ਕਿਉਂਕਿ ਉਹ ਪ੍ਰਭੂ, ਆਪਣੇ ਵਰਗਾ ਆਪ ਹੀ ਹੈ।7। 
ਕਈ ਕੋਟਿ ਪਾਰਬ੍ਰਹਮ ਕੇ ਦਾਸ ॥ ਤਿਨ ਹੋਵਤ ਆਤਮ ਪਰਗਾਸ ॥
ਕਈ ਕੋਟਿ ਤਤ ਕੇ ਬੇਤੇ ॥ ਸਦਾ ਨਿਹਾਰਹਿ ਏਕੋ ਨੇਤ੍ਰੇ ॥
ਕਈ ਕੋਟਿ ਨਾਮ ਰਸੁ ਪੀਵਹਿ ॥ ਅਮਰ ਭਏ ਸਦ ਸਦ ਹੀ ਜੀਵਹਿ ॥
ਕਈ ਕੋਟਿ ਨਾਮ ਗੁਨ ਗਾਵਹਿ ॥ ਆਤਮ ਰਸਿ ਸੁਖਿ ਸਹਜਿ ਸਮਾਵਹਿ ॥
ਅਪੁਨੇ ਜਨ ਕਉ ਸਾਸਿ ਸਾਸਿ ਸਮਾਰੇ ॥ ਨਾਨਕ ਓਇ ਪਰਮੇਸੁਰ ਕੇ ਪਿਆਰੇ
 ॥8॥10॥
   ਇਸ ਜਗਤ ਰਚਨਾ ਵਿਚ, ਕ੍ਰੋੜਾਂ ਜੀਵ ਪ੍ਰਭੂ ਦੇ ਸੇਵਕ, ਭਗਤ ਹਨ, ਉਨ੍ਹਾਂ ਦੀ ਆਤਮਾ ਵਿਚ ਪ੍ਰਭੂ ਦਾ ਪਰਕਾਸ਼ ਹੋ ਜਾਂਦਾ ਹੈ,     ਕ੍ਰੋੜਾਂ ਜੀਵ (ਜਗਤ ਦੇ) ਤੱਤ, ਅਕਾਲ ਪੁਰਖ ਦੇ ਮਹਰਮ ਹਨ, ਜੋ ਸਦਾ ਅੱਖਾਂ ਨਾਲ, ਹਰ ਵੇਲੇ, ਹਰ ਥਾਂ ਪ੍ਰਭੂ ਨੂੰ ਹੀ ਵੇਖਦੇ ਹਨ,        ਕ੍ਰੋੜਾਂ ਬੰਦੇ ਪ੍ਰਭੂ-ਨਾਮ ਦਾ ਆਨੰਦ ਮਾਣਦੇ ਹਨ, ਉਹ ਜਨਮ-ਮਰਨ ਤੋਂ ਰਹਿਤ ਹੋ ਕੇ ਸਦਾ ਹੀ ਜੀਊਂਦੇ ਰਹਿੰਦੇ ਹਨ।        ਕ੍ਰੋੜਾਂ ਮਨੁੱਖ, ਪ੍ਰਭੂ ਨਾਮ ਦੇ ਗੁਣ ਗਾਂਦੇ ਹਨ, ਉਹ ਆਤਮਕ ਆਨੰਦ ਵਿਚ, ਸੁਖ ਵਿਚ ਤੇ ਅਡੋਲ ਅਵਸਥਾ ਵਿਚ ਟਿਕੇ ਰਹਿੰਦੇ ਹਨ।   
           ਪ੍ਰਭੂ ਆਪਣੇ ਭਗਤਾਂ ਨੂੰ ਹਰ ਵੇਲੇ ਚੇਤੇ ਰਖਦਾ ਹੈ,  ਹੇ ਨਾਨਕ, ਕਿਉਂਕਿ ਉਹ ਭਗਤ ਪ੍ਰਭੂ ਦੇ ਪਿਆਰੇ ਹੁੰਦੇ ਹਨ।8।10।

                     ਅਮਰ ਜੀਤ ਸਿੰਘ ਚੰਦੀ              (ਚਲਦਾ)                

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.