ਸੁਖਮਨੀ ਸਾਹਿਬ(ਭਾਗ 22)
ਸਲੋਕੁ ॥
ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ ॥
ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ ॥1॥
ਗਰੀਬੀ ਸੁਭਾਉ ਵਾਲਾ ਬੰਦਾ, ਆਪਾ-ਭਾਵ ਦੂਰ ਕਰ ਕੇ ਤੇ ਨੀਵਾਂ ਰਹਿ ਕੇ ਸੁਖੀ ਵਸਦਾ ਹੈ, ਪਰ ਵਡੇ ਵਡੇ ਹੰਕਾਰੀ ਮਨੁੱਖ, ਹੇ ਨਾਨਕ, ਹੰਕਾਰ ਵਿਚ ਹੀ ਗੱਲ ਜਾਂਦੇ ਹਨ।1।
ਅਸਟਪਦੀ ॥
ਜਿਸ ਕੈ ਅੰਤਰਿ ਰਾਜ ਅਭਿਮਾਨੁ ॥ ਸੋ ਨਰਕਪਾਤੀ ਹੋਵਤ ਸੁਆਨੁ ॥
ਜੋ ਜਾਨੈ ਮੈ ਜੋਬਨਵੰਤੁ ॥ ਸੋ ਹੋਵਤ ਬਿਸਟਾ ਕਾ ਜੰਤੁ ॥
ਆਪਸ ਕਉ ਕਰਮਵੰਤੁ ਕਹਾਵੈ ॥ ਜਨਮਿ ਮਰੈ ਬਹੁ ਜੋਨਿ ਭ੍ਰਮਾਵੈ ॥
ਧਨ ਭੂਮਿ ਕਾ ਜੋ ਕਰੈ ਗੁਮਾਨੁ ॥ ਸੋ ਮੂਰਖੁ ਅੰਧਾ ਅਗਿਆਨੁ ॥
ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ॥ ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ ॥1॥
ਜਿਸ ਮਨੁੱਖ ਦੇ ਮਨ ਵਿਚ, ਰਾਜ ਦਾ ਮਾਣ ਹੈ, ਉਹ ਕੁੱਤਾ, ਨਰਕ ਵਿਚ ਪੈਣ ਦਾ ਸਜ਼ਾਵਾਰ ਹੁੰਦਾ ਹੈ। ਜਿਹੜਾ ਮਨੁੱਖ, ਆਪਣੇ-ਆਪ ਨੂੰ ਬਹੁਤ ਸੋਹਣਾ ਸਮਝਦਾ ਹੈ, ਉਹ ਵਿਸ਼ਟਾ ਦਾ ਕੀੜਾ ਹੀ ਹੁੰਦਾ ਹੈ, ਸਦਾ ਵਿਸ਼ੇ-ਵਿਕਾਰਾਂ ਦੇ ਗੰਦ ਵਿਚ ਹੀ ਪਿਆ ਰਹਿੰਦਾ ਹੈ। ਜਿਹੜਾ ਆਪਣੇ-ਆਪ ਨੂੰ ਚੰਗੇ ਕੰਮ ਕਰਨ ਵਾਲਾ ਅਖਵਾਉਂਦਾ ਹੈ, ਉਹ ਸਦਾ ਜੰਮਦਾ-ਮਰਦਾ ਹੈ, ਕਈ ਜੂਨਾਂ ਵਿਚ ਭਟਕਦਾ ਫਿਰਦਾ ਹੈ। ਜੋ ਮਨੁੱਖ, ਧਨ ਅਤੇ ਧਰਤੀ ਦੀ ਮਾਲਕੀ ਦਾ ਹੰਕਾਰ ਕਰਦਾ ਹੈ, ਉਹ ਮੂਰਖ ਹੈ, ਬੜਾ ਜਾਹਲ ਹੈ। ਮਿਹਰ ਕਰ ਕੇ ਜਿਸ ਮਨੁੱਖ ਦੇ ਦਿਲ ਵਿਚ ਗਰੀਬੀ ਸੁਭਾਉ ਪਾਂਦਾ ਹੈ, ਹੇ ਨਾਨਕ, ਉਹ ਮਨੁੱਖ, ਇਸ ਜ਼ਿੰਦਗੀ ਵਿਚ, ਵਿਕਾਰਾਂ ਤੋਂ ਬਚਿਆ ਰਹਿੰਦਾ ਹੈ, ਤੇ ਪਰਲੋਕ ਵਿਚ ਸੁਖ ਪਾਂਦਾ ਹੈ।1। (ਬੰਦੇ ਖੋਜੁ ਦਿਲ ਹਰ ਰੋਜ)
ਧਨਵੰਤਾ ਹੋਇ ਕਰਿ ਗਰਬਾਵੈ ॥ ਤ੍ਰਿਣ ਸਮਾਨਿ ਕਛੁ ਸੰਗਿ ਨ ਜਾਵੈ ॥
ਬਹੁ ਲਸਕਰ ਮਾਨੁਖ ਊਪਰਿ ਕਰੇ ਆਸ ॥ ਪਲ ਭੀਤਰਿ ਤਾ ਕਾ ਹੋਇ ਬਿਨਾਸ ॥
ਸਭ ਤੇ ਆਪ ਜਾਨੈ ਬਲਵੰਤੁ ॥ ਖਿਨ ਮਹਿ ਹੋਇ ਜਾਇ ਭਸਮੰਤੁ ॥
ਕਿਸੈ ਨ ਬਦੈ ਆਪਿ ਅਹੰਕਾਰੀ ॥ ਧਰਮ ਰਾਇ ਤਿਸੁ ਕਰੇ ਖੁਆਰੀ ॥
ਗੁਰ ਪ੍ਰਸਾਦਿ ਜਾ ਕਾ ਮਿਟੈ ਅਭਿਮਾਨੁ ॥ ਸੋ ਜਨੁ ਨਾਨਕ ਦਰਗਹ ਪਰਵਾਨੁ ॥2॥
ਮਨੁੱਖ ਧਨ ਵਾਲਾ ਹੋ ਕੇ ਮਾਣ ਕਰਦਾ ਹੈ, ਪਰ ਉਸ ਦੇ ਨਾਲ, ਅੰਤ ਵੇਲੇ, ਇਕ ਤੀਲੀ ਜਿੰਨੀ ਵੀ ਕੋਈ ਚੀਜ਼ ਨਹੀਂ ਜਾਂਦੀ।
ਬਹੁਤੇ ਲਸ਼ਕਰ ਅਤੇ ਮਨੁੱਖਾਂ ਤੇ ਬੰਦਾ ਆਸਾਂ ਲਾਈ ਰੱਖਦਾ ਹੈ, ਪਰ ਪਲ ਵਿਚ ਉਸ ਦਾ ਨਾਸ ਹੋ ਜਾਂਦਾ ਹੈ, ਉਨ੍ਹਾਂ ਵਿਚੋਂ ਕੋਈ ਵੀ ਸਹਾਈ ਨਹੀਂ ਹੁੰਦਾ। ਮਨੁੱਖ ਆਪਣੇ-ਆਪ ਨੂੰ ਸਭ ਨਾਲੋ ਬਲ਼ੀ ਸਮਝਦਾ ਹੈ, ਪਰ ਅੰਤ ਵੇਲੇ, ਇਕ ਪਲ ਵਿਚ ਸੜ ਕੇ ਸੁਆਹ ਹੋ ਜਾਂਦਾ ਹੈ। ਜੋ ਬੰਦਾ, ਆਪ ਇਤਨਾ ਹੰਕਾਰੀ ਹੋ ਜਾਂਦਾ ਹੈ ਕਿ ਕਿਸੇ ਦੀ ਵੀ ਪਰਵਾਹ ਨਹੀਂ ਕਰਦਾ, ਧਰਮ-ਰਾਜ ਅੰਤ ਵੇਲੇ, ਉਸ ਦੀ ਮਿੱਟੀ ਪਲੀਤ ਕਰਦਾ ਹੈ। ਗੁਰੂ ਦੀ ਦਇਆ ਨਾਲ ਜਿਸ ਦਾ ਹੰਕਾਰ ਮਿਟਦਾ ਹੈ, ਹੇ ਨਾਨਕ, ਉਹ ਮਨੁੱਖ, ਪ੍ਰਭੂ ਦੀ ਦਰਗਾਹ ਵਿਚ ਕਬੂਲ ਹੁੰਦਾ ਹੈ।2।
ਕੋਟਿ ਕਰਮ ਕਰੈ ਹਉ ਧਾਰੇ ॥ ਸ੍ਰਮੁ ਪਾਵੈ ਸਗਲੇ ਬਿਰਥਾਰੇ ॥
ਅਨਿਕ ਤਪਸਿਆ ਕਰੇ ਅਹੰਕਾਰ ॥ ਨਰਕ ਸੁਰਗ ਫਿਰਿ ਫਿਰਿ ਅਵਤਾਰ ॥
ਅਨਿਕ ਜਤਨ ਕਰਿ ਆਤਮ ਨਹੀ ਦ੍ਰਵੈ ॥ ਹਰਿ ਦਰਗਹ ਕਹੁ ਕੈਸੇ ਗਵੈ ॥
ਆਪਸ ਕਉ ਜੋ ਭਲਾ ਕਹਾਵੈ ॥ ਤਿਸਹਿ ਭਲਾਈ ਨਿਕਟਿ ਨ ਆਵੈ ॥
ਸਰਬ ਕੀ ਰੇਨ ਜਾ ਕਾ ਮਨੁ ਹੋਇ ॥ ਕਹੁ ਨਾਨਕ ਤਾ ਕੀ ਨਿਰਮਲ ਸੋਇ ॥3॥
ਜੋ ਮਨੁੱਖ, ਕ੍ਰੋੜਾਂ ਧਾਰਮਿਕ ਕਰਮ ਕਰੇ, ਤੇ ਉਨ੍ਹਾਂ ਦਾ ਹੰਕਾਰ ਵੀ ਕਰੇ, ਤਾਂ ਉਹ ਸਾਰੇ ਕੰਮ ਵਿਅਰਥ ਹਨ, ਉਨ੍ਹਾਂ ਕੰਮਾਂ ਦਾ ਫਲ ਉਸ ਨੂੰ ਸਿਰਫ ਥਕੇਵਾਂ ਹੀ ਮਿਲਦਾ ਹੈ। ਅਨੇਕਾਂ ਤਪ ਦੇ ਸਾਧਨ ਕਰ ਕੇ, ਜੋ ਇਨ੍ਹਾਂ ਦਾ ਮਾਣ ਕਰੇ, ਤਾਂ ਉਹ ਵੀ ਮੁੜ ਮੁੜ ਕੇ ਨਰਕਾਂ-ਸਵਰਗਾਂ ਵਿਚ ਹੀ ਜੰਮਦਾ ਰਹਿੰਦਾ ਹੈ, ਕਦੇ ਸੁਖ ਤੇ ਕਦੇ ਦੁਖ ਭੋਗਦਾ ਹੈ। ਅਨੇਕਾਂ ਜਤਨ ਕੀਤਿਆਂ, ਜੋ ਹਿਰਦਾ ਨਰਮ ਨਹੀਂ ਹੁੰਦਾ, ਤਾਂ ਦੱਸੋ ਉਹ ਮਨੁੱਖ ਪ੍ਰਭੂ ਦੀ ਦਰਗਾਹ ਵਿਚ ਕਿਵੇਂ ਪਹੁੰਚ ਸਕਦਾ ਹੈ ? ਜੋ ਮਨੁੱਖ ਆਪਣੇ ਆਪ ਨੂੰ, ਨੇਕ ਅਖਵਾਉਂਦਾ ਹੈ, ਨੇਕੀ, ਉਸ ਦੇ ਨੇੜੇ ਵੀ ਨਹੀਂ ਢੁੱਕਦੀ। ਜਿਸ ਮਨੁੱਖ ਦਾ ਮਨ, ਸਭਨਾਂ ਦੇ ਚਰਨਾਂ ਦੀ ਧੂੜ ਹੋ ਜਾਂਦਾ ਹੈ, ਹੇ ਨਾਨਕ ਆਖ, ਉਸ ਮਨੁੱਖ ਦੀ ਸੋਭਾ, ਬੜੀ ਸੋਹਣੀ ਖਿਲਰਦੀ ਹੈ।3।
ਜਬ ਲਗੁ ਜਾਨੈ ਮੁਝ ਤੇ ਕਛੁ ਹੋਇ ॥ ਤਬ ਇਸ ਕਉ ਸੁਖੁ ਨਾਹੀ ਕੋਇ ॥
ਜਬ ਇਹ ਜਾਨੈ ਮੈ ਕਿਛੁ ਕਰਤਾ ॥ ਤਬ ਲਗੁ ਗਰਭ ਜੋਨਿ ਮਹਿ ਫਿਰਤਾ ॥
ਜਬ ਧਾਰੈ ਕੋਊ ਬੈਰੀ ਮੀਤੁ ॥ ਤਬ ਲਗੁ ਨਿਹਚਲੁ ਨਾਹੀ ਚੀਤੁ ॥
ਜਬ ਲਗੁ ਮੋਹ ਮਗਨ ਸੰਗਿ ਮਾਇ ॥ ਤਬ ਲਗੁ ਧਰਮ ਰਾਇ ਦੇਇ ਸਜਾਇ ॥
ਪ੍ਰਭ ਕਿਰਪਾ ਤੇ ਬੰਧਨ ਤੂਟੈ ॥ ਗੁਰ ਪ੍ਰਸਾਦਿ ਨਾਨਕ ਹਉ ਛੂਟੈ ॥4॥
ਮਨੁੱਖ ਜਦ ਤਕ ਇਹ ਸਮਝਦਾ ਹੈ ਕਿ ਮੈਥੋਂ ਕੁਝ ਹੋ ਸਕਦਾ ਹੈ, ਤਦ ਤੱਕ ਇਸ ਨੂੰ ਕੋਈ ਸੁਖ ਨਹੀਂ ਮਿਲਦਾ। ਜਦ ਤੱਕ ਇਹ ਸਮਝਦਾ ਹੈ ਕਿ ਮੈਂ ਆਪਣੇ ਬਲ ਨਾਲ ਕੁਝ ਕਰਦਾ ਹਾਂ, ਤਦ ਤੱਕ ਵਖਰੇ-ਪਨ ਕਰ ਕੇ ਜੂਨਾਂ ਵਿਚ ਪਿਆ ਰਹਿੰਦਾ ਹੈ।
ਜਦ ਤਕ ਮਨੁੱਖ, ਕਿਸੇ ਨੂੰ ਵੈਰੀ ਅਤੇ ਕਿਸੇ ਨੂੰ ਮਿਤ੍ਰ ਸਮਝਦਾ ਰਹਿੰਦਾ ਹੈ, ਤਦ ਤਕ ਇਸ ਦਾ ਮਨ ਟਿਕਾਣੇ ਨਹੀਂ ਆਉਂਦਾ। ਜਦ ਤਕ ਬੰਦਾ ਮਾਇਆ ਦੇ ਮੋਹ ਵਿਚ ਗਰਕ ਰਹਿੰਦਾ ਹੈ, ਤਦ ਤਕ ਇਸ ਨੂੰ, ਧਰਮ-ਰਾਜ ਡੰਡ ਦਿੰਦਾ ਹੈ। ਮਾਇਆ ਦੇ ਬੰਧਨ, ਪਰਭੂ ਦੀ ਮਿਹਰ ਨਾਲ ਟੁੱਟਦੇ ਹਨ, ਹੇ ਨਾਨਕ, ਮਨੁੱਖ ਦੀ ਹਉਮੈ, ਗੁਰੂ ਦੀ ਕਿਰਪਾ ਨਾਲ ਮੁਕਦੀ ਹੈ।4।
ਸਹਸ ਖਟੇ ਲਖ ਕਉ ਉਠਿ ਧਾਵੈ ॥ ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ ॥
ਅਨਿਕ ਭੋਗ ਬਿਖਿਆ ਕੇ ਕਰੈ ॥ ਨਹ ਤ੍ਰਿਪਤਾਵੈ ਖਪਿ ਖਪਿ ਮਰੈ ॥
ਬਿਨਾ ਸੰਤੋਖ ਨਹੀ ਕੋਊ ਰਾਜੈ ॥ ਸੁਪਨ ਮਨੋਰਥ ਬ੍ਰਿਥੇ ਸਭ ਕਾਜੈ ॥
ਨਾਮ ਰੰਗਿ ਸਰਬ ਸੁਖੁ ਹੋਇ ॥ ਬਡਭਾਗੀ ਕਿਸੈ ਪਰਾਪਤਿ ਹੋਇ ॥
ਕਰਨ ਕਰਾਵਨ ਆਪੇ ਆਪਿ ॥ ਸਦਾ ਸਦਾ ਨਾਨਕ ਹਰਿ ਜਾਪਿ ॥5॥
ਮਨੁੱਖ ਹਜ਼ਾਰਾਂ ਰੁਪਏ ਕਮਾਉਂਦਾ ਹੈ ਤੇ ਲੱਖਾਂ ਰੁਪਇਆਂ ਦੀ ਖਾਤਰ, ਉੱਠ ਦੌੜਦਾ ਹੈ, ਮਾਇਆ ਜਮ੍ਹਾ ਕਰੀ ਜਾਂਦਾ ਹੈ, ਪਰ ਰੱਜਦਾ ਨਹੀਂ। ਮਾਇਆ ਦੀਆਂ ਅਨੇਕਾਂ ਮੌਜਾਂ ਮਾਣਦਾ ਹੈ, ਤਸੱਲੀ ਨਹੀਂ ਹੁੰਦੀ, ਭੋਗਾਂ ਦੇ ਮਗਰ ਹੋਰ ਭੱਜਦਾ ਹੈ, ਤੇ ਬੜਾ ਦੁਖੀ ਹੁੰਦਾ ਹੈ। ਜੇ ਅੰਦਰ ਸੰਤੋਖ ਨਾ ਹੋਵੇ, ਤਾਂ ਕੋਈ ਮਨੁੱਖ ਰੱਜਦਾ ਨਹੀਂ, ਜਿਵੇਂ ਸੁਫਨਿਆਂ ਤੋਂ ਕੋਈ ਲਾਭ ਨਹੀਂ ਹੁੰਦਾ,
ਤਿਵੇਂ ਸੰਤੋਖ ਹੀਣ ਮਨੁੱਖ ਦੇ ਸਾਰੇ ਕੰਮ ਤੇ ਖਾਹਸ਼ਾਂ ਵਿਅਰਥ ਹਨ। ਪ੍ਰਭੂ ਦੇ ਨਾਮ ਦੀ ਮੌਜ ਵਿਚ ਹੀ ਸਾਰਾ ਸੁਖ ਹੈ, ਅਤੇ ਇਹ ਸੁਖ, ਕਿਸੇ ਵੱਡੇ ਭਾਗਾਂ ਵਾਲੇ ਨੂੰ ਮਿਲਦਾ ਹੈ। ਜੋ ਪ੍ਰਭੂ, ਆਪ ਹੀ ਸਭ ਕੁਝ ਕਰਨ ਦੇ, ਤੇ ਜੀਵਾਂ ਪਾਸੋਂ ਕਰਾਉਣ ਦੇ ਸਮਰੱਥ ਹੈ, ਹੇ ਨਾਨਕ, ਉਸ ਪ੍ਰਭੂ ਨੂੰ ਸਦਾ ਸਿਮਰ।5।
ਕਰਨ ਕਰਾਵਨ ਕਰਨੈਹਾਰੁ ॥ ਇਸ ਕੈ ਹਾਥਿ ਕਹਾ ਬੀਚਾਰੁ ॥
ਜੈਸੀ ਦ੍ਰਿਸਟਿ ਕਰੇ ਤੈਸਾ ਹੋਇ ॥ ਆਪੇ ਆਪਿ ਆਪਿ ਪ੍ਰਭੁ ਸੋਇ ॥
ਜੋ ਕਿਛੁ ਕੀਨੋ ਸੁ ਅਪਨੈ ਰੰਗਿ ॥ ਸਭ ਤੇ ਦੂਰਿ ਸਭਹੂ ਕੈ ਸੰਗਿ ॥
ਬੂਝੈ ਦੇਖੈ ਕਰੈ ਬਿਬੇਕ ॥ ਆਪਹਿ ਏਕ ਆਪਹਿ ਅਨੇਕ ॥
ਮਰੈ ਨ ਬਿਨਸੈ ਆਵੈ ਨ ਜਾਇ ॥ ਨਾਨਕ ਸਦ ਹੀ ਰਹਿਆ ਸਮਾਇ ॥6॥
ਵਿਚਾਰ ਕੇ ਵੇਖ ਲੈ, ਇਸ ਜੀਵ ਦੇ ਹੱਥ, ਕੁਝ ਵੀ ਨਹੀਂ ਹੈ, ਪ੍ਰਭੂ ਆਪ ਹੀ ਸਭ ਕੁਝ ਕਰਨ ਜੋਗਾ ਹੈ, ਤੇ ਜੀਵਾਂ ਕੋਲੋਂ ਕਰਵਾਉਣ ਜੋਗਾ ਹੈ। ਪ੍ਰਭੂ ਜਿਹੋ ਜਿਹੀ ਨਜ਼ਰ ਬੰਦੇ ਵੱਲ ਕਰਦਾ ਹੈ, ਬੰਦਾ ਵੈਸਾ ਹੀ ਬਣ ਜਾਂਦਾ ਹੈ, ਉਹ ਪ੍ਰਭੂ ਆਪ ਹੀ ਆਪ ਸਭ-ਕੁਝ ਹੈ। ਪ੍ਰਭੂ ਨੇ ਜੋ ਕੁਝ ਬਣਾਇਆ ਹੈ, ਆਪਣੀ ਮੌਜ ਵਿਚ ਬਣਾਇਆ ਹੈ, ਪ੍ਰਭੂ ਸਭ ਜੀਵਾਂ ਦੇ ਅੰਗ-ਸੰਗ ਵੀ ਹੈ, ਤੇ ਸਭ ਤੋਂ ਵੱਖਰਾ ਵੀ ਹੈ। ਪ੍ਰਭੂ ਆਪ ਹੀ ਇਕ ਹੈ ਅਤੇ ਆਪ ਹੀ ਅਨੇਕ ਰੂਪ ਧਾਰ ਰਿਹਾ ਹੈ, ਸਭ ਕੁਝ ਵੇਖਦਾ ਹੈ, ਸਮਝਦਾ ਹੈ ਤੇ ਪਛਾਣਦਾ ਹੈ। ਉਹ ਨਾ ਕਦੇ ਮਰਦਾ ਹੈ, ਨਾ ਨਾਸ ਹੁੰਦਾ ਹੈ, ਨਾ ਕਿਤੇ ਜਾਂਦਾ ਹੈ, ਨਾ ਕਿਤਿਉਂ ਆਉਂਦਾਂ ਹੈ, ਹੇ ਨਾਨਕ, ਪ੍ਰਭੂ ਸਦਾ ਹੀ ਆਪਣੇ-ਆਪ ਵਿਚ ਟਿਕਿਆ ਰਹਿੰਦਾ ਹੈ।6।
ਆਪਿ ਉਪਦੇਸੈ ਸਮਝੈ ਆਪਿ ॥ ਆਪੇ ਰਚਿਆ ਸਭ ਕੈ ਸਾਥਿ ॥
ਆਪਿ ਕੀਨੋ ਆਪਨ ਬਿਸਥਾਰੁ ॥ ਸਭੁ ਕਛੁ ਉਸ ਕਾ ਓਹੁ ਕਰਨੈਹਾਰੁ ॥
ਉਸ ਤੇ ਭਿੰਨ ਕਹਹੁ ਕਿਛੁ ਹੋਇ ॥ ਥਾਨ ਥਨੰਤਰਿ ਏਕੈ ਸੋਇ ॥
ਅਪੁਨੇ ਚਲਿਤ ਆਪਿ ਕਰਣੈਹਾਰ ॥ ਕਉਤਕ ਕਰੈ ਰੰਗ ਆਪਾਰ ॥
ਮਨ ਮਹਿ ਆਪਿ ਮਨ ਅਪੁਨੇ ਮਾਹਿ ॥ ਨਾਨਕ ਕੀਮਤਿ ਕਹਨੁ ਨ ਜਾਇ ॥7॥
ਪ੍ਰਭੂ ਆਪ ਹੀ ਸਭ ਜੀਵਾਂ ਦੇ ਨਾਲ ਮਿਲਿਆ ਹੋਇਆ ਹੈ, ਉਹ ਆਪ ਹੀ ਸਿਖਿਆ ਦਿੰਦਾ ਹੈ, ਤੇ ਆਪ ਹੀ ਉਸ ਸਿਖਿਆ ਨੂੰ ਸਮਝਦਾ ਵੀ ਹੈ। ਆਪਣਾ ਖਿਲਾਰਾ ਉਸ ਨੇ ਆਪ ਹੀ ਬਣਾਇਆ ਹੈ, ਬਰਹਮੰਡ ਦੀ ਹਰ ਚੀਜ਼ ਉਸ ਦੀ ਆਪਣੀ ਹੀ ਹੈ, ਤੇ ਉਹ ਆਪ ਹੀ ਬਨਾਉਣ ਵਾਲਾ ਹੈ। ਦਸੋ ਕੋਈ ਚੀਜ਼, ਉਸ ਤੋਂ ਵੱਖਰੀ ਵੀ ਹੋ ਸਕਦੀ ਹੈ ? ਹਰ ਥਾਂ, ਉਹ ਪ੍ਰਭੂ ਆਪ ਹੀ ਆਪ ਮੌਜੂਦ ਹੈ। ਆਪਣੇ ਖੇਲ, ਉਹ ਆਪ ਹੀ ਕਰਨ ਵਾਲਾ ਹੈ, ਬੇਅੰਤ ਰੰਗਾਂ ਦੇ ਤਮਾਸ਼ੇ ਉਹ ਆਪ ਹੀ ਕਰਦਾ ਹੈ। ਜੀਵਾਂ ਦੇ ਮਨ ਵਿਚ, ਉਹ ਆਪ ਹੀ ਵੱਸ ਰਿਹਾ ਹੈ, ਜੀਵਾਂ ਨੂੰ ਆਪਣੇ ਮਨ ਵਿਚ ਟਿਕਾਈ ਬੈਠਾ ਹੈ, ਹੇ ਨਾਨਕ, ਉਸ ਦਾ ਮੁੱਲ ਦਸਿਆ ਨਹੀਂ ਜਾ ਸਕਦਾ।7।
ਸਤਿ ਸਤਿ ਸਤਿ ਪ੍ਰਭੁ ਸੁਆਮੀ ॥ ਗੁਰ ਪਰਸਾਦਿ ਕਿਨੈ ਵਖਿਆਨੀ ॥
ਸਚੁ ਸਚੁ ਸਚੁ ਸਭੁ ਕੀਨਾ ॥ ਕੋਟਿ ਮਧੇ ਕਿਨੈ ਬਿਰਲੈ ਚੀਨਾ ॥
ਭਲਾ ਭਲਾ ਭਲਾ ਤੇਰਾ ਰੂਪ ॥ ਅਤਿ ਸੁੰਦਰ ਅਪਾਰ ਅਨੂਪ ॥
ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ॥ ਘਟਿ ਘਟਿ ਸੁਨੀ ਸ੍ਰਵਨ ਬਖ੍ਹਾਣੀ ॥
ਪਵਿਤ੍ਰ ਪਵਿਤ੍ਰ ਪਵਿਤ੍ਰ ਪੁਨੀਤ ॥ ਨਾਮੁ ਜਪੈ ਨਾਨਕ ਮਨਿ ਪ੍ਰੀਤਿ ॥8॥12॥ (ਬੰਦੇ ਖੋਜੁ ਦਿਲ ਹਰ ਰੋਜ)
ਸਭ ਦਾ ਮਾਲਕ ਪ੍ਰਭੂ ਸਦਾ ਹੀ ਕਾਇਮ ਰਹਿਣ ਵਾਲਾ ਹੈ, ਗੁਰੂ ਦੀ ਮਿਹਰ ਨਾਲ ਇਹ ਗੱਲ ਕਿਸੇ ਵਿਰਲੇ ਨੇ ਦੱਸੀ ਹੈ। ਜੋ ਕੁਝ ਉਸ ਨੇ ਬਣਾਇਆ ਹੈ, ਉਹ ਅਧੂਰਾ ਨਹੀਂ, ਮੁਕੱਮਲ, ਪੂਰਾ ਹੈ, ਪਰ ਇਹ ਗੱਲ ਕ੍ਰੋੜਾਂ ਵਿਚੋਂ ਕਿਸੇ ਵਿਰਲੇ ਨੇ ਸਮਝੀ ਹੈ।
ਹੇ ਅੱਤ ਸੋਹਣੇ, ਬੇਅੰਤ ਤੇ ਬੇਮਿਸਾਲ ਪ੍ਰਭੂ, ਤੇਰਾ ਰੂਪ, ਕਿਆ ਪਿਆਰਾ ਪਿਆਰਾ ਹੈ। ਤੇਰੀ ਬੋਲੀ ਵੀ ਮਿੱਠੀ ਮਿੱਠੀ ਹੈ, ਹਰੇਕ ਸਰੀਰ ਦੇ ਵਿਚ ਕੰਨਾਂ ਨਾਲ ਸੁਣੀ ਜਾ ਰਹੀ ਹੈ, ਤੇ ਜੀਭ ਦੇ ਨਾਲ ਬੋਲੀ ਜਾ ਰਹੀ ਹੈ। ਹੇ ਨਾਨਕ , ਜੋ ਅਜਿਹੇ ਪ੍ਰਭੂ ਦਾ ਨਾਮ, ਪ੍ਰੀਤ ਨਾਲ, ਮਨ ਵਿਚ ਜਪਦਾ ਹੈ, ਉਹ ਪਵਿਤ੍ਰ ਹੀ ਪਵਿਤ੍ਰ ਹੋ ਜਾਂਦਾ ਹੈ।8।12।
ਅਮਰ ਜੀਤ ਸਿੰਘ ਚੰਦੀ (ਚਲਦਾ)