ਸੁਖਮਨੀ ਸਾਹਿਬ(ਭਾਗ 23)
ਸਲੋਕੁ ॥
ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ ॥
ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥1॥
ਇਸ ਦੇ ਅਰਥ ਸ਼ੁਰੂ ਕਰਨ ਤੋਂ ਪਹਿਲਾਂ, ਇਹ ਸਮਝਣਾ ਜ਼ਰੂਰੀ ਹੈ ਕਿ "ਸੰਤ" ਕੀ ਹੈ ? ਸਿੱਖਾਂ ਨੇ ਖਾਸ ਕਰ,"ਨਾਨਕ-ਸਰ" ਵਾਲਿਆਂ ਨੇ, ਇਸ ਦੀ ਬਹੁਤ ਕੁਵਰਤੋਂ ਕੀਤੀ ਹੈ, ਇਸ ਨੂੰ ਸਮਝੇ ਬਗੈਰ, ਰੱਟੇ ਲਾਉਂਦਿਆਂ ਪੰਥ ਵਿਚ ਹਜ਼ਾਰਾਂ ਸੰਤ ਬਣਾ ਦਿੱਤੇ ਹਨ, ਅਤੇ 'ਸੁਖਮਨੀ ਸਾਹਿਬ' ਨੂੰ ਰੱਟਾ ਲਾਉਣ ਵਾਲਾ ਹਰ ਬੰਦਾ ਇਸ ਅਸ਼ਟਪਦੀ ਨੂੰ ਆਧਾਰ ਬਣਾ ਕੇ, ਹਰ ਵਿਭਚਾਰੀ, ਹਰ ਬਲਾਤਕਾਰੀ ਸੰਤ ਬਾਰੇ, ਕੁਝ ਵੀ ਕਹਿੰਦਾ ਹੋਇਆ ਕੰਬਦਾ ਹੈ। ਅਤੇ ਅਣਖੀਲੇ ਸਿੱਖ ਪੰਥ ਦੀਆਂ ਬੱਚੀਆਂ ਨੂੰ ਵੇਲ੍ਹੜ ਸਾਧਾਂ ਦੀਆਂ ਰਖੈਲਾਂ ਬਣਾ ਕੇ ਰੱਖ ਦਿੱਤਾ ਹੈ। 'ਸੁਖਮਨੀ ਸਾਹਿਬ' ਦੀ ਇਸ ਲੜੀ ਨੂੰ ਸ਼ੁਰੂ ਕਰਨ ਦਾ ਮਕਸਦ ਵੀ ਇਹੀ ਹੈ ਕਿ, ਬਾਣੀ ਨੂੰ ਵਿਚਾਰੋ, ਰੱਟੇ ਨਹੀਂ ਲਾਉ, ਬਾਣੀ ਵਿਚਾਰਨ ਦੀ ਚੀਜ਼ ਹੈ, ਰੱਟੇ ਲਾਉਣ ਦੀ ਨਹੀਂ ।
ਆਉ ਪਹਿਲਾਂ ਗੁਰਬਾਣੀ ਦਾ ਇਕ ਸ਼ਬਦ ਵਿਚਾਰਦੇ ਹਾਂ।
ਸੋ ਦਰੁ ਰਾਗੁ ਆਸਾ ਮਹਲਾ 1
ੴ ਸਤਿ ਗੁਰ ਪ੍ਰਸਾਦਿ ॥
ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥
ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥
ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥
ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥
ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ ॥
ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥
ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ ॥
ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨਿ ਤੁਧਨੋ ਸਾਧ ਬੀਚਾਰੇ ॥
ਗਾਵਨਿ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥
ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ ਜੁਗੁ ਜੁਗੁ ਵੇਦਾ ਨਾਲੇ ॥
ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥
ਗਾਵਨਿ ਤੁਧਨੋ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥
ਗਾਵਨਿ ਤੁਧਨੋ ਜੋਧ ਮਹਾਬਲ ਸੂਰਾ ਗਾਵਨਿ ਤੁਧਨੋ ਖਾਣੀ ਚਾਰੇ ॥
ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥
ਸੇਈ ਤੁਧਨੋ ਗਾਵਨਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥
ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥ (8-9)
ਇਹ ਗੁਰੂ ਗ੍ਰੰਥ ਸਾਹਿਬ ਵਿਚ ਦਿੱਤੇ 'ਨਿੱਤ-ਨੇਮ' ਦਾ ਭਾਗ ਹੈ, ਜਿਸ ਵਿਚ, ਪਰਮਾਤਮਾ ਦੀ ਰਚਨਾ, ਪਰਮਾਤਮਾ ਦੇ ਗੁਣ ਗਾਉਣ ਵਾਲਿਆਂ ਦਾ ਕਾਫੀ ਵਿਸਤਾਰ ਪੂਰਵਕ ਵੇਰਵਾ ਹੈ, ਤੇ ਅੰਤ ਵਿਚ ਸਿੱਟਾ ਦਿੱਤਾ ਹੈ ।
ਗੁਰੂ ਗ੍ਰੰਥ ਸਾਹਿਬ ਵਿਚ ਦਿੱਤੇ, ਪਹਿਲੇ 13 ਸਫਿਆਂ ਵਿਚ, ਕਰੀਬ ਕਰੀਬ ਗੁਰਮਤਿ ਦਾ ਸਾਰਾ ਸਿਧਾਂਤ ਆ ਜਾਂਦਾ ਹੈ,
ਗੁਰੂ ਸਾਹਿਬ ਵਲੋਂ ਦਿੱਤੀ ਇਸ ਬਾਣੀ ਵਿਚ ਕਿਤੇ "ਨਿੱਤ-ਨੇਮ' ਦਾ ਜ਼ਿਕਰ ਨਹੀਂ ਹੈ। ਫਿਰ ਵੀ ਇਸ ਨੂੰ ਨਿੱਤ-ਨੇਮ ਕਹਿਣਾ
ਪੈ ਰਿਹਾ ਹੈ, ਕਿਉਂਕਿ ਪਤਾ ਨਹੀਂ ਸਿੱਖੀ ਵਿਚ ਇਹ ਨਿੱਤ-ਨੇਮ ਦਾ ਝਮੇਲਾ ਕਦੋਂ ਅਤੇ ਕਿਸ ਨੇ ਪਾ ਦਿੱਤਾ ਹੈ ?
ਗੁਰਬਾਣੀ ਵਿਚ ਕੋਈ ਵੀ ਬਾਣੀ ਅਜਿਹੀ ਨਹੀਂ ਹੈ, ਜਿਸ ਦਾ ਰੋਜ਼ ਰੋਜ਼ ਰੱਟਾ ਲਾਉਣ ਦੀ ਲੋੜ ਪਵੇ। ਸਿੱਖੀ, ਰੱਟਾ ਲਾਉਣ ਦਾ ਧਰਮ ਨਹੀਂ ਹੈ, ਬਲਕਿ ਹੰਢਾਉਣ ਦਾ ਧਰਮ ਹੈ। ਮਿਸਾਲ ਵਜੋਂ ਸ਼ਬਦ ਹੈ,
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥
ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥2 ॥ (141)
ਅਰਥ:- ਗੁਰੂ ਸਾਹਿਬ ਨੇ ਇਸ ਵਿਚ ਸਾਰੀ ਗੱਲ ਸਮਝਾਈ ਹੈ।
ਪਹਿਲੀ ਗੱਲ ਹੈ ਰੱਟਾ ਲਾਉਣ ਦੀ। ਕੀ ਇਸ ਦਾ ਰੱਟਾ ਲਾਉਣ ਨਾਲ ਕੁਝ ਸੌਰ ਜਾਵੇਗਾ ? (ਆਪੇ ਵਿਚਾਰੋ)
ਦੂਜੀ ਗੱਲ ਹੈ, ਪੂਰੀ ਗੱਲ ਸਮਝਣ ਦੀ ਥਾਂ ਇਕ ਤੁਕ ਨਾਲ ਸਾਰਨਾ। ਇਹ ਵੀ ਵਿਦਵਾਨਾਂ ਨੇ ਅਜਿਹੀ ਚਲਾਈ ਹੈ
ਕਿ ਸਤ-ਸੰਗ (ਜਿਸ ਵਿਚ ਰੱਬ ਦੇ ਨਾਮ ਦੀ ਵਿਚਾਰ ਹੁੰਦੀ ਸੀ) ਉਸ ਦੀ ਥਾਂ (ਤਰਕ-ਵਿਤਰਕ) ਦਾ ਅਖਾੜਾ ਬਣਾ
ਦਿੱਤਾ ਹੈ , ਤਰਕ ਨਾਲ ਮੰਨ ਲਿਆ ਕਿ ਪਰਾਇਆ ਹੱਕ ਖਾਣਾ, ਮੁਸਲਮਾਨ ਲਈ 'ਸੂਰ' ਖਾਣ ਬਰਾਬਰ ਹੈ, ਅਤੇ
ਹਿੰਦੂ ਲਈ 'ਗਾਂ' ਖਾਣ ਬਰਾਬਰ ਹੈ। ਕੀ ਇਸ ਨਾਲ ਸਰ ਜਾਵੇਗਾ ? (ਆਪ ਹੀ ਵਿਚਾਰੋ)
ਤੀਜੀ ਗੱਲ ਹੈ, ਗੁਰੂ ਦਾ ਪੂਰਾ ਸੰਦੇਸ਼ ਸੁਣੋ, ਸਮਝੋ ਅਤੇ ਉਸ ਤੇ ਅਮਲ ਕਰੋ। ਆਉ ਗੁਰੂ ਦਾ ਸੰਦੇਸ਼ ਸੁਣੀਏ।
ਹੇ ਨਾਨਕ, ਪਰਾਇਆ ਹੱਕ, ਮੁਸਲਮਾਨ ਲਈ ਸੂਰ ਹੈ ਤੇ ਹਿੰਦੂ ਲਈ ਗਾਂ। ਗੁਰੂ, ਪੀਰ, ਪੈਗੰਬਰ ਤਾਂ ਹੀ ਸਿਫਾਰਸ਼ ਕਰਦਾ
ਹੈ, ਜੇ ਮਨੁੱਖ ਪਰਾਇਆ ਹੱਕ ਨਾ ਖਾਵੇ। ਨਿਰੀਆਂ ਗੱਲਾਂ ਕਰਨ ਨਾਲ ਸਵਰਗ ਵਿਚ ਨਹੀਂ ਅੱਪੜ ਸਕੀਦਾ।
(ਕੁਝ ਕਰਨਾ ਪੈਂਦਾ ਹੈ)
ਸੱਚ ਨੂੰ, ਜਿਸ ਨੂੰ ਤੁਸੀਂ ਸੱਚਾ ਰਸਤਾ ਆਖਦੇ ਹੋ, ਉਸ ਨੂੰ ਅਮਲੀ ਜੀਵਨ ਵਿਚ ਵਰਤਿਆਂ ਹੀ ਗੱਲ ਬਣਦੀ ਹੈ। ਬਹਸ
ਆਦਿਕ ਗੱਲਾਂ ਦੇ ਮਸਾਲੇ, ਹਰਾਮ ਦੇ ਮਾਲ ਵਿਚ ਪਾਇਆਂ, ਉਹ ਹਰਾਮ ਦਾ ਮਾਲ, ਹੱਕ ਦਾ ਮਾਲ ਨਹੀਂ ਬਣ ਜਾਂਦਾ।
ਹੇ ਨਾਨਕ, ਕੂੜੀਆਂ ਗੱਲਾਂ ਕੀਤਿਆਂ, ਕੂੜ ਹੀ ਮਿਲਦਾ ਹੈ।2।
ਇਹ ਸੀ ਗੁਰੂ ਦਾ ਸੰਦੇਸ਼, ਜੇ ਇਸ ਨੂੰ ਸਮਝ ਕੇ ਸਾਰੇ ਮਨੁੱਖ, ਪਰਾਇਆ ਹੱਕ ਮਾਰਨਾ ਛੱਡ ਦੇਣ, ਤਾਂ ਸੰਸਾਰ ਦੇ ਸਾਰੇ
ਝਗੜੇ ਮੁੱਕ ਜਾਂਦੇ ਹਨ। (ਇਹ ਹੈ ਰੱਟਾ ਲਾਉਣ ਅਤੇ ਅਮਲ ਕਰਨ ਵਿਚ ਫਰਕ)
ਦੁਨੀਆ ਵਿਚ ਕੋਈ ਚੀਜ਼ ਅਜਿਹੀ ਨਹੀਂ ਹੈ, ਜੋ ਪਰਮਾਤਮਾ ਦੇ ਗੁਣ ਨਾ ਗਾ ਰਹੀ ਹੋਵੇ, ਹੁਣ ਇਹ ਵਿਚਾਰਨ ਦੀ ਲੋੜ
ਹੈ ਕਿ ਇਹ ਸਾਰੀਆਂ ਚੀਜ਼ਾਂ, ਸਿੱਖਾਂ ਦੇ ਸਿਮਰਨ ਵਾਙ, ਕਿਹੜੇ ਕਿਹੜੇ ਸਾਜ਼ਾਂ ਨਾਲ ਰਲਾ ਕੇ ਗੁਣ ਗਾ ਰਹੀਆਂ ਹਨ ?
ਗਾਉਣ ਵਾਲੀਆਂ ਚੀਜ਼ਾਂ ਹਨ, ਹਵਾ, ਪਾਣੀ ਅਤੇ ਧਰਮ-ਰਾਜ, ਬੇ-ਗਿਣਤ ਈਸਰੁ ਬ੍ਰਹਮੇ ਅਤੇ ਦੇਵੀਆਂ, ਸਮਾਧੀ ਵਿਚ
ਜੁੜੇ ਹੋਏ ਸਿੱਧ, ਜਤੀ ਸਤੀ ਤੇ ਸੰਤੋਖੀ , ਬ੍ਰਹਮੰਡ ਅਤੇ ਉਸ ਦੇ ਵੱਖ ਵੱਖ ਹਿੱਸੇ, ਪਰਮਾਤਮਾ ਵਲੋਂ ਪੈਦਾ ਕੀਤੇ ਰਤਨ,
(ਲਾਲ, ਜਵਾਹਰ, ਮਾਣਕ, ਹੀਰੇ ਮੋਤੀ ਆਦਿ ਅਤੇ ਅਠਾਹਟ ਤੀਰਥ, ਇਹ ਸਾਰੇ ਪ੍ਰਭੂ ਦੇ ਗੁਣ ਗਾ ਰਹੇ ਹਨ।
ਜ਼ਾਹਰ ਜਿਹੀ ਗੱਲ ਹੈ ਕਿ ਇਹ ਸਭ, ਕੋਈ ਰਾਗ ਨਹੀਂ ਗਾ ਰਹੇ, ਬਲਕਿ ਉਸ ਪ੍ਰਭੂ ਦੇ ਹੁਕਮ ਵਿਚ ਚੱਲ ਰਹੇ ਹਨ।
ਇਵੇਂ ਹੀ ਗੁਰੂ ਸਾਹਿਬ ਨੇ ਸਿਮਰਨ ਬਾਰੇ ਵੀ ਪੂਰੀ ਸੇਧ ਦਿੱਤੀ ਹੋਈ ਹੈ ਕਿ ਸੂਰਜ, ਚੰਦ-ਤਾਰੇ, ਸਾਰੇ ਪਹਾੜ, ਜੰਗਲ,
ਜੰਗਲ ਵਿਚਲੇ ਦਰੱਖਤ, ਵੇਲਾਂ ਆਦਿ ਸਾਰਾ ਕੁਝ, ਪ੍ਰਭੂ ਦਾ ਸਿਮਰਨ ਕਰ ਰਹੇ ਹਨ, ਯਾਨੀ ਰੱਬ ਦੀ ਰਜ਼ਾ ਵਿਚ ਚੱਲ
ਰਹੇ ਹਨ। (ਇਹ ਤਾਂ ਸਿੱਖਾਂ ਦੇ ਮੰਨਣ ਦਾ ਕੰਮ ਹੈ)
ਹੁਣ ਰਹਿ ਗਿਆ ਆਖਰੀ ਸਿੱਟਾ,
ਸੇਈ ਤੁਧਨੋ ਗਾਵਨਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥
ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥ (8-9)
ਹੇ ਪ੍ਰਭੂ, ਅਸਲ ਵਿਚ ਉਹੀ ਬੰਦੇ, ਤੇਰੀ ਸਿਫਤ-ਸਾਲਾਹ ਕਰਦੇ ਹਨ, ਉਨ੍ਹਾਂ ਦੀ ਹੀ ਕੀਤੀ ਸਿਫਤ-ਸਾਲਾਹ ਲੇਖੇ ਲਗਦੀ ਹੈ
ਜੋ ਤੇਰੇ ਪ੍ਰੇਮ ਵਿਚ ਰੰਗੇ ਹੋਏ ਹਨ ਅਤੇ ਤੇਰੇ ਰਸੀਏ ਭਗਤ ਹਨ, ਉਹੀ ਬੰਦੇ ਤੈਨੂੰ ਪਿਆਰੇ ਲਗਦੇ ਹਨ। ਅਨੇਕਾਂ ਹੋਰ
ਜੀਵ ਤੇਰੀ ਵਡਿਆਈ ਕਰ ਰਹੇ ਹਨ, ਜੋ ਮੈਥੋਂ ਗਿਣੇ ਨਹੀਂ ਜਾ ਸਕਦੇ। ਭਲਾ ਇਸ ਗਿਣਤੀ ਬਾਰੇ, ਨਾਨਕ ਕੀ ਵਿਚਾਰ ਕਰ
ਸਕਦਾ ਹੈ ? ਨਾਨਕ ਇਹ ਵਿਚਾਰ ਕਰਨ ਜੋਗਾ ਨਹੀਂ ਹੈ। ਏਥੇ ਅਪੜ ਕੇ ਹੀ ਗੁਰੂ ਜੀ ਫੁਰਮਾਉਂਦੇ ਹਨ,
ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ॥
ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ॥1॥ (261)
ਹੇ ਨਾਨਕ ਆਖ, ਅਸੀਂ ਜੀਵ ਖਿਨ ਖਿਨ ਪਿਛੋਂ ਭੁੱਲਾਂ ਕਰਨ ਵਾਲੇ ਹਾਂ, ਜੇ ਸਾਡੀਆਂ ਭੁੱਲਾਂ ਦਾ ਲੇਖਾ ਹੋਵੇ ਤਾਂ, ਅਸੀਂ ਕਿਸੇ
ਤਰ੍ਹਾਂ ਵੀ ਇਸ ਭਾਰ ਤੋਂ ਮੁਕਤ ਨਹੀਂ ਹੋ ਸਕਦੇ। ਹੇ ਬਖਸ਼ਿੰਦ ਪ੍ਰਭੂ, ਤੂੰ ਆਪੇ ਹੀ ਸਾਡੀਆਂ ਭੁੱਲਾਂ ਬਖਸ਼, ਤੇ ਸਾਨੂੰ ਵਿਕਾਰਾਂ ਦੇ
ਸਮੁੰਦਰ ਵਿਚ ਡੁਬਦਿਆਂ ਨੂੰ ਪਾਰ ਲੰਘਾ।1।
ਸਾਡੇ ਗੁਰੂ ਸਾਹਿਬ ਤਾਂ ਪਰਮਾਤਮਾ ਅੱਗੇ ਇਹ ਬੇਨਤੀ ਕਰਦੇ ਹਨ, ਸਾਡੇ ਆਪੂੰ ਬਣੇ ਸੰਤ, ਪਹਿਲਾਂ ਹੀ ਗਿਣ-ਗੱਟ ਕੇ ਫਲ
ਲੈ ਲੈਂਦੇ ਹਨ ਅਤੇ ਦੂਸਰਿਆਂ ਲਈ ਵੀ ਰਾਹ ਮਿਥ ਦੇਂਦੇ ਹਨ।
ਮੈਂ ਇਹ ਤਾਂ ਨਹੀਂ ਕਹਾਂਗਾ ਕਿ "ਰੱਬ ਹੀ ਬਚਾਵੇ" ਗੁਰੂ ਸਾਹਿਬ ਦੇ ਦੱਸੇ ਰਾਹ ਤੇ ਚਲਦਿਆਂ, ਅਜਿਹਾ ਕੁਝ ਕਹਣ ਦੀ ਲੋੜ
ਨਹੀਂ ਪੈਂਦੀ। ਹਾਂ ਗੁਰੂ ਦੇ ਸਿੱਖਾਂ ਨੂੰ ਇਹ ਜ਼ਰੂਰ ਕਹਾਂਗਾ ਕਿ ਸਿੱਧੇ ਹੋ ਕੇ ਗੁਰੂ ਦੇ ਦੱਸੇ ਰਾਹ ਤੇ ਚਲੋ।
ਸਲੋਕੁ ॥
ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ ॥
ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥1॥
ਅਰਥ :- ਇਸ ਵਿਚ ਵਰਤਿਆ 'ਸੰਤ" ਲਫਜ਼, ਬਹੁ-ਵਚਨ ਹੈ, ਇਕ ਵਚਨ ਨਹੀਂ, ਅਰਥ ਬਣਦਾ ਹੈ, ਬਹੁਤੇ ਸੰਤ,
ਯਾਨੀ ਸਤ-ਸੰਗੀ, ਜੋ ਮਨੁੱਖ, ਸੰਤਾਂ ਦੀ ਸਰਨ ਪੈਂਦਾ ਹੈ, ਉਸ ਸਤ-ਸੰਗਤ ਦਾ ਹਿੱਸਾ ਬਣਦਾ ਹੈ, ਜਿਸ ਵਿਚ, ਪ੍ਰਭੂ
ਦੇ ਨਾਮ ਦੀ ਹੀ ਵਿਚਾਰ ਹੁੰਦੀ ਹੈ।
ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ॥
ਏਕੋ ਨਾਮ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥5॥
ਉਹ ਮਾਇਆ ਦੇ ਬੰਧਨਾਂ ਤੋਂ ਬਚ ਜਾਂਦਾ ਹੈ, ਪਰ ਹੇ ਨਾਨਕ, ਸੰਤਾਂ ਦੀ, ਸਤ-ਸੰਗੀਆਂ ਦੀ ਨਿੰਦਾ ਕਰਨ ਨਾਲ, ਜਨਮ-ਮਰਨ ਦੇ ਚੱਕਰ ਵਿਚ ਪੈ ਜਾਈਦਾ ਹੈ।1।
ਅਮਰ ਜੀਤ ਸਿੰਘ ਚਂਦੀ (ਚਲਦਾ)