ਸੁਖਮਨੀ ਸਾਹਿਬ(ਭਾਗ 24 ੳ)
ਸਲੋਕੁ ॥
ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ ॥
ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥1॥ (279)
ਅਰਥ:-
ਜੋ ਮਨੁੱਖ ਸੰਤਾਂ ਦੀ ਸਰਨ ਪੈਂਦਾ ਹੈ, ਉਹ ਮਾਇਆ ਦੇ ਬੰਧਨਾਂ ਤੋਂ ਬਚ ਜਾਂਦਾ ਹੈ, ਪਰ ਹੇ ਨਾਨਕ, ਸੰਤਾਂ ਦੀ ਨਿੰਦਾ ਕਰਨ ਨਾਲ, ਮੁੜ ਮੁੜ ਜੰਮੀਦਾ ਹੈ, ਜਨਮ ਮਰਨ ਦੇ ਚੱਕਰ ਵਿਚ ਪੈ ਜਾਈਦਾ ਹੈ।1।
ਮੈਨੂੰ ਜਾਪਦਾ ਹੈ ਕਿ, ਇਸ ਤੋਂ ਅੱਗੇ ਅਸ਼ਟਪਦੀ, ਸ਼ੁਰੂ ਕਰਨ ਤੋਂ ਪਹਿਲਾਂ, 'ਸੰਤ' ਅੱਖਰ ਦੀ ਵਿਆਖਿਆ ਹੋ ਜਾਣੀ ਜ਼ਰੂਰੀ ਹੈ। ਕਿਉਂਕਿ , ਬਾਣੀ ਸੁਖਮਨੀ ਨੂੰ ਰੱਟੇ ਤੱਕ ਸੀਮਤ ਕਰਨ ਦਾ ਵੱਡਾ ਕਾਰਨ, ਇਹ 'ਸੰਤ' ਅੱਖਰ ਵਾਲੀ 'ਅਸ਼ਟਪਦੀ' ਹੀ ਹੈ, ਜੇਕਰ ਇਸ ਦੀ ਵਿਆਖਿਆ ਸਿੱਖਾਂ ਤੱਕ ਪਹੁੰਚ ਜਾਵੇ ਤਾਂ ਸਿੱਖਾਂ ਦਾ 'ਸੰਤਾਂ' ਨਾਲ ਬਣਿਆ ਮੋਹ ਆਪੇ ਹੀ ਖਤਮ ਹੋ ਜਾਣਾ ਹੈ। ਜੇ ਇਹ ਖਤਮ ਹੋ ਗਿਆ ਤਾਂ 'ਬਾਣੀ ਸੁਖਮਨੀ' ਵੀ ਆਪਣੇ ਮੂਲ ਵਿਚ, ਇਵੇਂ ਹੀ ਲੀਨ ਹੋ ਜਾਣੀ ਹੈ, ਜਿਵੇ ਸ਼ਬਦ ਗੁਰੂ ਨਾਲ ਜੁੜਿਆ ਮਨ, ਆਪਣੇ ਮੂਲ ਨਾਲ ਇਕ-ਮਿਕ ਹੋ ਜਾਂਦਾ ਹੈ,
ਗੁਰਿ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥
ਨਾਨਕ ਲੀਨ ਭਇਓ ਗੋਬਿੰਦ ਸਿਉ ਜਿੳੇੁ ਪਾਨੀ ਸੰਗਿ ਪਾਨੀ ॥3॥11॥ (634)
ਅਰਥ:-
ਹੇ ਨਾਨਕ ਆਖ, ਜਿਸ ਮਨੁੱਖ ਤੇ (ਸ਼ਬਦ) ਗੁਰੂ ਨੇ ਮਿਹਰ ਕੀਤੀ, ਉਸ ਨੇ ਹੀ ਜਵਿਨ ਦੀ ਇਹ ਜਾਚ ਸਮਝੀ ਹੈ। ਉਹ ਮਨੁੱਖ ਹੀ ਪਰਮਾਤਮਾ ਨਾਲ ਇਉਂ ਇਕ-ਮਿਕ ਹੋ ਜਾਂਦਾ ਹੈ, ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ।3।11।
(ਮੁੜ ਅਲੱਗ ਨਹੀਂ ਹੁੰਦਾ)
ਆਉ ਸੰਤ ਅੱਖਰ ਬਾਰੇ ਜਾਨਣ ਦੀ ਕੋਸ਼ਿਸ਼ ਕਰਦੇ ਹਾਂ।
'ਸੰਤ' ਅੱਖਰ ਦੀ ਸਿੱਖੀ ਵਿਚ, ਇਕ-ਵਚਨ ਵਜੋਂ ਕੋਈ ਖਾਸ ਮਾਨਤਾ ਨਹੀਂ ਸੀ। ਕੁਝ ਥਾਵਾਂ ਤੇ ਅੱਖਰ 'ਸੰਤੁ' ਦੀ 'ਸ਼ਬਦ-ਗੁਰੂ' ਜਾਂ 'ਪਰਮਾਤਮਾ' ਬਾਰੇ ਵਰਤੋਂ ਹੋਈ ਹੈ।
ਬਹੁ-ਵਚਨ ਵਜੋਂ ਬਹੁਤ ਮਾਨਤਾ ਸੀ, ਜਿਸ ਦੇ ਅਲੱਗ ਅਲੱਗ ਰੂਪ ਇਵੇਂ ਹਨ, ਸੰਤ, ਜਿਸ ਦੀ ਵਰਤੋਂ ਸੁਖਮਨੀ ਸਾਹਿਬ ਵਿਚ ਬਹੁਤ ਹੋਈ ਹੈ, ਇਸ ਨੂੰ ਹੋਰ ਸਾਫ ਕਰਨ ਲਈ, ਗੁਰੂ ਸਾਹਿਬ ਨੇ ਅੱਖਰ 'ਸੰਤਨ' ਦੀ ਵਰਤੋਂ ਕੀਤੀ ਹੈ।
ਮਹਾਨ-ਕੋਸ਼ ਵਿਚ 'ਸੰਤਨ' ਨੂੰ 'ਸੰਤ-ਜਨਾਂ' ਦਾ ਸੰਖੇਪ ਰੂਪ ਦੱਸਿਆ ਹੈ, ਵੈਸੇ ਵੀ ਉਸ ਵਿਚ 'ਸੰਤ' ਅਤੇ 'ਸੰਤੁ' ਵਿਚ ਕੋਈ ਫਰਕ ਨਹੀਂ ਕੀਤਾ ਗਿਆ। ਹਰਿ ਸੰਤ, ਨੂੰ ਵੀ ਸਾਧਾਰਨ ਢੰਗ ਨਾਲ, ਪਰਮਾਤਮਾ ਦੇ ਸੰਤ ਜਾਂ ਪਰਮਾਤਮਾ ਦੇ ਭਗਤ ਵਜੋਂ ਵਰਤਿਆ ਗਿਆ ਹੈ।
ਕੁਝ ਅਜਿਹੀ ਹੀ ਹਾਲਤ ਸੀ, ਤਾਂ ਹੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ, ਸਿੱਖਾਂ ਵਿਚ ਕੋਈ ਸੰਤ ਨਜਰ ਨਹੀਂ ਆਉਂਦਾ। ਬ੍ਰਾਹਮਣਾਂ ਵਿਚ ਵੀ ਸੰਤ ਦੀ ਕੋਈ ਖਾਸ ਥਾਂ ਨਹੀਂ ਹੈ। ਸੰਤਾਂ ਦਾ ਉਭਾਰ, ਅੰਗਰੇਜ਼ਾਂ ਦੇ ਰਾਜ ਵਿਚ ਹੁੰਦਾ ਹੈ, ਉਹ ਵੀ, ਉਸ ਵੇਲੇ, ਜਦ ਅੰਗ੍ਰੇਜ਼ਾਂ ਨੇ ਫੌਜ ਵਿਚੋਂ ਕੁਝ, ਸਿੱਖ, ਸੰਤ ਬਣਾ ਕੇ ਪੰਜਾਬ ਵਿਚ ਛੱਡੇ। ਅਤੇ ਇਨ੍ਹਾਂ ਸੰਤਾਂ ਦੇ ਕੇਂਦਰੀ ਅਸਥਾਨ ਦਾ ਨਾਮ "ਨਾਨਕ-ਸਰ" ਪਿਆ। ਇਨ੍ਹਾਂ ਸੰਤਾਂ ਨੇ ਗੁਰਬਾਣੀ ਵਿਚੋਂ ਬਾਣੀ ਸੁਖਮਨੀ ਨੂੰ ਅਲੱਗ ਕਰ ਕੇ ਉਸ ਦਾ ਏਨਾ ਪਰਚਾਰ ਕੀਤਾ ਕਿ ਸਭ ਗੁਰਦਵਾਰਿਆਂ ਅਤੇ ਆਮ ਸਿੱਖਾਂ ਵਿਚ ਸੁਖਮਨੀ ਹੀ ਪ੍ਰਧਾਨ ਹੋ ਗਈ। ਸੰਤਾਂ ਦਾ ਸਿਖਰ ਉਹ ਸੀ ਜਦੋਂ ਇਨ੍ਹਾਂ ਸੰਤਾਂ ਦੇ ਅੱਡੇ, ਵਿਭਚਾਰ ਦਾ ਕੇਂਦਰ ਬਣ ਗਏ। ਉਸ ਮਗਰੋਂ ਬਹੁਤੇ ਸੰਤਾਂ ਦਾ ਕਾਰਜ-ਛੇਤਰ, 'ਕਚਹਰੀਆਂ' ਅਤੇ ਨਿਵਾਸ-ਸਥਾਨ, ਜੇਲ੍ਹਾਂ ਬਣੇ।
ਇਨ੍ਹਾ ਸੰਤਾਂ ਨੇ 'ਸ੍ਰੀ ਚੰਦ' ਨੂੰ ਉਭਾਰ ਕੇ, ਗੁਰੂ ਸਾਹਿਬ ਤੇ ਗਲਤ ਟਿੱਪਣੀਆਂ ਵੀ ਕੀਤੀਆਂ। ਇਨ੍ਹਾਂ ਸੰਤਾਂ ਨੂੰ ਵੇਲੇ ਦੀਆਂ ਹਕੂਮਤਾਂ ਨੇ, ਵੋਟਾਂ ਦਾ ਹਥਿਆਰ ਬਣਾ ਕੇ ਖੂਬ ਉਭਾਰਿਆ ਅਤੇ ਇਹ ਸੰਤ ਪੰਜਾਬ ਦੀ ਬਰਬਾਦੀ ਦਾ ਕਾਰਨ ਵੀ ਬਣੇ। ਇਨ੍ਹਾਂ ਦੇ ਅੱਡਿਆਂ ਵਿਚ, ਬੀਬੀਆਂ ਦੇ ਨਿਵਾਸ ਅਸਥਾਨ ਨੂੰ ਅੱਜ ਵੀ "ਮਾਈ-ਵਾੜਾ" ਕਿਹਾ ਜਾਂਦਾ ਹੈ,ਜਦ ਕਿ ਸਾਰੇ ਜਾਣਦੇ ਹਨ ਕਿ "ਵਾੜਾ" ਭੇਡਾਂ ਜਾਂ ਬੱਕਰੀਆਂ ਦਾ ਹੁੰਦਾ ਹੈ, ਹੈਰਾਨੀ ਦੀ ਗੱਲ ਹੈ ਕਿ ਸਿੱਖੀ ਵਿਚ ਬੀਬੀਆਂ ਦਾ ਬਹੁਤ ਉੱਚਾ ਥਾਂ ਹੋਣ ਦੇ ਬਾਵਜੂਦ ਵੀ ਇਸ ਬਾਰੇ, ਕਿਸੇ ਸਿੱਖ, ਕਿਸੇ ਲੀਡਰ, ਕਿਸੇ ਪਰਚਾਰਕ, ਕਿਸੇ ਬੀਬੀ ਨੇ ਅੱਜ ਤਕ ਕੋਈ ਕਿੰਤੂ-ਪ੍ਰੰਤੂ ਨਹੀਂ ਕੀਤਾ। ਇਨ੍ਹਾਂ ਸੰਤਾਂ ਦੇ ਡੇਰੇ ਪੁਰਾਣੇ ਰਾਜਿਆਂ ਦੇ ਕਿਲ੍ਹਿਆਂ ਨੂੰ ਵੀ ਮਾਤ ਕਰਦੇ ਹਨ, ਜਦ ਕਿ ਇਹ ਕਿਰਤ ਤੋਂ ਕੋਹਾਂ ਦੂਰ ਹਨ।
ਇਹ ਸੀ ਅੱਜ ਦੇ ਸੰਤਾਂ ਦਾ ਸੰਖੇਪ ਜਿਹਾ ਵੇਰਵਾ। ਜਿਸ ਨੇ ਜ਼ਿਆਦਾ ਜਾਨਣਾ ਹੋਵੇ ਉਹ "ਸੰਤਾਂ ਦੇ ਕੌਤਕ"ਕਿਤਾਬ ਵਿਚੋਂ ਬਹੁਤ ਕੁਝ ਜਾਣ ਸਕਦਾ ਹੈ।
ਖੈਰ ਆਪਣਾ ਵਿਸ਼ਾ ਹੈ, ਗੁਰਬਾਣੀ ਵਿਚ ਆਏ, ਸੰਤ, ਸੰਤੁ, ਸੰਤਨ. ਸੰਤ-ਜਨਾਂ, ਹਰਿ-ਸੰਤਨ, ਹਰਿ-ਸੰਤਨਾ,ਆਦਿ ਅੱਖਰਾਂ ਦੀ ਪੜਚੋਲ ਕਰਨਾ ।
ਆਉ ਗੁਰਬਾਣੀ ਦੇ ਕੁਝ ਸ਼ਬਦਾਂ ਵਿਚੋਂ ਇਸ ਬਾਰੇ ਹੋਰ ਜਾਣੀਐ।
ਮਾਝ ਮਹਲਾ 5 ॥
ਸਗਲ ਸੰਤਨ ਪਹਿ ਵਸਤੁ ਇਕ ਮਾਂਗਉ ॥ ਕਰਉ ਬਿਨμਤੀ ਮਾਨੁ ਤਿਆਗਉ ॥
ਵਾਰਿ ਵਾਰਿ ਜਾਈ ਲਖ ਵਰੀਆ ਦੇਹੁ ਸੰਤਨ ਕੀ ਧੂਰਾ ਜੀਉ ॥1॥
ਤੁਮ ਦਾਤੇ ਤੁਮ ਪੁਰਖ ਬਿਧਾਤੇ ॥ ਤੁਮ ਸਮਰਥ ਸਦਾ ਸੁਖਦਾਤੇ ॥
ਸਭ ਕੋ ਤੁਮ ਹੀ ਤੇ ਵਰਸਾਵੈ ਅਉਸਰੁ ਕਰਹੁ ਹਮਾਰਾ ਪੂਰਾ ਜੀਉ ॥2॥
ਦਰਸਨਿ ਤੇਰੈ ਭਵਨ ਪੁਨੀਤਾ ॥ ਆਤਮ ਗੜੁ ਬਿਖਮੁ ਤਿਨਾ ਹੀ ਜੀਤਾ ॥
ਤੁਮ ਦਾਤੇ ਤੁਮ ਪੁਰਖ ਬਿਧਾਤੇ ਤੁਧੁ ਜੇਵਡੁ ਅਵਰੁ ਨ ਸੂਰਾ ਜੀਉ ॥3॥
ਰੇਨੁ ਸੰਤਨ ਕੀ ਮੇਰੈ ਮੁਖਿ ਲਾਗੀ ॥ ਦੁਰਮਤਿ ਬਿਨਸੀ ਕੁਬੁਧਿ ਅਭਾਗੀ ॥
ਸਚ ਘਰਿ ਬੈਸਿ ਰਹੇ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਉ ॥4॥11॥18॥ (99/100)
ਹੇ ਪ੍ਰਭੂ, ਤੇਰਾ ਭਜਨ ਕਰਨ ਵਾਲੇ ਸਾਰੇ ਬੰਦਿਆਂ ਤੋਂ ਮੈਂ ਤੇਰਾ ਨਾਮ-ਪਦਾਰਥ ਹੀ ਮੰਗਦਾ ਹਾਂ, ਤੇ ਉਨ੍ਹਾਂ ਅੱਗੇ ਬੇਨਤੀ ਕਰਦਾ ਹਾਂ, ਕਿ ਕਿਸੇ ਤਰ੍ਹਾਂ, ਮੈਂ ਆਪਣੇ ਅੰਦਰੋਂ ਹੰਕਾਰ ਦੂਰ ਕਰ ਸਕਾਂ। ਹੇ ਪ੍ਰਭੂ, ਮੈਂ ਤੇਰੇ ਸੰਤਾਂ ਤੋਂ ਲੱਖਾਂ ਵਾਰ ਕੁਰਬਾਨ ਜਾਂਦਾ ਹਾਂ, ਮੈਨੂੰ ਆਪਣੇ ਸੰਤਾਂ ਦੇ ਚਰਨਾਂ ਦੀ ਧੂੜ ਬਖਸ਼।1। (ਹਰੀ ਦੇ ਸੰਤਾਂ ਦੀ ਗੱਲ ਹੈ) ਹੇ ਪ੍ਰਭੂ, ਤੂੰ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਹੈਂ, ਤੂੰ ਹੀ ਸਭ ਵਿਚ ਵਿਆਪਕ ਹੈਂ, ਤੇ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ। ਹੇ ਪ੍ਰਭੂ, ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਹੀ ਸਾਰੇ ਸੁਖ ਦੇਣ ਵਾਲਾ ਹੈਂ। ਸਾਰੇ ਜੀਵਾਂ ਦੀਆਂ ਮੁਰਾਦਾਂ ਤੇਰੇ ਪਾਸੋਂ ਹੀ ਪੂਰੀਆਂ ਹੁੰਦੀਆਂ ਹਨ। ਮੈਂ ਵੀ ਤੇਰੇ ਕੋਲੋਂ ਇਹ ਮੰਗ ਮੰਗਦਾ ਹਾਂ ਕਿ, ਆਪਣੇ ਨਾਮ ਦੀ ਦਾਤ ਦੇ ਕੇ, ਮੇਰਾ ਮਨੁੱਖਾ ਜਨਮ ਦਾ ਸਮਾ, ਕਾਮਯਾਬ ਕਰੋ।2।
ਹੇ ਪ੍ਰਭੂ ਜਿਨ੍ਹਾਂ ਬੰਦਿਆਂ ਨੇ ਤੇਰੇ ਦਰਸ਼ਨ ਦੀ ਬਰਕਤ ਨਾਲ, ਆਪਣੇ ਸਰੀਰ-ਨਗਰ ਪਵਿੱਤ੍ਰ ਕਰ ਲਏ ਹਨ ਉਨ੍ਹਾਂ ਨੇ ਹੀ ਇਸ ਔਖੇ, ਮਨ-ਕਿਲ੍ਹੇ ਨੂੰ ਵੱਸ ਵਿਚ ਕੀਤਾ ਹੈ।
(ਏਥੇ ਇਸ ਚੀਜ਼ ਨੂੰ ਵੀ ਸਾਫ ਕਰ ਲੈਣਾ ਜ਼ਰੂਰੀ ਹੈ ਕਿ "ਦਰਸ਼ਨ" ਕੀ ਚੀਜ਼ ਹੈ ? ਜੇ ਆਪਾਂ, ਸਿੱਖ-ਸੰਤਾਂ ਅਤੇ ਉਨ੍ਹਾਂ ਦੇ ਅੰਧ ਭਗਤਾਂ ਨੂੰ ਛੱਡ ਦੇਈਏ ਤਾਂ ਦੁਨੀਆ ਦੇ ਹਰ ਧਰਮ ਵਿਚ, ਇਸ ਨੂੰ ਪੂਰਨ ਰੂਪ ਵਿਚ "ਦਰਸ਼ਨ-ਸ਼ਾਸਤ੍ਰ " ਕਿਹਾ ਜਾਂਦਾ ਹੈ, ਯਾਨੀ ਇਹ ਇਕ ਪੂਰਨ 'ਫਲਸਫਾ' ਹੈ ਜਿਸ ਦੇ ਤੁਸੀਂ 'ਦਰਸ਼ਨ' ਕਰਨੇ ਹਨ। ਇਹ ਸਿੱਖੀ ਨੂੰ ਵਿਗਾੜਨ ਨਿਕਲੇ ਸੰਤਾਂ ਦੀ ਹੀ ਕਰਾਮਾਤ ਹੈ, ਜਿਸ ਵਿਚ "ਗੁਰੂ ਨਾਨਕ ਜੀ ਵਲੋਂ ਸਥਾਪਤ ਕੀਤੇ, ਦਸ ਜਾਮਿਆਂ ਵਿਚ, ਉਸ ਜੋਤ ਨੇ ਅਣਗਿਣਤ ਤਸੀਹੇ ਝੱਲ ਕੇ, ਕੁਰਬਾਨੀਆਂ ਦੇ ਕੇ ਲਗਾਤਾਰ 239 ਸਾਲ ਮਗਰੋਂ ਇਸ ਫਲਸਫੇ ਨੂੰ "ਕਲਮ-ਬੰਦ" ਕਰ ਕੇ ਸਿੱਖਾਂ ਨੂੰ ਉਸ ਦੇ ਲੜ ਲਾਇਆ, ਅਤੇ ਸਿੱਖ ਅੱਜ ਤੱਕ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਸਿੱਖ ਸੰਤਾਂ ਅਨੁਸਾਰ, ਤੁਸੀ ਕਿਸੇ ਵੀ ਵਿਭਚਾਰੀ, ਬਦ-ਇਖਲਾਕ, ਗੋਲ-ਪੱਗੀਏ ਦੀ ਸ਼ਕਲ ਵੇਖ ਲਵੋ, ਇਕ ਝਲਕ ਨਾਲ ਹੀ ਤੁਹਾਨੂੰ ਗੁਰੂ ਨਾਨਕ ਜੀ ਦੇ ਫਲਸਫੇ ਦੀ ਸਾਰੀ ਸਮਝ ਆ ਜਾਂਦੀ ਹੈ। ਇਹ ਸਭ-ਕੁਝ ਨਾਨਕ ਜੀ ਦੇ ਫਲਸਫੇ ਦੀਆਂ ਬੇੜੀਆਂ ਵਿਚ ਵੱਟੇ ਪਾਉਣ ਦਾ ਯਤਨ ਹੀ ਹੈ।
ਹੇ ਪ੍ਰਭੂ, ਤੂੰ ਹੀ ਸਭ ਨੂੰ ਦਾਤਾਂ ਦੇਣ ਵਾਲਾ ਹੈਂ, ਤੂੰ ਹੀ ਸਭ ਵਿਚ ਰਮਿਆ ਹੋਇਆ ਹੈਂ, ਤੂੰ ਹੀ ਸਭ ਨੂੰ ਪੈਦਾ ਕਰਨ ਵਾਲਾ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਸੂਰਮਾ ਨਹੀਂ ਹੈ।3।
ਜਦੋਂ ਦੀ ਤੇਰੇ ਸੰਤ-ਜਨਾਂ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਨੂੀ ਲੱਗੀ ਹੈ, ਜਦੋਂ ਦਾ ਮੈਨੂੰ ਤੇਰੇ ਸਤ-ਸੰਗੀਆਂ ਦੀ ਸੋਹਬਤ ਵਿਚ, ਤੇਰੇ ਗੁਣਾਂ ਨੂੰ ਸਮਝਣ ਦਾ ਮੌਕਾ ਮਿਲਿਆ ਹੇ, ਮੇਰੀ ਭੈੜੀ ਮਤਿ ਨਾਸ ਹੋ ਗਈ ਹੈ, ਮੇਰੀ ਕੋਝੀ ਅਕਲ ਦੂਰ ਹੋ ਚੁੱਕੀ ਹੈ। ਹੇ ਨਾਨਕ, ਆਖ, ਜਿਹੜੇ ਬੰਦੇ, ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਟਿਕੇ ਰਹਿੰਦੇ ਹਨ, ਤੇ ਪ੍ਰਭੂ ਦੇ ਗੁਣ ਯਾਦ ਕਰਦੇ ਰਹਿੰਦੇ ਹਨ, ਉਨ੍ਹਾਂ ਦੇ ਅੰਦਰੋਂ, ਮਾਇਆ ਦੇ ਮੋਹ ਵਾਲੇ ਝੂਠੇ ਸੰਸਕਾਰ ਨਾਸ ਹੋ ਜਾਂਦੇ ਹਨ।4।11।18। ਅਤੇ,
ਮਾਝ ਮਹਲਾ 5 ॥
ਤੂੰ ਜਲਨਿਧਿ ਹਮ ਮੀਨ ਤੁਮਾਰੇ ॥ ਤੇਰਾ ਨਾਮੁ ਬੂੰਦ ਹਮ ਚਾਤ੍ਰਿਕ ਤਿਖਹਾਰੇ ॥
ਤੁਮਰੀ ਆਸ ਪਿਆਸਾ ਤੁਮਰੀ ਤੁਮ ਹੀ ਸੰਗਿ ਮਨੁ ਲੀਨਾ ਜੀਉ ॥1॥
ਜਿਉ ਬਾਰਿਕੁ ਪੀ ਖੀਰੁ ਅਘਾਵੈ ॥ ਜਿਉ ਨਿਰਧਨੁ ਧਨੁ ਦੇਖਿ ਸੁਖੁ ਪਾਵੈ ॥
ਤ੍ਰਿਖਾਵੰਤ ਜਲੁ ਪੀਵਤ ਠੰਢਾ ਤਿਉ ਹਰਿ ਸੰਗਿ ਇਹੁ ਮਨੁ ਭੀਨਾ ਜੀਉ ॥2॥
ਜਿਉ ਅੰਧਿਆਰੈ ਦੀਪਕੁ ਪਰਗਾਸਾ ॥ ਭਰਤਾ ਚਿਤਵਤ ਪੂਰਨ ਆਸਾ ॥
ਮਿਲਿ ਪ੍ਰੀਤਮ ਜਿਉ ਹੋਤ ਅਨμਦਾ ਤਿਉ ਹਰਿ ਰੰਗਿ ਮਨੁ ਰੰਗੀਨਾ ਜੀਉ ॥3॥
ਸੰਤਨ ਮੋ ਕਉ ਹਰਿ ਮਾਰਗਿ ਪਾਇਆ ॥ ਸਾਧ ਕ੍ਰਿਪਾਲਿ ਹਰਿ ਸੰਗਿ ਗਿਝਾਇਆ ॥
ਹਰਿ ਹਮਰਾ ਹਮ ਹਰਿ ਕੇ ਦਾਸੇ ਨਾਨਕ ਸਬਦੁ ਗੁਰੂ ਸਚੁ ਦੀਨਾ ਜੀਉ ॥4॥14॥21॥ (100)
ਹੇ ਪ੍ਰਭੂ, ਮਾਨੋ ਤੂੰ ਸਮੁੰਦਰ ਹੈਂ, ਤੇ ਅਸੀਂ ਜੀਵ ਤੇਰੀਆਂ ਮੱਛੀਆਂ ਹਾਂ। ਹੇ ਪ੍ਰਭੂ, ਤੇਰਾ ਨਾਮ, ਸਵਾਂਤੀ-ਬੂੰਦ ਹੈ, (ਜਿਸ ਲਈ ਬਬੀਹਾ ਰੌਲੀ ਪਾਉਂਦਾ ਰਹਿੰਦਾ ਹੈ) ਤੇ ਅਸੀਂ ਜੀਵ, ਪਿਆਸੇ ਬਬੀਹੇ ਹਾਂ। ਹੇ ਪ੍ਰਭੂ, ਮੈਨੂੰ ਤੇਰੇ ਮਿਲਾਪ ਦੀ ਆਸ ਹੈ, ਮੈਨੂੰ ਤੇਰੇ ਨਾਮ-ਜਲ ਦੀ ਪਿਆਸ ਹੈ, ਜੇ ਤੇਰੀ ਮਿਹਰ ਹੋਵੇ ਤਾਂ ਮੇਰਾ ਮਨ ਤੇਰੇ ਹੀ ਚਰਨਾਂ ਵਿਚ ਜੁੜਿਆ ਰਹੇ।1।
ਜਿਵੇਂ, ਨਿਆਣਾ ਬਾਲਕ, ਆਪਣੀ ਮਾਂ ਦਾ ਦੁੱਧ ਪੀ ਕੇ ਰੱਜ ਜਾਂਦਾ ਹੈ, ਜਿਵੇਂ ਕੋਈ ਕੰਗਾਲ ਮਨੁੱਖ, ਧਨ ਮਿਲਿਆ ਵੇਖ ਕੇ ਸੁਖ ਮਹਿਸੂਸ ਕਰਦਾ ਹੈ, ਜਿਵੇਂ ਕੋਈ ਪਿਆਸਾ ਮਨੁੱਖ, ਠੰਡਾ ਪਾਣੀ ਪੀ ਕੇ, ਖੁਸ਼ ਹੁੰਦਾ ਹੈ, ਤਿਵੇਂ ਹੀ ਪ੍ਰਭੂ, ਜੇ ਤੇਰੀ ਕਿਰਪਾ ਹੋਵੇ ਤਾਂ, ਮੇਰਾ ਇਹ ਮਨ. ਤੇਰੇ ਚਰਨਾਂ ਵਿਚ, ਤੇਰੇ ਨਾਮ-ਜਲ ਨਾਲ ਭਿੱਜ ਜਾਏ, ਤਾਂ ਮੈਨੂੰ ਖੁਸ਼ੀ ਹੋਵੇ।2।
ਜਿਵੇਂ ਹਨੇਰੇ ਵਿਚ ਦੀਵਾ ਚਾਨਣ ਕਰਦਾ ਹੈ, ਜਿਵੇਂ ਆਪਣੇ ਪਤੀ ਦੇ ਮਿਲਾਪ ਦੀ ਆਸ ਕਰਦਿਆਂ ਕਰਦਿਆਂ, ਇਸਤ੍ਰੀ ਦੇ ਮਨ ਦੀ ਆਸ ਪੂਰੀ ਹੁੰਦੀ ਹੈ, ਤੇ ਆਪਣੇ ਪ੍ਰੀਤਮ ਨੂੰ ਮਿਲ ਕੇ ਉਸ ਦੇ ਹਿਰਦੇ ਵਿਚ ਆਨੰਦ ਪੈਦਾ ਹੁੰਦਾ ਹੈ, ਤਿਵੇਂ ਜਿਸ ਉੱਤੇ ਪ੍ਰਭੂ ਦੀ ਮਿਹਰ ਹੋਵੇ, ਉਸ ਦਾ ਮਨ, ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ।3।
ਹੇ ਨਾਨਕ ਆਖ, ਹਰੀ ਦੇ ਸੰਤਾਂ ਨੇ, ਸਤ-ਸੰਗੀਆਂ ਨੇ ਮੈਨੂੰ, ਪਰਮਾਤਮਾ ਦੇ ਮਿਲਾਪ ਦੇ ਰਸਤੇ ਉੱਤੇ ਪਾ ਦਿੱਤਾ ਹੈ, ਕਿਰਪਾਲੂ ਗੁਰੂ ਨੇ ਮੈਨੂੰ, ਪਰਮਾਤਮਾ ਦੇ ਚਰਨਾਂ ਵਿਚ ਰਹਣ ਦੀ ਗੇਝ ਪਾ ਦਿੱਤੀ ਹੈ। ਹੁਣ ਪਰਮਾਤਮਾ ਮੇਰਾ ਆਸਰਾ ਬਣ ਗਿਆ ਹੈ, ਮੈਂ ਪਰਮਾਤਮਾ ਦਾ ਹੀ ਸੇਵਕ ਬਣ ਚੁੱਕਾ ਹਾਂ, ਗੁਰੂ ਨੇ ਮੈਨੂੰ, ਸਦਾ ਥਿਰ ਰਹਣ ਵਾਲਾ ਸਿਫਤ-ਸਾਲਾਹ ਦਾ ਸ਼ਬਦ ਬਖਸ਼ ਦਿੱਤਾ ਹੈ।4।14।21। ਅਤੇ,
ਮਾਝ ਮਹਲਾ 5 ॥
ਅੰਮ੍ਰਿਤ ਨਾਮੁ ਸਦਾ ਨਿਰਮਲੀਆ ॥ਸੁਖਦਾਈ ਦੂਖ ਬਿਡਾਰਨ ਹਰੀਆ ॥
ਅਵਰਿ ਸਾਦ ਚਖਿ ਸਗਲੇ ਦੇਖੇ ਮਨ ਹਰਿ ਰਸੁ ਸਭ ਤੇ ਮੀਠਾ ਜੀਉ ॥1॥
ਜੋ ਜੋ ਪੀਵੈ ਸੋ ਤ੍ਰਿਪਤਾਵੈ ॥ ਅਮਰੁ ਹੋਵੈ ਜੋ ਨਾਮ ਰਸੁ ਪਾਵੈ ॥
ਨਾਮ ਨਿਧਾਨ ਤਿਸਹਿ ਪਰਾਪਤਿ ਜਿਸੁ ਸਬਦੁ ਗੁਰੂ ਮਨਿ ਵੂਠਾ ਜੀਉ ॥2॥
ਜਿਨਿ ਹਰਿ ਰਸੁ ਪਾਇਆ ਸੋ ਤ੍ਰਿਪਤਿ ਅਘਾਨਾ ॥ ਜਿਨਿ ਹਰਿ ਸਾਦੁ ਪਾਇਆ ਸੋ ਨਾਹਿ ਡੁਲਾਨਾ ॥
ਤਿਸਹਿ ਪਰਾਪਤਿ ਹਰਿ ਹਰਿ ਨਾਮਾ ਜਿਸੁ ਮਸਤਕਿ ਭਾਗੀਠਾ ਜੀਉ ॥3॥
ਹਰਿ ਇਕਸੁ ਹਥਿ ਆਇਆ ਵਰਸਾਣੇ ਬਹੁਤੇਰੇ ॥ ਤਿਸੁ ਲਗਿ ਮੁਕਤੁ ਭਏ ਘਣੇਰੇ ॥
ਨਾਮੁ ਨਿਧਾਨਾ ਗੁਰਮੁਖਿ ਪਾਈਐ ਕਹੁ ਨਾਨਕ ਵਿਰਲੀ ਡੀਠਾ ਜੀਉ ॥4॥15॥22॥ (100/101)
ਹੇ ਮਨ, ਜਿਹੜਾ ਪਰਮਾਤਮਾ, ਜੀਵਾਂ ਨੂੰ ਸੁਖ ਦੇਣ ਵਾਲਾ ਹੈ, ਤੇ ਜੀਵਾਂ ਦੇ ਦੁੱਖ ਦੂਰ ਕਰਨ ਦੀ ਸਮਰਥਾ ਰੱਖਦਾ ਹੈ, ਉਸ ਦਾ ਨਾਮ, ਆਤਮਕ ਜੀਵਨ ਦੇਣ ਵਾਲਾ ਐਸਾ ਜਲ ਹੈ, ਜੋ ਸਦਾ ਹੀ ਸਾਫ ਰਹਿੰਦਾ ਹੈ। ਹੇ ਮਨ, ਦੁਨੀਆ ਦੇ ਪਦਾਰਥਾਂ ਦੇ ਹੋਰ ਸਾਰੇ ਸਵਾਦ, ਮੈਂ ਚਖ ਕੇ ਵੇਖ ਲਏ ਹਨ, ਪਰਮਾਤਮਾ ਦੇ ਨਾਮ ਦਾ ਸਵਾਦ, ਹੋਰ ਸਭਨਾਂ ਤੋਂ ਮਿੱਠਾ ਹੈ।1।
ਹੇ ਭਾਈ, ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ, ਨਾਮ ਦਾ ਰਸ ਪ੍ਰਾਪਤ ਕਰਦਾ ਹੈ, ਉਹ ਦੁਨੀਆ ਦੇ ਪਦਾਰਥਾਂ ਵਲੋਂ ਰੱਜ ਜਾਂਦਾ ਹੈ, ਉਸ ਨੂੰ ਆਤਮਕ ਮੌਤ, ਕਦੇ ਵੀ ਪੋਹ ਨਹੀਂ ਸਕਦੀ। ਪਰ ਪ੍ਰਭੂ-ਨਾਮ ਦੇ ਖਜ਼ਾਨੇ, ਸਿਰਫ ਉਸ ਨੂੰ ਮਿਲਦੇ ਹਨ, ਜਿਸ ਦੇ ਮਨ ਵਿਚ ਗੁਰੂ ਦਾ ਸ਼ਬਦ ਆ ਵਸਦਾ ਹੈ।2।
ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦੇ ਰਸ ਦਾ ਸਵਾਦ ਵੇਖਿਆ ਹੈ, ਉਹ ਪੂਰਨ ਤੌਰ ਤੇ ਰੱਜ ਗਿਆ ਹੈ, ਉਸ ਦੀ ਮਾਇਆ ਵਾਲੀ ਭੁੱਖ, ਮਿਟ ਗਈ ਹੈ। ਜਿਸ ਨੇ ਪਰਮਾਤਮਾ ਦੇ ਨਾਮ ਦਾ ਸਵਾਦ ਵੇਖਿਆ ਹੈ, ਉਹ ਮਾਇਆਾ ਦੇ ਹੱਲਿਆਂ, ਵਿਕਾਰਾਂ ਦੇ ਹੱਲਿਆਂ ਦੇ ਸਾਮ੍ਹਣੇ ਕਦੇ ਡੋਲਦਾ ਨਹੀਂ। ਪਰ ਪਰਮਾਤਮਾ ਦਾ ਇਹ ਨਾਮ, ਸਿਰਫ ਉਸ ਮਨੁੱਖ ਨੂੰ ਮਿਲਦਾ ਹੈ, ਜਿਸ ਦੇ ਮੱਥੇ ਉੱਤੇ ਚੰਗਾ ਭਾਗ ਜਾਗ ਪਵੇ, ਰੱਬ ਦੀ ਨਦਰ ਸਵੱਲੀ ਹੋ ਜਾਵੇ।3।
ਹੇ ਨਾਨਕ ਆਖ, ਜਦੋਂ ਇਹ ਹਰਿ ਨਾਮ, ਇਕ ਗੁਰੂ (ਸ਼ਬਦ-ਗੁਰੂ) ਦੇ ਹੱਥ ਵਿਚ ਆ ਜਾਂਦਾ ਹੈ, ਤਾਂ ਉਸ ਗੁਰੂ ਪਾਸੋਂ, ਅਨੇਕਾਂ ਬੰਦੇ ਲਾਭ ਉਠਾਉਂਦੇ ਹਨ, ਉਸ ਗੁਰੂ ਦੀ ਚਰਨੀਂ ਲੱਗ ਕੇ ਅਨੇਕਾਂ ਹੀ ਮਨੁੱਖ, ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹਨ। ਇਹ ਨਾਮ ਖਜ਼ਾਨਾ ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ। ਵਿਰਲਿਆਂ ਨੇ ਹੀ, ਇਸ ਨਾਮ ਖਜ਼ਾਨੇ ਦਾ ਦਰਸ਼ਨ ਕੀਤਾ ਹੈ।4।15।22।
ਇਨ੍ਹਾਂ ਤਿੰਨਾਂ ਸ਼ਬਦਾਂ ਨੇ ਸਾਫ ਕਰ ਦਿੱਤਾ ਹੈ ਕਿ, ਜੀਵ ਨੇ ਮਿਲਣਾ ਹੈ ਪਰਮਾਤਮਾ ਨੂੰ, ਮਿਹਰ ਹੋਣੀ ਹੈ, ਪਰਮਾਤਮਾ ਦੀ, ਮਿਲਾਉਣ ਵਾਲਾ, ਰਾਹ ਦੱਸਣ ਵਾਲਾ ਹੈ (ਸ਼ਬਦ) ਗੁਰੂ। ਸਾਧਨ ਹੈ, ਸਤ-ਸੰਗਤ,।
ਇਵੇਂ ਸਾਫ ਹੈ ਕਿ ਸਿੱਖੀ ਵਿਚ, ਕਿਸੇ ਸੰਤ ਦੀ ਕੋਈ ਅਜਿਹੀ ਥਾਂ ਨਹੀਂ ਹੈ, ਜਿਸ ਦੀ ਸਰਨ ਪੈਣ ਨਾਲ ਮਾਇਆ ਦੇ ਬੰਧਨਾਂ ਤੋਂ ਛੁਟਕਾਰਾ ਹੋ ਜਾਂਦਾ ਹੋਵੇ। ਮਾਇਆ ਦੇ ਬੰਧਨਾਂ ਤੋਂ ਛੁਟਕਾਰਾ ਤਾਂ ਹੋਣਾ ਹੈ, ਜੇ ਬੰਦੇ ਦੇ ਮੱਥੇ ਦੇ ਭਾਗ ਜਾਗ ਪੈਣ, ਪਰਮਾਤਮਾ ਦੀ ਨਦਰ ਸਵੱਲੀ ਹੋ ਜਾਵੇ, ਪਰਮਾਤਮਾ ਬੰਦੇ ਨੂੰ ਸ਼ਬਦ ਗੁਰੂ ਨਾਲ ਮਿਲਾ ਦੇਵੇ ਅਤੇ ਬੰਦਾ ਸ਼ਬਦ-ਗੁਰੂ ਦੇ ਦੱਸੇ ਰਾਹ ਤੇ ਚੱਲ ਕੇ, ਸੰਤਾਂ ਦੀ ਸੰਗਤ, ਸਤ-ਸੰਗਤ ਵਿਚ ਜੁੜ ਕੇ, ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਰਸ ਪੀਵੇ, ਪਰਮਾਤਮਾ ਦੇ ਹਕਮ ਵਿਚ ਚੱਲ ਕੇ, ਪਰਮਾਤਮਾ ਦੀ ਰਜ਼ਾ ਦਾ ਆਨੰਦ ਮਾਣੇ।
ਕਿੰਨੀ ਸਾਫ ਜਿਹੀ ਗੱਲ ਹੈ, ਪਰ ਸਿੱਖੀ ਦੇ ਲਬਾਦੇ ਵਿਚ ਵਿਚਰ ਰਹੇ ਢੋਂਗੀ ਬੰਦਿਆਂ ਨੇ ਆਪਣੇ ਆਪ ਨੂੰ "ਸੰਤ" ਸਤ-ਸੰਗੀਆਂ ਦੀ ਥਾਂ, ਸੰਤ ਨੂੰ ਇਕ-ਵਚਨ ਬਣਾ ਕੇ, ਆਪ ਸੰਤੁ ਬਣ ਕੇ, ਬਾਣੀ "ਸੁਖਮਨੀ" ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਅਲੱਗ ਕਰ ਕੇ, ਸਿਰਫ ਰੱਟੇ ਦਾ ਵਿਸ਼ਾ ਬਣਾ ਕੇ, ਗੁਰਬਾਣੀ ਨਾਲ ਕਿੰਨਾ ਵੱਡਾ ਧ੍ਰੋਹ ਕੀਤਾ ਹੈ, ਦੋ ਸਦੀਆਂ ਤੋਂ ਵੱਧ ਸਮਾ, ਸੁਖਮਨੀ ਬਾਣੀ ਨੂੰ ਕਿਰਤੀ ਸਿੱਖਾਂ ਦੀ ਪਹੁੰਚ ਤੋਂ ਦੂਰ ਰੱਖਿਆ ਹੈ, ਅਤੇ ਸਿੱਖਾਂ ਦੇ ਕੰਮ ਕਰਨ ਦੀਆਂ ਕ੍ਰੋੜਾਂ ਦਿਹਾੜੀਆਂ, ਰੱਟੇ ਵਿਚ ਬਰਬਾਦ ਕੀਤੀਆਂ ਹਨ, ਅਤੇ ਸਿੱਖਾਂ ਵਿਚ ਆਪਸੀ ਦੁਫੇੜ ਪਾਈ ਹੈ। ਸਿੱਖੀ ਦਾ ਏਡਾ ਵੱਡਾ ਨੁਕਸਾਨ ਕੀਤਾ ਹੈ, ਜਿਸ ਦਾ ਅੰਦਾਜ਼ਾ ਲਾਉਣਾ ਵੀ ਮੁਸ਼ਕਿਲ ਹੈ।
ਮੁੜਦੇ ਹਾਂ ਬਾਣੀ "ਸੁਖਮਨੀ" ਦੀ ਸਰਲ ਵਿਆਖਿਆ ਵੱਲ ਨੂੰ,
ਅਸਟਪਦੀ ॥
ਸੰਤ ਕੈ ਦੂਖਨਿ ਆਰਜਾ ਘਟੈ ॥ ਸੰਤ ਕੈ ਦੂਖਨਿ ਜਮ ਤੇ ਨਹੀ ਛੁਟੈ ॥
ਸੰਤ ਕੈ ਦੂਖਨਿ ਸੁਖੁ ਸਭੁ ਜਾਇ ॥ ਸੰਤ ਕੈ ਦੂਖਨਿ ਨਰਕ ਮਹਿ ਪਾਇ ॥
ਸੰਤ ਕੈ ਦੂਖਨਿ ਮਤਿ ਹੋਇ ਮਲੀਨ ॥ ਸੰਤ ਕੈ ਦੂਖਨਿ ਸੋਭਾ ਤੇ ਹੀਨ ॥
ਸੰਤ ਕੇ ਹਤੇ ਕਉ ਰਖੈ ਨ ਕੋਇ ॥ ਸੰਤ ਕੈ ਦੂਖਨਿ ਥਾਨ ਭ੍ਰਸਟੁ ਹੋਇ ॥
ਸੰਤ ਕ੍ਰਿਪਾਲ ਕ੍ਰਿਪਾ ਜੇ ਕਰੈ ॥ ਨਾਨਕ ਸੰਤਸੰਗਿ ਨਿੰਦਕੁ ਭੀ ਤਰੈ ॥1॥13॥ (279/280)
ਅਰਥ :-
ਸੰਤਾਂ, ਸਤ-ਸੰਗੀਆਂ ਦੀ ਨਿੰਦਿਆ ਕਰਨ ਨਾਲ, ਮਨੁੱਖ ਦੀ ਉਮਰ ਅਜਾਈਂ ਬੀਤਦੀ ਜਾਂਦੀ ਹੈ, ਕਿਉਂਕਿ ਸਤ-ਸੰਗੀਆਂ ਦੀ ਨਿੰਦਿਆ ਕਰਨ ਨਾਲ ਬੰਦਾ ਜਮ ਤੋਂ ਬਚ ਨਹੀਂ ਸਕਦਾ। ਸਤ-ਸੰਗੀਆਂ ਦੀ ਨਿੰਦਾ ਕਰਨ ਦੇ ਨਾਲ ਸਾਰਾ ਹੀ ਸੁਖ, ਨਾਸ ਹੋ ਜਾਂਦਾ ਹੈ, ਅਤੇ ਮਨੁੱਖ ਨਰਕ ਵਿਚ, ਘੋਰ ਦੁੱਖਾਂ ਵਿਚ ਪੈ ਜਾਂਦਾ ਹੈ। ਸਤ-ਸੰਗੀਆਂ ਦੀ ਨਿੰਦਾ ਕਰਨ ਨਾਲ ਮਨੁੱਖ ਦੀ ਮੱਤ ਮੈਲੀ ਹੋ ਜਾਂਦੀ ਹੈ, ਤੇ ਜਗਤ ਵਿਚ ਮਨੁੱਖ, ਸੋਭਾ ਤੋਂ ਸੱਖਣਾ ਰਹਿ ਜਾਂਦਾ ਹੈ। ਸਤ-ਸੰਗੀਆਂ ਦੇ ਫਿਟਕਾਰੇ ਹੋਏ ਬੰਦੇ ਦੀ, ਕੋਈ ਬੰਦਾ ਸਹਾਇਤਾ ਨਹੀਂ ਕਰ ਸਕਦਾ, ਕਿਉਂਕਿ ਸਤ-ਸੰਗੀਆਂ ਦੀ ਨਿੰਦਾ ਕੀਤਿਆਂ, ਨਿੰਦਕ ਦਾ ਹਿਰਦਾ ਗੰਦਾ ਹੋ ਜਾਂਦਾ ਹੈ। ਪਰ ਜੇ ਕਿਰਪਾਲ ਸਤ-ਸੰਗੀ ਆਪ ਕਿਰਪਾ ਕਰਨ, ਤਾਂ ਹੇ ਨਾਨਕ, ਸਤ-ਸੰਗੀਆਂ ਦੀ ਸੰਗਤ ਵਿਚ, ਨਿੰਦਕ ਵੀ ਪਾਪ ਤੋਂ ਬਚ ਜਾਂਦਾ ਹੈ।1।
ਅਮਰ ਜੀਤ ਸਿੰਘ ਚੰਦੀ (ਚਲਦਾ)
(ਨੋਟ- ਸੁਖਮਨੀ ਸਾਹਿਬ(ਭਾਗ 24 ਅ) ਵਿਚ ਸਤ-ਸੰਗੀਆਂ ਅਤੇ ਸੰਤਾਂ ਵਿਚਲਾ ਫਰਕ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ)
ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ(ਭਾਗ 24 ੳ)
Page Visitors: 1312