ਸੁਖਮਨੀ ਸਾਹਿਬ(ਭਾਗ 24 ਅ)
ਗੁਰੂ ਦੀ ਕਿਰਪਾ ਸਦਕਾ, ਆਪਾਂ ਅੱਖਰ "ਸੰਤ" ਨੂੰ ਸਮਝਿਆ ਹੈ। ਹੁਣ ਸਵਾਲ ਇਹ ਰਹਿ ਗਿਆ ਹੈ ਕਿ, ਲਫਜ਼ 'ਸੰਤਾਂ' ਅਤੇ ਸਤ-ਸੰਗੀਆਂ ਵਿਚ ਕੀ ਫਰਕ ਹੈ, ਜੋ ਆਪਾਂ ਅੱਖਰ "ਸੰਤਾਂ" ਦੀ ਥਾਂ 'ਸਤ-ਸੰਗੀਆਂ' ਨੂੰ ਪਹਲ ਦੇ ਰਹੇ ਹਾਂ ?
ਇਹ ਠੀਕ ਹੈ ਕਿ ਅੱਖਰ "ਸੰਤਾਂ" ਵੀ "ਸੰਤ" ਦਾ ਬਹੁ-ਵਚਨ ਹੈ, ਪਰ ਸਮਝਣ ਵਾਲੀ ਗੱਲ ਹੈ ਕਿ ਜੇ ਇਹ ਠੀਕ ਹੁੰਦਾ ਤਾਂ ਗੁਰੂ ਸਾਹਿਬ ਵੀ ਇਸ ਦੀ ਵਰਤੋਂ ਕਰ ਸਕਦੇ ਸੀ, ਪਰ ਗੁਰੂ ਸਾਹਿਬ ਨੇ ਖਾਸ ਕਰ ਕੇ ਅੱਖਰ "ਸੰਤਨ" ਦੀ ਵਰਤੋਂ ਕਰ ਕੇ ਕੀ ਸੇਧ ਦੇਣ ਦੀ ਬਖਸ਼ਿਸ਼ ਕੀਤੀ ਹੈ ?
ਆਪਾਂ ਵੇਖਿਆ ਹੈ ਕਿ "ਮਹਾਨ-ਕੋਸ਼" ਵਿਚ 'ਸੰਤਨ' ਨੂੰ 'ਸੰਤ-ਜਨਾ' ਦਾ ਸੰਖੇਪ ਰੂਪ ਦੱਸਿਆ ਹੈ, 'ਸੰਤਾਂ' ਦਾ ਨਹੀਂ ।
ਹੁਣ ਸੋਚਣ ਦੀ ਲੋੜ ਹੈ ਕਿ 'ਸੰਤਾਂ' ਅਤੇ 'ਸੰਤ-ਜਨਾ' ਵਿਚ, ਫਰਕ ਕੀ ਹੈ ?
ਸੰਤਾਂ ਲਫਜ਼ ਦਾ ਮਤਲਬ ਬਹੁਤੇ ਸੰਤ ਬਣਦਾ, ਉਹ ਬਹੁਤੇ ਸੰਤ, 'ਸੰਤੁ, ਵੀ ਹੋ ਸਕਦੇ ਸਨ, ਭਾਵੇਂ ਦੋ ਹੋਣ ਜਾਂ ਚਾਰ, ਪਰ ਗੁਰਬਾਣੀ ਵਿਚ ਸਾਫ ਕੀਤਾ ਹੈ ਕਿ 'ਸੰਤੁ' ਇਕ ਹੀ ਹੈ, ਭਾਵੇਂ ਗੁਰੂ ਹੋਵੇ ਜਾਂ ਰੱਬ, ਉਨ੍ਹਾਂ ਦੇ ਦੋ ਜਾਂ ਚਾਰ ਨਹੀਂ ਹੋ ਸਕਦੇ। ਪਰ ਇਹ ਫਰਾਡੀ ਸੰਤ ਹੇਰਾ-ਫੇਰੀ ਜ਼ਰੂਰ ਕਰਦੇ, ਜਿਵੇਂ ਹੁਣ ਉਹ ਸੰਤ-ਸਮਾਜ ਬਣਾਈ ਬੈਠੇ ਹਨ, ਸਿੱਖ ਇਸ ਗਲਤੀ ਬਾਰੇ ਚੁੱਪ ਹਨ।
ਕਿਰਤੀ ਸਿੱਖ, ਹੇਰਾ-ਫੇਰੀ ਤੋਂ ਦੂਰ ਹੁੰਦੇ ਹਨ, ਨਾ ਉਨ੍ਹਾਂ ਕੋਲ ਹੇਰਾ-ਫੇਰੀ ਵਾਲੀ ਮੱਤ ਹੀ ਹੁੰਦੀ ਹੈ, ਉਨ੍ਹਾਂ ਦੀ ਆਤਮਾ, ਸ਼ਰੋਮਣੀ-ਕਮੇਟੀ ਅਤੇ ਹੋਰ ਵੱਡੀਆਂ ਕਮੇਟੀਆਂ, ਜਿਨ੍ਹਾਂ ਵਿਚ ਸਾਲ ਦੇ, ਅਰਬਾਂ ਜਾਂ ਕ੍ਰੋੜਾਂ ਦੇ ਬਜਟ ਹੁੰਦੇ ਹਨ, ਉਨ੍ਹਾਂ ਦੇ ਮੈਂਬਰਾਂ ਵਾਙ ਮਾਇਆ ਵਿਚ ਮਲੀਨ ਹੋ ਕੇ, ਗਰਕੀ ਹੋਈ ਨਹੀਂ ਹੁੰਦੀ। ਇਨ੍ਹਾਂ ਗਿਰੀਆਂ ਹੋਈਆਂ ਆਤਮਾਵਾਂ ਦੇ ਕਾਰਨਾਮੇ ਹੀ ਤਾਂ ਆਪਾਂ ਵਿਚਾਰ ਰਹੇ ਹਾਂ।
ਸੰਤ-ਜਨਾ ਦਾ ਮਤਲਬ ਹੈ, ਹਰੀ ਦੇ ਸੰਤਾਂ ਦਾ ਸਮੂਹ, ਇਕੱਠ, ਜਿਸ ਵਿਚ ਪਰਮਾਤਮਾ ਦੇ ਨਾਮ, ਉਸ ਦੇ ਹੁਕਮ, ਉਸ ਦੀ ਰਜ਼ਾ ਬਾਰੇ ਵਿਚਾਰ ਕੀਤੀ ਜਾਂਦੀ ਹੋਵੇ, ਇਕ ਗੱਲ ਬੜੀ ਸਾਫ-ਸਪੱਸ਼ਟ ਹੈ ਕਿ ਇਹ ਅੱਖਰ ਸੰਗਤ ਦਾ ਪ੍ਰਤੀਕ ਹੈ, ਕਿਸੇ ਇਕੱਲੇ ਬੰਦੇ ਲਈ ਤਾਂ ਇਸ ਨੂੰ ਬਿਲਕੁਲ ਵੀ ਨਹੀਂ ਵਰਤਿਆ ਜਾ ਸਕਦਾ।
ਇਹ ਹੈ ਫਰਕ ਸੰਤਾਂ ਅਤੇ ਸੰਤ-ਜਨਾ ਵਿਚ।
ਗੁਰਬਾਣੀ ਸੰਤ-ਜਨਾ ਨੂੰ ਮਾਨਤਾ ਦਿੰਦੀ ਹੈ, ਸੰਤਾਂ ਨੂੰ ਨਹੀਂ।
ਤੁਰਦੇ ਹਾਂ ਆਪਣੇ ਅਸਲ ਵਿਸ਼ੇ ਵੱਲ," ਸੁਖਮਨੀ " ਦੀ ਸਰਲ ਵਿਆਖਿਆ ਵੱਲ।
ਸੰਤ ਕੇ ਦੂਖਨ ਤੇ ਮੁਖੁ ਭਵੈ ॥ ਸੰਤਨ ਕੈ ਦੂਖਨਿ ਕਾਗ ਜਿਉ ਲਵੈ ॥
ਸੰਤਨ ਕੈ ਦੂਖਨਿ ਸਰਪ ਜੋਨਿ ਪਾਇ ॥ ਸੰਤ ਕੈ ਦੂਖਨਿ ਤ੍ਰਿਗਦ ਜੋਨਿ ਕਿਰਮਾਇ ॥
ਸੰਤਨ ਕੈ ਦੂਖਨਿ ਤ੍ਰਿਸਨਾ ਮਹਿ ਜਲੈ ॥ ਸੰਤ ਕੈ ਦੂਖਨਿ ਸਭੁ ਕੋ ਛਲੈ ॥
ਸੰਤ ਕੈ ਦੂਖਨਿ ਤੇਜੁ ਸਭੁ ਜਾਇ ॥ ਸੰਤ ਕੈ ਦੂਖਨਿ ਨੀਚੁ ਨੀਚਾਇ ॥
ਸੰਤ ਦੋਖੀ ਕਾ ਥਾਉ ਕੋ ਨਾਹਿ ॥ ਨਾਨਕ ਸੰਤ ਭਾਵੈ ਤਾ ਓਇ ਭੀ ਗਤਿ ਪਾਹਿ ॥2॥
ਸਤ ਸੰਗੀਆਂ ਦੀ ਨਿੰਦਾ ਕਰਨ ਨਾਲ, ਨਿੰਦਕ ਦਾ ਚੇਹਰਾ ਹੀ ਭ੍ਰਿਸ਼ਟਿਆ ਜਾਂਦਾ ਹੈ, ਨਿੰਦਕ ਥਾਂ ਥਾਂ ਕਾਂ ਵਾਙ ਲਊਂ ਲਊਂ ਕਰਦਾ, ਨਿੰਦਾ ਦੇ ਬਚਨ ਬੋਲਦਾ ਫਿਰਦਾ ਹੈ। ਸੰਤ-ਜਨਾ ਦੀ ਨਿੰਦਾ ਕੀਤਿਆਂ, ਖੋਟਾ ਸੁਭਾਉ ਬਣ ਜਾਣ ਤੇ ਮਨੁੱਖ, ਸੱਪ ਦੀ ਜੂਨੇ ਜਾ ਪੈਂਦਾ ਹੈ, ਤੇ ਕਿਰਮ ਆਦਿ ਨਿੱਕੀਆਂ ਜੂਨਾਂ ਵਿਚ ਭਟਕਦਾ ਹੈ। ਸੰਤਨ ਦੀ ਨਿੰਦਾ ਦੇ
ਕਾਰਨ, ਨਿੰਦਕ, ਤ੍ਰਿਸਨਾ ਦੀ ਅੱਗ ਵਿਚ ਸੜਦਾ-ਭੁੱਜਦਾ ਹੈ, ਤੇ ਹਰੇਕ ਮਨੁੱਖ ਨੂੰ ਧੋਖਾ ਦਿੰਦਾ ਫਿਰਦਾ ਹੈ।
ਸੰਤ-ਜਨਾ ਦੀ ਨਿੰਦਿਆ ਕੀਤਿਆਂ, ਮਨੁੱਖ ਦਾ ਸਾਰਾ ਤੇਜ-ਪਰਤਾਪ ਹੀ ਨਸ਼ਟ ਹੋ ਜਾਂਦਾ ਹੈ, ਤੇ ਨਿੰਦਕ ਮਹਾਂ ਨੀਚ ਬਣ ਜਾਂਦਾ ਹੈ। ਸੰਤਨ ਦੀ ਨਿੰਦਾ ਕਰਨ ਵਾਲਿਆਂ ਦਾ ਕੋਈ ਆਸਰਾ ਨਹੀੰ ਰਹਿੰਦਾ, ਹੇ ਨਾਨਕ ਜੇ ਸੰਤ-ਜਨਾ ਨੂੰ ਭਾਵੇ ਤਾਂ ਉਹ ਨਿੰਦਕ ਵੀ ਚੰਗੀ ਅਵਸਥਾ ਤੇ ਪਹੁੰਚ ਜਾਂਦੇ ਹਨ।2।
ਸੰਤ ਕਾ ਨਿੰਦਕੁ ਮਹਾ ਅਤਤਾਈ ॥ ਸੰਤ ਕਾ ਨਿੰਦਕੁ ਖਿਨੁ ਟਿਕਨੁ ਨ ਪਾਈ ॥
ਸੰਤ ਕਾ ਨਿੰਦਕੁ ਮਹਾ ਹਤਿਆਰਾ ॥ ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ ॥
ਸੰਤ ਕਾ ਨਿੰਦਕੁ ਰਾਜ ਤੇ ਹੀਨੁ ॥ ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ ॥
ਸੰਤ ਕੇ ਨਿੰਦਕ ਕਉ ਸਰਬ ਰੋਗ ॥ ਸੰਤ ਕੇ ਨਿੰਦਕ ਕਉ ਸਦਾ ਬਿਜੋਗ ॥
ਸੰਤ ਕੀ ਨਿੰਦਾ ਦੋਖ ਮਹਿ ਦੋਖੁ ॥ ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਇ ਮੋਖੁ ॥3॥
ਸੰਤਨ ਦੀ ਨਿੰਦਾ ਕਰਨ ਵਾਲਾ ਸਦਾ, ਅੱਤ ਚੁੱਕੀ ਰਖਦਾ ਹੈ, ਤੇ ਇਕ ਪਲ ਭਰ ਵੀ, ਅੱਤ ਚੁੱਕਣ ਵਲੋਂ ਆਰਾਮ ਨਹੀੰ ਲੈਂਦਾ। ਸੰਤ-ਜਨਾ ਦਾ ਨਿੰਦਕ, ਰਾਜ, ਦੁਨੀਆ ਦੇ ਸੁਖਾਂ ਤੋਂ ਵਾਂਜਿਆ ਰਹਿੰਦਾ ਹੈ, ਸਦਾ ਦੁਖੀ ਅਤੇ ਕੰਗਾਲ, ਰਹਿੰਦਾ ਹੈ। ਸੰਤਨ ਦੀ ਨਿੰਦਾ ਕਰਨ ਵਾਲੇ ਨੂੰ ਸਾਰੇ ਰੋਗ ਲਗਦੇ ਹਨ, ਕਿਉਂਕਿ ਉਸ ਨੂੰ ਪ੍ਰਭੂ ਵਲੋਂ ਸਦਾ ਵਿਛੋੜਾ ਰਹਿੰਦਾ ਹੈ। ਸਤ-ਸੰਗਤਿ ਦੀ ਨਿੰਦਾ ਕਰਨੀ, ਬਹੁਤ ਹੀ ਮਾੜਾ ਕੰਮ ਹੈ। ਹੇ ਨਾਨਕ, ਸੰਤ-ਜਨਾ ਨੂੰ ਭਾਵੇ ਤਾਂ, ਉਸ ਨਿੰਦਕ ਦਾ ਵੀ, ਨਿੰਦਿਆ ਤੋਂ ਛੁਟਕਾਰਾ ਹੋ ਸਕਦਾ ਹੈ।3।
ਸੰਤ ਕਾ ਦੋਖੀ ਸਦਾ ਅਪਵਿਤੁ ॥ ਸੰਤ ਕਾ ਦੋਖੀ ਕਿਸੈ ਕਾ ਨਹੀ ਮਿਤੁ ॥
ਸੰਤ ਕੇ ਦੋਖੀ ਕਉ ਡਾਨੁ ਲਾਗੈ ॥ ਸੰਤ ਕੇ ਦੋਖੀ ਕਉ ਸਭ ਤਿਆਗੈ ॥
ਸੰਤ ਕਾ ਦੋਖੀ ਮਹਾ ਅਹੰਕਾਰੀ ॥ ਸੰਤ ਕਾ ਦੋਖੀ ਸਦਾ ਬਿਕਾਰੀ ॥
ਸੰਤ ਕਾ ਦੋਖੀ ਜਨਮੈ ਮਰੈ ॥ ਸੰਤ ਕੀ ਦੂਖਨਾ ਸੁਖ ਤੇ ਟਰੈ ॥
ਸੰਤ ਕੇ ਦੋਖੀ ਕਉ ਨਾਹੀ ਠਾਉ ॥ ਨਾਨਕ ਸੰਤ ਭਾਵੈ ਤਾ ਲਏ ਮਿਲਾਇ ॥4॥
ਸੰਤਨ ਦਾ ਨਿੰਦਕ, ਸਦਾ ਮੈਲੇ ਮਨ ਵਾਲਾ ਹੈ, ਤਾਂ ਹੀ ਉਹ, ਕਦੇ ਕਿਸੇ ਦਾ ਸੱਜਣ ਨਹੀਂ ਬਣਦਾ। ਸੰਤ-ਜਨਾ ਦੇ ਨਿੰਦਕ ਨੂੰ, ਅਖੀਰ ਵੇਲੇ, ਜਮ-ਰਾਜ ਤੋਂ ਸਜ਼ਾ ਮਿਲਦੀ ਹੈ, ਤੇ ਸਾਰੇ ਉਸ ਦਾ ਸਾਥ ਛੱਡ ਜਾਂਦੇ ਹਨ। ਸੰਤਨ ਦੀ ਨਿੰਦਾ ਕਰਨ ਵਾਲਾ, ਬਹੁਤ ਹੰਕਾਰੀ ਬਣ ਜਾਂਦਾ ਹੈ, ਤੇ ਸਦਾ ਮੰਦੇ ਕੰਮ ਕਰਦਾ ਰਹਿੰਦਾ ਹੈ। ਇਨ੍ਹਾਂ ਔਗਣਾਂ ਕਾਰਨ ਸਤ-ਸੰਗੀਆਂ ਦਾ ਨਿੰਦਕ, ਜੰਮਦਾ-ਮਰਦਾ ਰਹਿੰਦਾ ਹੈ, ਤੇ ਸੰਤਨ ਦੀ ਨਿੰਦਿਆ ਦੇ ਕਾਰਨ, ਸੁੱਖਾਂ ਤੋਂ ਵਾਂਜਿਆ ਰਹਿ ਜਾਂਦਾ ਹੈ। ਸੰਤ-ਜਨਾ ਦੇ ਨਿੰਦਕ ਨੂੰ ਕੋਈ ਸਹਾਰਾ ਨਹੀਂ ਮਿਲਦਾ, ਪਰ ਹੇ ਨਾਨਕ, ਜੇ ਸੰਤਨ ਚਾਹੁਣ ਤਾਂ ਆਪਣੇ ਨਾਲ ਉਸ ਨਿੰਦਕ ਨੂੰ ਵੀ ਮਿਲਾ ਲੈਂਦੇ ਹਨ।4।
ਸੰਤ ਕਾ ਦੋਖੀ ਅਧ ਬੀਚ ਤੇ ਟੂਟੈ ॥ ਸੰਤ ਕਾ ਦੋਖੀ ਕਿਤੈ ਕਾਜਿ ਨ ਪਹੂਚੈ ॥
ਸੰਤ ਕੇ ਦੋਖੀ ਕਉ ਉਦਿਆਨ ਭ੍ਰਮਾਈਐ ॥ ਸੰਤ ਕਾ ਦੋਖੀ ਉਝੜਿ ਪਾਈਐ ॥
ਸੰਤ ਕਾ ਦੋਖੀ ਅੰਤਰ ਤੇ ਥੋਥਾ ॥ ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ॥
ਸੰਤ ਕੇ ਦੋਖੀ ਕੀ ਜੜ ਕਿਛੁ ਨਾਹਿ ॥ ਆਪਨ ਬੀਜਿ ਆਪੇ ਹੀ ਖਾਹਿ ॥
ਸੰਤ ਕੇ ਦੋਖੀ ਕਉ ਅਵਰੁ ਨ ਰਾਖਨਹਾਰੁ ॥ ਨਾਨਕ ਸੰਤ ਭਾਵੈ ਤਾ ਲਏ ਉਬਾਰਿ ॥5॥
ਸੰਤ-ਜਨਾ ਦੀ ਨਿੰਦਾ ਕਰਨ ਵਾਲਾ, ਕਿਸੇ ਕੰਮ ਵਿਚ ਨੇਪਰੇ ਨਹੀਂ ਚੜ੍ਹਦਾ, ਅੱਧ ਵਿਚ ਹੀ ਰਹਿ ਜਾਂਦਾ ਹੈ। ਸੰਤਨ ਦੇ ਨਿੰਦਕ ਨੂੰ ਮਾਨੋ ਜੰਗਲਾਂ ਵਿਚ ਖੁਆਰ ਕੀਤਾ ਜਾਂਦਾ ਹੈ, ਤੇ ਰਾਹੋਂ ਖੁੰਝਾ ਕੇ ਕੁਰਾਹੇ ਪਾਇਆ ਜਾਂਦਾ ਹੈ। ਜਿਵੇਂ ਪਰਾਣਾਂ ਤੋਂ ਬਗੈਰ, ਬੰਦਾ ਮੁਰਦਾ ਲੋਥ ਹੈ, ਤਿਵੇਂ ਹੀ ਸੰਤਨ ਦਾ ਨਿੰਦਕ ਅੰਦਰੋਂ, ਉਸ ਜ਼ਿੰਦਗੀ ਤੋਂ ਸੱਖਣਾ ਹੁੰਦਾ ਹੈ, ਜਿਹੜੀ ਜ਼ਿੰਦਗੀ, ਮਨੁੱਖਾ ਜੀਵਨ ਦਾ ਆਧਾਰ ਹੈ। ਸਤ-ਸੰਗਤਿ ਦੇ ਨਿੰਦਕਾਂ ਦੀ ਨੇਕ ਕਮਾਈ ਤੇ ਸਿਮਰਨ ਵਾਲੀ, ਕੋਈ ਪੱਕੀ ਨੀਂਹ ਨਹੀਂ ਹੁੰਦੀ, ਆਪ ਹੀ ਨਿੰਦਾ ਦੀ ਕਮਾਈ ਕਰ ਕੇ, ਆਪ ਹੀ ਉਸ ਦਾ ਮੰਦਾ ਫਲ ਖਾਂਦੇ ਹਨ। ਸੰਤ-ਜਨਾ ਦੀ ਨਿੰਦਾ ਕਰਨ ਵਾਲੇ ਨੂੰ ਕੋਈ ਹੋਰ ਮਨੁੱਖ, ਨਿੰਦਿਆ ਦੀ ਆਦਤ ਤੋਂ ਬਚਾ ਨਹੀਂ ਸਕਦਾ, ਪਰ ਹੇ ਨਾਨਕ, ਜੇ ਸਤ-ਸੰਗੀ ਚਾਹੁਣ ਤਾਂ ਨਿੰਦਕ ਨੂੰ, ਨਿੰਦਾ ਦੇ ਸੁਭਾਉ ਤੋਂ ਬਚਾ ਸਕਦੇ ਹਨ।5।
ਸੰਤ ਕਾ ਦੋਖੀ ਇਉ ਬਿਲਲਾਇ ॥ ਜਿਉ ਜਲ ਬਿਹੂਨ ਮਛੁਲੀ ਤੜਫੜਾਇ ॥
ਸੰਤ ਕਾ ਦੋਖੀ ਭੂਖਾ ਨਹੀ ਰਾਜੈ ॥ ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ॥
ਸੰਤ ਕਾ ਦੋਖੀ ਛੁਟੈ ਇਕੇਲਾ ॥ ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ ॥
ਸੰਤ ਕਾ ਦੋਖੀ ਧਰਮ ਤੇ ਰਹਤ ॥ ਸੰਤ ਕਾ ਦੋਖੀ ਸਦ ਮਿਥਿਆ ਕਹਤ ॥
ਕਿਰਤੁ ਨਿੰਦਕ ਕਾ ਧੁਰਿ ਹੀ ਪਇਆ ॥ ਨਾਨਕ ਜੋ ਤਿਸੁ ਭਾਵੈ ਸੋਈ ਥਿਆ ॥6॥
ਸੰਤਨ ਦਾ ਨਿੰਦਕ ਇਉਂ ਵਿਲਕਦਾ ਹੈ, ਜਿਵੇਂ ਪਾਣੀ ਤੋਂ ਬਿਨਾ ਮੱਛੀ ਤੜਫਦੀ ਹੈ, ਸੰਤਨ ਦਾ ਨਿੰਦਕ, ਤ੍ਰਿਸ਼ਨਾ ਦਾ ਮਾਰਿਆ ਹੋਇਆ ਕਦੇ ਰੱਜਦਾ ਨਹੀਂ, ਜਿਵੇਂ ਅੱਗ, ਬਾਲਣ ਨਾਲ ਨਹੀਂ ਰੱਜਦੀ, ਸਤ-ਸੰਗਤ ਦੀ ਸੋਭਾ ਦਾ ਸੜਿਆ ਹੋਇਆ, ਈਰਖਾ ਕਾਰਨ ਨਿੰਦਾ ਕਰਦਾ ਹੈ, ਤੇ ਇਹ ਈਰਖਾ ਘਟਦੀ ਨਹੀਂ, ਹੋਰ ਵਧਦੀ ਹੈ।
ਜਿਵੇਂ ਅੰਦਰੋਂ ਸੜੇ ਹੋਏ ਤਿਲਾਂ ਦਾ ਬੂਟਾ, ਨਿਮਾਣਿਆਂ ਵਾਙ ਖੇਤ ਵਿਚ ਹੀ ਪਇਆ ਰਹਿੰਦਾ ਹੈ, ਤਿਵੇਂ ਸੰਤਨ ਦਾ ਨਿੰਦਕ ਵੀ ਇਕੱਲਾ ਛੁੱਟੜ ਪਿਆ ਰਹਿੰਦਾ ਹੈ, ਕੋਈ ਉਸ ਦੇ ਨੇੜੇ ਨਹੀਂ ਲੱਗਦਾ। ਸੰਤ-ਜਨਾ ਦਾ ਨਿੰਦਕ ਧਰਮ-ਪੱਖੋਂ ਹੀਣਾ ਹੁੰਦਾ ਹੈ, ਸਦਾ ਝੂਠ ਬੋਲਦਾ ਹੈ। ਪਰ ਪਹਿਲੀ ਕੀਤੀ ਨਿੰਦਾ ਦੇ ਫਲ ਸਰੂਪ ਬਣਿਆ ਸੁਭਾਉ ਤੁਰਿਆ ਹੀ ਆ ਰਿਹਾ ਹੈ, ਉਸ ਸੁਭਾਉ ਦੇ ਕਾਰਨ ਵਿਚਾਰਾ ਹੋਰ ਕਰੇ ਵੀ ਕੀ ? ਹੇ ਨਾਨਕ, ਇਹ ਮਾਲਕ ਦੀ ਰਜ਼ਾ ਹੈ, ਜੋ ਉਸ ਨੂੰ ਠੀਕ ਲਗਦਾ ਹੈ, ਉਹੀ ਹੁੰਦਾ ਹੈ।6।
ਸੰਤ ਕਾ ਦੋਖੀ ਬਿਗੜ ਰੂਪੁ ਹੋਇ ਜਾਇ ॥ ਸੰਤ ਕੇ ਦੋਖੀ ਕਉ ਦਰਗਹ ਮਿਲੈ ਸਜਾਇ ॥
ਸੰਤ ਕਾ ਦੋਖੀ ਸਦਾ ਸਹਕਾਈਐ ॥ ਸੰਤ ਕਾ ਦੋਖੀ ਨ ਮਰੈ ਨ ਜੀਵਾਈਐ ॥
ਸੰਤ ਕੇ ਦੋਖੀ ਕੀ ਪੁਜੈ ਨ ਆਸਾ ॥ ਸੰਤ ਕਾ ਦੋਖੀ ਉਠਿ ਚਲੈ ਨਿਰਾਸਾ ॥
ਸੰਤ ਕੈ ਦੋਖਿ ਨ ਤ੍ਰਿਸਟੈ ਕੋਇ ॥ ਜੈਸਾ ਭਾਵੈ ਤੈਸਾ ਕੋਈ ਹੋਇ ॥
ਪਇਆ ਕਿਰਤੁ ਨ ਮੇਟੈ ਕੋਇ ॥ ਨਾਨਕ ਜਾਨੈ ਸਚਾ ਸੋਇ ॥7॥
ਸੰਤਨ ਦੀ ਨਿੰਦਾ ਕਰਨ ਵਾਲਾ ਭ੍ਰਿਸ਼ਟਿਆ ਜਾਂਦਾ ਹੈ, ਪ੍ਰਭੂ ਦੀ ਦਰਗਾਹ ਵਿਚ ਉਸ ਨੂੰ ਸਜ਼ਾ ਮਿਲਦੀ ਹੈ।
ਸੰਤ-ਜਨਾ ਦਾ ਦੋਖੀ ਬੰਦਾ ਸਦਾ ਆਤੁਰ ਰਹਿੰਦਾ ਹੈ, ਨਾ ਉਹ ਜਿਊਂਦਿਆਂ ਵਿਚ ਤੇ ਨਾ ਹੀ ਮੋਇਆਂ ਵਿਚ ਹੁੰਦਾ ਹੈ।
ਸੰਤਨ ਦੇ ਦੋਖੀ ਦੀ ਆਸ ਕਦੇ ਸਿਰੇ ਨਹੀਂ ਚੜ੍ਹਦੀ, ਜਗਤ ਤੋਂ ਸਦਾ ਨਿਰਾਸ਼ ਹੀ ਜਾਂਦਾ ਹੈ, ਭਲਾ ਸਤ-ਸੰਗੀਆਂ ਵਾਲੀ ਸੋਭਾ ਉਸ ਨੂੰ ਕਿਵੇਂ ਮਿਲੇ ? ਸੰਤ-ਜਨਾ ਦਾ ਦੋਖੀ ਬੰਦਾ, ਕਦੀ ਸੰਤੁਸ਼ਟ ਨਹੀਂ ਹੁੰਦਾ, ਜਿਸ ਦੀ ਜਿਹੋ-ਜਿਹੀ ਇੱਛਾ ਹੁੰਦੀ ਹੈ, ਉਹ ਵੈਸਾ ਹੀ ਹੋ ਜਾਂਦਾ ਹੈ, ਜਦ ਉਸ ਦੀ ਇੱਛਾ ਹੀ ਬੁਰਾ ਕਰਨ ਦੀ ਹੈ, ਫਿਰ ਉਸ ਦਾ ਸੁਭਾਉ ਨਹੀਂ ਬਦਲ ਸਕਦਾ। ਬਦਲੇ ਵੀ ਕਿਵੇਂ ? ਪਿਛਲੇ ਕੀਤੇ ਕੰਮਾਂ ਅਨੁਸਾਰ ਬਣੇ ਸੁਭਾਉ ਨੂੰ ਕੋਈ ਮਿਟਾ ਨਹੀਂ ਸਕਦਾ, ਹੇ ਨਾਨਕ, ਇਸ ਭੇਦ ਨੂੰ, ਉਹ ਸੱਚਾ ਪ੍ਰਭੂ ਹੀ ਜਾਣਦਾ ਹੈ।7।
ਸਭ ਘਟ ਤਿਸ ਕੇ ਓਹੁ ਕਰਨੈਹਾਰੁ ॥ ਸਦਾ ਸਦਾ ਤਿਸ ਕਉ ਨਮਸਕਾਰੁ ॥
ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ ॥ ਤਿਸਹਿ ਧਿਆਵਹੁ ਸਾਸਿ ਗਿਰਾਸਿ ॥
ਸਭੁ ਕਛੁ ਵਰਤੈ ਤਿਸ ਕਾ ਕੀਆ ॥ ਜੈਸਾ ਕਰੇ ਤੈਸਾ ਕੋ ਥੀਆ ॥
ਅਪਨਾ ਖੇਲੁ ਆਪਿ ਕਰਨੈਹਾਰੁ ॥ ਦੂਸਰ ਕਉਨੁ ਕਹੈ ਬੀਚਾਰੁ ॥
ਜਿਸ ਨੋ ਕ੍ਰਿਪਾ ਕਰੈ ਤਿਸੁ ਆਪਨ ਨਾਮੁ ਦੇਇ ॥ ਬਡਭਾਗੀ ਨਾਨਕ ਜਨ ਸੇਇ ॥8॥13॥
ਸਾਰੇ ਜੀਅ-ਜੰਤ ਉਸ ਪ੍ਰਭੂ ਦੇ ਹਨ, ਉਹੀ ਸਭ ਕੁਝ ਕਰਨ ਦੇ ਸਮਰੱਥ ਹੈ, ਸਦਾ ਉਸ ਪ੍ਰਭੂ ਅੱਗੇ ਸਿਰ ਨਿਵਾਉ। ਦਿਨ-ਰਾਤ ਪ੍ਰਭੂ ਦੇ ਗੁਣ ਗਾਉ, ਹਰ ਪਲ, ਹਰ ਸਾਹ ਦੇ ਨਾਲ, ਹਰ ਬੁਰਕੀ ਦੇ ਨਾਲ, ਓਸੇ ਨੂੰ ਯਾਦ ਕਰੋ। ਪ੍ਰਭੂ, ਜੀਵ ਨੂੰ ਜਿਹੋ ਜਿਹਾ ਬਣਾਉਂਦਾ ਹੈ, ਉੋਹੋ ਜਿਹਾ ਉਹ ਬਣ ਜਾਂਦਾ ਹੈ, ਸੰਸਾਰ ਵਿਚ ਹਰ ਖੇਡ, ਉਸੇ ਰੱਬ ਦੀ ਵਰਤਾਈ ਹੋਈ ਵਰਤ ਰਹੀ ਹੈ। ਪਰਮਾਤਮਾ, ਜਗਤ ਰੂਪੀ ਆਪਣੀ ਖੇਡ ਆਪ ਹੀ ਕਰਨ ਜੋਗਾ ਹੈ। ਕੌਣ ਕੋਈ ਦੂਜਾ ਸਲਾਹ ਦੇ ਸਕਦਾ ਹੈ ? ਰੱਬ ਜਿਸ ਜਿਸ ਉਤੇ ਮਿਹਰ ਕਰਦਾ ਹੈ, ਉਸ ਉਸ ਨੂੰ ਆਪਣਾ ਨਾਮ ਬਖਸ਼ਦਾ ਹੈ, ਹੇ ਨਾਨਕ, ਉਹ ਮਨੁੱਖ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ।8।13।
ਅਮਰ ਜੀਤ ਸਿੰਘ ਚੰਦੀ (ਚਲਦਾ)