ਚੰਡੀਗੜ੍ਹ ’ਚ ਦਫਤਰੀ-ਭਾਸ਼ਾ ਪੰਜਾਬੀ ਨਹੀਂ: ਕਿਥੋਂ ਦਾ ਇਨਸਾਫ ਹੈ ?
ਲੋਕ ਕਹਿੰਦੇ ਹਨ ਕਿ ਚੰਡੀਗੜ ਇੱਕ ਸੁੰਦਰ ਸ਼ਹਿਰ ਹੈ, ਪਰ ਇਹ ਸ਼ਹਿਰ ਮੈਨੂੰ ਤਾਂ ਬਿਲਕੁਲ ਸੁੰਦਰ ਨਹੀਂ ਲੱਗਦਾ, ਕਿਉਂਕਿ ਜਿਸ ਸ਼ਹਿਰ ਵਿਚ 300 ਤੋਂ ਵੱਧ ਸ਼ਰਾਬ ਦੇ ਠੇਕੇ ਹੋਣ ਪਰ ਸਿਰਫ ਚਾਰ ਸਰਕਾਰੀ ਲਾਇਬ੍ਰੇਰੀਆਂ ਹੋਣ ਤਾਂ ਉਹ ਸ਼ਹਿਰ ਕਿੱਦਾਂ ਸੁੰਦਰ ਲਗ ਸਕਦਾ ਹੈ? 80 ਪ੍ਰਤੀਸ਼ਤ ਤੋਂ ਵੱਧ ਲੋਕ ਪਵਿੱਤਰ ਪੰਜਾਬੀ ਭਾਸ਼ਾ ਪੜਨਾ, ਲਿਖਣਾ ਜਾਣਦੇ ਹਨ। ਪਰ, ਹੁਣ ਤੱਕ ਇਸ ਸ਼ਹਿਰ ਨੂੰ ਇਹੋ ਜਿਹਾ ਸਾਹਿਤਕ ਪੁਰਸਕਾਰ ਨਹੀਂ ਮਿਲਿਆ ਜਿਸ ਤੇ ਮਾਣ ਕਰੀਏ। ਇਸ ਸ਼ਹਿਰ ਦੇ ਵਿੱਚ ਭਾਸ਼ਾ-ਪ੍ਰੇਮੀ ਘੱਟ, ਮਾਇਆ-ਪ੍ਰੇਮੀ ਵੱਧ ਦਿਸਦੇ ਹਨ। ਇਸ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਪਵਿੱਤਰ ਪੰਜਾਬੀ ਭਾਸ਼ਾ ਨੂੰ ਚੰਡੀਗੜ ਪ੍ਰਸ਼ਾਸਨ ਦੀ ਦਫਤਰੀ ਭਾਸ਼ਾ ਵਜੋਂ ਲਾਗੂ ਕਰਨਾ ਪਵੇਗਾ। ਭਾਵੇਂ ਚੰਡੀਗੜ ਕੇਂਦਰ ਸਾਸ਼ਿਤ ਪ੍ਰਦੇਸ਼ ਹੈ ਪਰ, ਫਿਰ ਵੀ ਇਸ ਸ਼ਹਿਰ ਦੀ ਦਫਤਰੀ ਭਾਸ਼ਾ ਪਵਿੱਤਰ ਪੰਜਾਬੀ ਹੋਣ ਦੀ ਵਜਾ ਇਹ ਹੈ ਕਿ ਬੁਨਿਆਦੀ ਤੌਰ 'ਤੇ ਇਹ ਸ਼ਹਿਰ ‘ਮਾਨਵ ਨਿਰਮਤ’ ਬਣਾਵਟੀ ਸ਼ਹਿਰ ਹੈ, ਜਿਸ ਦਾ ਨੀਂਹ-ਪੱਥਰ ਕਈ ਦਰਜਨਾਂ ਪੰਜਾਬੀ ਪਿੰਡਾਂ ਨੂੰ ਹਟਾਉਣ ਤੋਂ ਬਾਅਦ ਰੱਖਿਆ ਗਿਆ ਸੀ। ਇਤਿਹਾਸਿਕ ਤੌਰ ਤੇ ਵੀ ਇਸ ਸ਼ਹਿਰ ਦੀ ਹਰ ਗਲੀ, ਹਰ ਪੇੜ, ਹਰ ਪੌਦੇ, ਹਰ ਪੱਤੇ, ਪੰਜਾਬੀ ਭਾਸ਼ਾ ਵਿੱਚ ਗੱਲ ਕਰਦੇ ਹੋਣਗੇ। ਪਰ, ਇਸ ਸ਼ਹਿਰ ਵਿਚ ਜਿਹੜੇ ਆਧੁਨਿਕ-ਮਾਨਵ ਅੱਜ-ਕੱਲ ਵਸ ਕੇ ਕੋਈ ਹੋਰ ਭਾਸ਼ਾ ਵਿੱਚ ਗੱਲ ਕਰਦੇ ਹਨ ਉਹ ਕਿਥੋਂ ਦਾ ਇਨਸਾਫ ਹੈ?
ਇਸ ਸ਼ਹਿਰ ਦੀ ਦਫਤਰੀ-ਭਾਸ਼ਾ ਪਵਿੱਤਰ ਪੰਜਾਬੀ ਹੋਣ ਦਾ ਦੂਜਾ ਕਾਰਨ ਇਹ ਹੈ ਕਿ ਇਥੋਂ ਦੀ 80 ਪ੍ਰਤੀਸ਼ਤ ਤੋਂ ਵੱਧ ਲੋਕ ਪੰਜਾਬੀ ਵਿਚ ਲਿਖਣਾ, ਪੜ•ਨਾ ਅਤੇ ਬੋਲਣਾ ਜਾਣਦੇ ਹਨ। ਪ੍ਰਸਾਸ਼ਨ ਦੇ ਵਿੱਚ ਆਉਣ ਵਾਲੇ ਕੁੱਝ ਪਿੰਡਾਂ ਦੀ ਮਾਂ-ਬੋਲੀ ਪੰਜਾਬੀ ਹੈ। ਇਨਾਂ ਪਿੰਡ ਦੇ ਲੋਕਾਂ ਨੂੰ ਦਿੱਤੇ ਜਾ ਰਹੇ ਕੁੱਝ ਨੋਟਿਸ, ਟੈਂਡਰ ਅਤੇ ਪ੍ਰਸਾਸ਼ਨਿਕ-ਇਸ਼ਤਿਹਾਰ ਅੰਗਰੇਜ਼ੀ ਅਤੇ ਹਿੰਦੀ ਵਿੱਚ ਹੋਣਾ ਕਿਥੋਂ ਦਾ ਇਨਸਾਫ ਹੈ। ਮੰਨਿਆ ਕਿ ਚੰਡੀਗੜ ਕੇਂਦਰ-ਪ੍ਰਸ਼ਾਸਿਤ ਪ੍ਰਦੇਸ਼ ਹੈ। ਦੇਸ਼ ਅਤੇ ਦੁਨੀਆਂ ਦੇ ਹਰ ਥਾਂ ਤੋਂ ਲੋਕ ਇਸ ਸ਼ਹਿਰ ਵਿਚ ਆ ਵਸ ਜਾਂਦੇ ਨੇ। ਇਸ ਦਾ ਭਾਵ ਇਹ ਨਹੀਂ ਹੈ ਕਿ ਸੂਬੇ ਦੀ ਭਾਸ਼ਾ ਨੂੰ ਛੱਡਕੇ ਹੋਰ ਕੋਈ ਭਾਸ਼ਾ ਅਪਨਾਉਣਾ। ਪੁੱਛਣ ਵਾਲਾ ਇਹ ਵੀ ਪੁੱਛ ਸਕਦਾ ਹੈ ਕਿ ਜੇਕਰ ਦੱਖਣ-ਭਾਰਤ ਵਿੱਚ 3ਭਾਸ਼ਾਵਾਂ ਦੀ ਨੀਤੀ ਲਾਗੂ ਕਰ ਸਕਦੇ ਹਾਂ, ਤਾਂ ਚੰਡੀਗੜ੍ਹ ਸ਼ਹਿਰ ਦੇ ਵਿੱਚ ਇਹੋ ਜਿਹਾ ਕਾਨੂੰਨ ਨਾ ਲਗਾਕੇ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਨੂੰ ਲੋਕਾਂ ਤੇ ਥੋਪਣਾ ਕਿਥੋਂ ਦਾ ਇਨਸਾਫ ਹੈ?
‘ਪੰਜਾਬੀ’ ਇਸ ਸ਼ਹਿਰ ਦੀ ਦਫਤਰੀ-ਭਾਸ਼ਾ ਹੋਣ ਦਾ ਤੀਜਾ ਕਾਰਨ ਇਹ ਹੈ ਕਿ ਅਖੰਡ ਪੰਜਾਬ ਨੂੰ ਖੰਡ-ਖੰਡ ਕਰਨ ਤੋਂ ਪਹਿਲਾਂ ਹਰਿਆਣਾ, ਪੰਜਾਬ ਦਾ ਹਿੱਸਾ ਸੀ। ਹਰਿਆਣਾ ਦੇ ਹਰੇਕ ਇਨਸਾਨ ਪੰਜਾਬੀ ਵਰਗੇ ਦਿਸਦੇ ਸਨ। ਪਰ, ਇੰਨਾ ਭਾਈਚਾਰਾ, ਸਬੰਧ ਵੱਖ-ਵੱਖ ਹੋਣ ਤੋਂ ਬਾਅਦ ਭਾਸ਼ਾ ਵੀ ਵੱਖ-ਵੱਖ ਹੋਈ ਪਰ ਅਫਸੋਸ ਦੀ ਗੱਲ ਇਹ ਹੈ ਕਿ ਹਰਿਆਣਵੀਂ ਲੋਕ ਇੰਨੇ ਗਰੀਬ ਹੋ ਗਏ ਕਿ ਉਨਾਂ ਦੀ ਮਾਂ-ਬੋਲੀ ਹਰਿਆਣਵੀਂ ਭਾਸ਼ਾ ਦੀ ਲਿਪੀ ਵੀ ਨਹੀਂ ਰਹਿ ਗਈ। ਪਰ, ਪੰਜਾਬੀ ਭਾਸ਼ਾ ਦੀ ਲਿਪੀ ਇੰਨੀ ਮਜ਼ਬੂਤ ਅਤੇ ਪਵਿੱਤਰ ਹੈ ਕਿ ਇਸ ਭਾਸ਼ਾ ਨੂੰ ਹਰੇਕ ਚੰਡੀਗੜ-ਵਾਸੀ ਨੂੰ ਸਤਿਕਾਰ ਨਾਲ ਪੜਨਾ, ਲਿਖਣਾ ਅਤੇ ਬੋਲਣਾ ਚਾਹੀਦਾ ਹੈ। ਪਰ ਪ੍ਰਸ਼ਾਸਨ ਵਿਚ ਬੈਠੇ ਹੋਏ ਕੁਝ ਅਧਿਕਾਰੀ-ਵਰਗ ਵਲੋ ਹਰਿਆਣਵੀਂ ਦੀ ਲਿਪੀ ਨੂੰ ਵਿਕਸਿਤ ਕਰਨਾ ਛੱਡ ਕੇ, ਪੰਜਾਬੀ-ਭਾਸ਼ਾ ਦੀ ਤਰੱਕੀ ਨੂੰ ਵੀ ਰੋਕਣ ਦੀ ਕੋਸ਼ਿਸ਼ ਕਰਨਾ ਕਿਥੋਂ ਦਾ ਇਨਸਾਫ ਹੈ?
ਪਵਿੱਤਰ ਪੰਜਾਬੀ ਨਾ-ਸਿਰਫ ਚੰਡੀਗੜ, ਬਲਕਿ ਇਸ ਉੱਤਰੀ-ਭਾਰਤ ਦੀ ਦਫਤਰੀ-ਭਾਸ਼ਾ ਬਣਨ ਦੀ ਤਾਕਤ ਰੱਖਣ ਦਾ, ਚੌਥਾ ਕਾਰਣ ਇਹ ਹੈ ਕਿ ਪੂਰੇ ਹਿੰਦੋਸਤਾਨ ਨੂੰ ਅੰਨ ਖਿਲਾਉਣ ਵਾਲੇ ਪੰਜਾਬ ਅਤੇ ਹਰਿਆਣਾ ਪੂਰੀ ਤਰ੍ਹਾਂ ‘ਹਰੀ-ਕ੍ਰਾਂਤੀ’ ‘ਚੋ ਗੁਜ਼ਰੇ ਹਨ, ਵਿਕਾਸ ਦੀ ਸ਼ਿਖਰ ਤੇ ਪਹੁੰਚਣ ਦਾ ਦਾਅਵਾ ਵੀ ਕਰਦੇ ਹਨ। ‘ਨੰਬਰ-ਵਨ, ਨੰਬਰ-ਵਨ’ ਕਹਿਕੇ ਉੱਛਲਣ ਦੀ ਕੋਸ਼ਿਸ਼ ਵੀ ਕਰਦੇ ਹਨ। ਪਰ, ਸੱਚਾਈ ਇਹ ਹੈ ਕਿ ਘੱਟੋ-ਘੱਟ ਹਰਿਆਣਾ ਦੇ ਲੋਕ ਮੈਨੂੰ ਤਾਂ ਸਭ ਤੋਂ ਗਰੀਬ ਦਿਸਦੇ ਹਨ, ਕਿਉਂਕਿ ਉਨਾਂ ਦੀ ਮਾਂ-ਬੋਲੀ ਦੀ ਲਿਪੀ ਵੀ ਨਹੀਂ ਹੈ। ਪਰ, ਸਾਹਿਤਕ ਅਤੇ ਧਾਰਮਿਕ ਲਿਪੀ ਹੋਣ ਦਾ ਦਰਜਾ ਪੰਜਾਬੀ ਭਾਸ਼ਾ ਨੂੰ ਜਾਂਦਾ ਹੈ। ਇਸ ਲਈ ਪਵਿੱਤਰ ਪੰਜਾਬੀ-ਭਾਸ਼ਾ ਵਿੱਚ ਆਧੁਨਿਕ ਸਾਹਿਤਕ-ਕ੍ਰਾਂਤੀ ਹੋਣ ਦੀ ਲੋੜ ਹੈ, ਕਿਉਂਕਿ ਸਭ ਤੋਂ ਵੱਧ ਭਰੂਣ ਹੱਤਿਆ, ਬਲਾਤਕਾਰ, ਨਸ਼ਾ, ਸ਼ਰਾਬੀ-ਪਨ ਹਰਿਆਣਾ ਅਤੇ ਪੰਜਾਬ ਵਿੱਚ ਵੀ ਹੁੰਦੇ ਹਨ। ਇਹੋ ਜਿਹੀਆਂ ਸਮਾਜਿਕ-ਸਮੱਸਿਆਵਾਂ ਨੂੰ ਖਤਮ ਕਰਨ ਲਈ ਪ੍ਰਭਾਵਸ਼ਾਲੀ ਸਾਹਿਤਕ ਰਚਨਾ ਦੀ ਲੋੜ ਹੈ। ਇਹੋ ਜਿਹਾ ਸਾਹਿਤਕ ਰਚਨਾ ਕਰਨ ਲਈ ਚੰਡੀਗੜ ਤੋਂ ਵੱਧ ਸ਼ਹਿਰ ਕੋਈ ਹੋਰ ਨਹੀਂ ਹੋ ਸਕਦਾ, ਕਿਉਂਕਿ ਇਹ ਦੋਵੇਂ ਸੂਬਿਆਂ ਦੀ ਰਾਜਧਾਨੀ ਵੀ ਹੈ। ਪਰ ਇਸ ਰਾਜਧਾਨੀ ਨੂੰ ‘ਮੇਰਾ ਹੈ, ਮੇਰਾ ਹੈ’ ਕਹਿਕੇ ਲੜਨ ਵਾਲੇ ਲੋਕ ਪੰਜਾਬੀ ਭਾਸ਼ਾ ਨੂੰ ਪਿਆਰ ਨਾਂ ਕਰਨਾ ਕਿਥੋਂ ਦਾ ਇਨਸਾਫੀ ਹੈ ?
ਪਵਿੱਤਰ ਪੰਜਾਬੀ-ਭਾਸ਼ਾ ਚੰਡੀਗੜ ਦੀ ਦਫਤਰੀ-ਭਾਸ਼ਾ ਹੋਣ ਦਾ ਸਭ ਤੋਂ ਵੱਧ ਕਾਰਣ ਇਹ ਹੈ ਕਿ ਪੰਜਾਬੀ ਇੱਕ ਪਵਿੱਤਰ-ਭਾਸ਼ਾ ਹੈ। ਇਹ ਭਾਸ਼ਾ ਨਾ ਸਿਰਫ ਗੁਰੂ, ਪੀਰਾਂ ਦੀ ਹੈ ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੁਬਾਨ ਵੀ ਹੈ। ਮਾਨਵਤਾ ਦੀ ਗੱਲ ਨੂੰ ਰੱਬ ਤੱਕ ਪਹੁੰਚਾਉਣ ਦੇ ਕੰਮ ਪੰਜਾਬੀ ਭਾਸ਼ਾ ਕਰਦੀ ਹੈ। ਇਹ ਭਾਸ਼ਾ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਮਹਾਨ ਦੇਣ ਹੈ। ਪਰ ਇਸ ਦੇਣ ਨੂੰ ਨਾ ਪਹਿਚਾਨਣ ਵਾਲੇ ਲੋਕ ਗੁਰੂਆਂ ਦੀ ਕੁਰਬਾਨੀ ਕਦੇ ਵੀ ਨਹੀਂ ਪਹਿਚਾਣ ਸਕਣਗੇ। ਦੂਜਿਆਂ ਦੇ ਧਰਮ ਨੂੰ ਬਚਾਉਣ ਲਈ ਸ਼ੀਸ਼ ਦੇਣ ਵਾਲੀ ਕਹਾਣੀ, ਗੁਰੂਆਂ ਦੇ ਆਦੇਸ਼ ਪਾਲਣ ਕਰਕੇ ਬੰਦ-ਬੰਦ ਕਟਵਾਉਣ ਵਾਲੇ, ਪਰ ਧਰਮ ਨਾ ਹਾਰਨ ਵਾਲੇ ਦੀ ਕਹਾਣੀ, ਚਾਰ ਸ਼ਾਹਿਬਜ਼ਾਦਿਆਂ ਨੂੰ ਕਤਲ ਕਰਨ ਵਾਲੇ ਕਤਲਕਾਰ ਨੂੰ ਵੀ ‘ਜ਼ਫਰਨਾਮੇ’ ਦੇ ਵਿੱਚ ਸਤਿਕਾਰ ਨਾਲ ਵਡਿਆਈ ਕਰਨ ਵਾਲੇ ਦੀ ਕਹਾਣੀ ਪਵਿੱਤਰ ਪੰਜਾਬੀ ਵਿੱਚ ਪੜਨਾ-ਲਿਖਣਾ ਛੱਡਣਾ ਕਿਥੋਂ ਦਾ ਇਨਸਾਫ ਹੈ ?
ਮੈਂ ਤਾਂ ਕਰਨਾਟਕ ਤੋਂ ਹਾਂ। ਪਵਿੱਤਰ ਪੰਜਾਬੀ-ਭਾਸ਼ਾ ਸਿੱਖ ਕੇ ਪਵਿੱਤਰ ਹੋ ਗਿਆ ਹਾਂ। ਮੈਨੂੰ ਇਸ ਸ਼ਹਿਰ ਦੀ ਹਰ ਗਲੀ, ਹਰ ਪੇੜ, ਹਰ ਪੌਦੇ, ਹਰ ਪੱਤੇ ਪਵਿੱਤਰ ਪੰਜਾਬੀ ਭਾਸ਼ਾ ਵਿੱਚ ਗੁਰੂਆਂ ਦੀ ਕੁਰਬਾਨੀ ਦੀ ਵਡਿਆਈ ਕਰਦੇ ਮਹਿਸੂਸ ਹੁੰਦੇ ਹਨ, ਪਰ ਉਸ ਤਰ੍ਹਾਂ ਦੀ ਮਹਿਸੂਸ ਚੰਡੀਗੜ ਦੇ ਲੋਕ ਨਾ ਕਰਨ ਕਿਥੋਂ ਦਾ ਇਨਸਾਫ ਹੈ ?
ਗੋਬਿੰਦ ਹਮ ਐਸੇ ਅਪਰਾਧੀ ॥
ਪੰਡਿਤਰਾਓ ਧਰੇਨੱਵਰ
ਸਹਾਇਕ ਪ੍ਰੋਫੈਸਰ
ਸਰਕਾਰੀ ਕਾਲਜ, ਸੈਕਟਰ-46,
ਚੰਡੀਗੜ।
ਮੋਬਾ.ਨੰ: 99883-51695
Email: punjabi.maboli@yahoo.com
ਪੰਡਿਤ ਰਾਓ ਧਰੇਨੰਵਰ
ਚੰਡੀਗੜ੍ਹ ’ਚ ਦਫਤਰੀ-ਭਾਸ਼ਾ ਪੰਜਾਬੀ ਨਹੀਂ: ਕਿਥੋਂ ਦਾ ਇਨਸਾਫ ਹੈ ?
Page Visitors: 2904