ਸਿੱਖ ਲੀਡਰਾਂ ਨੇ ਸੌ ਸਾਲ ਵਿਚ ਕੀ ਕੀਤਾ ?
ਦਿਨ ਬਦਲਦੇ ਰਹਿੰਦੇ ਹਨ, ਇਹ ਸਮੇ ਦਾ ਗੇੜ ਹੈ, ਕੋਈ ਰੋਕ ਨਹੀਂ ਸਕਦਾ। ਪਰ ਲੀਡਰਾਂ ਦਾ ਕੰਮ ਹੁੰਦਾ ਹੈ, ਪਿੱਛੇ ਚਲ ਰਹੇ ਲੋਕਾਂ ਦੀ ਹਿਫਾਜ਼ਿਤ ਕਰਨੀ, ਕਦੀ ਲਚਕ ਖਾ ਕੇ ਤੇ ਕਦੇ ਆਕੜ ਕੇ।
ਕਿਸੇ ਨਾਲ ਦੋਸਤੀ ਹੋਵੇ ਜਾਂ ਦੁਸ਼ਮਣੀ, ਲੀਡਰਾਂ ਨੂੰ ਉਸ ਦੇ ਗੁਣਾਂ ਅਤੇ ਅਵਗੁਣਾਂ ਦੀ ਪੂਰੀ ਜਾਣਕਾਰੀ
ਹੋਣੀ ਚਾਹੀਦੀ ਹੈ, ਪਰ ਸੌ ਸਾਲ ਦੇ ਸਮੇ ਵਿਚ (25 ਸਾਲ ਤੋਂ ਵੱਧ ਸਮਾ ਆਜ਼ਾਦੀ ਤੋਂ ਪਹਿਲਾਂ ਦਾ ਅਤੇ 75 ਸਾਲ ਆਜ਼ਾਦੀ ਤੋਂ ਮਗਰੋਂ ਦਾ) ਸਿੱਖ ਲੀਡਰ ਇਹ ਹੀ ਨਹੀਂ ਸਮਝ ਸਕੇ ਕਿ ਸਿੱਖਾਂ ਦਾ ਦੋਸਤ ਕੌਣ ਹੈ? ਅਤੇ ਦੁਸ਼ਮਣ ਕੌਣ ਹੈ ?
1947 ਦੀ ਵੰਡ ਵਿਚ ਸਿੱਖਾਂ ਨੇ ਕੀ ਕਰਨਾ ਹੈ ? ਲੀਡਰ ਇਸ ਦਾ ਹੀ ਨਿਰਣਾ ਨਹੀਂ ਕਰ ਸਕੇ ਅਤੇ ਲੱਖਾਂ ਬੰਦਿਆਂ ਦੀ ਜਾਨ ਅਤੇ ਖਰਬਾਂ ਦੀ ਜਾਇਦਾਦ ਦਾ ਨੁਕਸਾਨ ਕਰਵਾ ਲਿਆ।
ਉਸ ਤੋਂ ਮਗਰੋਂ ਸਾਰੇ ਭਾਰਤ ਵਿਚ, ਬੋਲੀ ਦੇ ਆਧਾਰ ਤੇ ਸੂਬੇ ਬਣ ਗਏ, ਪਰ ਪੰਜਾਬੀ ਬੋਲੀ ਦਾ ਸੂਬਾ ਦੂਸਰਿਆਂ ਸੂਬਿਆਂ ਨਾਲੋਂ 14 ਸਾਲ ਵੱਧ ਲਮਕਦਾ ਰਿਹਾ, ਸਿੱਖ ਮੋਰਚੇ ਲਾਉਂਦੇ ਰਹੇ, ਉਨ੍ਹਾਂ ਮੋਰਚਿਆਂ ਰਾਹੀਂ ਕੀ ਅਤੇ ਕਿਵੇਂ ਹਾਸਲ ਕਰਨਾ ਹੈ ? ਇਸ ਦਾ ਫੈਸਲਾ ਨਹੀਂ ਹੋ ਸਕਿਆ। 14 ਸਾਲ ਵਿਚ ਕਿਸੇ ਸੂਬੇ ਦੇ ਪਛੜਨ ਨਾਲ ਕਿੰਨਾ ਨੁਕਸਾਨ ਹੋਇਆ ਹੈ,ਇਸ ਬਾਰੇ ਵਿਚਾਰਨ ਦੀ ਵੀ ਲੀਡਰਾਂ ਨੈ ਕੋਸ਼ਿਸ਼ ਨਹੀਂ ਕੀਤੀ।
ਏਸ ਦੌਰਾਨ ਸੂਬੇ ਦੇ ਤਿੰਨ ਹਿੱਸੇ ਹੋ ਗਏ, ਸੌ ਸਾਲ ਬੀਤ ਗਏ, ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋ ਗਿਆ, ਪੰਜਾਬ ਦਾ ਪਾਣੀ ਖੁਸ ਗਿਆ, ਬਿਜਲੀ ਖੁਸ ਗਈ, ਕ੍ਰੋੜਾਂ ਜਾਨਾਂ ਦਾ ਨੁਕਸਾਨ ਹੋ ਗਿਆ ਪਰ ਪੰਜਾਬੀ ਸੂਬੇ ਦਾ ਫੈਸਲਾ ਅੱਜ ਤੱਕ ਨਹੀਂ ਹੋਇਆ ਤੇ ਨਾ ਹੀ ਪੰਜਾਬ ਵਿਚ ਪੰਜਾਬੀ ਹੀ ਲਾਗੂ ਹੋਈ ਹੈ। ਰਾਜਧਾਨੀ ਖੁਸ ਗਈ, ਹਾਈ-ਕਰਟ ਆਪਣੀ ਨਹੀਂ ਹੈ। ਨਾ ਲੀਡਰਾਂ ਦੇ ਸਿਰ ਤੇ ਹੀ ਜੂੰ ਸਰਕੀ ਹੈ। ਇਸ ਦਾ ਜ਼ਿੱਮੇਵਾਰ ਕੌਣ ਹੈ ?
ਵੈਸੇ ਇਸ ਮਾਮਲੇ ਵਿਚ, ਲੀਡਰ ਨੂੰ ਸੰਬੋਧਨ ਕਰਦਿਆਂ ਇਕ ਸ਼ਾਇਰ ਨੇ ਬੜੀ ਸਾਫ ਸੇਧ ਦਿੱਤੀ ਹੈ,
"ਤੂੰ ਇਧਰ-ਉਧਰ ਕੀ ਬਾਤ ਨਾ ਕਰ, ਯਿਹ ਬਤਾ ਕਿ ਕਾਫਲਾ ਕਿਉਂ ਲੁਟਾ?
ਹਮੇ ਰਾਹ-ਜ਼ਨੀ ਕਾ ਗਮ ਨਹੀਂ, ਤੇਰੀ ਰਹਬਰੀ ਕਾ ਸਵਾਲ ਹੈ ? "
ਕੀ ਅੱਜ ਦੇ ਲੀਡਰਾਂ ਨੂੰ ਸਵਾਲ ਕੀਤਾ ਜਾ ਸਕਦਾ ਹੈ ਕਿ, ਇਕ ਨੰਬਰ ਵਾਲਾ ਪੰਜਾਬ, ਭਾਰਤ ਦੇ ਸਾਰੇ ਸੂਬਿਆਂ ਤੋਂ ਥੱਲੇ ਕਿਵੇਂ ਪਹੁੰਚ ਗਿਆ ? ਇਹੀ ਨਹੀਂ 4 ਲੱਖ ਕ੍ਰੋੜ ਰੁਪਏ ਦਾ ਕਰਜ਼ਾਈ ਕਿਵੇਂ ਹੋ ਗਿਆ ? ਜਿਹੜੀ 6 ਲੱਖ ਏਕੜ ਤੋਂ ਵੱਧ ਜ਼ਮੀਨ ਗੁਰਦਵਾਰਿਆਂ ਅਤੇ ਗ੍ਰਾਮ ਸਭਾਵਾਂ ਦੀ ਤੁਸੀ ਦੱਬੀ ਬੈਠੇ ਹੋ ਉਹ ਕਿਸ ਖੁਸ਼ੀ ਵਿਚ ਹੈ ?
ਅੱਜ ਵੀ ਲੀਡਰ ਫੈਸਲਾ ਨਹੀਂ ਕਰ ਸਕੇ ਕਿ ਸਾਡਾ ਦੋਸਤ ਕੌਣ ਹੈ, ਦੁਸ਼ਮਣ ਕੌਣ ਹੈ ?
ਤਾਂ ਜੋ ਦੁਸ਼ਮਣਾਂ ਤੋਂ ਬਚਦੇ ਹੋਏ ਸਿੱਖ, ਦੋਸਤਾਂ ਨੂੰ ਨਾਲ ਲੈ ਕੇ ਚੱਲਣ ।
ਅਮਰ ਜੀਤ ਸਿੰਘ ਚੰਦੀ