ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਸੁਖਮਨੀ ਸਾਹਿਬ(ਭਾਗ 29)
ਸੁਖਮਨੀ ਸਾਹਿਬ(ਭਾਗ 29)
Page Visitors: 1326

 

ਸੁਖਮਨੀ ਸਾਹਿਬ(ਭਾਗ 29)
ਸਲੋਕੁ ॥
 ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥
 ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥1
  ਜਿਸ ਨੇ ਸਦਾ-ਥਿਰ ਤੇ ਵਿਆਪਕ ਪ੍ਰਭੂ ਨੂੰ ਜਾਣ ਲਿਆ ਹੈ, ਉਸ ਦਾ ਨਾਮ ਸਤਿਗੁਰ ਹੈ, ਸ਼ਬਦ ਗੁਰੂ ਹੈ। (ਏਥੇ ਮੇਰੇ
 ਸਾਮ੍ਹਣੇ ਇਕ ਅੜਚਣ ਹੈ, ਵਿਚਾਰਨੀ ਹੀ ਪਵੇਗੀ)  ਉਸ ਨੂੰ ਸਮਝਣ ਲਈ ਆਪਾਂ, ਪਹਿਲਾਂ ਇਸ ਅਸ਼ਟਪਦੀ ਦੇ ਪਹਿਲੇ ਪਦੇ ਵਿਚਾਰਦੇ ਹਾਂ। 
 ਅਸਟਪਦੀ ॥
 ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥ ਸੇਵਕ ਕਉ ਗੁਰੁ ਸਦਾ ਦਇਆਲ ॥
 ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥ ਗੁਰ ਬਚਨੀ ਹਰਿ ਨਾਮੁ ਉਚਰੈ ॥
 ਸਤਿਗੁਰੁ ਸਿਖ ਕੇ ਬੰਧਨ ਕਾਟੈ ॥ ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥
 ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ॥ ਗੁਰ ਕਾ ਸਿਖੁ ਵਡਭਾਗੀ ਹੇ ॥
 ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥ ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ1
  ਸਤਿਗੁਰੁ ਸਿੱਖ ਦੀ ਰੱਖਿਆ ਕਰਦਾ ਹੈ, ਸਤਿਗੁਰੁ ਆਪਣੇ ਸੇਵਕ ਉੱਤੇ ਸਦਾ ਮਿਹਰ ਕਰਦਾ ਹੈ।
  (ਏਥੇ ਰਾਰੇ ਦੇ ਪੈਰ ਵਿਚ ਔਂਕੜ ਹੈ, ਮਤਲਬ ਹੈ 'ਪਰਮਾਤਮਾ')
 ਗੁਰੁ (ਪਰਮਾਤਮਾ) ਆਪਣੇ ਸਿੱਖ ਦੀ ਭੈੜੀ ਮੱਤ ਰੂਪੀ ਮੈਲ ਦੂਰ ਕਰ ਦੇਂਦਾ ਹੈ। ਕਿਉਂਕਿ ਸਿੱਖ ਆਪਣੇ ਗੁਰ (ਸ਼ਬਦ-ਗੁਰੂ) ਦੇ ਉਪਦੇਸ਼ ਅਨੁਸਾਰ ਪ੍ਰਭੂ ਦਾ ਨਾਮ ਸਿਮਰਦਾ ਹੈ।
  ਗੁਰ ਦਾ ਸਿੱਖ, ਸ਼ਬਦ-ਗੁਰੂ ਦਾ ਸਿੱਖ, ਉਸ ਦੇ ਉਪਦੇਸ਼ ਆਸਰੇ ਵਿਕਾਰਾਂ ਵਲੋਂ ਹੱਟ ਜਾਂਦਾ ਹੈ, ਤਾਂ ਸਤਿਗੁਰੁ (ਪਰਮਾਤਮਾ) ਉਸ ਦੇ ਮਾਇਆ ਦੇ ਬੰਧਨ ਕੱਟ ਦੇਂਦਾ ਹੈ।  (ਸ਼ਬਦ-ਗੁਰੂ ਦਾ ਕੰਮ ਹੈ ਸਿੱਖਾਂ ਨੂੰ ਸਿੱਧੇ ਰਸਤੇ ਪਾਵੇ।)
 (ਪਰਮਾਤਮਾ ਦਾ ਕੰਮ ਹੈ, ਸਿੱਖ ਦੇ ਬੰਧਨ ਕੱਟ ਦੇਵੇ, ਕਿਉਂਕਿ ਪਰਮਾਤਮਾ ਹੀ ਇਸ ਵਿਚ ਸਮਰੱਥ ਹੈ)
 ਕਿਉਂਕਿ ਸਤਿਗੁਰੁ (ਪਰਮਾਤਮਾ) ਸਿੱਖ ਨੂੰ ਆਪਣੇ ਨਾਮ, (ਆਪਣੇ ਹੁਕਮ, ਆਪਣੀ ਰਜ਼ਾ) ਦਾ ਧਨ ਬਖਸ਼ਦਾ ਹੈ।
 ਇਸ ਤਰ੍ਹਾਂ ਗੁਰ (ਸ਼ਬਦ-ਗੁਰੂ) ਦਾ ਸਿੱਖ ਵਡਭਾਗੀ, ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ।
  ਸਤਿਗੁਰੁ (ਪਰਮਾਤਮਾ) ਆਪਣੇ ਸਿੱਖ ਦਾ ਲੋਕ-ਪਰਲੋਕ ਸਵਾਰ ਦੇਂਦਾ ਹੈ।  ਹੇ ਨਾਨਕ, ਸਤਿਗੁਰੁ (ਪਰਮਾਤਮਾ) ਆਪਣੇ ਸਿੱਖ, ਆਪਣੇ ਜਨ ਨੂੰ ਮਨੋਂ ਸਵਾਰਦਾ ਹੈ।1
 ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ ॥ ਗੁਰ ਕੀ ਆਗਿਆ ਮਨ ਮਹਿ ਸਹੈ ॥
 ਆਪਸ ਕਉ ਕਰਿ ਕਛੁ ਨ ਜਨਾਵੈ ॥ ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ॥
 ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥
 ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥
 ਅਪਨੀ ਕ੍ਰਿਪਾ ਜਿਸੁ ਆਪਿ ਕਰੇਇ ॥ ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇਇ 2
  ਜਿਹੜਾ ਸੇਵਕ, ਸਿਖਿਆ ਦੀ ਖਾਤਰ, ਗੁਰ (ਸ਼ਬਦ) ਦੇ ਘਰ, ਗੁਰ ਦੇ ਦਰ ਤੇ ਰਹਿੰਦਾ ਹੈ, ਤੇ ਗੁਰ ਦਾ ਹੁਕਮ ਮਨ ਕਰ ਕੇ ਮੰਨਦਾ ਹੈਜੋ ਆਪਣੇ-ਆਪ ਨੂੰ ਵੱਡਾ ਨਹੀਂ ਜਤਾਉਂਦਾ, ਪ੍ਰਭੂ ਦਾ ਨਾਮ ਸਦਾ ਆਪਣੇ ਮਨ ਵਿਚ ਯਾਦ ਕਰਦਾ ਹੈਜੋ ਆਪਣਾ ਮਨ ਸਤਿਗੁਰ (ਸ਼ਬਦ) ਅੱਗੇ ਵੇਚ ਦੇਂਦਾ ਹੈ, ਸਤਿਗੁਰ ਦੇ ਹਵਾਲੇ ਕਰ ਦੇਂਦਾ ਹੈ, ਉਸ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।  ਜੋ ਸੇਵਕ, ਗੁਰ ਦੀ ਸੇਵਾ ਕਰਦਾ ਹੋਇਆ, ਕਿਸੇ ਫਲ ਦੀ ਇੱਛਾ ਨਹੀਂ ਰਖਦਾ, ਉਸ ਨੂੰ ਮਾਲਕ ਪ੍ਰਭੂ ਮਿਲ ਪੈਂਦਾ ਹੈ।     ਹੇ ਨਾਨਕ, ਉਹ ਸੇਵਕ, ਸਤਿਗੁਰ ਦੀ ਸਿਖਿਆ ਲੈਂਦਾ ਹੈਜਿਸ ਤੇ ਪ੍ਰਭੂ ਆਪਣੀ ਮਿਹਰ ਕਰਦਾ ਹੈ।2
  (ਜਿਹੜੇ ਭੈਣ-ਵੀਰ ਚਾਹੁੰਦੇ ਹਨ ਕਿ ਉਹ ਇਸ ਚੱਕਰ ਵਿਚ ਦੁਬਾਰਾ ਨਾ ਪੈਣ, ਉਨ੍ਹਾਂ ਅੱਗੇ ਬੇਨਤੀ ਹੈ ਕਿ ਗੁਰਮਤਿ ਦੇ ਇਸ ਸਿਧਾਂਤ ਨੂੰ ਜ਼ਰੂਰ ਸਮਝਣ ਕਿ, ਰੱਬ (ਸਤਿਗੁਰੁ ਗੁਰੁ) ਦੀ ਮਿਹਰ ਹੁੰਦੀ ਹੈ ਤਾਂ ਜੀਵ ਸ਼ਬਦ-ਗੁਰੂ (ਗੁਰ) ਨਾਲ ਜੁੜਦੇ ਹਨਅਤੇ ਗੁਰ ਦੀ ਸਿਖਿਆ ਅਨੁਸਾਰ ਚੱਲ ਕੇ ਗੁਰੁ ਨਾਲ ਇਕ-ਮਿਕ ਹੁੰਦੇ ਹਨ।)
    (ਕੋਈ ਵੀ ਵਿਚਾਰ, ਖੁਲ੍ਹੇ ਦਿਲ ਨਾਲ ਕੀਤੀ ਜਾ ਸਕਦੀ ਹੈ)        ਹੁਣ ਮੁੜਦੇ ਹਾਂ ਸਲੋਕੁ ॥ ਵੱਲ।
   ਸਲੋਕੁ ॥
     ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥
     ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ1
     ਜਿਸ ਨੇ ਸਤਿ ਪੁਰਖ, ਪਰਮਾਤਮਾ ਨੂੰ ਜਾਣ ਲਿਆ ਹੈ, ਉਸ ਦਾ ਨਾਮ ਸ਼ਬਦ-ਗੁਰੂ, ਸਤਿਗੁਰ ਹੋਣਾ ਚਾਹੀਦਾ ਹੈ, ਸਤਿਗੁਰੁ ਪਰਮਾਤਮਾ ਨਹੀਂ।  ਉਸ ਦੀ ਸੰਗਤਿ ਵਿਚ ਰਹਿ ਕੇ ਸਿੱਖ ਵਿਕਾਰਾਂ ਤੋਂ ਬਚ ਜਾਂਦਾ ਹੈ।  ਹੇ ਨਾਨਕ, ਤੂੰ ਵੀ ਗੁਰ ਦੀ ਸੰਗਤ ਵਿਚ ਰਹ ਕੇ ਅਕਾਲ-ਪੁਰਖ ਦੇ ਗੁਣ ਗਾ।1।            
 ਬੀਸ ਬਿਸਵੇ ਗੁਰ ਕਾ ਮਨੁ ਮਾਨੈ ॥ ਸੋ ਸੇਵਕੁ ਪਰਮੇਸੁਰ ਕੀ ਗਤਿ ਜਾਨੈ ॥
 ਸੋ ਸਤਿਗੁਰੁ ਜਿਸੁ ਰਿਦੈ ਹਰਿ ਨਾਉ ॥ ਅਨਿਕ ਬਾਰ ਗੁਰ ਕਉ ਬਲਿ ਜਾਉ ॥
 ਸਰਬ ਨਿਧਾਨ ਜੀਅ ਕਾ ਦਾਤਾ ॥ ਆਠ ਪਹਰ ਪਾਰਬ੍ਰਹਮ ਰੰਗਿ ਰਾਤਾ ॥
 ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮੁ ॥ ਏਕਹਿ ਆਪਿ ਨਹੀ ਕਛੁ ਭਰਮੁ ॥
 ਸਹਸ ਸਿਆਨਪ ਲਇਆ ਨ ਜਾਈਐ ॥ ਨਾਨਕ ਐਸਾ ਗੁਰੁ ਬਡਭਾਗੀ ਪਾਈਐ3
   ਜੋ ਸੇਵਕ, ਆਪਣੇ ਗੁਰ ਦੀ ਆਗਿਆ ਨੂੰ ਪੂਰਾ-ਪੂਰਾ ਮੰਨਦਾ ਹੈ, ਉਹ ਸੇਵਕ ਪਰਮੇਸ਼ਰ , ਅਕਾਲ-ਪੁਰਖ ਦੀ ਅਵਸਥਾ ਨੂੰ ਸਮਝ ਲੈਂਦਾ ਹੈ।    (ਏਥੇ ਵੀ ਸਤਿਗੁਰ ਹੋਣਾ ਚਾਹੀਦਾ ਹੈ) ਸਤਿਗੁਰ ਵੀ ਉਹ ਹੈ ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵਸਦਾ ਹੈ।  ਮੈਂ ਅਜਿਹੇ ਗੁਰ ਤੋਂ ਕਈ ਵਾਰ, ਸਦਕੇ ਜਾਂਦਾ ਹਾਂ।   ਅਜਿਹਾ ਗੁਰ, ਸਾਰੇ ਖਜ਼ਾਨਿਆਂ ਦਾ ਤੇ ਆਤਮਕ ਜ਼ਿੰਦਗੀ ਦਾ ਦੇਣ ਵਾਲਾ ਹੈ, ਕਿਉਂਕਿ ਉਹ ਅੱਠੇ ਪਹਰ, ਅਕਾਲ-ਪੁਰਖ ਦੇ ਪਿਆਰ ਵਿਚ ਰੰਗਿਆ ਰਹਿੰਦਾ ਹੈ।     ਪ੍ਰਭੂ ਦਾ ਸੇਵਕ, ਸਤਿਗੁਰ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ, ਤੇ ਪ੍ਰਭੂ ਦੇ ਸੇਵਕ ਸਤਿਗੁਰ ਵਿਚ, ਪ੍ਰਭੂ ਸਦਾ ਟਿਕਿਆ ਹੋਇਆ ਹੈ। ਗੁਰੂ, ਗੁਰ, ਤੇ ਪ੍ਰਭੂ, ਗੁਰੁ, ਇਕ ਰੂਪ ਹਨ, ਇਸ ਵਿਚ ਭੁਲੇਖੇ ਵਾਲੀ ਕੋਈ ਗੱਲ ਨਹੀਂ।      ਹੇ ਨਾਨਕ, ਹਜ਼ਾਰਾਂ ਚਤਰਾਈਆਂ ਨਾਲ ਅਜਿਹਾ ਗੁਰੂ, ਗੁਰ ਨਹੀਂ ਮਿਲਦਾ, ਵੱਡੇ ਭਾਗਾਂ
ਨਾਲ
, ਗੁਰੁ ਦੀ ਮਿਹਰ ਸਦਕਾ ਮਿਲਦਾ ਹੈ।3।      
 ਸਫਲ ਦਰਸਨੁ ਪੇਖਤ ਪੁਨੀਤ ॥ ਪਰਸਤ ਚਰਨ ਗਤਿ ਨਿਰਮਲ ਰੀਤਿ ॥
 ਭੇਟਤ ਸੰਗਿ ਰਾਮ ਗੁਨ ਰਵੇ ॥ ਪਾਰਬ੍ਰਹਮ ਕੀ ਦਰਗਹ ਗਵੇ ॥
 ਸੁਨਿ ਕਰਿ ਬਚਨ ਕਰਨ ਆਘਾਨੇ ॥ ਮਨਿ ਸੰਤੋਖੁ ਆਤਮ ਪਤੀਆਨੇ ॥
 ਪੂਰਾ ਗੁਰੁ ਅਖ੍ਹਓ ਜਾ ਕਾ ਮੰਤ੍ਰ ॥ ਅੰਮ੍ਰਿਤ ਦ੍ਰਿਸਟਿ ਪੇਖੈ ਹੋਇ ਸੰਤ ॥
 ਗੁਣ ਬਿਅੰਤ ਕੀਮਤਿ ਨਹੀ ਪਾਇ ॥ ਨਾਨਕ ਜਿਸੁ ਭਾਵੈ ਤਿਸੁ ਲਏ ਮਿਲਾਇ4
   ਗੁਰ ਦਾ ਦੀਦਾਰ, ਸਾਰੇ ਫਲ ਦੇਣ ਵਾਲਾ ਹੈ, ਦੀਦਾਰ ਕੀਤਿਆਂ, ਉਸ ਦੇ ਸਿਧਾਂਤ ਨੂੰ ਸਮਝਿਆਂ, ਪਵਿਤ੍ਰ ਹੋ ਜਾਈਦਾ ਹੈ, ਗੁਰ ਦੇ ਚਰਨ ਛੋਹਿਆਂ ਉੱਚੀ ਅਵਸਥਾ ਤੇ ਸੁੱਚੀ ਰਹੁ-ਰੀਤ ਹੋ ਜਾਂਦੀ ਹੈ।      ਗੁਰ ਦੀ ਸੰਗਤ ਵਿਚ ਰਿਹਾਂ, ਪ੍ਰਭੂ ਦੇ ਗੁਣ ਗਾ ਸਕੀਦੇ ਹਨ, ਤੇ ਅਕਾਲ-ਪੁਰਖ ਦੀ ਦਰਗਾਹ ਵਿਚ ਪਹੁੰਚ ਹੋ ਜਾਂਦੀ ਹੈ।      ਗੁਰ ਦੇ ਬਚਨ ਸੁਣ ਕੇ ਕੰਨ ਰੱਜ ਜਾਂਦੇ ਹਨ, ਮਨ ਵਿਚ ਸੰਤੋਖ ਆ ਜਾਂਦਾ ਹੈ, ਤੇ ਆਤਮਾ ਪਤੀਜ ਜਾਂਦੀ ਹੈ।       ਸਤਿਗੁਰੁ ਪੂਰਨ ਪੁਰਖ ਹੈ, ਉਸ ਦਾ ਉਪਦੇਸ਼ ਵੀ ਸਦਾ ਲਈ ਅਟੱਲ ਹੈ, ਜਿਸ ਵੱਲ ਵੀ ਅਮਰ ਕਰਨ ਵਾਲੀ ਨਜ਼ਰ ਨਾਲ ਵੇਖਦਾ ਹੈ, ਉਹੀ ਸੰਤ(ਸੰਤ-ਜਨ) ਸਤਸੰਗੀ ਹੋ ਜਾਂਦਾ ਹੈ। ਸਤਿਗੁਰੁ ਦੇ ਗੁਣ ਬੇਅੰਤ ਹਨ, ਮੁਲ ਨਹੀਂ ਪੈ ਸਕਦਾ।  ਹੇ ਨਾਨਕ, ਜੋ ਜੀਵ ਪ੍ਰਭੂ ਨੂੰ ਚੰਗਾ ਲਗਦਾ ਹੈ, ਪ੍ਰਭੂ ਉਸ ਨੂੰ ਗੁਰ ਨਾਲ ਮਿਲਾਉਂਦਾ ਹੈ।4।   
 ਜਿਹਬਾ ਏਕ ਉਸਤਤਿ ਅਨੇਕ ॥ ਸਤਿ ਪੁਰਖ ਪੂਰਨ ਬਿਬੇਕ ॥
 ਕਾਹੂ ਬੋਲ ਨ ਪਹੁਚਤ ਪ੍ਰਾਨੀ ॥ ਅਗਮ ਅਗੋਚਰ ਪ੍ਰਭ ਨਿਰਬਾਨੀ ॥
 ਨਿਰਾਹਾਰ ਨਿਰਵੈਰ ਸੁਖਦਾਈ ॥ ਤਾ ਕੀ ਕੀਮਤਿ ਕਿਨੈ ਨ ਪਾਈ ॥
 ਅਨਿਕ ਭਗਤ ਬੰਦਨ ਨਿਤ ਕਰਹਿ ॥ ਚਰਨ ਕਮਲ ਹਿਰਦੈ ਸਿਮਰਹਿ ॥
 ਸਦ ਬਲਿਹਾਰੀ ਸਤਿਗੁਰ ਅਪਨੇ ॥ ਨਾਨਕ ਜਿਸੁ ਪ੍ਰਸਾਦਿ ਐਸਾ ਪ੍ਰਭੁ ਜਪਨੇ 5
  ਮਨੁੱਖ ਦੀ ਜੀਭ ਇਕ ਹੈ, ਪਰ ਪੂਰਨ-ਪੁਰਖ, ਸਦਾ-ਥਿਰ ਵਿਆਪਕ ਪ੍ਰਭੂ ਦੇ ਗੁਣ ਅਨੇਕਾਂ ਹਨ।      ਮਨੁੱਖ ਕਿਸੇ ਬੋਲ ਦੁਆਰਾ ਵੀ ਪ੍ਰਭੂ ਦੇ ਗੁਣਾਂ ਤੱਕ ਪਹੁੰਚ ਨਹੀਂ ਸਕਦਾ, ਪ੍ਰਭੂ ਪਹੁੰਚ ਤੋਂ ਪਰੇ ਹੈ, ਵਾਸਨਾ ਰਹਿਤ ਹੈ, ਤੇ ਮਨੁੱਖ ਦੇ ਸਰੀਰਕ ਇੰਦਰਿਆਂ ਦੀ ਪਹੁੰਚ ਉਸ ਤੱਕ ਨਹੀਂ ਹੈ।     ਅਕਾਲ-ਪੁਰਖ ਨੂੰ ਕਿਸੇ ਖੁਰਾਕ ਦੀ ਲੋੜ ਨਹੀਂ ਹੈ, ਪ੍ਰਭੂ ਵੈਰ ਰਹਿਤ ਹੈ, ਸਗੋਂ ਸਭ ਨੂੰ ਸੁਖ ਦੇਣ ਵਾਲਾ ਹੈ, ਕੋਈ ਜੀਵ ਉਸ ਦੇ ਗੁਣਾਂ ਦਾ ਮੁੱਲ ਨਹੀਂ ਪਾ ਸਕਿਆ।       ਅਨੇਕਾਂ ਭਗਤ, ਸਦਾ ਪ੍ਰਭੂ ਨੂੰ ਨਮਸਕਾਰ ਕਰਦੇ ਹਨ, ਅਤੇ ਉਸ ਦੇ ਕਮਲਾਂ ਵਰਗੇ ਸੋਹਣੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਸਿਮਰਦੇ ਹਨ।        ਹੇ ਨਾਨਕ ਆਖ, ਜਿਸ ਗੁਰ ਦੀ ਮਿਹਰ ਨਾਲ ਐਸੇ ਪ੍ਰਭੂ ਨੂੰ ਜਪ ਸਕੀਦਾ ਹੈ, ਮੈਂ ਆਪਣੇ ਉਸ ਗੁਰੂ, ਗੁਰ ਤੋਂ ਸਦਾ ਸਦਕੇ ਜਾਂਦਾ ਹਾਂ।5
 ਇਹੁ ਹਰਿ ਰਸੁ ਪਾਵੈ ਜਨੁ ਕੋਇ ॥ ਅੰਮ੍ਰਿਤੁ ਪੀਵੈ ਅਮਰੁ ਸੋ ਹੋਇ ॥
 ਉਸੁ ਪੁਰਖ ਕਾ ਨਾਹੀ ਕਦੇ ਬਿਨਾਸ ॥ ਜਾ ਕੈ ਮਨਿ ਪ੍ਰਗਟੇ ਗੁਨਤਾਸ ॥
 ਆਠ ਪਹਰ ਹਰਿ ਕਾ ਨਾਮੁ ਲੇਇ ॥ ਸਚੁ ਉਪਦੇਸੁ ਸੇਵਕ ਕਉ ਦੇਇ ॥
 ਮੋਹ ਮਾਇਆ ਕੈ ਸੰਗਿ ਨ ਲੇਪੁ ॥ ਮਨ ਮਹਿ ਰਾਖੈ ਹਰਿ ਹਰਿ ਏਕੁ ॥
 ਅੰਧਕਾਰ ਦੀਪਕ ਪਰਗਾਸੇ ॥ ਨਾਨਕ ਭਰਮ ਮੋਹ ਦੁਖ ਤਹ ਤੇ ਨਾਸੇ 6
  ਕੋਈ ਵਿਰਲਾ ਮਨੁੱਖ, ਪ੍ਰਭੂ ਦੇ ਨਾਮ ਦਾ ਸੁਆਦ ਮਾਣਦਾ ਹੈ, ਤੇ ਜੋ ਮਾਣਦਾ ਹੈ, ਉਹ ਨਾਮ-ਅੰਮ੍ਰਿਤ ਪੀਂਦਾ ਹੈ, ਤੇ  ਅਮਰ ਹੋ ਜਾਂਦਾ ਹੈ।       ਜਿਸ ਦੇ ਮਨ ਵਿਚ ਗੁਣਾਂ ਦੇ ਖਜ਼ਾਨੇ, ਪ੍ਰਭੂ ਦਾ ਪਰਕਾਸ਼ ਹੁੰਦਾ ਹੈ, ਉਸ ਦਾ ਕਦੇ ਨਾਸ ਨਹੀਂ ਹੁੰਦਾ, ਉਹ ਮੁੜ ਮੁੜ ਮੌਤ ਦਾ ਸ਼ਕਾਰ ਨਹੀਂ ਹੁੰਦਾ।     ਸਤਿਗੁਰ ਅੱਠੋ ਪਹਰ ਪ੍ਰਭੂ ਦਾ ਨਾਮ ਸਿਮਰਦਾ ਹੈ, ਤੇ ਆਪਣੇ ਸੇਵਕ ਨੂੰ ਵੀ ਇਹੀ ਸੱਚਾ ਉੋਪਦੇਸ਼ ਦਿੰਦਾ ਹੈ।       ਮਾਇਆ ਦੇ ਮੋਹ ਦੇ ਨਾਲ ਉਸ ਦਾ ਕਦੇ ਜੋੜ ਨਹੀਂ ਹੁੰਦਾ, ਉਹ ਸਦਾ ਆਪਣੇ ਮਨ ਵਿਚ ਇਕ ਪ੍ਰਭੂ ਨੂੰ ਟਿਕਾਉਂਦਾ ਹੈ।         ਹੇ ਨਾਨਕ, ਜਿਸ ਦੇ ਅੰਦਰ ਨਾਮ ਰੂਪ ਦੀਵੇ ਦੇ ਨਾਲ ਅਗਿਆਨਤਾ ਦਾ ਹਨੇਰਾ ਹੱਟ ਕੇ, ਗਿਆਨ ਦਾ ਚਾਨਣ ਹੋ ਜਾਂਦਾ ਹੈ, ਉਸ ਦੇ ਭੁਲੇਖੇ ਤੇ ਮੋਹ ਦੇ ਕਾਰਨ ਪੈਦਾ ਹੋਏ ਦੁੱਖ, ਦੂਰ ਹੋ ਜਾਂਦੇ ਹਨ।6
 ਤਪਤਿ ਮਾਹਿ ਠਾਢਿ ਵਰਤਾਈ ॥ ਅਨਦੁ ਭਇਆ ਦੁਖ ਨਾਠੇ ਭਾਈ ॥
 ਜਨਮ ਮਰਨ ਕੇ ਮਿਟੇ ਅੰਦੇਸੇ ॥ ਸਾਧੂ ਕੇ ਪੂਰਨ ਉਪਦੇਸੇ ॥
 ਭਉ ਚੂਕਾ ਨਿਰਭਉ ਹੋਇ ਬਸੇ ॥ ਸਗਲ ਬਿਆਧਿ ਮਨ ਤੇ ਖੈ ਨਸੇ ॥
 ਜਿਸ ਕਾ ਸਾ ਤਿਨਿ ਕਿਰਪਾ ਧਾਰੀ ॥ ਸਾਧਸੰਗਿ ਜਪਿ ਨਾਮੁ ਮੁਰਾਰੀ ॥
 ਥਿਤਿ ਪਾਈ ਚੂਕੇ ਭ੍ਰਮ ਗਵਨ ॥ ਸੁਨਿ ਨਾਨਕ ਹਰਿ ਹਰਿ ਜਸੁ ਸ੍ਰਵਨ7
  ਹੇ ਭਾਈ, ਗੁਰੂ ਦੇ ਪੂਰੇ ਉਪਦੇਸ਼ ਦੁਆਰਾ, ਵਿਕਾਰਾਂ ਦੀ ਤਪਸ਼ ਵਿਚ ਵਸਦਿਆਂ ਵੀ ਪ੍ਰਭੂ ਨੇ ਸਾਡੇ ਅੰਦਰ ਠੰਡ ਵਰਤਾ ਦਿੱਤੀ ਹੈ, ਸੁਖ ਹੀ ਸੁਖ ਹੋ ਗਿਆ ਹੈ, ਦੁੱਖ ਨੱਸ ਗਏ ਹਨ, ਤੇ ਜਨਮ ਮਰਨ ਦੇ ਗੇੜ ਵਿਚ ਪੈਣ ਦੇ ਡਰ-ਫਿਕਰ ਮਿਟ ਗਏ ਹਨ।        ਸਾਡਾ ਡਰ ਮੁੱਕ ਗਿਆ ਹੈ, ਹੁਣ ਨਿਡਰ ਵਸਦੇ ਹਾਂ, ਸਾਰੇ ਰੋਗ ਨਾਸ ਹੋ ਕੇ ਮਨੋ ਵਿਸਰ ਗਏ ਹਨ।      ਜਿਸ ਗੁਰ ਦੇ ਬਣੇ ਸਾਂ, ਉਸ ਨੇ ਸਾਡੇ ਉੱਤੇ ਕਿਰਪਾ ਕੀਤੀ ਹੈ, ਸਤ-ਸੰਗ ਵਿਚ ਪ੍ਰਭੂ ਦਾ ਨਾਮ ਜਪ ਕੇ, ਤੇ ਹੇ ਨਾਨਕ, ਪ੍ਰਭੂ ਦਾ ਜੱਸ ਕੰਨੀ ਸੁਣ ਕੇ ਅਸੀਂ ਸ਼ਾਨਤੀ ਹਾਸਲ ਕਰ ਲਈ ਹੈ, ਤੇ ਸਾਡੇ ਭੁਲੇਖੇ ਤੇ ਭਟਕਣਾ ਮੁੱਕ ਗਏ ਹਨ।7
 ਨਿਰਗੁਨੁ ਆਪਿ ਸਰਗੁਨੁ ਭੀ ਓਹੀ ॥ ਕਲਾ ਧਾਰਿ ਜਿਨਿ ਸਗਲੀ ਮੋਹੀ ॥
 ਅਪਨੇ ਚਰਿਤ ਪ੍ਰਭਿ ਆਪਿ ਬਨਾਏ ॥ ਅਪੁਨੀ ਕੀਮਤਿ ਆਪੇ ਪਾਏ ॥
 ਹਰਿ ਬਿਨੁ ਦੂਜਾ ਨਾਹੀ ਕੋਇ ॥ ਸਰਬ ਨਿਰੰਤਰਿ ਏਕੋ ਸੋਇ ॥
 ਓਤਿ ਪੋਤਿ ਰਵਿਆ ਰੂਪ ਰੰਗ ॥ ਭਏ ਪ੍ਰਗਾਸ ਸਾਧ ਕੈ ਸੰਗ ॥
 ਰਚਿ ਰਚਨਾ ਅਪਨੀ ਕਲ ਧਾਰੀ ॥ ਅਨਿਕ ਬਾਰ ਨਾਨਕ ਬਲਿਹਾਰੀ818
  ਜਿਸ ਪ੍ਰਭੂ ਨੇ ਆਪਣੀ ਤਾਕਤ ਕਾਇਮ ਕਰ ਕੇ ਸਾਰੇ ਜਗਤ ਨੂੰ ਮੋਹਿਆ ਹੈ, ਉਹ ਆਪ ਮਾਇਆ ਦੇ ਤਿੰਨਾ ਗੁਣਾਂ ਤੋਂ ਵੱਖਰਾ ਹੈ, ਤ੍ਰਿਗੁਣੀ ਸੰਸਾਰ ਦਾ ਰੂਪ ਵੀ ਆਪ ਹੀ ਹੈ।      ਪ੍ਰਭੂ ਨੇ ਆਪਣੇ ਖੇਲ-ਤਮਾਸ਼ੇ ਆਪ ਹੀ ਬਣਾਏ ਹਨ, ਆਪਣੀ ਬਜ਼ੁਰਗੀ ਦਾ ਮੁੱਲ ਵੀ ਆਪ ਹੀ ਪਾਉਂਦਾ ਹੈ।       ਪ੍ਰਭੂ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਹੈ, ਸਭ ਦੇ ਅੰਦਰ ਪ੍ਰਭੂ ਆਪ ਹੀ ਮੌਜੂਦ ਹੈ।         ਤਾਣੇ-ਪੇਟੇ ਵਾਙ, ਸਾਰੇ ਰੂਪਾਂ ਤੇ ਰੰਗਾਂ ਵਿਚ ਵਿਆਪਕ ਹੈ, ਇਹ ਚਾਨਣ, (ਇਹ ਸਮਝ) ਸਤਿਗੁਰ ਦੀ ਸਂਗਤ ਵਿਚ ਪ੍ਰਕਾਸਦਾ ਹੈ।         ਸ੍ਰਿਸ਼ਟੀ ਰਚ ਕੇ ਪ੍ਰਭੂ ਨੇ ਆਪਣੀ ਸੱਤਿਆ ਇਸ ਸ੍ਰਿਸ਼ਟੀ ਵਿਚ ਟਿਕਾਈ ਹੈ। ਹੇ ਨਾਨਕ ਆਖ, ਮੈਂ ਐਸੇ ਪ੍ਰਭੂ ਤੋਂ ਕਈ ਵਾਰ ਸਦਕੇ ਹਾਂ।818।    
   ਨੋਟ:-
  ਇਸ ਵਿਚਾਰ ਮਗਰੋਂ ਕੁਝ ਗੱਲਾਂ ਹੋਣ ਗੀਆਂ, 1, ਮੈਂ ਗੁਰਬਾਣੀ ਤੇ ਕਿੰਤੂ ਕਰ ਰਿਹਾ ਹਾਂ। 2, ਇਹ ਗਲਤੀਆਂ ਕਿਵੇਂ ਹੋਈਆਂ ? 3, ਇਹ ਗਲਤੀਆਂ ਕਿਸ ਨੇ ਕੀਤੀਆਂ ? 4, ਹੁਣ ਇਸ ਦਾ ਕੀ ਹੋਣਾ ਚਾਹੀਦਾ ਹੈ ?
   ਇਹ ਗੱਲਾਂ ਕਿਸੇ ਵੀ ਇਕੱਲੇ ਬੰਦੇ ਦੇ ਕਰਨ ਦੀਆਂ ਨਹੀਂ ਹਨ। ਗੁਰਮਤਿ ਸਿਧਾਂਤ ਅਨੁਸਾਰ ਇਹ ਉਤਾਰੇ ਦੀਆਂ ਗਲਤੀਆਂ ਹਨਏਦਾਂ ਦੀਆਂ ਹੋਰ ਵੀ ਬਹੁਤ ਗਲਤੀਆਂ ਹਨ, ਸਿੱਖ ਪੰਥ ਦੇ ਸੂਝਵਾਨ ਚਿੰਤਕਾਂ ਨੂੰ ਮਿਲ ਕੇ ਇਹ ਦੂਰ ਕਰਨੀਆਂ ਚਾਹੀਦੀਆਂ ਹਨ, ਨਹੀਂ ਤਾਂ ਅਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ, ਜਦ ਗੈਰ-ਸਿੱਖ ਇਹ ਸਵਾਲ ਉਠਾਉਣਗੇ, ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲਤ ਸਾਬਤ ਕਰਨ ਦਾ ਉਪਰਾਲਾ ਕੀਤਾ ਜਾਵੇਗਾ, ਇਨ੍ਹਾਂ ਗੱਲਾਂ ਨੂੰ ਅਦਾਲਤਾਂ ਵਿਚ ਵਿਚਾਰਿਆ ਜਾਵੇਗਾ, ਬਾਕੀ ਜੋ ਹੋਵੇਗਾ, ਉਹ ਤੁਸੀਂ ਸਮਝ ਸਕਦੇ ਹੋ।
  ਵੈਸੇ ਮੈਂ ਏਨੀ ਕੁ ਵਿਚਾਰ ਕਰ ਸਕਦਾ ਹਾਂ ਕਿ ਇਹ ਹੋਇਆ ਕਿਵੇਂ
 ਉਤਾਰੇ ਕਰਨ ਵਾਲੇ, ਵਿਆਕਰਨ ਤੋਂ ਜਾਣੂ ਨਹੀਂ ਸਨ, ਪ੍ਰੋ, ਸਾਹਿਬ ਸਿੰਘ ਜੀ ਵਲੋਂ ਗਰਾਮਰ ਦੀ ਖੋਜ ਤੋਂ ਪਹਿਲਾਂ, ਬਹੁਤ ਸਾਰੇ ਅਜਿਹੇ ਧੜੇ ਬਣ ਚੁੱਕੇ ਸਨ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਕਰਦੇ ਸਨ, ਆਪਸੀ ਤਾਲ-ਮੇਲ ਦੀ ਘਾਟ ਕਾਰਨ, ਜੋ ਜਿਸ ਤਰ੍ਹਾਂ ਦਾ ਉਤਾਰਾ ਕਰਦਾ ਰਿਹਾ, ਉਸ ਤਰ੍ਹਾਂ ਹੀ ਚਲਦਾ ਰਿਹਾ। ਉਤਾਰਿਆਂ ਵਿਚ ਗਲਤੀਆਂ, ਸੁਭਾਵਕ ਗੱਲ ਹੈ।
 ਇਨ੍ਹਾਂ ਉਤਾਰੇ ਵਿਚ ਹੋਈਆਂ ਗਲਤੀਆਂ ਨੂੰ ਠੀਕ ਕਰਨ ਦਾ ਮਾਹੌਲ ਅੱਜ ਤੱਕ ਨਹੀਂ ਬਣ ਸਕਿਆ, ਨਾ ਹੀ ਨਿਕਟ ਭਿਵਿੱਖ ਵਿਚ, ਮਾਹੌਲ ਬਣਨ ਦੀ ਸੰਭਾਵਨਾ ਹੀ ਨਜ਼ਰ ਆਉਂਦੀ ਹੈ।   
               ਅਮਰ ਜੀਤ ਸਿੰਘ ਚੰਦੀ          (ਚਲਦਾ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.